ਆਜ਼ਾਦ ਖਿਆਲ ਅਤੇ ਸਾਡਾ ਸਮਾਜ  - ਅਵਿਜੀਤ ਪਾਠਕ

ਇਕ ਸਮਾਜ ਦੇ ਤੌਰ ’ਤੇ ਕੀ ਅਸੀਂ ਕੁਝ ਜ਼ਿਆਦਾ ਹੀ ਅਸੁਰੱਖਿਅਤ ਮਹਿਸੂਸ ਅਤੇ ਆਜ਼ਾਦ ਖਿਆਲੀ ਤੋਂ ਡਰਨ ਲੱਗ ਪਏ ਹਾਂ? ਕਿਸੇ ‘ਅਕੀਦੇ’ ਦੇ ਨਾਂ ’ਤੇ ਕੀ ਅਸੀਂ ਆਤਮ ਗਿਆਨ ਅਤੇ ਚੇਤਨਾ ਦੀਆਂ ਖਿੜਕੀਆਂ ਬੰਦ ਕਰ ਰਹੇ ਹਾਂ ਅਤੇ ਇਹ ਗੱਲ ਸਵੀਕਾਰ ਕਰਨ ਤੋਂ ਇਨਕਾਰੀ ਹੋ ਰਹੇ ਹਾਂ ਕਿ ਹਕੀਕਤ ਨੂੰ ਦੇਖਣ ਦੇ ਹੋਰ ਕਈ ਢੰਗ ਤਰੀਕੇ ਹੋ ਸਕਦੇ ਹਨ। ਜੇ ਇੰਝ ਨਹੀਂ ਹੈ ਤਾਂ ਤੁਸੀਂ ਇਕ ਸੰਸਥਾਈ ਧਰਮ ਅੰਦਰਲੇ ਵਿਸ਼ਵਾਸਾਂ ਅਤੇ ਵਿਧੀਆਂ ’ਤੇ ਕਿੰਤੂ ਕਰਨ ਵਾਲੇ ਕਿਸੇ ਖਾਸ ਸਵਾਲ ਦੀ ਵਰਜਨਾ ਦੇ ਨੇਮ ਦਾ ਖੁਲਾਸਾ ਕਿੰਝ ਕਰੋਗੇ?
       ਜੇ ਤੁਹਾਡੀਆਂ ਭਾਵਨਾਵਾਂ ਨੂੰ ਯਕਦਮ ਠੇਸ ਪਹੁੰਚਦੀ ਹੈ ਅਤੇ ਕਿਸੇ ਸਾਰਥਕ ਬਹਿਸ ਵਿਚ ਪੈਣ ਅਤੇ ਧਿਆਨ ਚਿੰਤਨ ਵਿਚ ਭਾਗ ਲੈਣ ਦੀ ਬਜਾਇ ਅਸੀਂ ਪੁਲੀਸ ਸਟੇਸ਼ਨਾਂ ਵਿਚ ਐੱਫਆਈਆਰ ਦਰਜ ਕਰਾਉਣ ਨੂੰ ਤਰਜੀਹ ਦਿੰਦੇ ਹਾਂ ਤਾਂ ਦੁਨੀਆ ਨੂੰ ਅਸੀਂ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ? ਜੇ ਫ੍ਰੈਡਰਿਕ ਨੀਤਸ਼ੇ ਅੱਜ ਦੇ ਭਾਰਤ ਵਿਚ ਆ ਕੇ ਆਖੇ ਕਿ ‘ਰੱਬ ਫ਼ੌਤ ਹੋ ਗਿਆ ਹੈ’ ਜਾਂ ਕਾਰਲ ਮਾਰਕਸ ‘ਧਰਮ ਨੂੰ ਲੋਕਾਂ ਲਈ ਅਫ਼ੀਮ’ ਦੀ ਤਸ਼ਬੀਹ ਦੇਵੇ ਜਾਂ ਕਬੀਰ ਸਾਨੂੰ ਇਹ ਸੰਦੇਸ਼ ਦੇਵੇ ਕਿ ‘ਨਾ ਰੱਬ ਕਾਬੇ ਵਿਚ ਹੈ ਤੇ ਨਾ ਹੀ ਕੈਲਾਸ਼ ‘ਤੇ’ ਤਾਂ ਉੱਤਰ ਪ੍ਰਦੇਸ਼ ਜਾਂ ਗੁਜਰਾਤ ਦਾ ਕੋਈ ਪੁਲੀਸ ਅਫ਼ਸਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਆ ਧਮਕੇਗਾ!
         ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੇ ਧਾਰਮਿਕ ਵਿਸ਼ਵਾਸ ਤੇ ਰਹੁ-ਰੀਤਾਂ ਨੂੰ ਨਿੰਦਣਾ ਜ਼ਰੂਰੀ ਹੈ, ਨਾ ਹੀ ਮੈਂ ਇਹ ਧਰਮ ਨਿਰਪੱਖ ਬੌਧਿਕ ਤਬਕੇ ਵਲੋਂ ਕਿਸੇ ਧਰਮ ਦੇ ਸ਼ਰਧਾਵਾਨਾਂ ਨੂੰ ਇਕ ਖ਼ਾਸ ਖਾਨੇ ਵਿਚ ਰੱਖ ਕੇ ਤਿਰਸਕਾਰ ਕਰਨ ਦੀ ਵਕਾਲਤ ਕਰਦਾ ਹਾਂ ਸਗੋਂ ਮੈਂ ਉਸ ਮਾਹੌਲ ਦੀ ਗੱਲ ਕਰ ਰਿਹਾ ਹਾਂ ਜੋ ਹਰ ਚੀਜ਼ ਭਾਵੇਂ ਵਿਗਿਆਨ ਹੋਵੇ ਜਾਂ ਧਰਮ, ਨੂੰ ਤਾਜ਼ਗੀ ਤੇ ਖੁੱਲ੍ਹੇਪਣ ਦੇ ਜ਼ਾਵੀਏ ਤੋਂ ਦੇਖਣ ਦੀ ਆਗਿਆ ਦਿੰਦਾ ਹੈ। ਲਿਹਾਜ਼ਾ, ਰਚਨਾਤਮਿਕ ਤੇ ਖਾਸ ਚਿੰਤਨ-ਮੰਥਨ ਨੂੰ ਕਿਸੇ ਸਿਹਤਮੰਦ ਤੇ ਲੋਕਰਾਜੀ ਸਮਾਜ ਦਾ ਇਕ ਖ਼ਾਸ ਪਹਿਲੂ ਦੇ ਤੌਰ ’ਤੇ ਦੇਖਣਾ ਜ਼ਰੂਰੀ ਹੈ।
        ਜ਼ਿੰਮੇਵਾਰ ਆਲੋਚਕ ਕਦੇ ਵੀ ਨਫ਼ਰਤੀ ਭਾਸ਼ਣਾਂ ਨੂੰ ਹੱਲਾਸ਼ੇਰੀ ਨਹੀਂ ਦਿੰਦਾ ਤੇ ਨਾ ਹੀ ਜ਼ਹਿਰੀਲੇ ਸੋਸ਼ਲ ਮੀਡੀਆ ਦੇ ਸੰਦੇਸ਼ਾਂ ਜਾਂ ਕਿਸੇ ਤਰ੍ਹਾਂ ਦੇ ਪ੍ਰਚਾਰ ਪ੍ਰਸਾਰ ਜ਼ਰੀਏ ਦੂਜਿਆਂ ਨੂੰ ਠੇਸ ਪਹੁੰਚਾ ਕੇ ਕਿਸੇ ਤਰ੍ਹਾਂ ਦਾ ਕੋਈ ਨਾਗਵਾਰ ਜਿਹਾ ਸੁਖਦ ਅਹਿਸਾਸ ਲੈ ਸਕਦਾ ਹੈ। ਇਸ ਦੀ ਬਜਾਏ ਉਹ ਸਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਸਿਰਫ ਹਿੰਦੂ, ਮੁਸਲਮਾਨ ਜਾਂ ਈਸਾਈ ਹੋਣ ਨਾਲੋਂ ਆਪਣੇ ਆਪ ਨੂੰ ਜਗਿਆਸੂ ਅਤੇ ਫਿਰਤੂ ਦੇ ਤੌਰ ’ਤੇ ਮੁੜ ਪਰਿਭਾਸ਼ਤ ਕਰਨਾ ਪਵੇਗਾ ਤਾਂ ਕਿ ਅਸੀਂ ਆਪਣੇ ਮਨ ਦੀਆਂ ਗੰਢਾਂ ਖੋਲ੍ਹਣ ਅਤੇ ਦੁਨੀਆ ਨੂੰ ਰਚਨਾਤਮਿਕ ਬਹੁਤਾਤ ਦੀ ਨਜ਼ਰ ਤੋਂ ਦੇਖਣ ਦਾ ਯਤਨ ਕਰਦੇ ਰਹੀਏ ਅਤੇ ਗੀਤਾ, ਪੁਰਾਣ, ਬਾਈਬਲ ਜਾਂ ਕੁਰਾਨ ਦੇ ਜਮੇ ਹੋਏ ਸ਼ਬਦਾਂ ਦੇ ਹਵਾਲੇ ਦੇਣ ਦੀ ਬਜਾਇ ਆਪਣੇ ਅਨੁਭਵ ਦੀ ਸਜੀਵਤਾ ’ਤੇ ਭਰੋਸਾ ਕਰ ਸਕੀਏ।
        ਇਹੀ ਉਹ ਅਲੋਕਾਰੀ ਉਦਮ ਹੈ ਜਿਸ ਨੂੰ ਸੰਸਥਾਈ ਧਰਮ ਅਕਸਰ ਖਤਮ ਕਰ ਦਿੰਦਾ ਹੈ। ਇਸ ਪ੍ਰਸੰਗ ਵਿਚ ਸਾਨੂੰ ਇੰਨੀ ਕੁ ਇਮਾਨਦਾਰੀ ਨਾਲ ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਸੰਸਥਾਈ ਧਰਮ ਦੇ ਯਕੀਨ ਨੇ ਬੌਧਿਕ ਮੂੜ੍ਹਮੱਤ ਪੈਦਾ ਕੀਤੀ ਹੈ ਕਿਉਂਕਿ ਅਸੀਂ ਅੰਤਰੀਵ ਅਨੁਭਵ ਅਤੇ ਅਹਿਸਾਸ ਦੀ ਪ੍ਰਮਾਣਿਕਤਾ ਗੁਆਉਣ ਲਈ ਤਿਆਰ ਰਹਿੰਦੇ ਹਾਂ। ਇਸ ਦੀ ਬਜਾਇ, ਕਿਸੇ ਤਰ੍ਹਾਂ ਦੀ ਮਾਨਸਿਕ ਸੁਰੱਖਿਆ ਦੇ ਨਾਂ ’ਤੇ ਅਸੀਂ ਤੋਤੇ ਬਣ ਜਾਂਦੇ ਹਾਂ, ਪਵਿੱਤਰ ਕਿਤਾਬਾਂ ਦੇ ਹਰ ਸ਼ਬਦ ’ਤੇ ਯਕੀਨ ਕਰਨ ਲੱਗ ਪੈਂਦੇ ਹਾਂ ਜਾਂ ਆਪਣੀ ‘ਮੁਕਤੀ’ ਦੀ ਖ਼ਾਹਿਸ਼ ਲਈ ਯੰਤਰ ਦੀ ਤਰ੍ਹਾਂ ਅਸੀਂ ਕਰਮਕਾਂਡਾਂ ਦੇ ਪੁਲੰਦੇ ਨੂੰ ਆਤਮਸਾਤ ਕਰ ਲੈਂਦੇ ਹਾਂ। ਦੂਜੇ ਸ਼ਬਦਾਂ ਵਿਚ ਅਸੀਂ ਵੱਖੋ-ਵੱਖਰੇ ਨਾਵਾਂ ਤੇ ਰੰਗਾਂ ਵਾਲੇ ਹਜੂਮ ਦਾ ਅੰਗ ਬਣ ਜਾਂਦੇ ਹਾਂ।
       ਬਿਨਾ ਸ਼ੱਕ, ਈਸਾ ਨੇ ਪਿਆਰ ਦੀ ਕ੍ਰਿਸ਼ਮਈ ਤਾਕਤ ਦਾ ਅਨੁਭਵ ਕੀਤਾ ਹੋਵੇਗਾ। ਉਂਝ, ਸਵਾਲ ਇਹ ਹੈ ਕਿ ਕੀ ਤੁਸੀਂ ਈਸਾਈ ਹੋਣ ਦੇ ਨਾਤੇ ਪਰਬਤ ਉਪਰ ਈਸਾ ਦੇ ਗਾਏ ਸ਼ਬਦ ਦਾ ਗਹਿਰੇ ਰਹੱਸ ਦਾ ਅਨੁਭਵ ਕੀਤਾ ਹੈ? ਜਾਂ ਫਿਰ ਤੁਹਾਡਾ ਵਿਹਾਰਾ ਈਸਾ ਦੀ ਜੀਵਨ ਜਾਚ ਦੀ ਬਜਾਇ ਧਨ ਦੀ ਤਾਕਤ ਦੀ ਪੂਜਾ ਕਰਦਾ ਹੈ?
       ਇਸੇ ਤਰ੍ਹਾਂ, ਹੋ ਸਕਦਾ ਹੈ ਕਿ ਕਥਾ ਉਪਨਿਸ਼ਦ ਵਿਚ ਨਚੀਕੇਤ ਨੇ ‘ਮੌਤ ਦੀ ਪਹੇਲੀ’ ਦੇ ਅਰਥ ਬੁੱਝ ਲਏ ਹੋਣ ਪਰ ਹਿੰਦੂ ਹੋਣ ਦੇ ਨਾਤੇ ਕੀ ਅਸੀਂ ਇਹ ਅਨੁਭਵ ਕੀਤਾ ਹੈ ਕਿ ਹਉਮੈ ਦੀ ਧਾਰਨਾ ਵਿਚਲੇ ਅਭਿਮਾਨ ਦਾ ਝੂਠ ਹੁੰਦਾ ਹੈ? ਜਾਂ ਅਸੀਂ ਮਹਿਜ਼ ਟੇਪ ਰਿਕਾਰਡਰ ਵਾਂਗ ਸਲੋਕ ਉਚਾਰਦੇ ਰਹਿੰਦੇ ਹਾਂ ਤੇ ਜਾਤ ਅਤੇ ਪਿੱਤਰਸੱਤਾ ਦੇ ਨਾਂ ’ਤੇ ਹਰ ਕਿਸਮ ਦੀ ਹਿੰਸਾ ਨੂੰ ਸ਼ਹਿ ਦਿੰਦੇ ਰਹਿੰਦੇ ਹਾਂ?
     ਦਰਅਸਲ, ਜਦੋਂ ਸੰਸਥਾਈ ਧਰਮ ਜਾਂ ਰਹੁ-ਰੀਤਾਂ ਦੀ ਮਕਾਨਕੀ ਸਾਨੂੰ ਸਵੈ-ਅਨੁਭਵ ਦੇ ਅਮਲ ਵਿਚੋਂ ਲੰਘਣ ਤੋਂ ਡੱਕ ਦਿੰਦੀ ਹੈ ਤੇ ਇੰਝ ਅਸੀਂ ਪਛਾਣ ਦੇ ਨਿਰਮਾਣਕਾਰਾਂ ਦਾ ਭਾਰੀ ਬੋਝ ਢੋਂਦੇ ਰਹਿੰਦੇ ਹਾਂ। ਸਾਡੇ ਧਾਰਮਿਕ ਅਮਲ ਰੋਜ਼ ਪੰਜ ਵਕਤ ਨਮਾਜ਼ ਅਦਾ ਕਰਨ ਜਾਂ ਐਤਵਾਰ ਨੂੰ ਗਿਰਜਾਘਰ ਵਿਚ ਪ੍ਰਾਰਥਨਾ ਕਰਨ ਤਕ ਮਹਿਦੂਦ ਰਹਿੰਦਾ ਹੈ। ਇਹ ਸਭ ਕੁਝ ਅੰਤਰੀਵ ਬਹੁਤਾਤ ਦੀ ਬਜਾਇ ਕਿਸੇ ਗੁਨਾਹ ਦੇ ਡਰ ’ਤੇ ਆਧਾਰਿਤ ਹੁੰਦਾ ਹੈ।
      ਇਹੀ ਨਹੀਂ ਸਗੋਂ ਅੰਦਰੂਨੀ ਖਾਲੀਪਣ ਅਤੇ ਗਹਿਰੇ ਅਹਿਸਾਸ ਤੋਂ ਬਿਨਾ ਸਾਨੂੰ ਇਹ ਯਕੀਨ ਨਹੀਂ ਹੁੰਦਾ ਕਿ ‘ਚੇਤਨਾ’ ਜਾਂ ‘ਮੋਕਸ਼’ ਜਾਂ ਸਵਰਗ ਦੀ ਸਲਤਨਤ ਕੀ ਹੁੰਦੀ ਹੈ (ਸਾਡੇ ਵਿਚੋਂ ਬਹੁਤਿਆਂ ਲਈ ਇਹ ਕੁਝ ਰਟੇ ਰਟਾਏ ਸ਼ਬਦ ਮਾਤਰ ਹਨ) ਜਿਸ ਕਰ ਕੇ ਅਸੀਂ ਨਿਰੰਤਰ ਨਿਤਾਣੇ ਤੇ ਅਸੁਰੱਖਿਅਤ ਬਣੇ ਰਹਿੰਦੇ ਹਾਂ। ਇਸ ਕਰ ਕੇ ਕੋਈ ਆਲੋਚਕ ਸਾਨੂੰ ਝੰਜੋੜ ਦਿੰਦਾ ਹੈ ਅਤੇ ਅਸੀਂ ਇਸ ਪ੍ਰਤੀ ਹਿੰਸਕ ਢੰਗ ਨਾਲ ਪੇਸ਼ ਆਉਂਦੇ ਹਾਂ। ਇਸ ਦੇ ਉਲਟ, ਸੱਚਾ ਸੁੱਚਾ ਜਗਿਆਸੂ ਬਿਲਕੁਲ ਵੱਖਰੇ ਢੰਗ ਨਾਲ ਵਿਹਾਰ ਕਰਦਾ ਹੈ। ਜੇ ਕੋਈ ਗੌਤਮ ਬੁੱਧ ਦੀ ਚੇਤਨਾ ’ਤੇ ਯਕੀਨ ਨਹੀਂ ਕਰਦਾ ਤਾਂ ਉਹ ਉਸ ਦੇ ਖਿਲਾਫ਼ ਥਾਣੇ ਵਿਚ ਕੇਸ ਦਰਜ ਕਰਾਉਣ ਨਹੀਂ ਜਾਂਦੇ ਸਗੋਂ ਉਹ ਉਸ ਸ਼ੰਕਾ ਕਰਨ ਵਾਲੇ ’ਤੇ ਕਰੁਣਾਮਈ ਮੁਸਕਰਾਹਟ ਨਾਲ ਤੱਕਦੇ ਜਿਸ ਦਾ ਕੋਈ ਮਤਲਬ ਹੁੰਦਾ। ਫਿਲਮਕਾਰ ਲੀਨਾ ਮਨੀਮੇਕਲਾਈ ਅਤੇ ਸਿਆਸਤਦਾਨ ਮਹੂਆ ਮੋਇਤਰਾ ਜਿਸ ਢੰਗ ਨਾਲ ਦੇਵੀ ਕਾਲੀ ਨੂੰ ਦੇਖਦੀਆਂ ਹਨ, ਰਾਮਕ੍ਰਿਸ਼ਨ ਨੇ ਉਨ੍ਹਾਂ ਖਿਲਾਫ਼ ਨਫ਼ਰਤੀ ਮੁਹਿੰਮ ਚਲਾਉਣ ਦੀ ਪੈਰਵੀ ਨਹੀਂ ਕਰਨੀ ਸੀ। ਸੰਭਵ ਹੈ ਕਿ ਉਹ ਉਨ੍ਹਾਂ ਨੂੰ ਇਹ ਕਹਿ ਕੇ ਆਸ਼ੀਰਵਾਦ ਦਿੰਦੇ ਕਿ : “ਮੇਰੇ ਲਈ ਤੁਸੀਂ ਵੀ ਕਾਲੀ ਹੀ ਹੋ, ਮੈਂ ਤੁਹਾਡੇ ਅੰਦਰ ਵੀ ਦੈਵੀ ਝਲਕਾਰੇ ਦੇਖਦਾ ਹਾਂ।” ਤੇ ਕਬੀਰ, ਰੂਮੀ ਅਤੇ ਨਿਜ਼ਾਮੂਦੀਨ ਔਲੀਆ ਜਿਹੇ ਮਹਾਪੁਰਸ਼ ਨੂਪੁਰ ਸ਼ਰਮਾ, ਸਲਮਾਨ ਰਸ਼ਦੀ ਤੇ ਐੱਮਐੱਫ ਹੁਸੈਨ ਵਰਗਿਆਂ ਦੇ ਮਾਮਲਿਆਂ ਨੂੰ ਪੁਲੀਸ ਇੰਸਪੈਕਟਰਾਂ, ਸ਼ੋਰੀਲੇ ਟੀਵੀ ਐਂਕਰਾਂ, ਕਾਨੂੰਨੀ ਮਾਹਿਰਾਂ ਤੇ ਜੱਜਾਂ ਦੇ ਉਲਟ ਕਿਤੇ ਜ਼ਿਆਦਾ ਵਡੱਪਣ ਤੇ ਸਾਰਥਿਕਤਾ ਨਾਲ ਲੈਂਦੇ। ਕੀ ਸੰਸਥਾਈ ਧਰਮਾਂ ਦੇ ਪੁਜਾਰੀਆਂ, ਮੁੱਲਿਆਂ ਤੇ ਸਿਆਸੀ ਗੁਰੂ-ਘੰਟਾਲਾਂ ਨੇ ਗਿਣ ਮਿੱਥ ਕੇ ਪਿਆਰ, ਕਰੁਣਾ ਤੇ ਅੰਦਰੂਨੀ ਅਨੁਭਵ ਦੀ ਧਾਰਮਿਕਤਾ ਦਾ ਗਲਾ ਘੁੱਟ ਦਿੱਤਾ ਹੈ? ਕੀ ਇਹੀ ਕਾਰਨ ਹੈ ਕਿ ਅਖੌਤੀ ਈਸਾਈ, ਇਸਲਾਮੀ, ਬੌਧ ਤੇ ਹਿੰਦੂ ਰਾਜ ਅਕਸਰ ਜੰਗਬਾਜ਼ੀ, ਖ਼ੂਨ ਖਰਾਬੇ ਤੇ ਹਿੰਸਾ ਵਿਚ ਗਲਤਾਨ ਰਹਿੰਦੇ ਹਨ?
     ਬਤੌਰ ਅਧਿਆਪਕ ਮੈਂ ਅਕਸਰ ਆਪਣੇ ਆਪ ਤੋਂ ਪੁੱਛਦਾ ਹਾਂ : ਸਾਡੇ ਬੱਚਿਆਂ ਦਾ ਅਜਿਹੇ ਸਮਾਜ ਅੰਦਰ ਪਲ ਕੇ ਵੱਡੇ ਹੋਣ ਦਾ ਕੀ ਮਤਲਬ ਹੈ ਜੋ ਖੁੱਲ੍ਹ ਕੇ ਸਵਾਲ ਪੁੱਛਣ ਦੀ ਭਾਵਨਾ ਨੂੰ ਬਰਦਾਸ਼ਤ ਨਹੀਂ ਕਰਦਾ? ਜਦੋਂ ਉਹ ਸਾਧੂਆਂ ਦੇ ਭੇਸ ਵਿਚ ਗੁੰਡੇ ਬਦਮਾਸ਼ਾਂ, ਰੋਜ਼ਮੱਰਾ ਜ਼ਿੰਦਗੀ ਵਿਚ ਜ਼ਹਿਰੀਲੇ ਸ਼ਬਦਾਂ ਦਾ ਇਲਹਾਮ ਅਤੇ ਧਾਰਮਿਕ ਕਰਮ ਵਿਚ ਹਿੰਸਾ ਦਾ ਮਹਿਮਾ ਮੰਡਨ ਹੁੰਦਾ ਦੇਖਦੇ ਹਨ ਤਾਂ ਉਹ ਕਿਸ ਕਿਸਮ ਦੀ ਵਿਸ਼ਵਦ੍ਰਿਸ਼ਟੀ ਗ੍ਰਹਿਣ ਕਰਦੇ ਹਨ? ਇਸ ਤਰ੍ਹਾਂ ਦੇ ਬਦਬਖ਼ਤ ਰਾਜ ਜਾਂ ਸਮਾਜ ਦੀ ਕਲਪਨਾ ਮਾਤਰ ਹੀ ਮੈਨੂੰ ਝੰਜੋੜ ਕੇ ਰੱਖ ਦਿੰਦੀ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।