ਅਮਰੀਕਾ ਨਹੀਂ ਰੁਕਣ ਦੇਣੀ ਚਾਹੁੰਦਾ ਯੂਕਰੇਨ ਜੰਗ - ਐਮ.ਕੇ. ਭੱਦਰਕੁਮਾਰ

ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਹੀ ਪੱਛਮੀ ਬਿਰਤਾਂਤ ਨੇ ਇਹ ਜ਼ੋਰਦਾਰ ਪ੍ਰਭਾਵ ਦਿੱਤਾ ਕਿ ਰੂਸ ਨੂੰ ਆਪਣੇ ਖ਼ਾਸ ਫ਼ੌਜੀ ਅਪਰੇਸ਼ਨਾਂ ਵਿਚ ਭਾਰੀ ਨਾਕਾਮੀ ਦਾ ਸਾਹਮਣਾ ਕਰਨਾ ਪਵੇਗਾ। ਇਹ ਪ੍ਰਭਾਵ ਸਿਰਜਣ ਲਈ ਮੀਡੀਆ ਸੈਂਸਰਸ਼ਿਪ ਦਾ ਸਹਾਰਾ ਵੀ ਲਿਆ ਗਿਆ ਜਿਸ ਤਹਿਤ ਵਿਰੋਧੀ ਖ਼ਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਦਬਾਉਣ ਤੇ ਰੋਕਣ ਦੀ ਨੀਤੀ ਅਪਣਾਈ ਗਈ ਅਤੇ ਨਾਲ ਹੀ ਜ਼ੋਰਦਾਰ ਸੂਚਨਾ ਜੰਗ ਵੀ ਛੇੜੀ ਗਈ। ਅਜਿਹਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ, ਇੱਥੋਂ ਤੱਕ ਕਿ ਸ਼ੀਤ ਜੰਗ ਦੀ ਸਿਖਰ ਦੌਰਾਨ ਵੀ ਅਜਿਹੀ ਕੋਈ ਰਵਾਇਤ ਦੇਖਣ ਨੂੰ ਨਹੀਂ ਮਿਲਦੀ। ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਰੂਸ ਵਿਚ ਲਾਜ਼ਮੀ ਤੌਰ ’ਤੇ ਸੱਤਾ ਤਬਦੀਲੀ ਹੋਵੇਗੀ, ਕਿਉਂਕਿ ਰੂਸੀ ਲੋਕਾਂ ਵਿਚ ਮੁਲਕ ਦੀ ਲੀਡਰਸ਼ਿਪ ਖ਼ਿਲਾਫ਼ ਇਸ ਗੱਲ ਤੋਂ ਵਿਆਪਕ ਪੱਧਰ ’ਤੇ ਨਾਰਾਜ਼ਗੀ ਪਾਈ ਜਾ ਰਹੀ ਸੀ ਕਿ ਉਸ ਨੇ ਮੁਲਕ ਨੂੰ ਇਕ ਤਬਾਹਕੁਨ ਜੰਗ ਵਿਚ ਝੋਕ ਕੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਕੇ ਰੱਖ ਦਿੱਤੀ ਅਤੇ ਮੁਲਕ ਨੂੰ ਵੀ ਤਬਾਹ ਕਰ ਦਿੱਤਾ ਹੈ।
      ਇਹ ਬਿਰਤਾਂਤ ਓਨਾ ਹੀ ਭੁਲੇਖਾ-ਪਾਊ ਤੇ ਫ਼ਰੇਬੀ ਸੀ ਜਿੰਨੀ ਰੂਸੀ ਫ਼ੌਜੀ ਰਣਨੀਤੀ ਅਤੇ ਸਿਆਸੀ ਇਰਾਦਿਆਂ ਬਾਰੇ ਪੱਛਮ ਦੀ ਭਿਆਨਕ ਖ਼ੁਫ਼ੀਆ ਤੰਤਰ ਦੀ ਨਾਕਾਮੀ ਸੀ। ਬੀਤੇ ਮਾਰਚ ਮਹੀਨੇ ਤੱਕ, ਜਦੋਂ ਰੂਸੀ ਫ਼ੌਜਾਂ ਇਕ ਗੁਪਤ ਜੰਗੀ ਪੈਂਤੜੇਬਾਜ਼ੀ ਤਹਿਤ ਕੀਵ ਅਤੇ ਯੂਕਰੇਨ ਦੇ ਹੋਰ ਉੱਤਰੀ ਖ਼ਿੱਤਿਆਂ ਤੋਂ ਪਿਛਾਂਹ ਹਟ ਗਈਆਂ, ਤਾਂ ਅਮਰੀਕੀ ਸਦਰ ਜੋਅ ਬਾਇਡਨ ਜੇਤੂ ਦਾਅਵੇ ਕਰਦੇ ਹੋਏ ਪੋਲੈਂਡ ਪਹੁੰਚ ਗਏ ਅਤੇ ਉਨ੍ਹਾਂ ਕ੍ਰੈਮਲਿਨ ਦੀਆਂ ਅਫ਼ਵਾਹਾਂ ਦੌਰਾਨ ਰੂਸੀ ਸਦਰ ਵਲਾਦੀਮੀਰ ਪੂਤਿਨ ਦੇ ਛੇਤੀ ਹੀ ਸੱਤਾ ਤੋਂ ਲਾਂਭੇ ਹੋਣ ਤੱਕ ਦਾ ਐਲਾਨ ਕਰ ਦਿੱਤਾ।
ਹਾਲਾਂਕਿ ਹਕੀਕਤ ਵਿਚ ਜੰਗ ਸਿਰਫ਼ ਇਕ ਸਿਖਰਲੇ ਮੁਕਾਮ ਉੱਤੇ ਪੁੱਜ ਗਈ ਸੀ, ਇਕ ਵੱਖਰੇ ਤਰੀਕੇ ਨਾਲ। ਇਹ ਕਿ ਰੂਸ ਹਰਗਿਜ਼ ਜੰਗ ਹਾਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦਾ ਜਾਂ ਇਹ ਕਿ ਰੂਸ ਦਾ ਲੰਮਾ ਜੰਗੀ ਇਤਿਹਾਸ ਇਸ ਦੀ ਅਸੀਮ ਸਮਰੱਥਾ ਦੀ ਸ਼ਾਹਦੀ ਭਰਦਾ ਹੈ ਜਿਸ ਬਾਰੇ ਕਦੇ ਕੋਈ ਸੰਦੇਹ ਸੀ ਹੀ ਨਹੀਂ। ਰੂਸ ਲਈ ਇਹ ਹੋਂਦ ਦੀ ਲੜਾਈ ਹੈ, ਜਦੋਂਕਿ ਅਮਰੀਕਾ ਤੇ ਨਾਟੋ ਲਈ ਇਹ ਇਕ ਫ਼ੌਜੀ ਸਾਜ਼ਿਸ਼ ਦੀ ਆਖ਼ਰੀ ਖੇਡ ਹੈ, ਇਕ ਅਜਿਹੀ ਸਾਜ਼ਿਸ਼ ਜਿਹੜੀ 2014 ਵਿਚ ਘੜੀ ਗਈ ਸੀ ਤੇ ਉਦੋਂ ਤੋਂ ਹੀ ਅਮਲ ਵਿਚ ਲਿਆਂਦੀ ਜਾ ਰਹੀ ਹੈ ਤਾਂ ਕਿ ਰੂਸ ਨੂੰ ਕਮਜ਼ੋਰ ਕੀਤਾ ਜਾ ਸਕੇ। ਅਜਿਹਾ ਹਾਲ ਹੀ ਵਿਚ ਨਾਟੋ ਦੇ ਸਕੱਤਰ ਜਨਰਲ ਜੇਨਜ਼ ਸਟੋਲਟਨਬਰਗ ਨੇ ਜ਼ਾਹਰਾ ਤੌਰ ’ਤੇ ਤਸਲੀਮ ਕੀਤਾ - ਜਾਂ ਗੱਲ ਅਚਾਨਕ ਉਨ੍ਹਾਂ ਦੇ ਮੂੰਹੋਂ ਨਿਕਲ ਗਈ। ਕੋਈ ਮੁਲਕ ਭੂ-ਸਿਆਸੀ ਝਟਕੇ ਤੋਂ ਉੱਭਰ ਸਕਦਾ ਹੈ ਅਤੇ ਮੁੜ ਤਰੱਕੀ ਕਰ ਸਕਦਾ ਹੈ, ਜਿਵੇਂ ਰੂਸੀ ਫੈਡਰੇਸ਼ਨ ਨੇ ਕੀਤਾ ਹੈ। ਪਰ ਨੈਪੋਲੀਅਨ ਜਾਂ ਹਿਟਲਰ ਹੱਥੋਂ ਹਾਰ ਦਾ ਮਤਲਬ ਰੂਸ ਲਈ ਇਤਿਹਾਸ ਦਾ ਇਕ ਵੱਖਰਾ ਮੁਹਾਣ ਹੋਣਾ ਸੀ। ਇਹ ਇਕ ਇਤਿਹਾਸਕ ਨਜ਼ਰੀਏ ਤੋਂ ਯੂਕਰੇਨ ਜੰਗ ਸਬੰਧੀ ਮਾਮਲੇ ਦੀ ਜੜ੍ਹ ਹੈ।
ਪੱਛਮੀ ਬਿਰਤਾਂਤ ਵਿਚ ਜਿੱਤ-ਪ੍ਰਸਤੀ ਨੇ ਤਰਕਸੰਗਤ ਸੋਚ ਨੂੰ ਧੁੰਦਲਾ ਕਰ ਦਿੱਤਾ ਹੈ। ਹਕੀਕਤ ਇਹ ਹੈ ਕਿ ਅਮਰੀਕਾ ਲਈ ਤਰਕਸੰਗਤ ਰਾਹ ਇਹ ਰਹਿਣਾ ਸੀ ਕਿ ਜਦੋਂ ਯੂਕਰੇਨ ਤੇ ਰੂਸ ਦੇ ਵਫ਼ਦ ਇਸਤੰਬੁਲ ਵਿਚ ਮਿਲੇ ਸਨ, ਅਮਰੀਕਾ ਨੂੰ ਉਦੋਂ ਹੀ ਜੰਗ ਖ਼ਤਮ ਕਰਵਾ ਦੇਣੀ ਚਾਹੀਦੀ ਸੀ, ਜਦੋਂ ਇਕ ਸਮਝੌਤੇ (ਜਿਸ ਉੱਤੇ ਮੁੱਢਲੀ ਸਹਿਮਤੀ ਬਣ ਵੀ ਗਈ ਸੀ) ਨੂੰ ਖ਼ਾਰਜ ਕਰ ਦਿੱਤਾ ਗਿਆ। ਇਹ ਸਮਝੌਤਾ ਉਸ ਵਕਤ ਮੁਤਾਬਿਕ ਰੂਸ ਦੀਆਂ ਉਮੀਦਾਂ ਨੂੰ ਪੂਰਾ ਕਰਦਾ ਸੀ - ਜਿਸ ਵਿਚ ਇਸ ਦੀ ਮੁੱਖ ਸ਼ਰਤ ਯੂਕਰੇਨ ਦਾ ਗ਼ੈਰ-ਫ਼ੌਜੀਕਰਨ ਕਰਨਾ ਤੇ ਇਸ ਦਾ ਨਿਰਪੱਖ ਦਰਜਾ ਅਤੇ ਦੋ ਵੱਖ ਹੋਏ ਡੋਨਾਬਾਸ ਗਣਰਾਜਾਂ ਨੂੰ ਮੌਜੂਦਾ ਪ੍ਰਸ਼ਾਸਨਿਕ ਸਰਹੱਦਾਂ ਮੁਤਾਬਿਕ ਮਾਨਤਾ ਦੇਣਾ ਤੇ ਕ੍ਰੀਮੀਆ ਨੂੰ ਰੂਸ ਦੇ ਅਟੁੱਟ ਹਿੱਸੇ ਵਜੋਂ ਮਾਨਤਾ ਦੇਣਾ ਸ਼ਾਮਲ ਸੀ। ਇਹ ਅਜਿਹਾ ਨਿਬੇੜਾ ਸੀ ਜਿਹੜਾ ਵਾਸ਼ਿੰਗਟਨ ਨੂੰ ਵਾਰਾ ਖਾ ਸਕਦਾ ਸੀ, ਪਰ ਇਸ ਦੀ ਥਾਂ ਰੂਸ ਨੂੰ ਲੱਕ-ਤੋੜਵੀਂ ਹਾਰ ਦੇਣ ਅਤੇ ਉਸ ਨੂੰ ਕ੍ਰੈਮਲਿਨ ਵਿਚ ਸੱਤਾ ਤਬਦੀਲੀ ਲਈ ਮਜਬੂਰ ਕਰਨ ਦੇ ਨਸ਼ੇ ’ਚ ਮਦਹੋਸ਼ ਕਰ ਦੇਣ ਵਾਲੇ ਵਿਚਾਰਾਂ ਵਿਚ ਉਲਝੇ ਬਾਇਡਨ ਪ੍ਰਸ਼ਾਸਨ ਨੇ ਕੀਵ ਵਿਚਲੀ ਆਪਣੀ ਕਠਪੁਤਲੀ ਹਕੂਮਤ ਦੀ ਡੋਰ ਖਿੱਚ ਕੇ ਉਸ ਤੋਂ ਇਸਤੰਬੁਲ ਸਮਝੌਤਾ ਰੱਦ ਕਰਵਾ ਦਿੱਤਾ।
ਇਸ ਤੋਂ ਬਾਅਦ ਜੰਗੀ ਟਕਰਾਅ ਅਗਲੇ ਪੜਾਅ ’ਤੇ ਪੁੱਜ ਗਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰੂਸ ਨੇ ਨਾ ਸਿਰਫ਼ ਮਾਰੀਓਪੋਲ ਜਿੱਤ ਲਿਆ ਸਗੋਂ ਅਜ਼ੋਵ ਸਾਗਰ ਉੱਤੇ ਵੀ ਕਬਜ਼ਾ ਜਮਾ ਲਿਆ। ਇਸ ਦੇ ਨਾਲ ਹੀ ਰੂਸ ਨੇ ਯੂਕਰੇਨੀ ਫ਼ੌਜਾਂ ਨੂੰ ਡੋਨਾਬਾਸ ਦੀਆਂ ਪੂਰੀਆਂ ਪ੍ਰਸ਼ਾਸਕੀ ਸਰਹੱਦਾਂ ਤੋਂ ਬਾਹਰ ਧੱਕ ਦੇਣ ਲਈ ਜ਼ੋਰਦਾਰ ਹਮਲਾ ਵੀ ਬੋਲ ਦਿੱਤਾ ਜਿੱਥੇ ਉਹ ਕੀਵ ਵਿਚ 2014 ’ਚ ਹੋਏ ਰਾਜਪਲਟੇ ਤੋਂ ਪਹਿਲਾਂ ਹੁੰਦੀਆਂ ਸਨ। ਹੁਣ ਸੇਵੇਰੋਦੋਨੇਤਸਕ-ਲਿਸੀਚਾਂਸਕ ਸਮੂਹ ਵਿਚ ਰੂਸ ਦੀਆਂ ਹਾਲੀਆ ਜਿੱਤਾਂ ਅਤੇ ਛੇਤੀ ਹੀ ਸਲਾਵੀਆਂਸਕ ਅਤੇ ਕ੍ਰਾਮਾਤੋਸਕ ਉੱਤੇ ਕੀਤੇ ਜਾਣ ਵਾਲੇ ਹਮਲੇ ਨਾਲ, ਯੂਕਰੇਨੀ ਫ਼ੌਜਾਂ ਦੀ ਆਗਾਮੀ ਹਫ਼ਤਿਆਂ ਦੌਰਾਨ ਸਮੁੱਚੀ ਰੱਖਿਆਤਮਕ ਲਾਈਨ ਉੱਤੇ ਇਕ ਨਵਾਂ ਸਿਖਰਲਾ ਮੁਕਾਮ ਆਕਾਰ ਲੈ ਰਿਹਾ ਹੈ। ਇਸ ਸੂਰਤ ਵਿਚ ਇਸ ਟਕਰਾਅ ਕਾਰਨ ਬਾਇਡਨ ਪ੍ਰਸ਼ਾਸਨ ਦੀ ਭਰੋਸੇਯੋਗਤਾ ਅਤੇ ਨਾਟੋ ਦੇ ਸਟੈਂਡ ਨੂੰ ਖੋਰਾ ਲੱਗਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਤਰਕਪੂਰਨ ਗੱਲ ਤਾਂ ਇਹ ਹੈ ਕਿ ਬਾਇਡਨ ਪ੍ਰਸ਼ਾਸਨ ਨੂੰ ਇਸ ਸਿਖਰਲੇ ਮੁਕਾਮ ਦੇ ਮੌਕੇ ਨੂੰ ਸਾਂਭਣਾ ਚਾਹੀਦਾ ਹੈ ਅਤੇ ਮਾਮਲੇ ਦਾ ਨਿਬੇੜਾ ਕਰ ਲੈਣਾ ਚਾਹੀਦਾ ਹੈ ਪਰ ਅਮਰੀਕਾ ਵੱਲੋਂ ਅਜਿਹਾ ਕੀਤੇ ਜਾਣ ਦੇ ਆਸਾਰ ਬਹੁਤ ਹੀ ਘੱਟ ਹਨ।
ਬਾਇਡਨ ਪ੍ਰਸ਼ਾਸਨ ਨੂੰ ਡਰ ਹੈ ਕਿ ਆਗਾਮੀ ਪੈਦਾ ਹੋਣ ਵਾਲੇ ਹਾਲਾਤ ਨਾਲ ਸਮੁੱਚੀ ਦੁਨੀਆਂ ਦੇ ਲੋਕਾਂ ਸਾਹਮਣੇ ਅਮਰੀਕੀ ਤਾਕਤ ਦੀਆਂ ਕਮਜ਼ੋਰੀਆਂ ਦਾ ਭੇਤ ਖੁੱਲ੍ਹ ਜਾਵੇਗਾ ਅਤੇ ਰੂਸ ਦਾ ਹੋਣ ਵਾਲਾ ਮੁੜ-ਉਭਾਰ ਭੂ-ਸਿਆਸੀ ਧਰਾਤਲ ਉੱਤੇ ਦੁੱਗਣਾ ਪ੍ਰਭਾਵਸ਼ਾਲੀ ਹੋ ਜਾਵੇਗਾ ਅਤੇ ਨਾਲ ਹੀ ਬਹੁ-ਧੁਰੀ ਸੰਸਾਰ ਦੇ ਪੱਖ ਵਿਚ ਜ਼ੋਰਦਾਰ ਅਮੋੜ ਲਹਿਰ ਹੁਲਾਰਾ ਲਵੇਗੀ - ਅਤੇ ਇਸ ਦੇ ਨਾਲ ਹੀ ਸੰਸਾਰ ਦੀ ਅੱਵਲ ਦਰਜਾ ਮਹਾਂਸ਼ਕਤੀ ਵਜੋਂ ਚੀਨ ਦਾ ਬੇਮਿਸਾਲ ਉਭਾਰ ਹੋਵੇਗਾ। ਦੂਜਾ, ਪੱਛਮੀ ਗੱਠਜੋੜ ਵਿਚ ਵੀ ਤਰੇੜਾਂ ਉੱਭਰ ਰਹੀਆਂ ਹਨ ਕਿਉਂਕਿ ਜੰਗ ਦਾ ਥਕੇਵਾਂ ਵਧ ਰਿਹਾ ਹੈ ਅਤੇ ਰੂਸ ਖ਼ਿਲਾਫ਼ ਆਇਦ ਮਾਲੀ ਬੰਦਿਸ਼ਾਂ ਕਾਰਨ ਯੂਰਪੀ ਅਰਥਚਾਰੇ ਮੰਦਵਾੜੇ ਦਾ ਸ਼ਿਕਾਰ ਹੋ ਰਹੇ ਹਨ ਜਦੋਂਕਿ ਦੂਜੇ ਪਾਸੇ ਰੂਸ ‘ਨਵੇਂ ਤਰ੍ਹਾਂ ਦੇ ਆਮ ਹਾਲਾਤ’ ਵਿਚ ਰਚ-ਮਿਚ ਰਿਹਾ ਹੈ। ਇਸ ਦੇ ਪੂਰੇ ਐਟਲਾਂਟਿਕ ਖ਼ਿੱਤੇ ਦੇ ਆਰ-ਪਾਰ ਅਮਰੀਕਾ ਦੀ ਲੀਡਰਸ਼ਿਪ ਉੱਤੇ ਬੜੇ ਗੰਭੀਰ ਪ੍ਰਭਾਵ ਪੈਣਗੇ ਅਤੇ ਨਾਲ ਹੀ ਇਸ ਦਾ ਯੂਰਪੀ ਸਿਆਸਤ ਉੱਤੇ ਵੀ ਅਸਰ ਪਵੇਗਾ।
ਤੀਜਾ, ਇਸ ਗੱਲ ਦਾ ਵੀ ਬਹੁਤ ਖ਼ਤਰਾ ਹੈ ਕਿ ਇਸ ਮੌਕੇ ਸਮਝੌਤਾ ਹੋਣ ਦੀ ਸੂਰਤ ਵਿਚ ਯੂਕਰੇਨ ਵਿਚ ਐਂਗਲੋ-ਅਮਰੀਕੀ ਪੈਰਾਂ ਹੇਠੋਂ ਜ਼ਮੀਨ ਨਾਟਕੀ ਢੰਗ ਨਾਲ ਖਿਸਕ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਹੁਣ ਰੂਸ ਰੱਦ ਕਰ ਦਿੱਤੇ ਗਏ ਇਸਤੰਬੁਲ ਸਮਝੌਤੇ ਉੱਤੇ ਹੀ ਨਹੀਂ ਰੁਕੇਗਾ ਅਤੇ ਇਸ ਤੋਂ ਵਾਧੂ ਤੌਰ ’ਤੇ ਯਕੀਨਨ ਨਾ ਸਿਰਫ਼ ਡੋਨਾਬਾਸ ਦੀਆਂ 2014 ਵਾਲੀਆਂ ਪ੍ਰਸ਼ਾਸਕੀ ਸਰਹੱਦਾਂ ਦੀ ਬਹਾਲੀ ਦੀ ਮੰਗ ਕਰੇਗਾ ਸਗੋਂ ਉਹ ਕ੍ਰੀਮੀਆ ਨੂੰ ਮੁੱਖ ਰੂਸੀ ਸਰਜ਼ਮੀਨ ਨਾਲ ਜੋੜਨ ਲਈ ਖੇਰਸੋਨ ਅਤੇ ਸੰਭਵ ਤੌਰ ’ਤੇ ਜ਼ੋਪੋਰੋਜ਼ੀਆ ਸਮੇਤ ਉੱਤਰੀ ਕ੍ਰੀਮੀਆ ਦੇ ਵਿਆਪਕ ਖ਼ਿੱਤੇ ਦੀ ਪੱਟੀ ਦੇ ਏਕੀਕਰਨ ਰਾਹੀਂ ਇਕ ਅਖੰਡ-ਅਭੇਦ ਗਲਿਆਰੇ ਦੀ ਮੰਗ ਵੀ ਕਰੇਗਾ। ਇਸ ਦੇ ਨਾਲ ਹੀ ਰੂਸ ਵੱਲੋਂ ਉਸ ਖ਼ਿਲਾਫ਼ ਆਇਦ ਪੱਛਮੀ ਪਾਬੰਦੀਆਂ ਨੂੰ ਹਟਾਏ ਜਾਣ ਦੀ ਮੰਗ ਵੀ ਕੀਤੀ ਜਾਵੇਗੀ।
ਜ਼ਾਹਿਰ ਹੈ ਕਿ ਜੇ ਯੂਕਰੇਨ ਵੱਲੋਂ ਆਤਮ-ਸਮਰਪਣ ਦੀਆਂ ਅਜਿਹੀਆਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਕੀਵ ਵਿਚਲੀ ਮੌਜੂਦਾ ਜ਼ੈਲੰਸਕੀ ਸਰਕਾਰ ਡਿੱਗ ਪਵੇਗੀ। ਦੂਜੇ ਪਾਸੇ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਵੱਲੋਂ ਯੂਕਰੇਨ ਵਿਚ ਕਰਵਾਏ ਗਏ 2014 ਦੇ ਰਾਜਪਲਟੇ ਪਿੱਛੇ ਕੰਮ ਕਰਦਾ ਪੂਰਾ ਏਜੰਡਾ ਵੀ ਜੱਗ ਜ਼ਾਹਰ ਹੋ ਜਾਵੇਗਾ। ਬਾਇਡਨ 2014 ਦੇ ਯੂਕਰੇਨੀ ਰਾਜਪਲਟੇ ਨਾਲ ਮੌਕੇ ਦੇ ਅਮਰੀਕੀ ਸਦਰ ਬਰਾਕ ਓਬਾਮਾ ਦੇ ਖ਼ਾਸ ਸਹਾਇਕ ਵਜੋਂ ਬੜੇ ਕਰੀਬੀ ਤੌਰ ’ਤੇ ਜੁੜੇ ਹੋਏ ਸਨ ਜਿਸ ਕਾਰਨ ਇਹ ਵਰਤਾਰਾ ਉਨ੍ਹਾਂ ਲਈ ਸਿਆਸੀ ਤੌਰ ’ਤੇ ਬਹੁਤ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਇਸ ਦੇ ਨਾਲ ਹੀ ਜੇ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੁੰਦੇ ਹਨ, ਖ਼ਾਸਕਰ ਯੂਕਰੇਨ ਦੀਆਂ ਬਾਇਓ-ਲੈਬਜ਼ ਨਾਲ ਉਨ੍ਹਾਂ ਦੇ ਪੁੱਤਰ ਦੇ ਕਰੋੜਾਂ ਡਾਲਰਾਂ ਦੇ ਕਾਰੋਬਾਰ ਦੇ ਮੱਦੇਨਜ਼ਰ, ਤਾਂ ਇਹ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਮੁੜ-ਚੋਣ ਦੀ ਮੁਹਿੰਮ ਲਈ ਵੀ ਮਾਰੂ ਸਾਬਿਤ ਹੋਵੇਗਾ।
ਇਸ ਤਰ੍ਹਾਂ ਬਾਇਡਨ ਇਸ ਆਗਾਮੀ ਸਿਖਰਲੇ ਮੁਕਾਮ ਨੂੰ ਵੀ ਇੰਝ ਹੀ ਲੰਘ ਜਾਣ ਦੇ ਹਾਮੀ ਹੋਣਗੇ ਅਤੇ ਉਹ ਮੌਜੂਦਾ ਰਸਤੇ ਉੱਤੇ ਹੀ ਚੱਲਦੇ ਰਹਿਣਗੇ। ਇੰਨਾ ਹੀ ਨਹੀਂ ਅਮਰੀਕਾ ਅਤੇ ਯੂਕਰੇਨ ਹਕੂਮਤ ਵਿਚਲੇ ਵੱਖੋ-ਵੱਖ ਹਿੱਤ ਸਮੂਹ ਤੇ ਜੰਗੀ-ਮੁਨਾਫ਼ਾਖ਼ੋਰ ਵੀ ਇਹੋ ਉਮੀਦ ਕਰਨਗੇ। ਇਹ ਯਕੀਨੀ ਬਣਾਉਣ ਲਈ ਪੈਸਾ ਪਾਣੀ ਵਾਂਗ ਰੋੜ੍ਹਿਆ ਜਾ ਰਿਹਾ ਹੈ ਜਿਸ ਤਹਿਤ ਲੱਖਾਂ ਡਾਲਰਾਂ ਦੀ ਕੀਮਤ ਵਾਲੇ ਆਧੁਨਿਕ ਪੱਛਮੀ ਤੋਪਖ਼ਾਨੇ ਦੀ ਯੂਕਰੇਨ ਦੇ ਕਾਲੇ ਬਾਜ਼ਾਰ ਵਿਚ 1.20 ਲੱਖ ਡਾਲਰ ’ਚ ਪੇਸ਼ਕਸ਼ ਕੀਤੀ ਜਾ ਰਹੀ ਹੈ! ਇਸ ਸੂਰਤ ਵਿਚ ਆਲਮੀ ਭਾਈਚਾਰੇ ਨੂੰ ਅਗਲੇ ਸਿਖਰਲੇ ਮੁਕਾਮ ਦੇ ਆਉਣ ਦੀ ਉਡੀਕ ਕਰਨੀ ਪਵੇਗੀ ਜਿਹੜਾ ਅਗਲੀ ਪੱਤਝੜ ਵਿਚ ਆ ਸਕਦਾ ਹੈ।
*  ਲੇਖਕ ਭਾਰਤ ਦਾ ਸਾਬਕਾ ਸਫ਼ੀਰ ਹੈ।