ਰਾਜਨੀਤਕ ਅਤੇ ਸਮਾਜਿਕ ਵਿਵਸਥਾ ਤੇ ਵੀ ਨਿਰਭਰ ਹੈ ਸਿਹਤਮੰਦ ਜ਼ਿੰਦਗੀ -  ਗੁਰਚਰਨ ਸਿੰਘ ਨੂਰਪੁਰ

ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਤੁਰਿਆ ਤਾਂ ਯੂਨਾਨ ਦੇ ਹੀ ਇਕ ਡਾਇਓਜੀਨ ਨਾਂਅ ਦੇ ਫ਼ਕੀਰ ਨੂੰ ਮਿਲਿਆ। ਉਸ ਨੇ ਡਾਇਓਜੀਨ ਨੂੰ ਕਿਹਾ 'ਮੈਂ ਤੇਰੇ ਵਾਂਗ ਬੇਫ਼ਿਕਰੀ ਦੀ ਜ਼ਿੰਦਗੀ ਜਿਊਣੀ ਚਾਹੁੰਦਾ ਹਾਂ।'
ਡਾਇਓਜੀਨ ਨੇ ਕਿਹਾ, 'ਅੜਚਨ ਕੀ ਹੈ ਨਦੀ ਦਾ ਕੰਢਾ ਬੜਾ ਵਿਸ਼ਾਲ ਹੈ ਤੂੰ ਵੀ ਲੇਟ ਜਾ, ਧੁੱਪ ਸੇਕ ਤੇ ਕੁਦਰਤ ਦੇ ਨਜ਼ਾਰੇ ਮਾਣ।'
ਸਿਕੰਦਰ ਨੇ ਕਿਹਾ, 'ਅਜੇ ਤਾਂ ਮੈਂ ਦੁਨੀਆ ਜਿੱਤਣ ਜਾ ਰਿਹਾ ਹਾਂ। ਮੇਰੇ ਕੋਲ ਵਿਹਲ ਕਿੱਥੇ? ਵਿਹਲਾ ਹੋ ਕੇ ਆਰਾਮ ਕਰਾਂਗਾ।'
ਡਾਇਓਜੀਨ ਬੋਲਿਆ, 'ਦੁਨੀਆ ਜਿੱਤ ਕੇ ਕੀ ਕਰੇਂਗਾ?'
      'ਦੁਨੀਆ ਨੂੰ ਜਿੱਤਣ ਮਗਰੋਂ ਮੇਰੇ ਕੋਲ ਵਿਸ਼ਾਲ ਬੇਸ਼ੁਮਾਰ ਦੌਲਤ ਹੋਵੇਗੀ, ਵੱਡੀ ਫ਼ੌਜ ਤੇ ਅਥਾਹ ਤਾਕਤ ਹੋਵੇਗੀ।' ਡਾਇਓਜੀਨ ਬੋਲਿਆ, 'ਦੌਲਤ ਤੇ ਤਾਕਤ ਇਕੱਠੀ ਕਰਨ ਮਗਰੋਂ ਵੀ ਜੇਕਰ ਆਰਾਮ ਹੀ ਕਰਨਾ ਹੈ ਤਾਂ ਹੁਣ ਹੀ ਆਰਾਮ ਕਰ ਲੈ? ਐਨੀ ਕਤਲੋਗਾਰਤ ਤੇ ਲੋਕਾਂ ਨੂੰ ਐਨਾ ਖੱਜਲ-ਖੁਆਰ ਕਰਨ ਦੀ ਕੀ ਲੋੜ ਏ?' ਸਿਕੰਦਰ ਨੇ ਕਿਹਾ, 'ਮੈਂ ਤੈਥੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਪਰ ਮੈਂ ਬਾਦਸ਼ਾਹ ਹਾਂ ਤੇ ਤੂੰ ਇਕ ਫ਼ਕੀਰ, ਜੋ ਤੈਨੂੰ ਚਾਹੀਦਾ ਹੈ ਮੰਗ ਲੈ, ਤੇਰੇ ਸਾਹਮਣੇ ਢੇਰੀ ਕਰ ਦਿਆਂਗਾ।' ਡਾਇਓਜੀਨ ਬੇਫ਼ਿਕਰੀ ਦੇ ਆਲਮ 'ਚੋਂ ਬੋਲਿਆ, 'ਬਸ ਜ਼ਰਾ ਕੁ ਪਾਸੇ ਹੋ ਕੇ ਖੜ੍ਹੋ ਤੇ ਧੁੱਪ ਆਉਣ ਦਿਓ।'
      ਅਜੋਕੇ ਦੌਰ ਵਿਚ ਅਸੀਂ ਆਪਣੇ ਅੰਦਰੋਂ ਸਹਿਜ, ਸਬਰ ਤੇ ਸੰਤੋਖ ਨੂੰ ਗਵਾ ਕੇ ਆਪਣੇ ਆਪ ਨੂੰ ਮੁਨਾਫ਼ਿਆਂ, ਖ਼ੁਦਗਰਜ਼ੀਆਂ ਅਤੇ ਲਾਲਚਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਦੁਨੀਆ ਭਰ ਵਿਚ ਮਾਨਸਿਕ ਵਿਕਾਰ ਲਗਾਤਾਰ ਵਧ ਰਹੇ ਹਨ। ਇਹ ਜ਼ਰੂਰੀ ਨਹੀਂ ਕਿ ਮਨੁੱਖ ਕੋਲ ਬਹੁਤ ਸਾਰੀ ਧਨ-ਦੌਲਤ ਹੋਵੇ ਤਾਂ ਹੀ ਉਹ ਖ਼ੁਸ਼ ਰਹਿ ਸਕਦਾ ਹੈ। ਖੁਸ਼ਹਾਲੀ ਦਾ ਸੰਬੰਧ ਬੇਤਹਾਸ਼ਾ ਸਾਧਨਾਂ/ਵਸਤਾਂ ਨਾਲ ਨਹੀਂ ਬਲਕਿ ਮਨੁੱਖ ਦੀ ਚੰਗੀ ਸਿਹਤ, ਪੌਸ਼ਟਿਕ ਭੋਜਨ, ਮਨੋਰੰਜਨ ਦੇ ਢੁੱਕਵੇਂ ਸਾਧਨ, ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੇ ਸਮਾਜ, ਸਿਹਤਮੰਦ ਵਾਤਾਵਰਨ ਅਤੇ ਕੁਦਰਤ ਨਾਲ ਇਕਮਿਕਤਾ ਬਣਾ ਕੇ ਰੱਖਣ ਨਾਲ ਹੈ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਮਾਨਸਿਕ ਰੋਗਾਂ ਦੇ ਸ਼ਿਕਾਰ ਹੋਏ ਵੱਡੀ ਗਿਣਤੀ ਵਿਚ ਲੋਕ ਮਨੋਵਿਕਾਰਾਂ ਦੀਆਂ ਦਵਾਈਆਂ ਖਾਣ ਲਈ ਮਜਬੂਰ ਹਨ। ਦੁਨੀਆ ਭਰ ਵਿਚ ਮਾਨਸਿਕ ਦੋਸ਼ਾਂ ਨੂੰ ਦੂਰ ਕਰਨ ਵਾਲੀਆਂ ਦਵਾਈਆਂ ਦੀ ਸਨਅਤ ਪਿਛਲੇ ਕੁਝ ਅਰਸੇ ਤੋਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਵਿਕਾਸਸ਼ੀਲ ਅਤੇ ਗ਼ਰੀਬ ਮੁਲਕਾਂ ਦੇ ਮੁਕਾਬਲੇ ਵਿਕਸਿਤ ਮੁਲਕਾਂ ਵਿਚ ਵੱਡੀ ਗਿਣਤੀ 'ਚ ਲੋਕ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਲੋਕ 'ਟ੍ਰੈਕੋਲਾਈਜ਼ਰ' ਦਵਾਈਆਂ ਦਾ ਸਹਾਰਾ ਲੈ ਕੇ ਨੀਂਦ ਲੈਂਦੇ ਹਨ। ਦੂਜੇ ਪਾਸੇ ਭੂਟਾਨ ਵਰਗੇ ਘੱਟ ਸਾਧਨਾਂ ਵਾਲੇ ਦੇਸ਼ ਵੀ ਹਨ ਜਿੱਥੋਂ ਦੇ ਲੋਕ ਕਈ ਵਿਕਸਿਤ ਮੁਲਕਾਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹਨ।
       ਸਾਡੀ ਸਿਹਤ ਬਾਰੇ ਕਈ ਤਰ੍ਹਾਂ ਦੇ ਕਿਆਫੇ ਹਨ ਜਿਵੇਂ ਸਮਾਜ ਦੀ ਸਿਹਤ, ਸਾਡੀ ਵਾਤਾਵਰਨਿਕ ਸਿਹਤ ਪਰ ਮੋਟੇ ਤੌਰ 'ਤੇ ਅਸੀਂ ਮਨੁੱਖੀ ਸਿਹਤ ਨੂੰ ਦੋ ਭਾਗਾਂ ਵਿਚ ਵੰਡਦੇ ਹਾਂ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ। ਸਰੀਰਕ ਤੌਰ 'ਤੇ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਬੁਖਾਰ, ਦਰਦ, ਡਾਇਰੀਆ, ਮਲੇਰੀਆ, ਪੀਲੀਆ, ਟਾਈਫਾਈਡ, ਟੀ.ਬੀ., ਕੈਂਸਰ, ਏਡਜ਼ ਆਦਿ ਹਜ਼ਾਰਾਂ ਦੀ ਲੰਮੀ ਸੂਚੀ ਹੈ। ਦੂਜੇ ਪਾਸੇ ਮਾਨਸਿਕ ਬਿਮਾਰੀਆਂ ਦਾ ਇਕ ਵਰਗ ਹੈ। ਮਾਨਸਿਕ ਬਿਮਾਰੀ ਵਿਚ ਮਨੁੱਖ ਸਰੀਰਕ ਪੱਖੋਂ ਭਾਵੇਂ ਠੀਕ ਹੋਵੇ ਪਰ ਮਾਨਸਿਕ ਪੱਖੋਂ ਉਹ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੀ ਮਾਨਸਿਕ ਸਿਹਤ ਜਿੱਥੇ ਉਸ ਦੇ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਨਾਲ ਪ੍ਰਭਾਵਿਤ ਹੁੰਦੀ ਹੈ, ਉੱਥੇ ਸੱਚ ਇਹ ਵੀ ਹੈ ਕਿ ਮਨੁੱਖ ਦੀ ਮਾਨਸਿਕ ਸਿਹਤ ਮਨੁੱਖ ਦੇ ਵਜੂਦ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਸ ਦਾ ਵਿਸਥਾਰ ਮਨੁੱਖ ਦੇ ਘਰ ਪਰਿਵਾਰ ਦੇ ਜੀਅ, ਉਸ ਦੀ ਆਰਥਿਕਤਾ, ਉਸ ਦਾ ਆਲਾ-ਦੁਆਲਾ, ਕੰਮ ਕਰਨ ਦੀਆਂ ਪ੍ਰਸਥਿਤੀਆਂ ਅਤੇ ਪੂਰੇ ਸਮਾਜ ਨਾਲ ਜੁੜੀ ਹੁੰਦੀ ਹੈ। ਜੇਕਰ ਇੱਥੇ ਸਭ ਕੁਝ ਠੀਕ ਹੈ ਤਾਂ ਮਨੁੱਖ ਦੀ ਸਿਹਤ ਨੇ ਠੀਕ ਰਹਿਣਾ ਹੈ। ਜੇਕਰ ਕਿਸੇ ਸਮਾਜ ਵਿਚ ਅਜਿਹਾ ਨਹੀਂ ਤਾਂ ਉੱਥੇ ਮਨੁੱਖਾਂ ਦੀ ਵੱਡੀ ਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋਣ ਲੱਗ ਪੈਂਦੀ ਹੈ। ਅੱਜ ਜਦੋਂ ਮਨੁੱਖ ਵਿਕਾਸ ਕਰਦਾ ਕਰਦਾ ਮੌਜੂਦਾ ਦੌਰ ਦੀ ਸੱਭਿਅਤਾ ਤੱਕ ਪਹੁੰਚਿਆ ਹੈ ਤਾਂ ਅੱਜ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨਿਕ ਅਤੇ ਰਾਜਨੀਤਕ ਵਿਵਸਥਾ ਵੀ ਉਸ ਦੀ ਮਾਨਸਿਕ ਸਿਹਤ ਨੂੰ ਰੋਗੀ ਜਾਂ ਨਰੋਆ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਉਂਦੀ ਹੈ। ਇੱਥੇ ਦੂਜੇ ਅਰਥਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਘਰ ਪਰਿਵਾਰ, ਸਮਾਜ, ਪ੍ਰਸ਼ਾਸਨਿਕ ਅਤੇ ਆਰਥਿਕ ਵਿਵਸਥਾ ਵਿਚ ਜੇਕਰ ਸਭ ਕੁਝ ਠੀਕ ਹੈ ਤਾਂ ਮਨੁੱਖ ਮਾਨਸਿਕ ਤੌਰ 'ਤੇ ਤੰਦਰੁਸਤ ਰਹੇਗਾ, ਜੇਕਰ ਨਹੀਂ ਤਾਂ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਜਾਵੇਗੀ। ਸਮਾਜ ਵਿਚ ਆਤਮ ਹਤਿਆਵਾਂ ਵਧ ਜਾਂਦੀਆਂ ਹਨ। ਨਸ਼ੇ ਦਾ ਪ੍ਰਚਲਣ ਆਮ ਹੋਣ ਲਗਦਾ ਹੈ, ਲੜਾਈਆਂ-ਝਗੜੇ ਵਧਣ ਲੱਗ ਜਾਂਦੇ ਹਨ, ਕਤਲ, ਕਲੇਸ਼ ਅਤੇ ਮਾਰ-ਧਾੜ ਵਰਗੀਆਂ ਘਟਨਾਵਾਂ ਵਿਚ ਵੇਗ ਆ ਜਾਂਦਾ ਹੈ। ਅਜਿਹੀ ਹਾਲਤ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਗਈ ਹੈ। ਮਾਨਸਿਕ ਵਿਕਾਰਾਂ ਤੋਂ ਪੀੜਤ ਵਿਅਕਤੀ ਉਦਾਸ ਰਹਿੰਦਾ ਹੈ, ਚੁੱਪ-ਚੁੱਪ ਰਹਿਣ ਲਗਦਾ ਹੈ ਜਾਂ ਜ਼ਿਆਦਾ ਬੋਲਦਾ ਹੈ, ਉਸ ਨੂੰ ਕੁਝ ਵੀ ਚੰਗਾ ਨਹੀਂ ਲਗਦਾ, ਆਪਣੀ ਸਿਹਤ ਪ੍ਰਤੀ ਕਈ ਤਰ੍ਹਾਂ ਦੇ ਵਿਚਾਰ ਬਣਾ ਲੈਂਦਾ ਹੈ ਜਿਵੇਂ ਆਪਣੇ ਆਪ ਨੂੰ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਸਮਝਣ ਲੱਗ ਪੈਂਦਾ ਹੈ, ਥਕਾਵਟ ਰਹਿਣੀ, ਠੀਕ ਤਰ੍ਹਾਂ ਨੀਂਦ ਨਾ ਆਉਣੀ, ਭੁੱਖ ਪਿਆਸ ਨਾ ਲੱਗਣੀ, ਇਕੋ ਗੱਲ ਨੂੰ ਵਾਰ-ਵਾਰ ਕਰੀ ਜਾਣਾ, ਸੁਭਾਅ ਚਿੜਚਿੜਾ ਹੋ ਜਾਣਾ, ਸ਼ੱਕ ਕਰਨਾ, ਕਈ ਤਰ੍ਹਾਂ ਦੇ ਡਰ ਲੱਗਣੇ, ਵਹਿਮ ਹੋਣਾ, ਕਿਸੇ ਨੂੰ ਮਿਲਣ ਤੋਂ ਕੰਨੀ ਕਤਰਾਉਣਾ, ਆਤਮ ਹੱਤਿਆ ਕਰਨ ਦਾ ਮਨ ਕਰਨਾ ਆਦਿ ਮਾਨਸਿਕ ਬਿਮਾਰੀਆਂ ਦੇ ਲੱਛਣ ਹਨ। ਅੱਜ ਅਜਿਹੇ ਮਾਨਸਿਕ ਵਿਕਾਰਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
       ਸਮੇਂ ਦੇ ਬਦਲਣ ਨਾਲ ਮਨੁੱਖ ਦੀਆਂ ਲੋੜਾਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਆਬਾਦੀ ਵਧ ਰਹੀ ਹੈ ਪਰ ਮਨੁੱਖ ਦੀ ਇਕੱਲਤਾ ਦੀ ਵਧ ਰਹੀ ਹੈ। ਪੂੰਜੀਵਾਦੀ ਬਾਜ਼ਾਰ ਅਤੇ ਵਪਾਰ ਦੇ ਵਿਸਥਾਰ ਨੇ ਮਨੁੱਖ ਸਾਹਮਣੇ ਵਸਤਾਂ ਦਾ ਇਕ ਤਿਲੱਸਮੀ ਸੰਸਾਰ ਸਿਰਜਿਆ ਹੈ। ਮਨੁੱਖ ਬੌਂਦਲਿਆ ਜਿਹਾ ਫਿਰਦਾ ਹੈ ਜਿਵੇਂ ਉਸ ਨੂੰ ਸਮਝ ਨਹੀਂ ਆਉਂਦੀ ਕੀ ਕਰੇ ਤੇ ਕੀ ਨਾ ਕਰੇ। ਤੇਜ਼ੀ ਨਾਲ ਬਦਲੀਆਂ ਪ੍ਰਸਥਿਤੀਆਂ ਨੇ ਮਨੁੱਖ ਅੰਦਰੋਂ ਸਹਿਜਤਾ ਖ਼ਤਮ ਹੀ ਨਹੀਂ ਕੀਤੀ ਸਗੋਂ ਅਨੇਕਾਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਜਿਸ ਦੇ ਫਲਸਰੂਪ ਮਾਨਸਿਕ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
       ਡਾਕਟਰੀ ਵਿਗਿਆਨ ਅਨੁਸਾਰ ਮਾਨਸਿਕ ਬਿਮਾਰੀਆਂ ਸਰੀਰਕ ਬਿਮਾਰੀਆਂ ਤੋਂ ਵਧੇਰੇ ਤਕਲੀਫ਼ਦੇਹ ਹੁੰਦੀਆਂ ਹਨ। ਵਿਦਵਾਨ ਸਿਸਰੋ ਲਿਖਦੇ ਹਨ, 'ਮਨ ਦੇ ਦੁੱਖ ਤਨ ਦੀਆਂ ਪੀੜਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ।' ਅਫ਼ਸੋਸ ਦੀ ਗੱਲ ਇਹ ਹੈ ਸਾਡੇ ਲੋਕਾਂ ਵਿਚ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਨਹੀਂ ਆਈ। ਇਨ੍ਹਾਂ ਪ੍ਰਤੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਵਹਿਮ ਭਰਮ ਅੱਜ ਵੀ ਪ੍ਰਚੱਲਿਤ ਹਨ। ਅੱਜ ਵੀ ਜਦੋਂ ਖੂਨ ਦੇ ਟੈਸਟ, ਐਕਸ ਰੇ, ਅਲਟਾਸਾਊਂਡ ਕਰਾਉਣ 'ਤੇ ਜੇਕਰ ਮਰੀਜ਼ ਦੀ ਬਿਮਾਰੀ ਦਾ ਪਤਾ ਨਹੀਂ ਚਲਦਾ ਤਾਂ ਪੜ੍ਹੇ-ਲਿਖੇ ਲੋਕ ਵੀ ਇਹ ਅਕਸਰ ਕਹਿੰਦੇ ਹਨ 'ਸੰਬੰਧਿਤ ਵਿਅਕਤੀ ਨੂੰ ਕੋਈ ਬਾਹਰੀ (ਓਪਰੀ) ਕਸਰ ਹੈ ਜੋ ਟੈਸਟਾਂ ਵਿਚ ਨਹੀਂ ਆ ਰਹੀ ਜਾਂ ਕਿਸੇ ਭੂਤ-ਪ੍ਰੇਤ ਦਾ ਸਾਇਆ ਹੋ ਗਿਆ।' ਇਹ ਵੀ ਸਮਝਿਆ ਜਾਂਦਾ ਹੈ ਕਿ ਸੰਬੰਧਿਤ ਵਿਅਕਤੀ ਨੂੰ ਕਿਸੇ ਨੇ ਜਾਣਬੁੱਝ ਕੇ ਜਾਦੂ-ਟੂਣਾ ਕਰਾ ਕੇ ਜਾਂ ਧਾਗਾ-ਤਵੀਤ ਕਰਾ ਕੇ ਬਿਮਾਰ ਕਰ ਦਿੱਤਾ ਹੈ। ਜਦ ਕਿ ਅਜਿਹੀਆਂ ਧਾਰਨਾਵਾਂ ਵਿਚ ਰੱਤੀ ਭਰ ਵੀ ਸਚਾਈ ਨਹੀਂ ਹੁੰਦੀ। ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਲੋਕ ਇਹ ਸਮਝਦੇ ਹਨ ਕਿ ਉਪਰੋਕਤ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾਕਟਰ ਦੀ ਸਮਝ ਵਿਚ ਨਹੀਂ ਆਉਣ ਵਾਲਾ, ਇਸ ਨੂੰ ਠੀਕ ਕਰਨ ਲਈ ਕਿਸੇ ਸਿਆਣੇ, ਸਾਧ, ਤਾਂਤਰਿਕ, ਜੋਤਸ਼ੀ ਦੀ ਜ਼ਰੂਰਤ ਹੈ ਜੋ ਆਪਣੀਆਂ ਗੈਬੀ ਤਾਕਤਾਂ ਨਾਲ, ਪਾਠ-ਪੂਜਾ ਕਰਕੇ ਜਾਂ ਜਾਦੂ-ਟੂਣਾ ਕਰਕੇ ਪੀੜਤ ਵਿਅਕਤੀ ਨੂੰ ਠੀਕ ਕਰ ਦੇਵੇ। ਇਹੋ ਕਾਰਨ ਹੈ ਕਿ ਸਾਡੇ ਮੁਲਕ ਵਿਚ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ ਹਰ ਥਾਂ ਆਸਾਨੀ ਨਾਲ ਮਿਲ ਜਾਂਦੇ ਹਨ। ਜਦਕਿ ਸਚਾਈ ਇਹ ਹੈ ਕਿ ਇਨ੍ਹਾਂ ਅਖੌਤੀ ਬਾਬਿਆਂ, ਸਿਆਣਿਆਂ, ਤਾਂਤਰਿਕਾਂ ਨੂੰ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ੳ ਅ ਵੀ ਪਤਾ ਨਹੀਂ ਹੁੰਦਾ। ਜਦੋਂ ਕਿਸੇ ਸਮਾਜ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਹੈ ਤਾਂ ਉਸ ਸਮਾਜ ਵਿਚ ਅਖੌਤੀ ਡੇਰਿਆਂ ਮਜ਼ਾਰਾਂ ਅਤੇ ਧਰਮ ਅਸਥਾਨਾਂ 'ਤੇ ਲੋਕਾਂ ਦੀ ਟੇਕ ਹੋਰ ਵਧ ਜਾਂਦੀ ਹੈ। ਮੁਸ਼ਕਿਲਾਂ ਮੁਸੀਬਤਾਂ ਅਤੇ ਦੁੱਖਾਂ ਦਰਦਾਂ ਦੇ ਭੰਨੇ ਲੋਕਾਂ ਨੂੰ ਇੱਥੇ ਜਾ ਕੇ ਕੁਝ ਸਮਾਂ ਤਾਂ ਰਾਹਤ ਮਹਿਸੂਸ ਹੁੰਦੀ ਹੈ ਪਰ ਘਰ ਆ ਕੇ ਜਦੋਂ ਸਮਾਜ ਦੀਆਂ ਉਨ੍ਹਾਂ ਹੀ ਹਕੀਕਤਾਂ ਨਾਲ ਮੁੜ ਵਾਹ ਪੈਂਦਾ ਹੈ ਤਾਂ ਪਤਾ ਚਲਦਾ ਹੈ ਕਿ ਬਦਲਿਆ ਕੁਝ ਨਹੀਂ।
         ਪਿਛਲੇ ਕੁਝ ਅਰਸੇ ਤੋਂ ਬੇਕਿਰਕ ਪੂੰਜੀਵਾਦੀ ਨਿਜ਼ਾਮ ਦੇ ਗਲਬੇ ਨਾਲ ਦੁਨੀਆ ਦੇ ਵੱਡੀ ਗਿਣਤੀ ਵਿਚ ਲੋਕ ਜਨਤਕ ਅਦਾਰਿਆਂ, ਕੁਦਰਤੀ ਸਾਧਨਾਂ, ਨੌਕਰੀਆਂ, ਰੁਜ਼ਗਾਰਾਂ ਤੋਂ ਵਿਰਵੇ ਹੋ ਕੇ ਆਪਣੇ ਆਪ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਰਥਿਕ ਪੱਖੋਂ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੇ ਡਰ, ਫ਼ਿਕਰ, ਸ਼ੰਕੇ, ਨਿਰਾਸ਼ ਅਤੇ ਮਾਯੂਸੀ ਦੇ ਆਲਮ ਨੂੰ ਜਨਮ ਦਿੰਦੀ ਹੈ। ਪੂੰਜੀਵਾਦੀ ਵਿਵਸਥਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪੱਕੀਆਂ ਨੌਕਰੀਆਂ ਅਤੇ ਕਿਰਤ ਤੋਂ ਤੋੜ ਕੇ ਬੇਸਹਾਰੇ ਬਣਾ ਦਿੱਤਾ ਹੈ। ਰਾਜਸੀ ਮੰਚਾਂ 'ਤੇ ਲੋਕਾਂ ਲਈ ਬੜੇ ਵੱਡੇ ਅਡੰਬਰ ਰਚੇ ਜਾ ਰਹੇ ਹਨ। ਆਮ ਮਨੁੱਖ ਆਪਣੀਆਂ ਜੜ੍ਹਾਂ ਤੋਂ ਟੁੱਟ ਰਿਹਾ ਹੈ। ਕਿਰਤ ਤੋਂ ਤੋੜ ਵਿਛੋੜਾ ਅਤੇ ਭਵਿੱਖ ਪ੍ਰਤੀ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਅਤੇ ਮਾਨਸਿਕ ਵਿਕਾਰਾਂ ਨੂੰ ਜਨਮ ਦੇ ਰਹੀ ਹੈ। ਸੋਸ਼ਲ ਮੀਡੀਆ ਦੀਆਂ ਸਾਈਟਾਂ/ਗੇਮਾਂ ਦੇ ਨਸ਼ਿਆਂ ਵਾਂਗ ਆਦੀ ਹੋਏ ਨੌਜਵਾਨਾਂ ਦੀ ਮਾਨਸਿਕ ਇਕਾਗਰਤਾ ਜਦੋਂ ਵਾਰ-ਵਾਰ ਭੰਗ ਹੁੰਦੀ ਹੈ ਤਾਂ ਇਹ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰਦੀ ਹੈ। ਮਾਨਸਿਕ ਅਤੇ ਸਰੀਰਕ ਸੰਕਟਾਂ ਦੇ ਕਾਰਨਾਂ ਦੀ ਅਗਿਆਨਤਾ ਸਮਾਜ ਵਿਚ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਦਾ ਚਲਣ ਵਧਾ ਰਹੀ ਹੈ।
       ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਜ਼ਿੰਦਗੀ ਇੱਛਾਵਾਂ, ਲਾਲਸਾਵਾਂ ਅਤੇ ਪੈਸੇ ਨੂੰ ਸਮਰਪਿਤ ਕਰਨ ਲਈ ਨਹੀਂ ਹੈ। ਕੇਵਲ ਪੈਸੇ ਲਈ ਜਿਊਣਾ ਸ਼ਾਇਦ ਸਭ ਤੋਂ ਹੇਠਲੇ ਦਰਜੇ ਦਾ ਜਿਊਣਾ ਹੈ। ਅਸੀਂ ਇਸ ਧਰਤੀ 'ਤੇ ਕੁਝ ਸਮਾਂ ਰਹਿਣ ਵਾਸਤੇ ਆਏ ਹਾਂ, ਇੱਥੇ ਕੁਝ ਸਮਾਂ ਰਹਿਣ ਮਗਰੋਂ ਸਭ ਨੇ ਚਲੇ ਜਾਣਾ ਹੈ। ਧਰਤੀ ਦੇ ਰੰਗਮੰਚ 'ਤੇ ਸਾਡਾ ਰੋਲ ਯਾਦਗਾਰੀ ਹੋਣਾ ਚਾਹੀਦਾ ਹੈ। ਮਨੁੱਖ ਨੇ ਕੇਵਲ ਆਪਣੇ ਲਈ ਹੀ ਨਹੀਂ, ਉਸ ਨੇ ਸਰਬੱਤ ਦੇ ਭਲੇ ਲਈ, ਇਸ ਸਮਾਜ ਤੇ ਆਪਣੇ ਆਲੇ-ਦੁਆਲੇ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਯਤਨਸ਼ੀਲ ਰਹਿਣਾ ਹੁੰਦਾ ਹੈ। ਇਹ ਹੀ ਖੁਸ਼ਹਾਲ ਤੇ ਸੰਤੁਸ਼ਟ ਜ਼ਿੰਦਗੀ ਦਾ ਲਕਸ਼ ਹੋ ਸਕਦਾ ਹੈ।
- ਜੀਰਾ, ਮੋ : 98550-51099