ਢਾਡੀ ਜਗਤ ਦੇ ਪਿਤਾਮਾ,ਗਿਆਨੀ ਸੋਹਣ ਸਿੰਘ ਜੀ ਸੀਤਲ - ਮਨਦੀਪ ਕੌਰ ਪੰਨੂ

ਢਾਡੀ ਜਗਤ ਦੇ ਪਿਤਾਮਾ,ਯੁੱਗ ਪੁਰਸ਼,ਮਹਾਨ ਇਤਿਹਾਸਕਾਰ,ਨਾਵਲਕਾਰ ਅਤੇ ਉਚਕੋਟੀ ਦੇ ਲੇਖਕ ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਨਾਮ ਕਿਸੇ ਜਾਣਕਾਰੀ ਦੀ ਮੁਥਾਜ ਨਹੀ।ਗਿਆਨੀ ਸੋਹਣ ਸਿੰਘ ਸੀਤਲਜੀ ਦਾ ਜਨਮ 7 ਅਗਸਤ 1909 ਈਸਵੀ ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ(ਪਾਕਿਸਤਾਨ) ਵਿੱਚ ਸ.ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਗਿਆਨੀ ਜੀ ਨੇ ਪੰਜਾਬ ਯੂਨੀਵਰਸਿਟੀ  ਲਾਹੌਰ ਤੋ ਮੈਟ੍ਰਿਕ ਅਤੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਗਿਆਨੀ  ਜੀ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਹੋਇਆ,ਉਹਨਾ ਦੇ ਘਰ ਦੋ ਪੁੱਤਰਾਂ ਅਤੇ ਇੱਕ ਪੁੱਤਰੀ ਨੇ ਜਨਮ ਲਿਆ।


ਸੀਤਲ ਸਾਹਿਬ ਕੁਝ ਸਮਾਂ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨਾਲ  ਜੁੜੇ ਸਨ, ਪਰ ਕੁਝ ਸਮਾਂ ਬਾਅਦ ਉਹਨਾ ਨੇ ਇਸ ਕਿੱਤੇ ਨੂੰ ਕਰਦਿਆਂ ਹੀ ਉਨ੍ਹਾਂ ਦੇ ਅੰਦਰ ਕੁੱਝ ਵੱਖਰਾ ਕਰਨ ਦੀ ਇੱਛਾ ਹੋਈ,ਜੋਬਨ ਰੁੱਤ ਆਈ ਤਾਂ ਉਹਨਾ ਦੀ ਇਸ ਇੱਛਾ ਨੇ ਇੱਕ ਦਿਨ ਉਹਨਾ ਨੂੰ ਢਾਡੀ ਕਲਾ ਵੱਲ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਹਨਾਂ ਨੇ ਆਪਣੇ ਸਾਥੀਆਂ ਗੁਰਚਰਨ ਸਿੰਘ,ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਨੂੰ ਉਸਤਾਦਧਾਰਨ ਕੀਤਾ, ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਗਏ।

ਉਹਨਾ ਦੀ ਕਲਮ ਤੋ ਸਭ ਤੋ ਪਹਿਲੀ ਕਵਿਤਾ  ੧੯੨੪ ਵਿਚ ਅਕਾਲੀ ਅਖਬਾਰ ਵਿਚ ਪ੍ਰਕਾਸ਼ਿਤ ਹੋਈ, ਕਵਿਤਾ ਤੋ ਇਲਾਵਾ ਉਹਨਾ ਨੇ ਕਹਾਣੀਆਂ ਵੀ ਲਿੱਖੀਆਂ,ਜਿਹਨਾਂ ਵਿਚ ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫੀ ਚਰਚਿਤ ਹੋਈਆਂ ਹਨ। ਨਾਵਲਕਾਰ ਦੇ ਤੋਰ ਤੇ ਸੀਤਲ ਸਾਹਿਬ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਵੱਡੀ ਦੇਣ ਹੈ,ਉਹਨਾਂ ਨੇ 2 ਦਰਜਨ ਤੋ ਵੱਧ ਨਾਵਲ ਪੰਜਾਬੀ ਪਾਠਕਾਂ ਦੀ ਝੋਲੀ ਪਾਏ ਹਨ। ਉਹਨਾਂ ਦਾ ਲਿਖਿਆ ਨਾਵਲ "ਤੂਤਾਂ ਵਾਲਾ ਖੂਹ" ਇਕ ਸ਼ਾਹਕਾਰ ਰਚਨਾ ਹੈ,ਜਿਸ ਨੂੰ ਕਿ ਲਗਭਗ ਹਰ ਇਕ ਪੰਜਾਬੀ ਨੇ ਪੜਿਆ ਹੈ, ਜਿਸ ਵਿਚ ਦੇਸ਼ ਦੀ ਵੰਡ ਦਾ ਦਰਦ ਬਿਆਨ ਕੀਤਾ ਗਿਆ ਹੈ,ਜਿਸ ਵਿਚ “ਬਾਬਾ ਅਕਾਲੀ” ਨਾਮ ਦਾ ਪਾਤਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੋਕਿ ਇਕ ਸਿੱਖ ਦੇ ਉੱਚੇ-ਸੁੱਚੇਕਿਰਦਾਰ ਨੂੰ ਦਰਸਾਉਦਾ ਹੈ,ਇਸ ਤੋ ਇਲਾਵਾ ’ਜੁੱਗ ਬਦਲ ਗਿਆ’ ਚਰਚਿਤ ਨਾਵਲ ਹੈ ਜਿਸ ਨੂੰ 1974 ਈ. ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋ ਪੁਰਸਕਾਰਿਤ ਕੀਤਾ ਗਿਆ ਸੀ। ਇਹਨਾ ਦੋ ਨਾਵਲਾਂ ਤੋਂ ਇਲਾਵਾ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ,‘ਈਚੋਗਿਲ ਦੀ ਨਹਿਰ ਤੱਕ’,ਜਵਾਲਾਮੁੱਖੀ,ਪਤਵੰਤੇਕਾਤਲ,ਬਦਲਾ ‘ਵਿਯੋਗਣ’, ਅਤੇ ‘ਅੰਨ੍ਹੀ ਸੁੰਦਰਤਾ’ ਦੇ ਨਾਮ ਵਰਣਯੋਗ ਹਨ। ਸੀਤਲ ਸਾਹਿਬ ਦੇ ਨਾਵਲ ਕਿਸੇ ਕਲਪਨਾ ਵਿਚੋ ਜਨਮ ਨਹੀ ਲੇਂਦੇ ਬਲਕਿ ਹਕੀਕੀ ਜਮੀਨ ਦੀ ਕੁੱਖ ਵਿੱਚੋ ਜਨਮ ਲੈਦੇ ਹਨ। ਇੱਕ ਖੋਜੀ(ਸਿੱਖ) ਇਤਿਹਾਸਕਾਰ ਦੇ ਤੌਰ ‘ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮ ਸਥਾਨ ਹੈ,ਉਹਨਾਂ ਦੇ ਇਸ ਉਪਰਾਲੇ ਜਿਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉਥੇ ਸਿੱਖ ਇਤਿਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ, ਸੀਤਲ ਸਾਹਿਬ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਬਹੁਮੁੱਲੀ ਰਚਨਾ ਮੰਨੀ ਜਾਂਦੀ ਹੈ।’ਦੁਖੀਏ ਮਾਂ-ਪੁੱਤ’ ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, “ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ ਜੀ”,‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ‘ਧਰਮ ਦਾ ਰਾਖਾ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਸੀਤਲ ਸਾਹਿਬ ਦੀਆਂ ਵਰਨਣਯੋਗ ਇਤਿਹਾਸਕ ਕਿਤਾਬਾਂ ਹਨ। ਉਹਨਾ ਦਾ ਖੋਜ ਭਰਪੂਰ ਕੰਮ ‘ਸਿੱਖ ਇਤਿਹਾਸ ਦੇ ਸੋਮੇ’ ਪੰਜ ਜਿਲਦਾਂ ਵਿੱਚ ਤਿਆਰ ਹੈ। ਉਹਨਾ ਦੀ ਇਸ ਤੱਪਸਿਆ ਨੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ। ਵਾਰਾਂ ਵਿਚ ਸੀਤਲ ਸੁਨੇਹੇ,ਸੀਤਲ ਕਿਰਣਾਂ,ਸੀਤਲ ਸੁਨੇਹੇ,

ਸੀਤਲਸੁਗਾਤਾ,ਮੇਰੀਆਂ ਢਾਡੀ ਵਾਰਾਂ (ਚਾਰ ਭਾਗ) ਦੇ ਨਾਮ ਪ੍ਰਮੁੱਖ ਹਨ।

ਇਸ ਤੋ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ “ਸ਼੍ਰੋਮਣੀ ਢਾਡੀ “ ਦਾ ਸਨਮਾਨ ਅਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋ “ਸ਼੍ਰੋਮਣੀ ਢਾਡੀ” ਅਤੇ“ਸ਼੍ਰੋਮਣੀ ਸਾਹਿਤਕਾਰ” ਵਜੋ ਸਨਮਾਨਿਤ ਕੀਤਾ ਗਿਆ, ਪੰਜਾਬ ਦੀ ਧਰਤੀ ਦੇ ਇਸ ਕੋਹਿਨੂਰ ਹੀਰੇ ਅਤੇ ਬਹੁਗੁਣੀ ਇਨਸਾਨ ਆਖਿਰ ਆਪਣਾ ਜੀਵਨ ਪੰਧ ਮੁੱਕਾਕੇ ਅਖੀਰ 23 ਸਤੰਬਰ 1998 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਅਤੇ ਸਦੀਵੀ ਨੀਦ ਸੌ ਗਏ,ਪੰਜਾਬੀ ਅਤੇ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ।