ਖੇਤੀ ਲਾਗਤ ਖਰਚੇ ਘਟਾਉਣ ਲਈ ਝੋਨੇ/ਬਾਸਮਤੀ ਦਾ ਬੀਜ ਆਪ ਤਿਆਰ ਕਰੋ - ਡਾ ਅਮਰੀਕ ਸਿੰਘ

ਸਾਉਣੀ ਦੇ ਸੀਜਣ ਦੌਰਾਨ ਬੀਜੀਆਂ ਫਸਲਾਂ ਦੀ ਕਟਾਈ ਦਾ ਕੰਮ ਖਤਮ ਅਤੇ ਹਾੜ੍ਹੀ ਰੁੱਤ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ,ਇਨਾਂ ਦੋਹਾਂ ਰੁੱਤਾਂ ਦੀਆਂ ਫਸਲਾਂ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਪੈਂਦੀ ਹੈ।ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ਤੇ ਸਾਰੀ ਫਸਲ ਦੀ ਸਫਲਤਾ ਨਿਰਭਰ ਕਰਦੀ ਹੈ, ਜੇਕਰ ਬੀਜ ਹੀ ਸਹੀ ਨਾਂ ਹੋਇਆ ਤਾਂ ਖਾਦਾਂ ,ਕੀਟਨਾਸ਼ਕ,ਉੱਲੀਨਾਸ਼ਕ ਅਤੇ ਹੋਰ ਸਮੱਗਰੀ ਤੇ ਹੋਣ ਵਾਲੇ ਖਰਚੇ ਦਾ ਬਹੁਤਾ ਫਾਇਦਾ ਨਹੀਂ ਹੁੰਦਾ।ਪੰਜਾਬ ਵਿੱਚ ਹਰ ਸਾਲ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਅਤੇ ਤਕਰੀਬਨ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ,ਜਿਸ ਲਈ 20 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਤਕਰੀਬਨ 5 ਲੱਖ 60 ਹਜ਼ਾਰ ਕੁਇੰਟਲ ਝੋਨਾ /ਬਾਸਮਤੀ ਅਤੇ 35 ਲੱਖ ਕੁਇੰਟਲ ਬੀਜ ਦੀ ਜ਼ਰੂਰਤ ਪੈਂਦੀ ਹੈ। ਇਸ ਬੀਜ ਦੀ ਕੀਮਤ ਔਸਤਨ ਤਕਰੀਬਨ ਤਿੰਨ ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 900 ਕਰੋੜ ਝੋਨੇ ਦਾ ਬੀਜ ਅਤੇ ਤਕਰੀਬਨ 875 ਕਰੋੜ ਕਣਕ ਦਾ ਬੀਜ ਹੋਣ ਕਾਰਨ ਬੀਜ ਦਾ ਕਾਰੋਬਾਰ ਪੰਜਾਬ ਵਿੱਚ ਵੱਡਾ ਵਿਉਪਾਰ ਦਾ ਰੂਪ ਲੈ ਚੁੱਕਾ ਹੈ।ਕਣਕ ਅਤੇ ਝੋਨਾ ਦੋਵੇਂ ਫਸਲਾਂ ਦਾ ਬੀਜ ਜੇਕਰ ਕਿਸਾਨ ਆਪ ਤਿਆਰ ਕਰਕੇ ਸਾਂਭ ਲਵੇ ਤਾਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਬੀਜ ਉੱਪਰ ਖਰਚ ਹੋਣ ਵਾਲੇ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ।ਝੋਨੇ ਦੀ ਕਾਸ਼ਤ ਵਿੱਚ ਕਿਸਮ ਅਤੇ ਬੀਜ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਆਮ ਕਰਕੇ ਬੀਜ ਵਿਕ੍ਰੇਤਾ ਅਤੇ ਆੜ੍ਹਤੀ ਭਰਾ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ, ਕਿਸਾਨਾਂ ਨੂੰ ਮਹਿੰਗੇ ਭਾਅ ਵੇਚਦੇ ਹਨ।ਪਿਛਲੇ ਸਮੇਂ ਦੌਰਾਨ ਕਈ ਉਦਾਹਰਨਾਂ ਮਿਲ ਜਾਣਗੀਆਂ ਕਿ ਕਿਸਾਨਾਂ ਵੱਲੋਂ ਬਾਜ਼ਾਰ ਵਿੱਚੋਂ ਬੀਜ ਖ੍ਰੀਦ ਕੇ ਬੀਜੀ ਫਸਲ ਵਿੱਚ ਦੋ ਤੋਂ ਵਧੇਰੇ ਕਿਸਮਾਂ ਦਾ ਮਿਸ਼ਰਣ ਨਿਕਲਦਾ ਹੈ ਜਿਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਸਾਨ,ਆਮ ਕਰਕੇ ਹਰਿਆਣੇ ਤੋਂ ਆਏ ਬੀਜ ਦੀ ਖ੍ਰੀਦ ਨੂੰ ਬਹੁਤ ਤਰਜੀਹ ਦਿੰਦੇ ਹਨ ਪਰ ਹੁਣ ਹਰਿਆਣੇ ਦੇ ਬੀਜ ਵਿੱਚ ਬਹੁਤ ਮਿਲਾਵਟ ਹੋਣ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
          ਪੰਜਾਬ ਦੇ ਕਿਸਾਨ ਦਾ ਇਹ ਸੁਭਾਅ ਬਣ ਗਿਆ ਹੈ ਕਿ ਹਰ ਸਾਲ ਨਵੀਂ ਕਿਸਮ ਦਾ ਬੀਜ ਬੀਜਣਾ,ਜਿਸ ਦੇ ਚੱਕਰ ਵਿੱਚ ਬਹੁਤੀ ਵਾਰੀ ਕਿਸਾਨਾਂ ਨਾਲ ਧੋਖਾ ਹੁੰਦਾ ਹੈ।ਕਈ ਵਾਰ ਕਿਸਾਨਾਂ ਵੱਲੋਂ ਜਿਸ ਕਿਸਮ ਦਾ ਬੀਜ ਬਾਜ਼ਾਰ ਵਿੱਚੋਂ ਖ੍ਰੀਦ ਕੇ ਬੀਜਿਆ ਹੁੰਦਾ ਹੈ,ਉਸ ਕਿਸਮ ਦਾ ਨਹੀਂ ਨਿਕਲਦਾ ਜਾਂ 2-3 ਕਿਸਮਾਂ ਨਿਕਲਦੀਆਂ ਹਨ।ਇਸ ਦਾ ਮੁੱਖ ਕਾਰਨ ਬੀਜ ਉਤਪਾਦਕਾਂ ਦੁਆਰਾ ਫਸਲ ਦੀ ਕਟਾਈ ਤੋਂ ਪਹਿਲਾਂ ਕੰਬਾਇਨ ਹਾਰਵੈਸਟਰ ਦੀ ਸਫਾਈ ਨਾਂ ਕਰਨਾ,ਮੰਡੀ ਵਿਚੋਂ ਪੈਦਾਵਾਰ ਖ੍ਰੀਦ ਕੇ ਬੀਜ ਦੇ ਤੌਰ ਤੇ ਵੇਚਣਾ,ਕਟਾਈ ਤੋਂ ਪਹਿਲਾਂ ਫਸਲ ਵਿਚੋਂ ਹੋਰ ਕਿਸਮਾਂ ਦੇ ਬੂਟਿਆਂ ਦੀ ਕਟਾਈ ਨਾਂ ਕਢਵਾਉਣਾ,ਪੁਰਾਣੀ ਕਿਸਮਾਂ ਨੂੰ ਹੋਰ ਨਾਮ ਦੇ ਕੇ ਵੇਚਣਾ ਆਦਿ।ਨਵੀਆਂ ਕਿਸਮਾਂ ਦੀ ਮੰਗ ਹੋਣ ਕਾਰਨ ਕਈ ਵਾਰ ਕਿਸਾਨ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਹੈ ।ਕੁਝ ਅਜਿਹੀਆਂ ਕਿਸਮਾਂ ਜੋ ਪੰਜਾਬ ਲਈ ਸਿਫਾਰਸ਼ਸ਼ੁਦਾ ਨਹੀਂ ਹੁੰਦੀਆਂ ਉਨਾਂ ਨੂੰ ਪ੍ਰਾਈਵੇਟ ਅਦਾਰਿਆਂ ਵੱਲੋਂ ਕੋਈ ਨਵਾਂ ਨਾਂ ਦੇ ਕੇ ਮਹਿੰਗੇ ਭਾਅ ਵੇਚਿਆ ਜਾਂਦਾ ਹੈ।ਗੈਰ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸਤ ਨਾਲ ਜਿਥੇ ਪੈਦਾਵਾਰ ਘੱਟ ਮਿਲਦੀ ਹੈ, ਉਥੇ ਕਈ ਵਾਰ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਣ ਤੇ,ਕਿਸਾਨਾਂ ਨੂੰ ਇਨਾਂ ਬਿਮਾਰੀਆ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆ ਦਵਾਈਆਂ ਤੇ ਹੋਏ ਖਰਚੇ ਕਾਰਨ ਵਾਧੂ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।
          ਉਪਰੋਕਤ ਸਮੱਸਿਆਵਾਂ ਦਾ ਇੱਕੋ ਹੱਲ ਹੈ ਕਿ ਹਰੇਕ ਕਿਸਾਨ ਆਪਣੀਆਂ ਭਵਿੱਖੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਝੋਨੇ ਅਤੇ ਬਾਸਮਤੀ ਦਾ ਬੀਜ ਆਪ ਤਿਆਰ ਕਰਨ।ਝੋਨੇ ਅਤੇ ਬਾਸਮਤੀ ਦਾ ਬੀਜ ਤਿਆਰ ਕਰਨ ਲਈ ਇਸ ਵੇਲੇ ਸਮਾਂ ਬਹੁਤ ਹੀ ਢੁਕਵਾਂ ਹੈ।ਹੁਣ ਹਰੇਕ ਕਿਸਾਨ ਨੂੰ ਪਤਾ ਹੈ ਕਿ ਝੋਨੇ ਦੀ ਕਿਹੜੀ ਕਿਸਮ ਬੇਹਤਰ ਕਾਰਜਕੁਸ਼ਲਤਾ ਦਿਖਾ ਰਹੀ ਹੈ,ਕਿਹੜੀ ਕਿਸਮ ਬਿਮਾਰੀਆ ਅਤੇ ਕੀੜਿਆਂ ਦੇ ਹਮਲੇ ਦਾ ਟਾਕਰਾ ਕਰ ਰਹੀ ਹੈ।ਅਜਿਹੀਆਂ ਕਿਸਮਾਂ ਜਿੰਨਾਂ ਦਾ ਬੇਹਤਰ ਝਾੜ ਦੇਣ ਦੀ ਸੰਭਾਵਨਾ ਹੋਵੇ ਵਿੱਚੋਂ ਕੁਝ ਰਕਬੇ ਵਿੱਚੋਂ ਉੱਚੇ ਅਤੇ ਨੀਵੇਂ ਬੂਟੇ,ਨਦੀਨਾਂ ਦੇ ਬੂਟੇ,ਜੰਗਲੀ ਝੋਨੇ ਦੇ ਬੂਟੇ ਪੁੱਟ ਦੇਣੇ ਚਾਹੀਦੇ ਹਨ।ਜੰਗਲੀ ਬੂਟੇ ਜਿੰਨਾਂ ਨੂੰ ਆਮ ਭਾਸ਼ਾ ਵਿੱਚ ਚਾੜਾ ਜਾਂ ਸਾਉਣ ਵੀ ਕਿਹਾ ਜਾਂਦਾ ਹੈ,ਝੋਨੇ ਦੀ ਫਸਲ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪਾਉਂਦੇ ਹਨ।ਜੰਗਲੀ ਝੋਨੇ ਦੇ ਬੂਟੇ ਕਿਸੇ ਨਦੀਨਨਾਸ਼ਕ ਦਵਾਈ ਨਾ ਵੀ ਨਹੀਂ ਮਰਦੇ।ਇਨਾਂ ਦਾ ਬੀਜ ਬਹੁਤ ਸਖਤ ਹੁੰਦਾ ਹੈ ਜੋ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ ਅਤੇ ਮੌਸਮ ਆਉਣ ਤੇ ਝੋਨੇ ਦੇ ਖੇਤਾਂ ਵਿੱਚ ਉੱਗ ਪੈਂਦਾ ਹੈ।ਜੇਕਰ ਜੰਗਲੀ ਝੋਨੇ ਦੇ ਬੂਟੇ ਚਾਰੇ ਦੇ ਤੌਰ ਤੇ ਪਸ਼ੂਆਂ ਨੂੰ ਦਿੱਤੇ ਜਾਣ ਤਾਂ ਬੀਜ ਗੋਬਰ ਰਾਹੀਂ  ਖੇਤਾਂ ਵਿੱਚ ਦੁਬਾਰਾ ਚਲੇ ਜਾਂਦੇ ਹਨ।ਇਸ ਲਈ ਇਸ ਸਮੇਂ ਜਿੰਨੇ ਵੀ ਜੰਗਲੀ ਝੋਨੇ ਦੇ ਬੂਟੇ ਖੇਤਾਂ ਵਿੱਚ ਬੂਟੇ ਖੜੇ ਹਨ ਨੂੰ ਜਲਦੀ ਤੋਂ ਜਲਦੀ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।ਇਹ ਬੂਟੇ ਮੁੰਜਰਾਂ ਸਮੇਤ ਪਸ਼ੂਆ ਨੂੰ ਚਾਰੇ ਦੇ ਤੌਰ ਤੇ ਨਾਂ ਖਵਾਏ ਜਾਣ।ਇਸੇ ਤਰਾਂ ਇਸ ਸਮੇਂ ਝੋਨੇ ਦੀ ਫਸਲ ਵਿੱਚ ਖੜੇ ਨਦੀਨਾਂ ਦੇ ਪੌਦਿਆਂ ਨੂੰ ਬੀਜ ਪੱਕਣ ਤੋਂ ਪਹਿਲਾਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ ਝੋਨੇ ਦੀ ਫਸਲ ਵਿੱਚੋਂ ਨਦੀਨਾਂ ਨੂੰ ਖਤਮ ਕੀਤਾ ਜਾ ਸਕੇ।ਇਸ ਵਕਤ ਜੋ ਨਦੀਨਾਂ ਦੇ ਬੂਟੇ ਖੇਤਾਂ ਵਿੱਚ ਖੜੇ ਹਨ ਉਨਾਂ ਵਿੱਚ ਨਦੀਨਨਾਸ਼ਕਾਂ ਪ੍ਰਤੀ ਸਹਿਨਸ਼ਕਤੀ ਪੈਦਾ ਹੋ ਗਈ ਹੈ ਜਿਸ ਕਾਰਨ ਉਹ ਨਦੀਨਨਾਸ਼ਕਾਂ ਨਾਲ ਖਤਮ ਨਹੀਂ ਹੋਏ।ਨਦੀਨਾਂ ਦੀ ਰੋਕਥਾਮ  ਲਈ ਸਿਰਫ ਨਦੀਨਨਾਸ਼ਕਾਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।ਨਦੀਨਾਂ ਦੀ ਰੋਖਥਾਮ ਲਈ ਇਸ ਵਕਤ ਖੇਤਾਂ ਵਿੱਚ ਜਿੰਨੇ ਵੀ ਪੌਦੇ ਹਨ ,ਨੂੰ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ।
          ਬਾਸਮਤੀ ਦਾ ਬੀਜ ਤਿਆਰ ਕਰਨ ਲਈ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਫਸਲ ਨਿਸਰਣ ਤੇ ਆਉਣ ਕਾਰਨ ਉੱਚੇ ਕੱਦ ਵਾਲੇ,ਸਾਉਣ ਜਾਂ ਚਾੜਾ ਬੂਟਿਆਂ ਦੀ ਪਹਿਚਾਣ ਸੌਖਿਆਂ ਕੀਤੀ ਜਾ ਸਕਦੀ ਹੈ।ਬਾਸਮਤੀ ਦਾ ਬੀਜ ਪੈਦਾ ਕਰਨ ਲਈ,ਜਦੋਂ ਬੀਜ ਪੈਦਾ ਕਰਨ ਵਾਲੀ ਬਾਸਮਤੀ ਦੀ ਫਸਲ ਗੱਭ ਭਰਨ ਦੀ ਸਥਿਤੀ ਤੇ ਹੋਵੇ ਤਾਂ 200 ਮਿ.ਲਿ. ਪ੍ਰੋਪੀਕੋਨਾਜ਼ੋਲ 20 ਈ ਸੀ ਜਾਂ 200 ਮਿ.ਲਿ. ਟੈਬੂਕੋਨਾਜ਼ੋਲ ਜਾਂ 80 ਗਰਾਮ ਨੈਟੀਵੋ 75 ਡਬਲਿਯੂ ਜੀ ਜਾਂ ਲਸਚਰ 37.5 ਐਸ ਈ 320 ਮਿ.ਲਿ. ਜਾਂ 200 ਮਿ.ਲਿ. ਪੈਨਸਾਈਕੂਰੋਨ 250 ਐਸ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਤਾਂ ਜੋ ਰੋਗ ਰਹਿਤ ਬੀਜ ਤਿਆਰ ਕੀਤਾ ਜਾ ਸਕੇ।ਫਸਲ ਪੱਕਣ ਤੇ ਬੀਜ ਵਾਲੀ ਫਸ ਦੀ ਕਟਾਈ ਹੱਥ ਨਾਲ ਕਰਨੀ ਚਾਹੀਦੀ ਹੈ ਅਤੇ ਝੰਬ ਕੇ ਨਰੋਇਆ ਅਤੇ ਸਿਹਤਮੰਦ ਬੀਜ ਸਾਂਭ ਲੈਣਾ ਚਾਹੀਦਾ।ਕਿਸੇ ਵੀ ਫਸਲ ਦਾ ਬੀਜ ਖੇਤੀਬਾੜੀ ਵਿਭਾਗ ,ਪੀ.ਏ,ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ ਵਿਕ੍ਰੇਤਾ ਤੋਂ ਹੀ ਖ੍ਰੀਦਣਾ ਚਾਹੀਦਾ,ਆੜਤੀ ਤੋਂ ਬੀਜ ਖ੍ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ । ਬੀਜ ਖ੍ਰੀਦਣ ਸਮੇਂ ਬਿੱਲ ਲੈ ਕੇ ਉਸ ਨੂੰ ਸਾਂਭ ਲੈਣਾ ਚਾਹੀਦਾ।ਇਸ ਤੋਂ ਇਲਾਵਾ ਬੀਜ ਵਾਲ ਬੈਗ ਅਤੇ ਇੱਕ ਕਿਲੋ ਬੀਜ ਦਾ ਨਮੂਨਾ ਵੀ ਸਾਂਭ ਲੈਣਾ ਚਾਹੀਦਾ ਤਾਂ ਜੋ ਜੇਕਰ ਬਾਅਦ ਵਿੱਚ ਕੋਈ ਸਮੱਸਿਆ ਆਵੇ ਤਾਂ ਕੋਈ ਕਾਰਵਾਈ ਕੀਤੀ ਜਾ ਸਕੇ।ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਘਰੇਲੂ ਪੱਧਰ ਤੇ ਝੋਨੇ/ਬਾਸਮਤੀ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਲਈ ਜਾਵੇ ਜਿਸ ਦੀ ਪ੍ਰਤੀ ਸੈਂਪਲ 15/-ਰੁਪਏ ਫੀਸ ਹੈ।

ਡਾ ਅਮਰੀਕ ਸਿੰਘ (ਸਟੇਟ ਅਵਾਰਡੀ)
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ(9463071919)

29 Sept. 2018