ਰੱਖੜੀ ਤੇ ਵਿਸ਼ੇਸ਼.......... - ਗੁੱਟ ਤੇਰੇ ਬੰਨਾ ਰੱਖੜੀ - ਬਲਜਿੰਦਰ ਕੌਰ ਸ਼ੇਰਗਿੱਲ

ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਰੱਖੜੀ ਦਾ ਤਿਉਹਾਰ ਹੈ। ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ। ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਗਸਤ ਮਹੀਨੇ ’ਚ ਆਉਂਦਾ ਹੈ।
ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ। ਹਰ ਇੱਕ ਭੈਣ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ ਕਿ ਕਦੋਂ ਰੱਖੜੀ ਦਾ ਤਿਉਹਾਰ ਆਵੇ ਤੇ ਉਹ ਆਪਣੇ ਵੀਰ ਦੇ ਰੱਖੜੀ ਬੰਨੇ। ਰੱਖੜੀ ਭੈਣ ਵਲੋਂ ਆਪਣੇ ਵੀਰ ਨੂੰ ਸੱਜੀ ਬਾਂਹ ਜਾਂ ਗੁੱਟ ’ਤੇ ਧਾਗਾ ਜਾਂ ਰੱਖੜੀ ਬੰਨ ਕੇ ਮੱਥੇ ਟਿੱਕਾ ਲਗਾ ਕੇ ਫਿਰ ਮੂੰਹ ਮਿੱਠਾ ਕਰਾ ਕੇ, ਸ਼ਗਨ ਪੂਰਾ ਕਰਦੀ ਹੈ ਤੇ ਆਪਣੇ ਵੀਰ ਕੋਲੋਂ ਆਪਣੀ ਸੁਰੱਖਿਆ ਦਾ ਵਚਨ ਲੈਂਦੀ ਹੈ। ਕਿ ਜਦੋਂ ਭੈਣ ’ਤੇ ਵੀ ਸੰਕਟ ਆਵੇ ਤਾਂ ਉਸਦਾ ਵੀਰ ਉਸਦੀ ਮਦਦ ਲਈ ਤਤਪਰ ਹਾਜ਼ਰ ਹੋ ਜਾਵੇ ਤੇ ਉਸਦੀ  ਰੱਖਿਆ ਕਰੇ। ਭੈਣਾਂ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ।  
ਉਂਝ ਤਾਂ ਸਾਡੇ ਸਮਾਜ ’ਚ ਭਰਾ ਆਪਣੀ ਭੈਣ ਲਈ ਹਰ ਸਮੇਂ ਮਦਦ ਲਈ ਅੱਗੇ ਆਉਂਦਾ ਹੈ, ਜੋ ਕਿ ਭੈਣ ਭਰਾ ਦੇ ਪਿਆਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ।  
ਇਹ ਤਿਉਹਾਰ ਸਕੀ ਭੈਣ ਤੋਂ ਇਲਾਵਾ ਧਰਮ ਦੀ ਭੈਣ ਬਣਾ ਕੇ ਵੀ ਨਿਭਾਇਆ ਜਾ ਰਿਹਾ ਹੈ। ਜਿਹਨਾਂ ਵੀਰਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਧਰਮ ਦੀਆਂ ਭੈਣਾਂ ਤੋਂ ਰੱਖੜੀ ਬਨਾ ਕੇ ਆਪਣੇ ਭੈਣ ਭਰਾ ਦੇ ਰਿਸ਼ਤੇ ਹੋਰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਧਰਮ ਦੀ ਭੈਣ ਤੋਂ ਰੱਖੜੀ ਬਨਾ ਕੇ ਸਾਡੇ ਸਮਾਜ ਅੰਦਰ ਜੋ ਜਾਤ-ਪਾਤ, ਭੇਦ ਭਾਵ ਦੀ ਭਾਵਨਾ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤਿਉਹਾਰ ਨੂੰ ਮਨਾਉਣ ਦੀ ਖੁਸ਼ੀ ਇੱਕ ਦੋ ਮਹੀਨੇ ਪਹਿਲਾਂ ਬਾਜ਼ਾਰਾਂ ’ਚ ਦਿਖਾਈ ਦੇਣ ਲੱਗ ਜਾਂਦੀ ਹੈ। ਜਿਹਨਾਂ ਭੈਣਾਂ ਦੇ ਵੀਰ ਪ੍ਰਦੇਸੀ ਹੁੰਦੇ ਹਨ ਉਹ ਭੈਣਾਂ ਆਪਣੇ ਵੀਰ ਲਈ ਪਹਿਲਾਂ ਹੀ ਰੱਖੜੀ ਭੇਜ ਭਾਵ ਪਾਰਸਲ ਕਰ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਵੀਰਾਂ ਕੋਲ ਇਹ ਸਹੀ ਵਕਤ ’ਤੇ ਪਹੁੰਚ ਸਕੇ। ਵੀਰਾਂ ਨੂੰ ਵੀ ਆਪਣੀ ਭੈਣ ਪਾਸੋਂ ਆਈ ਰੱਖੜੀ ਦੀ ਉਡੀਕ ਹੁੰਦੀ ਹੈ।  ਉਹ ਪ੍ਰਦੇਸ਼ਾਂ ’ਚ ਆਪਣੀ ਭੈਣ ਦੀ ਰੱਖੜੀ ਦਾ ਇੰਤਜਾਰ ਕਰਦਾ ਹੈ।
ਅੱਜ ਕਲ੍ਹ ਬਾਜ਼ਾਰਾਂ ’ਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਆਉਂਦੀਆਂ ਹਨ। ਬੱਚਿਆਂ ਲਈ ਮਨਭਾਉਂਦੀਆਂ ਖੇਡਾਂ ਵਾਲੀਆਂ ਰੱਖੜੀਆਂ, ਜਾ ਫਿਰ ਕਾਰਟੂਨ ਵਾਲੀਆਂ ਰੱਖੜੀਆਂ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਵਿੱਚ ਖਾਸ ਕਿਸਮ ਦਾ ਲੂੰਬਾ ਵੀ ਦਿਖਾਈ ਦਿੰਦਾ ਹੈ। ਉਹ ਲੂੰਬਾ ਭਰਜਾਈ ਲਈ ਲਿਜਾਇਆ ਜਾਂਦਾ ਹੈ। ਭਰਜਾਈ ਇਸ ਨੂੰ ਆਪਣੀਆਂ ਚੂੜੀਆਂ ਨਾਲ ਕਲਾਈ ਵਿੱਚ ਪਾ ਬਹੁਤ ਖੁਸ਼ੀ ਹੁੰਦੀ ਹੈ। ਇਹ ਲਟਕਣ ਦੀ ਤਰ੍ਹਾਂ ਬਾਹਾਂ ਵਿੱਚ ਪਾਇਆ ਦਿਖਾਈ ਦਿੰਦਾ ਹੈ।
ਸਾਡੇ ਇਸ ਤਿਉਹਾਰ ਦੇ ਦਿਨ ਕੁਝ ਵੀਰ ਰੱਖੜੀ ਦੇ ਤਿਉਹਾਰ ਹੁਣ ਵੀ ਵਾਂਝੇ ਰਹਿ ਜਾਂਦੇ ਹਨ। ਜਿਹਨਾਂ ਦੇ ਭੈਣਾਂ ਨਹੀਂ ਹੁੰਦੀਆਂ ਉਹਨਾਂ ਨੂੰ ਸਕੀ ਭੈਣ ਦੀ ਘਾਟ ਇਸ ਤਿਉਹਾਰ ਉੱਤੇ ਜ਼ਰੂਰ ਮਹਿਸੂਸ ਹੁੰਦੀ ਹੈ। ਜਾਂ ਫ਼ਿਰ ਕੁੜੀਆਂ ਨੂੰ ਜਨਮਦੇ ਮਾਰ ਦਿੱਤਾ ਜਾਂਦਾ ਹੈ। ਆਏ ਦਿਨ ਅਖ਼ਬਾਰਾਂ ਰਾਹੀਂ ਜਦੋਂ ਪਤਾ ਚੱਲਦਾ ਹੈ ਕਿ ਬੱਚੀ ਦਾ ਭਰੂਣ ਮਿਲਿਆ ਹੈ। ਇਹ ਸੋਚ ਕੇ ਸਮਾਜ ਨੇ ਤਾਂ ਸ਼ਰਮਸਾਰ ਹੁੰਦਾ ਹੀ ਹੈ। ਪਰ ਉਹਨਾਂ ਮਾਪਿਆਂ ਦੀ ਮਰੂਖਤਾ ਸਾਡੇ ਸਮਾਜ ’ਤੇ ਕਿੰਨਾ ਪ੍ਰਭਾਵ ਪਾਉਂਦੀ ਹੈ। ਸਾਡੇ ਸਮਾਜ ਵਿੱਚ ਅੱਜ ਵੀ ਔਰਤ ਨੂੰ ਜਾਂ ਤਾਂ ਕੁਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਹੈ। ਉਸ ਦੇ ਜ਼ਿੰਮੇਵਾਰ ਸਾਡਾ ਹੀ ਸਮਾਜ ਹੈ। ਭਰੂਣ ਹੱਤਿਆਂ ਜਿਹਾ ਪਾਪ ਕਰਕੇ ਸਾਡੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਆਓ ਇਸ ਪਾਪ ਦੇ ਭਾਗੀਦਾਰਾਂ ਨੂੰ ਸਮਝਈਏ ਕੇ ਧੀਆਂ ਕਰਕੇ ਸੰਸਾਰ ਸੋਹਣਾ ਹੈ। ਇਹ ਮਾਂ, ਧੀ, ਨੂੰਹ ਬਣ ਇਸ ਜੱਗ ਨੂੰ ਅੱਗੇ ਵਧਾਉਂਦੀ ਹੈ। ਇਹ ਰੱਖੜੀ ਦਾ ਤਿਉਹਾਰ ਹਰ ਭੈਣ ਤੇ ਵੀਰ ਮਨਾਵੇ। ਹਰ ਇੱਕ ਭੈਣ ਉਸ ਦਿਨ ਕਹਿੰਦੀ ਹੈ.....
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ,
ਸੁਣ ਮੇਰੇ ਢਾਡਿਆ ਰੱਬਾ,
ਦੂਰ ਕਰੀਂ ਨਾ ਵੀਰਾਂ ਦਾ ਪਰਛਾਵਾਂ
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ।

ਗੁੱਟ ਤੇਰੇ ਬੰਨਾ ਰੱਖੜੀ,
ਨਾਲੇ ਸ਼ਗਨ ਮਨਾਵਾਂ,
ਤੱਤੀ ਵਾਹ ਤੈਨੂੰ ਲੱਗੇ,
ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ  
ਗੁੱਟ ਤੇਰੇ ਬੰਨਾ ਰੱਖੜੀ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278