ਇਹੋ ਜਹੀ ਆਜ਼ਾਦੀ - ਮਹਿੰਦਰ ਸਿੰਘ ਮਾਨ

ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554