ਭੋਲਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਉਹ ਮਕਾਨ ਜਿਸਨੂੰ ਅਸੀਂ ਆਪਣਾ ਘਰ ਬਣਾ ਲਿਆ ਸੀ ਸਾਡੇ ਪਿਤਾ ਨੂੰ ਕਲੇਮ ਵਿੱਚ ਅਲਾਟ ਹੋਇਆ ਸੀ। ਪੰਜ ਛੇ ਕਮਰੇ ਅੱਗੇ ਸੁਫਾ ਤੇ ਬਰਸਾਤੀ ਤੇ ਕਿੰਨਾ ਵੱਡਾ ਦਲਾਨ ਕਿ ਇੰਨੇ ਹੀ ਤਿੰਨ ਮਕਾਨ ਹੋਰ ਬਣ ਸਕਦੇ ਸੀ। ਦੇਸ਼ ਦੀ ਵੰਡ ਵੇਲੇ ਆਮ ਜਨਤਾ ਨਾਲ ਇਸ ਤਰਾਂ ਦੀ ਹੀ ਕਾਣੀ ਵੰਡ ਹੋਈ ਸੀ।ਜਿਹਨਾਂ ਰੀਝ ਨਾਲ ਮਕਾਨ ਬਣਾਏ ਸੀ ਉਹਨਾਂ ਦੇ ਨਸੀਬਾਂ ਵਿੱਚ ਨਾਂ ਹੋਇਆ ਕਿ ਵੱਸ ਰਸ ਕੇ ਘਰ ਤਿਆਰ ਕਰ ਲੈਂਦੇ।ਖ਼ਵਰੇ ਕਿੰਨੇ ਭਾਈਵਾਲਾਂ ਨੇ ਮਿਲ ਕੇ ਇਮਾਰਤ ਬਣਾਉਣੀ ਹੋਵੇਗੀ ਪਰ ਰਾਜਨੀਤਿਕ ਗੋਲੀ ਆਣ ਵੱਜੀ।
ਮੈਨੂੰ ਨਹੀਂ ਪਤਾ ਸਾਡਾ ਉਧਰ ਰਹਿ ਗਿਆ ਘਰ ਕਿਹੋ ਜਿਹਾ ਸੀ ਤੇ ਉਸ ਵਿੱਚ ਕੌਣ ਵੱਸਦਾ ਸੀ।ਪਰ ਅਸੀਂ ਤੇ ਇਸੀ ਘਰ ਵਿੱਚ ਹੋਸ਼ ਸੰਭਾਲੀ ਸੀ,ਤੇ ਸਾਨੂੰ ਇਹ ਬੜਾ ਪਿਆਰਾ ਲਗਦਾ ਸੀ।
ਸਾਡੇ ਗਵਾਂਢੀ ਥੋੜੀ ਜਿਹੀ ਜਮੀਨ ਦੇ  ਬਹੁਤੇ ਜਿਹੇ ਹਿੱਸੇਦਾਰ ਸਨ।ਉਹਨਾਂ ਕੋਲ ਰਹਿਣ ਵਾਸਤੇ ਛੱਤੀ ਜਗਾਹ ਥੋੜੀ ਸੀ ਤੇ ਹੋਰ ਛੱਤਣ ਦੀ ਗੁੰਜਇਸ਼ ਵੀ ਹੈ ਨਹੀਂ ਸੀ।ਗਵਾਂਢੀ ਬਾਪੂ  ਨੇ ਮੇਰੇ ਪਿਤਾ ਨੁੰ ਧਰਮ ਦਾ  ਪੁੱਤਰ ਬਣਾ ਲਿਆ ਤੇ ਮਿੱਠਾ ਪਿਆਰਾ ਹੋ ਅੱਧਾ ਘਰ ਵਰਤਣ ਲਈ ਲੈ ਲਿਆ।ਫਿਰ ਉਹ ਉਸ ਤੇ ਕਾਬਜ਼ ਹੋ ਗਿਆ ਤੇ ਆਪਣੀ ਧੀ ਦਾ ਟੱਬਰ ਵਾੜ ਦਿੱਤਾ।
ਸਾਡੇ ਤੇ ਦੂਜਾ ਪਹਾੜ ਡਿੱਗ ਪਿਆ ਕਿ ਸਾਡੇ ਪਿਤਾ ਅਚਾਨਕ ਦੁਨੀਆ ਛੱਡ ਗਏ।ਅਸੀਂ ਦੋ ਭੈਣਾਂ ਤੇ ਸਾਡੀ ਮਾਂ ।ਸਮਾਜ ਵਿੱਚ ਸਾਡੇ ਪਰਿਵਾਰ ਨੂੰ ਵਿਚਾਰਾ ਕਿਹਾ ਜਾਣ ਲਗਾ।ਹਾਲਾਂ ਕਿ ਅਸੀਂ ਪਿਤਾ ਦੀ ਪੈਨਸ਼ਨ ਨਾਲ ਚੰਗਾ ਗੁਜਾਰਾ ਕਰ ਰਹੇ ਸੀ।ਇਕ ਗਊ ਵੀ ਰੱਖੀ ਸੀ ।ਉਦੋਂ ਵੇਲਾ ਇਹੋ ਜਿਹਾ ਸੀ ਕਿ ਥੋੜੇ ਪੈਸੇ ਨਾਲ ਚੋਖਾ ਗੁਜਾਰਾ ਹੋ ਜਾਂਦਾ ਸੀ।ਮਾਂ ਕਿਰਸ ਕਰਕੇ ਬਚਾਅ ਵੀ ਲੈਂਦੀ ਸੀ।
ਬਾਪੂ ਦੀ ਨਗਾਹ ਸਾਡੇ ਮਕਾਨ ਤੇ ਪਹਿਲਾਂ ਤੋਂ ਹੀ ਸੀ।ਹੁਣ ਸਾਨੂੰ ਆਪਣਾ ਹਿੱਸਾ ਬਾਪੂ ਤੋਂ ਵਾਪਸ ਲੈਣਾ ਨਾਮੁਮਕਿਨ ਹੀ ਸੀ।ਬਾਪੂ ਵਿਚਲਾ ਸ਼ੈਤਾਨ ਜਾਗ ਪਿਆ ਤੇ ਪਤਾ ਨਹੀਂ ਕਿਵੇਂ ਉਸਨੇ ਅੱਧ ਤੇ ਕਬਜ਼ਾ ਕਰ ਵਿੱਚੋਂ ਕੰਧ ਕਰ ਲਈ।ਮਾਂ ਬਾਪੂ ਦੇ ਪੈਰੀਂ ਪੈ ਗਈ ਪਰ ਉਹ ਤੇ ਉਲਟਾ ਆਖੇ,' ਮੈਂ ਤੇਰੇ ਆਦਮੀ ਨੂੰ ਪਨਾਹ ਦਿੱਤੀ ਸੀ ਮਕਾਨ ਵਿਹਲਾ ਆਪੇ ਕਰੇਂ ਤਾਂ ਚੰਗਾ ਨਹੀਂ ਤੇ ਮੈਂ ਕਰਾ ਲੂੰ'।ਕਾਗਜ਼ ਮਾਂ ਕੋਲ ਹੈਗੇ ਸੀ।ਮਾਂ ਨੇ ਮਾਮੇ ਨੂੰ ਬੁਲਾ ਕੇ ਸਾਰੀ ਗਲ ਦੱਸੀ।ਕਈ ਮਹੀਨੇ ਲਗ ਗਏ ਮਾਮੇ ਨੂੰ ਇਹ ਸੱਭ ਦੀ ਸਚਾਈ ਲਿਆਉਣ ਵਿੱਚ।
ਬਾਪੂ ਤੇ ਉਸਦੀ ਇਕ ਛੁੱਟੜ ਧੀ ਦੋਵੇਂ ਇਕ ਪਾਸੇ ਸਨ ਤੇ ਬਾਕੀ ਦੇ ਸਾਰੇ ਮੈਂਬਰ ਸਾਡੇ ਹੱਕ ਵਿੱਚ ਸਨ।ਭੋਲਾ ਬਾਪੂ ਦਾ ਵੱਡਾ ਪੋਤਰਾ,ਬਾਪੂ ਉਸਨੂੰ ਬਹੁਤ ਪਿਆਰ ਕਰਦਾ ਸੀ।ਭੋਲਾ ਸਾਡੇ ਨਾਲ ਬਹੁਤ ਪਿਆਰ ਕਰਦਾ ਸੀ।ਭੌਲੇ ਦੇ ਘਰ ਵਿੱਚ ਕੋਈ ਵੀ ਭੋਲੇ ਨੂੰ ਜੀ ਕਹਿ ਕੇ ਨਹੀ ਸੀ ਬੁਲਾਉਂਦਾ।ਉਸਨੂੰ ਭੋਲਿਆ ਵੇ ਭੋਲਿਆ ਜਾਂ ਓਏ ਕਰ ਪੁਕਾਰਦੇ।ਇਥੌਂ ਤੱਕ ਕਿ ਭੋਲੇ ਦੀ ਪਤਨੀ ਵੀ ਉਸਨੂੰ 'ਤੁਸੀਂ' ਨਾਂ ਆਖ ਤੂੰਜੀ ਨਾਲ ਸੰਬੋਧਨ ਕਰਦੀ।ਉੰਝ ਉਹ ਜਿੰਨੀ ਸਾਧਾਰਨ ਸੀ ਉਨੀ ਹੀ ਗੁਣਵੰਤੀ।ਘਰ ਵਿੱਚ ਜਦੋਂ ਸਾਨੂੰ ਕੱਢਣ ਦੀ ਚਰਚਾ ਹੁੰਦੀ ਉਹ ਮਨ ਮਸੋਸ ਕੇ ਰਹਿ ਜਾਂਦੀ,ਪਰ ਉਹ ਭੋਲੇ ਨੂੰ ਇਹੋ ਸਮਝਾਉਂਦੀ,' ਤੂੰਜੀ ਕਿਸੇ ਦੀ ਬਦਦੁਆ ਨਾ ਲਵੀਂ,ਬਥੇਰੀ ਉਮਰ ਪਈ ਆਪਾਂ ਆਪੇ ਬਣਾ ਲਵਾਂਗੇ,ਜੀਅ ਰਾਜ਼ੀ ਰਹਿਣੇ ਚਾਹੀਦੇ ਬੱਸ,ਰੱਬ ਭਲੀ ਕਰੇ"।
ਭੋਲਾ ਅਕਸਰ ਸਾਡੇ ਘਰ ਆ ਜਾਂਦਾ।ਉਹ ਕੰਧ ਤੇ ਚੜ੍ਹ ਸਾਡੇ ਵਾਲੇ ਪਾਸੇ ਉਤਰ ਆਉਂਦਾ।ਅਸੀਂ ਉਸਨੂੰ ਵੀਰਜੀ ਪੁਕਾਰਦੀਆਂ ਉਹ ਵੀ ਨਿਕੀਆਂ ਭੈਣਾ ਦਾ ਪਿਆਰ ਦੇਂਦਾ।ਕਿਸੇ ਚੀਜ਼ ਵਸਤ ਦੀ ਲੋੜ ਹੁੰਦੀ ਦੁਕਾਨ ਤੋਂ ਲਿਆ ਦੇਂਦਾ।ਆਟਾ ਵੀ ਪਿਸਾ ਦੇਂਦਾ। ਜੋ ਬਣਿਆ ਹੁੰਦਾ ਸਾਡੇ ਨਾਲ ਖਾ ਲੈਂਦਾ।ਖੇਤ ਤੋਂ ਆਕੇ ਆਪਣੇ ਕਾਕੇ ਨੂੰ ਖਿਡਾਉਂਦਾ ਉਸਨੂੰ ਕੰਧ ਤੇ ਬਿਠਾ ਛਾਲ ਮਾਰ ਸਾਡੇ ਵਾਲੇ ਪਾਸੇ ਆ ਜਾਂਦਾ।ਮਾਂ ਰੋਟੀਆਂ ਪਕਾਉਂਦੀ ਤਾਂ ਉਹ ਚੰਗੇਰ ਵਿਚੋਂ ਫੁਲਕਾ ਚੁੱਕ ਮੱਖਣ ਲਾ ਲੂਣ ਪਾ ਵਲ੍ਹੇਟ ਕੇ ਖਾ ਜਾਂਦਾ।ਉਹਨੂੰ ਬਾਪੁੂ ਬੜਾ ਚੰਗਾ ਲਗਦਾ ਸੀ ਪਰ ਜਦੋਂ ਬਾਪੂ ਸਾਨੁੰ ਬੇਘਰ ਦਰ ਬਦਰ ਕਰਨ ਦੀ ਗਲ ਕਰਦਾ ਤਾਂ ਉਹ ਬਾਪੂ ਕੋਲੋਂ ਉਠ ਜਾਂਦਾ।ਬਾਪੂ ਉਹਨੂੰ ਬਥੇਰੇ ਲਾਲਚ ਦੇਂਦਾ,ਭਈ ਮੈਂ ਜੋ ਕੁਝ ਵੀ ਕਰਦੈਂ ਤੇਰੇ ਲਈ ਕਰਦੈਂ,ਤੈਥੋਂ ਕਿਹੜਾ ਕੋਠੈ ਪੈ ਜਾਣੈ,ਨਿਆਣੇ ਸਿਆਣੇ ਹੋ ਜਾਣਗੇ ਤੇ ਕਿਦਾਂ ਪੂਰੀ ਪਾਏਂਗਾ?"
ਭੋਲੇ ਦਾ ਪਿਤਾ ਵੀ ਭਲਾ ਪੁਰਸ਼ ਸੀ ਉਹਨੂੰ ਵੀ ਆਪਣੇ ਪਿਓ ਦੀ ਇਹ ਸ਼ੈਤਾਨੀ ਚੰਗੀ ਨਾ ਲਗਦੀ।ਅਸੀਂ ਉਹਨੂੰ ਮਾਮਾਜੀ ਪੁਕਾਰਦੀਆਂ ਸੀ।
ਭੈਣ ਤਾਂ ਕਦੇ ਕੁਝ ਨਾ ਬੋਲਦੀ ।ਘਰ ਦਾ ਕੰਮ ਕਰ ਸਕੂਲ਼ੋਂ ਆ ਸਕੂਲ ਦਾ ਕੰੰਮ ਕਰ ਵਿਹਲ ਵੇਲੇ ਕਸ਼ੀਦਾਕਾਰੀ ਕਰਦੀ,ਉਸ ਕੋਲ ਫੁਰਸਤ ਹੀ ਨਾਂ ਹੁੰਦੀ ਵਿਹਲੀਆਂ ਚੁਗਲੀਆਂ ਦੀ। ਭੋਲੇ ਵੀਰਜੀ  ਦੀ ਵਹੁਟੀ ਭਾਬੀ ਨਾਲ ਕੰਧ ਤੋਂ ਦੁਆ ਸਲਾਮ ਕਰ ਲੈਂਦੀ।ਭਾਬੀ ਕੋਲ ਤੇ ਇੰਨੇ ਟੱਬਰ ਦਾ ਕੰਮ ਸਿਰ ਖੁਰਕਣ ਦੀ ਵਿਹਲ ਵੀ ਕਦੀ ਮਿਲਦੀ ਉਹਨੂੰ।
ਕੰਕਰੀਟ ,ਇੱਟਾਂ ਦੀ ਦੀਵਾਰ ਭੋਲਾ ਅਕਸਰ ਟੱਪਦਾ
ਪਰ ਮਨੁੱਖਤਾ ਦਾ ਭਰਮ ਹਮੇਸ਼ ਬਾਕੀ ਰੱਖਿਆ।
ਮੈਂ ਹੀ ਇਕ ਦਿਨ ਹੌਂਸਲਾ ਕਰ ਭੌਲ਼ੇ ਨਾਲ ਗਲ ਕੀਤੀ।'ਵੀਰਜੀ ਤੁਸੀਂ ਕੰਧ ਟੱਪ ਕੇ ਨਾ ਆਇਆ ਕਰੋ ਦਰਵਾਜੇ ਤੋਂ ਲੰਘ ਆਇਆ ਕਰੋ'।ਉਸ ਪੁਛਿਆ ਕਿਉਂ? ਮੈਂ ਕਿਤੇ ਡਿੱਗ ਚਲਿਆਂ?
ਰੱਬ ਨਾ ਕਰੇ ਤੁਸੀਂ ਡਿੱਗ ਚਲੋ,ਪਰ ਤੁਹਾਡੇ ਘਰੋਂ ਹੋਰ ਵੀ ਜੇ ਇੰਜ ਹੀ ਟੱਪਣ ਲਗ ਗਏ ਤਾਂ ਇਹ ਚੰਗਾ ਨਹੀਂ ਹੋਵੇਗਾ।ਅੰਬੋ ਵੀ ਟੱਪ ਲੈਂਦੀ।ਇਸ ਤਰਾਂ ਰੌਲਾ ਵੀ ਪੈ ਸਕਦਾ,ਝਗੜੇ ਵੀ ਹੋ ਸਕਦੇ।ੁੳਸ ਵਕਤ ਤਾਂ ਭੋਲੇ ਨੂੰ ਮੇਰੀ ਗਲ ਸਮਝ ਆਈ ਜਾਂ ਨਾ ਪਰ ਅਗਲੇ ਦਿਨ ਉਸ ਬੂਹਾ ਖੜਕਾਇਆ ਤੇ ਵਾਜ ਦੇ ਅੰਦਰ ਆਇਆ।ਉਸਨੇ ਭਾਬੀ ਨੂੰ ਕਿਹਾ ,'ਆਹ ਗੁੱਡੀ ਨੂੰ ਤੇ ਮੈਂ ਐਂਵੇ ਹੀ ਸਮਝਦਾ ਸੀ ਇਹ ਤੇ ਬਾਹਲੀ ਸਿਆਣੀ ਆ, ਤੂੰ ਗੋਹੇ ਵਾਲੀ ਨੂੰ ਕਹਿ ਪਾਥੀਆਂ ਕੰਧ ਤੇ ਲਾ ਦਿਆ ਕਰੇ,ਫਿਰ ਕਿਤੇ ਮਿਸਤਰੀ ਲੱਗਾ ਤੇ ਕੱਚ ਲਵਾ ਦਿਆਂਗੇ"।
ਭਾਬੀ ਦਾ ਪਿਤਾ ਸਾਡੇ ਪਿਤਾ ਦਾ ਪੱਕਾ ਆੜੀ ਸੀ;ਤੇ ਕੁੱਝ ਕੁੱਝ ਭਾਬੀ ਤੇ ਭੋਲੇ ਦਾ ਵਿਚੋਲਾ ਵੀ।ਭਾਬੀ ਨੇ ਆਪਣੇ ਪਿਤਾ ਨੂੰ ਬਾਪੂ ਦੀ ਬੁਰੀ ਨੀਅਤ ਬਾਰੇ ਦਸਿਆ ਤਾਂ ਉਹ ਵੀ ਰੋਣ ਹਾਕਾ ਹੋ ਗਿਆ।'ਅੱਗੇ ਸਾਡੇ ਨਾਲ ਘੱਟ ਹੋਈ ਜੋ ਹੁਣ ਇਹ ਵੀ ਕਰਨ ਲਗਾ।ਪੁੱਤ ਤੂੰ ਫਿਕਰ ਨਾਂ ਕਰ,ਮੈਂ ਯਾਰ ਮਾਰ ਨੀ੍ਹ ਹੋਣ ਦੇਂਦਾ।ਮੇਰੀ ਧੀ ਤੇ ਬਥੇਰੀ ਰੱਬ ਦੀ ਮਿਹਰ ਐ'।ਉਸ ਤੋਂ ਰਿਹਾ ਨਾਂ ਗਿਆ ਤੇ ਉਹ ਸਾਡੇ ਘਰ ਵੀ ਆਇਆ,ਮਾਂ ਨੂੰ ਤਸੱਲੀ ਦਿੱਤੀ,ਭਾਬੀ ਦੇ ਸਹੁਰੇ ਨਾਲ ਵੀ ਗਲਬਾਤ ਦਾ ਜਾਇਜ਼ਾ ਲਿਆ।ਬਾਪੂ ਤੇ ਉਹਦੀ ਧੀ ਹੈਂਕੜੈ ਹੋਏ ਸਨ।
ਰੱਬ ਵੀ ਤੇ ਵੇਖਦਾ ਸੀ ,ਜਿਹਦਾ ਕੋਈ ਨਾਂ ਹੋਵੇ ਉਹਦਾ ਰੱਬ।ਰੱੱੱੱੱੱਬ ਦੀ ਕਰਨੀ ਬਾਪੂ ਨੂੰ ਅੱੱੱਧਰੰਗ ਹੋ ਗਿਆ ਉਹ ਮੰਜੇ ਨਾਲ ਲਗ ਗਿਆ।ਬੇਬੇ ਆਖੇ ਆਪਣੀ ਕੀਤੀ ਪਾ ਗਿਆ ।ਬੇਬੇ ਦੋ ਵੇਲੇ ਗੁਰਦਵਾਰੇ ਜਾ ਦੁਆ ਮੰਗਦੀ,'ਮੇਰੇ ਪੁੱਤਾਂ ਨੂੰ ਨਾਂ ਰੱਬਾ ਕੁਸ਼ ਆਖੀਂ,ਇਹਨੂੰ ਬਥੇਰਾ ਆਖੀਦਾ ਸੀ ਨਾਂ  ਜਿਆਦਤੀ ਕਰ ਮਸਕੀਨਾਂ ਨਾਲ ਨਰਕਾਂ ਦਾ ਭਾਗੀ ਬਣੇਂਗਾ,ਪਰ ਏਸ ਇਕ ਨਾਂ ਸੁਣੀ ਹੁਣ ਨਰਕ ਭੋਗਦਾ।ਬੇਬੇ ਆਪਣੀ ਕੁੜੀ ਨੁੰ ਵੀ ਨਸੀਹਤਾਂ ਕਰਦੀ 'ਸੰਭਲ ਜਾ ਡਰ ਰੱੱਬ ਤੋਂ"।ਨੈਣਾਂ ਪਰਾਣਾਂ ਦੀ ਸਲਾਮਤੀ ਮੰਗਿਆ ਕਰ ਰੱਬ ਤੈਨੂੰ ਆਵਦਾ ਘਰ ਦੇਵੇਗਾ।
ਤੇ ਭੋਲੇ ਨੇ ਬੇਬੇ ਤੇ ਆਪਣੇ ਪਿਤਾ ਦੀ ਸਹਿਮਤੀ ਨਾਲ ਉਹ ਕੰਧ ਢਾਹ ਸਾਡਾ ਬਣਦਾ ਹੱਕ ਸਾਨੂੰ ਮੋੜ ਦਿੱਤਾ।ਮਾਂ ਨੇ ਭੋਲੇ ਨੂੰ ਕਿਹਾ,'ਪੁੱਤ ਤੂੰ ਮੇਰਾ ਸਕਾ ਪੁੱਤ ਐਂ ਕੁੜੀਆਂ ਨੇ ਘਰੋ ਘਰੀ ਚਲੀ ਜਾਣਾ ਮੈਂ ਇੰਨਾ ਥਾਂ ਕੀ ਕਰਨਾ ਤੂੰ ਮੈਨੂੰ ਬਣਦੀ ਰਕਮ ਦੇ ਦਵੀਂ ਇਹਨਾਂ ਦੇ ਵਿਆਹ ਸ਼ਾਦੀਆਂ ਵੇਲੇ ਤੇ ਮੈਂ ਥਾਂ ਤੈਨੂੰ ਲਿਖ ਦਊਂ"।
.,,...,,.....,.,,,,,,,,,,,,,,,,,,,,,,,,,,,,,,,,,,,,,,,,,,,,
" ਐਸੇ ਆਏ ਹੋ ਜੈਸੇ ਖੁਸ਼ਬੂ
ਜਾਤੇ ਹੋ ਤੋ ਵਤਨ ਭੀ ਛੌੜ ਜਾਤੇ ਹੋ
" ਹਮ ਤੋ ਦਰਖ਼ਤ ਹੈਂ ਕਿਆ ਜਾਨੇ ਹਿਜਰਤ ਕਰਨਾ
ਤੁਮ ਤੋ ਪਰਿੰਦੇ ਥੇ ਮੌਸਮ ਬਦਲੇ ਤੋ ਛੋੜ ਗਏ"॥॥
ਰਣਜੀਤ ਕੌਰ ਗੁੱਡੀ ਤਰਨ ਤਾਰਨ