ਠੀਕਰੀਆਂ - ਰਵੇਲ ਸਿੰਘ ਇਟਲੀ 

 ਅੱਜ ਜਦੋਂ ਗਮਲਿਆਂ ਵਿੱਚ ਕੁੱਝ ਫੁੱਲ  ਬੂਟੇ ਲਾ ਰਿਹਾ ਸਾਂ ਤਾਂ  ਗਮਲਿਆਂ ਵਿੱਚੋਂ ਪਾਣੀ ਦੇ ਨਿਕਾਸ ਲਈ ਇਨ੍ਹਾਂ ਹੇਠ  ਕੀਤੇ ਗਏ ਛੇਦਾਂ ਉੱਤੇ ਰੱਖਣ ਲਈ ਕੁਝ ਠੀਕਰੀਆਂ ਭਾਲ ਰਿਹਾ ਸਾਂ।ਪਰ ਠੀਕਰੀਆਂ ਦੀ ਥਾਂ ਪੱਥਰ ਦੀਆਂ ਟਾਇਲਾਂ ਦੇ ਛੋਟੇ ਮੋਟੇ ਟੁੱਕੜੇ, ਰੋੜੇ ਸੀਮੈਂਟ ਜਾਂ ਇੱਟਾਂ ਦੇ ਰੋੜੇ ਹੀ ਮਿਲ ਰਹੇ ਸਨ। ਕਦੇ ਸਮੇਂ ਸਨ ਜਦੋਂ, ਆਮ ਵਰਤੋਂ ਲਈ ਮਿੱਟੀ ਦੇ ਭਾਂਡੇ,ਕੁਨਾਲੀਆਂ(ਮਿੱਟੀ ਦੀਆਂ ਪਰਾਤਾਂ)ਪਿਆਲੇ, ਕਾੜ੍ਹਨੀਆਂ, ਛਕਾਲੇ ,ਹਾਂਡੀਆਂ,ਤੌੜੀਆਂ,ਚਾਟੀਆਂ, ਮੱਟ, ਮੱਟੀਆਂ, ਘੜੇ, ਗਾਗਰਾਂ, ਝੱਜਰੀਆਂ, ਸੁਰਾਹੀਆਂ, ਦੇਗਾਂ, ਚੱਪਨੀਆਂ, ਕੂੰਡੇ, ਝਾਂਵੇਂ,ਦੀਵੇ, ਬੁਘਣੀਆਂ, ਖਿਡਾਉਣੇ,ਤੇ ਹੋਰ ਵੀ ਕਈ ਚੀਜਾਂ ਵਸਤੂਆਂ ਜੋ ਚੀਕਣੀ ਮਿੱਟੀ ਤੋਂ ਬੜੀ ਕਰੜੀ ਮਿਹਣਤ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਤਿਆਰ ਕਰਦੇ ਕਿਸੇ ਕਾਰੀਗਰ ਦੇ ਦੋਵੇਂ ਪੈਰਾਂ ਦੇ  ਤਾਲ ਮੇਲ ਨਾਲ ਘੁਮਾਏ ਜਾਂਦੇ ਚੱਕ ਅਤੇ ਹੱਥਾਂ ਦੇ ਹੁਨਰ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ।
ਫਿਰ ਇਨ੍ਹਾਂ ਨੂੰ ਬੜੇ ਤਰੀਕੇ ਨਾਲ ਲੱਕੜ ,ਲੱਕੜੀ ਜਾਂ ਕੋਈ ਸਾਧਣਾਂ ਅੱਗ ਦੇ ਸੇਕ ਨਾਲ ਪਕਾਇਆ ਜਾਂਦਾ ਸੀ। ਇਸ ਪਕਾਏ ਜਾਣ ਵਾਲੇ ਥਾਂ ਨੂੰ ਆਵੀ ਕਿਹਾ ਜਾਂਦਾ ਸੀ।ਇਹ ਕੰਮ ਆਮ ਤੌਰ ਤੇ ਘੁਮਿਆਰ ਲੋਕ ਕਰਿਆ ਕਰਦੇ ਸਨ।
ਉਨ੍ਹਾਂ ਸਮਿਆਂ ਵਿੱਚ ਇਨ੍ਹਾਂ ਮਿੱਟੀ ਦੇ ਭਾਂਡਿਆਂ ਦੀ ਭੰਨ ਤੋੜ ਹੋ ਜਾਣ ਕਰਕੇ ਠੀਕਰੀਆਂ ਆਮ ਹੀ ਮਿਲ ਜਾਂਦੀਆਂ ਸਨ।
ਠੀਕਰੀ,ਠੀਕਰ,ਠੀਕਰਾ,ਬੱਬਰ, ਜਾਂ ਬੱਬਰੀ, ਸਭਨਾਂ ਨੂੰ ਕਿਸੇ ਮਿੱਟੀ ਦੇ ਕਿਸੇ ਭਾਂਡੇ ਦੇ ਟੁੱਟੇ ਨਿੱਕੇ ਵੱਡੇ ਟੁਕੜੇ ਨੂੰ ਹੀ ਕਿਹਾ ਜਾਂਦਾ ਹੈ।
ਠੀਕਰੀਆਂ ਬਾਰੇ ਇੱਕ ਬੜੀ ਰੌਚਕ ਗੱਲ  ਜੋ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਉਹ ਇਹ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ  ਦੇ ਬੋਲ ਬਾਲੇ ਬੜੇ ਅਜੀਬ ਤੇ ਹਸਾਉਣੇ ਤੇ ਚੁਟਕਲਿਆਂ ਵਰਗੇ ਵੀ ਹੁੰਦੇ ਹਨ, ਇਹ ਰੁੱਪਈਆਂ ਨੂੰ ਠੀਕਰੀਆਂ ਹੀ ਕਹਿੰਦੇ ਹਨ।
ਮੱਸਾ ਰੰਘੜ ਜਦੋਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਬੇਅਦਬੀ ਦਾ ਕੁਕਰਮ ਕਰ ਰਿਹਾ ਸੀ ਤਾਂ ਉਸ ਨੂੰ ਸੋਧਣ ਲਈ, ਭਾਈ ਸੁੱਖਾ ਸਿੰਘ,ਮਹਿਤਾਬ ਸਿੰਘ ਨਾਂ ਦੇ ਦੋ ਸਿੰਘ ਮੁਗਲਈ ਭੇਸ ਜਦੋਂ
ਮਾਮਲਾ ਤਾਰਣ ਦੇ ਬਹਾਨੇ  ਉਸ ਕੋਲ ਗਏ ਤਾਂ ਉਨ੍ਹਾਂ ਬੋਰੀਆਂ ਵਿੱਚ ਮਾਇਆ ਦੀ ਥਾਂ ਠੀਕਰੀਆਂ ਹੀ ਭਰੀਆਂ ਹੋਈਆਂ ਸਨ।
ਠੀਕਰੀਆਂ ਬਾਰੇ ਸਿੱਖ ਇਤਹਾਸ ਵਿੱਚ ਇੱਕ ਹੋਰ ਕਥਾ ਵੀ,ਸੁਣਨ ਵਿੱਚ ਆਉਂਦੀ ਹੈ, ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਾਬਲ ਘੋੜੇ ਖ੍ਰੀਦਣ ਲਈ ਭੇਜਿਆ ਸੀ, ਉਸ ਵੇਲੇ ਦੀ ਘਟਨਾ ਵਿੱਚ ਵੀ ਠੀਕਰੀਆਂ ਦਾ ਜਿਕਰ ਆਉਂਦਾ ਹੈ।  
ਹੋ ਸਕਦਾ ਹੈ , ਕਿ ਸਮਿਆਂ ਦੇ ਗੇੜ ਨਾਲ ਕਿਸੇ ਕਾਰਣ ਖਵਰੇ  ਉਸ ਧਰਤੀ ਤੇ ਬਹੁਤੀਆਂ  ਠੀਕਰੀਆਂ ਹੋਣ ਕਰਕੇ ਹੀ ਕਈ ਪਿੰਡਾਂ ਦੇ ਨਾਂ ਵੀ ਠੀਕਰੀ ਵਾਲ ਜਾਂ ਠੀਕਰੀ ਵਾਲਾ ਹੀ ਰੱਖੇ ਗਏ ਹੋਣ।
ਇਸੇ ਤਰ੍ਹਾਂ ਹੀ ਪਿੰਡਾਂ ਥਾਂਵਾਂ ਰਾਤ ਵੇਲੇ ਦੇ ਪਹਿਰੇ ਦਾ ਨਾਂ ਵੀ ਠੀਕਰੀ ਪਹਿਰਾ ਕਰਕੇ ਲਿਆ ਜਾਂਦਾ ਹੈ।
ਜਦੋਂ ਪਿੰਡ ਦੀ ਰਾਖੀ ਲਈ ਜਦੋਂ ਇਕ ਥਾਂ ਇਕੱਠੇ ਹੁੰਦੇ ਸਨ ਤਾਂ ਪਹਿਲਾ ਬੰਦੇ ਨੂੰ ਹੱਥ ਵਿੱਚ ਠੀਕਰੀ ਲੈ ਕੇ ਪਿੰਡ ਦੇ ਦੁਆਲੇ ਫੇਰਾ ਮਾਰ ਕੇ ਹੱਥਲੀ ਠੀਕਰੀ  ਦੂਜੇ ਵਾਰੀ ਵਾਲੇ ਬੰਦੇ ਦੇ ਹੱਥ ਫੜਾ ਦਿੰਦਾ ਸੀ।ਇਸ ਤਰ੍ਹਾਂ ਇਸ ਪਹਿਰੇ ਦਾ ਨਾਂ ਠੀਕਰੀ ਪਹਿਰਾ ਹੀ ਪੈ ਗਿਆ ਜਾਪਦਾ ਹੈ ,ਜੋ ਹੁਣ ਤੀਕ ਚਲਿਆ ਆ ਰਿਹਾ ਹੈ।
ਸਮੇਂ ਦਾ ਪ੍ਰਿਵਰਤਣ ਹਮੇਸ਼ਾਂ ਆਪਣੇ ਰੰਗ ਵਿਖਾਂਦਾ ਆਇਆ ਹੈ ਤੇ ਵਿਖਾਂਦਾ ਰਹੇਗਾ। ਘਰ ਦੀ ਵਰਤੋਂ ਵਿੱਚ ਆਉਣ ਵਾਲੇ ਭਾਂਡੇ ਹੁਣ ਮਿੱਟੀ ਦੇ ਬਣੇ ਭਾਂਡਿਆਂ ਦੀ ਥਾਂ ਪਿੱਤਲ.ਤਾਂਬੇ,ਕੈਂਹ (ਕਾਂਸੀ) ਐਲੋਮੀਨੀਅਮ ਤੋਂ  ਹੁੰਦੀ ਹੋਈ ਹੁਣ ਸਟੀਲ,ਪਲਾਸਟਿਕ ਕੱਚ ਆਦਿ ਵਿੱਚ ਪਹੁੰਚ ਗਈ ਹੈ।
ਲੋਕ ਧੜਾ ਧੜ ਪਿੱਤਲ ਦੇ ਭਾਂਡੇ ਬਾਜਾਰ ਸਸਤੇ ਭਾਅ ਦੇ ਕੇ ਹੁਣ ਸਟੀਲ ਆਦਿ ਬਣੇ ਬਰਤਨ ਵਰਤਣਾ ਪਸੰਦ ਕਰਨ ਲੱਗ ਪਏ ਹਨ। ਪਰ ਨਾਲੋ ਨਾਲ ਹਰ ਘਰ ਵਿੱਚ ਫਰਿਜ ਹੁੰਦੇ ਹੋਏ ਵੀ ਮਿੱਟੀ ਦੇ ਘੜੇ ਸੁਰਾਹੀਆਂ,ਝਜਰੀਆਂ ਦੇ ਠੰਡੇ ਪਾਣੀ ਲੂੰ ਤਰਜੀਹ ਦੇਣ ਲੱਗ ਪਏ ਹਨ।
ਨਵੀਆਂ ਨਵੀਆਂ ਕਿਸਮਾਂ ਬੜੀ ਸੁੰਦਰ ਦਿੱਖ ਵਾਲੇ ਇਹ  ਮਿੱਟੀ ਦੇ ਭਾਂਡੇ ਸੜਕਾਂ ਦੇ ਕੰਢੇ ਜਾਂ ਦੁਕਾਨਾਂ ਵਿੱਚ ਖਾਸ ਕਰ ਗਰਮੀਆਂ ਦੇ ਮੌਸਮ ਵਿੱਚ ਆਮ ਵੇਖਣ ਨੂੰ ਮਿਲਦੇ ਹਨ।
ਘਰਾਂ ਵਿੱਚ ਲਿਆਉਣ ਤੇ ਵਰਤੋਂ ਕਰਦਿਆਂ ਇਨ੍ਹਾਂ ਦੀ ਟੁੱਟ ਭੱਜ ਵੀ ਨਾਲੋ ਨਾਲ ਹੁੰਦੀ ਹੀ ਰਹਿਣੀ ਹੈ ਤੇ ਹੁਣ ਠੀਕਰੀਆਂ ਵੀ ਕਿਤੇ ਨਾ ਕਿਤੇ ਮਿਲ ਹੀ ਜਾਇਆ ਕਰਨਗੀਆਂ।
ਵੈਸੇ  ਠੀਕਰੀ ਵੇਖਣ ਨੂੰ  ਤਾਂ  ਭਾਂਵੇਂ ਨਿਗੂਣੀ ਜਿਹੀ ਸ਼ੈਅ ਲਗਦੀ ਹੈ,ਪਰ ਲੋੜ ਪੈਣ ਤਾਂ ਜਿਵੇਂ  ਸਿਆਣੇ ਕਹਿੰਦੇ ਨੇ ਕਿ ਕੱਖ ਦੀ ਵੀ ਕੀਮਤ ਵੀ ਹੁੰਦੀ ਹੈ, ਇਹ ਤਾਂ ਫਿਰ ਹੋਈ ਠੀਕਰੀ ਜਾਂ ਠੀਕਰੀਆਂ,ਜੋ ਕਿਸੇ ਭਾਂਡੇ ਦੀ ਉਮਰ ਬੀਤ ਜਾਣ ਤੇ ਵੀ ਛੋਟੇ ਮੋਟੇ ਟੁਕੜਿਆਂ ਵਿੱਚ ਠੀਕਰੀ ਜਾਂ ਠੀਕਰੀਆਂ ਹੋ ਕੇ  ਵੀ ਮਨੁੱਖ ਦੇ ਕੰਮ ਆਉਂਦੀਆਂ  ਹਨ।
ਰਵੇਲ ਸਿੰਘ ਇਟਲੀ