"ਆਟੇ ਨਾਲ ਪਲੇਥਣ" - ਅਮਰ ਮੀਨੀਆਂ ਗਲਾਸਗੋ

ਪੰਜਾਬ ਦੇ ਕਾਲੇ ਦੌਰ ਦੀ ਗੱਲ ਆ, 1990/91 ਦੇ ਨੇੜ ਤੇੜ ਦੀ। ਸਾਡੇ ਇੱਕ ਦੋਸਤ ਗੁਰਦੇਵ ਨੇ ਜਗਰਾਓਂ ਬਿਜਲੀ ਫਿਟਿੰਗ ਦੀ ਦੁਕਾਨ ਕਰ ਲਈ। ਦੁਕਾਨ ਇੱਕ ਗੁਰਦੁਆਰਾ ਸਾਹਿਬ ਵਿੱਚ ਬਣੀ ਹੋਈ ਹੈ । ਪਿਛਲੇ ਪਾਸੇ ਗੁਰੂ ਘਰ ਬਣਿਆ ਹੋਇਆ ਹੈ ਤੇ ਮੂਹਰੇ ਮੇਨ ਰੋਡ ਉੱਤੇ ਦਸ ਬਾਰਾਂ ਦੁਕਾਨਾਂ ਬਣੀਆ ਹਨ ਜੋ ਕਾਰੋਬਾਰੀ ਲੋਕਾਂ ਨੂੰ ਕਿਰਾਏ ਤੇ ਦਿੱਤੀਆਂ ਜਾਦੀਆਂ ਹਨ। ਜਗਰਾਓਂ ਦੇ ਨੇੜਲੇ ਪਿੰਡ ਦਾ ਇੱਕ ਨੌਜਵਾਨ ਬਿੱਟੂ ਗੁਰਦੁਆਰਾ ਸਾਹਿਬ ਵਿੱਚ ਕੋਈ ਛੋਟੀ ਮੋਟੀ ਨੌਕਰੀ ਕਰਦਾ ਸੀ। ਉਹ ਗੁਰਦੇਵ ਕੋਲ ਉੱਠਣ ਬੈਠਣ ਲੱਗ ਪਿਆ। ਹੌਲੀ-ਹੌਲੀ ਦੋਨੋਂ ਚੰਗੇ ਦੋਸਤ ਬਣ ਗਏ। ਬਿੱਟੂ ਦਾ ਚੇਤਕ ਸਕੂਟਰ ਗੁਰਦੇਵ ਆਪਣੇ ਕੰਮਾਂ ਕਾਰਾਂ ਲਈ ਭਜਾਈ ਫਿਰਦਾ। ਬਿੱਟੂ ਨੇ ਕਦੇ ਮੱਥੇ ਤਿਊੜੀ ਨਹੀਂ ਸੀ ਪਾਈ।ਕਦੇ-ਕਦੇ ਬਿੱਟੂ ਆਪਣੀ ਮਹਿੰਦਰਾ ਜੀਪ ਲੈਕੇ ਡਿਊਟੀ ਤੇ ਆਉਂਦਾ। ਉਸ ਕੋਲ ਪੁਰਾਣਾ ਰਾਜਦੂਤ ਮੋਟਰਸਾਈਕਲ ਵੀ ਸੀ। ਕਿਤੇ ਨਾ ਕਿਤੇ ਗੁਰਦੇਵ, ਬਿੱਟੂ ਦੇ ਸ਼ਾਹੀ ਠਾਠ ਬਾਠ ਤੋਂ ਵੀ ਪ੍ਰਭਾਵਿਤ ਸੀ। ਬਹੁਤ ਵਾਰ ਗੁਰਦੇਵ, ਬਿੱਟੂ ਦੇ ਘਰ ਗਿਆ, ਉਸਦੇ ਮਾਪਿਆਂ ਨੂੰ ਮਿਲਿਆ, ਰੋਟੀ, ਚਾਹ ਪਾਣੀ ਛਕਿਆ। ਇੱਕ ਦੋ ਵਾਰ ਰਾਤ ਵੀ ਰਿਹਾ।
          ਇਸ ਮੇਲ ਮਿਲਾਪ ਨੂੰ ਅਜੇ ਸਿਰਫ਼ ਦੋ ਤਿੰਨ ਕੁ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਖ਼ਬਰ ਆ ਗਈ ਕਿ ਬਿੱਟੂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਗਰੁੱਪ ਦੇ ਬੰਦਿਆਂ ਨੇ ਪਿੰਡ ਦੀ ਪੰਚਾਇਤ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਹੈ। ਮੁੰਡਿਆਂ ਵੱਲੋਂ ਦੋਸ਼ ਲਾਇਆ ਗਿਆ ਕਿ ਬਿੱਟੂ ਖਾੜਕੂਆਂ ਦੇ ਨਾਮ ਹੇਠ ਲੁੱਟਾਂ ਖੋਹਾਂ ਤੇ ਫਿਰੌਤੀਆਂ ਦਾ ਧੰਦਾ ਕਰਦਾ ਹੈ। ਥੋੜ੍ਹਾ ਬਹੁਤ ਲੁੱਟ ਦਾ ਸਮਾਨ ਤੇ ਲੱਕੜ ਦੇ ਟੋਟੇ ਉੱਪਰ ਭੂਕਣਾ ਫਿੱਟ ਕਰਕੇ ਬਣਾਈ ਹੋਈ ਨਕਲੀ ਬੰਦੂਕ ਵੀ ਪੰਚਾਇਤ ਦੀ ਹਾਜ਼ਰੀ ਵਿੱਚ ਬਿੱਟੂ ਕੋਲੋਂ ਬਰਾਮਦ ਕੀਤੀ ਗਈ। ਸਾਰੀ ਰਾਤ ਬਿੱਟੂ ਦੀ ਲਾਸ਼ ਸੱਥ ਵਿੱਚ ਪਈ ਰਹੀ। ਸਵੇਰੇ ਪੁਲਸ ਨੂੰ ਇਤਲਾਹ ਦਿੱਤੀ ਗਈ ਤੇ ਲਾਸ਼ ਪੁਲਸ ਨੇ ਕਬਜ਼ੇ ਵਿੱਚ ਲੈ ਲਈ। ਰਾਤ ਵੇਲੇ ਬੀਤੀ ਘਟਨਾ ਦਾ ਵੇਰਵਾ ਲੈ ਕੇ ਪੁਲਸ ਨੇ ਬਿੱਟੂ ਦੇ ਮਾਂ-ਪਿਓ ਚੁੱਕ ਲਏ। ਪੁਲਿਸ ਨੇ ਉਨ੍ਹਾਂ ਤੋਂ ਬਿੱਟੂ ਦੇ ਨਜ਼ਦੀਕੀ ਦੋਸਤਾਂ ਬਾਰੇ ਪੁੱਛਿਆ ਤਾਂ ਚਾਰ ਪੰਜਾਂ ਦੀ ਲਿਸਟ ਵਿੱਚ ਪਹਿਲਾ ਸਥਾਨ ਗੁਰਦੇਵ ਦਾ ਸੀ। ਸ਼ਾਮ ਤੱਕ ਗੁਰਦੇਵ ਵੀ ਪੁਲਸ ਨੇ ਡੁੱਕ ਲਿਆ।
         ਘਰ ਵਾਲਿਆਂ ਨੂੰ ਤਾਂ ਦੂਜੇ ਦਿਨ ਪਤਾ ਲੱਗਾ ਕਿ ਗੁਰਦੇਵ ਨੂੰ ਪੁਲਸ ਨੇ ਫੜ ਲਿਆ ਹੈ। ਪਿੰਡ ਦੀ ਪੰਚਾਇਤ ਤੇ ਕੁੱਝ ਹੋਰ ਮੋਹਤਬਰ ਬੰਦਿਆਂ ਨਾਲ ਠਾਣੇ ਪਤਾ ਕੀਤਾ ਤਾਂ ਕੋਈ ਪਤਾ ਨਹੀਂ ਲੱਗਾ ਕਿ ਕਿੱਥੋਂ ਦੀ ਪੁਲਸ ਨੇ ਚੁੱਕਿਆ ਹੈ।ਪਰਵਾਰ ਸਮੇਤ ਰਿਸ਼ਤੇਦਾਰਾਂ ਤੇ ਮੇਰੇ ਵਰਗੇ ਯਾਰਾਂ ਦੋਸਤਾਂ ਨੂੰ ਭਾਜੜਾਂ ਪੈ ਗਈਆਂ। ਦਸ ਕੁ ਦਿਨਾਂ ਬਾਅਦ ਸਾਡੇ ਇੱਕ ਖਾਸ ਰਿਸ਼ਤੇਦਾਰ ਨਾਲ ਗੱਲ ਹੋਈ ਜੋ ਪੁਲਿਸ ਨਾਲ ਸੰਬੰਧਿਤ ਇਕ ਖਾਸ ਮਹਿਕਮੇ ਵਿੱਚ ਵੱਡੇ ਅਹੁਦੇ ਤੇ ਸੀ। ਅੱਤਵਾਦ, ਡਰੱਗਜ਼ ਤੇ ਰਿਸ਼ਵਤ ਦੇ ਕੇਸਾਂ ਵਿੱਚ ਮੱਦਦ ਕਰਨੀ ਉਸਦੇ ਅਸੂਲਾਂ ਦੇ ਖਿਲਾਫ ਸੀ। ਦੋ ਤਿੰਨ ਦਿਨ ਤਰਲੇ ਮਿੰਨਤਾਂ ਕਰਨ ਤੋਂ ਬਾਅਦ ਉਸਨੇ ਸਿਰਫ਼ ਏਨਾ ਹੀ ਦੱਸਿਆ ਕਿ ਬੰਦਾ ਥੋਡਾ ਜਿਉਂਦਾ ਹੈ ਤੇ ਕੱਲ੍ਹ ਰਾਤ ਤੱਕ ਹੰਭੜਾਂ ਜ਼ਿਲਾ ਲੁਧਿਆਣਾ ਠਾਣੇ ਵਿੱਚ ਸੀ।
ਪੂਰੇ ਇੱਕ ਮਹੀਨੇ ਬਾਅਦ 50 ਹਜ਼ਾਰ ਦੀ ਰਿਸ਼ਵਤ ਦੇ ਕੇ ਗੁਰਦੇਵ ਮੌਤ ਦੇ ਮੂੰਹ ਵਿੱਚੋਂ ਨਿਕਲ ਆਇਆ। ਬੁਰਾ ਹਾਲ ਤੇ ਬੌਂਕੇ ਦਿਹਾੜੇ। ਵੱਖ ਵੱਖ ਠਾਣਿਆਂ ਵਿੱਚ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਪੱਟਾਂ ਉੱਪਰ ਘੋਟੇ, 180 ਡਿਗਰੀ ਤੱਕ ਲੱਤਾਂ ਖਿੱਚੀਆਂ, ਬਿਜਲੀ ਦਾ ਕਰੰਟ ਤੇ ਬਰਫ ਦੀ ਸਿੱਲ ਤੇ ਲਿਟਾ ਕੇ ਪਾਣੀ ਦੇ ਟੱਬ ਵਿੱਚ ਸਾਹ ਘੁੱਟਣ ਤੱਕ ਮੂੰਹ ਡਬੋਇਆ ਜਾਂਦਾ। ਪੁਲਿਸ ਗੁਰਦੇਵ ਤੋਂ ਬਿੱਟੂ ਨਾਲ ਰਲ ਕੇ ਕੀਤੀਆਂ ਲੁੱਟਾਂ ਖੋਹਾਂ ਬਾਰੇ ਪੁੱਛ ਪੜਤਾਲ ਕਰ ਰਹੀ ਸੀ। ਜਦਕਿ ਗੁਰਦੇਵ ਇਸ ਸਭ ਕਾਸੇ ਤੋਂ ਅਣਜਾਣ ਸੀ। ਬਿੱਟੂ ਦੁਆਰਾ ਕੀਤੇ ਕਾਰਨਾਮਿਆਂ ਬਾਰੇ ਤਾਂ ਉਸ ਨੂੰ ਵੀ ਠਾਣੇ ਵਿੱਚ ਜਾ ਕੇ ਹੀ ਪਤਾ ਲੱਗਿਆ ਸੀ। ਅਸਲ ਵਿੱਚ ਸ਼ਾਤਰ ਦਿਮਾਗ ਬਿੱਟੂ ਆਪਣਾ ਇਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦ ਤੱਕ ਗੁਰਦੇਵ ਉਸਦੀਆਂ ਕਾਰਵਾਈਆਂ ਵਿੱਚ ਸ਼ਾਮਲ ਹੁੰਦਾ ਤਦ ਤੱਕ ਉਹ ਇਸ ਜਹਾਨ ਤੋਂ ਕੂਚ ਕਰ ਚੁੱਕਾ ਸੀ।
                         ਬੇਸ਼ੱਕ ਗੁਰਦੇਵ ਬੇਗੁਨਾਹ ਸੀ ਪਰ ਪਿੰਡ ਵਿੱਚ ਲੋਕ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ। ਘਰ ਵਿੱਚ ਨਵੀਂ ਖਰੀਦੀ ਮੱਝ ਨੂੰ ਵੀ ਲੁੱਟ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਸੀ। ਗੁਰਦੇਵ ਦੇ ਘਰਵਾਲੇ ਬਥੇਰਾ ਕਹਿੰਦੇ ਕਿ, "ਅਸੀਂ ਤਾਂ ਪੱਟੇ ਗਏ ਸਾਡਾ ਪੁੱਤ ਨਹੱਕਾ ਰਗੜਿਆ ਗਿਆ। ਬੱਸ ਆਟੇ ਨਾਲ ਪਲੇਥਣ ਲੱਗ ਗਿਆ।" ਪਰ ਪਿੰਡ ਵਿੱਚ ਨਿੱਤ ਨਵੀਆਂ ਅਫਵਾਹਾਂ ਉੱਡਦੀਆਂ ਰਹਿੰਦੀਆਂ। ਕੋਈ ਨਵੀਂ ਭਸੂੜੀ ਪੈਣ ਦੇ ਡਰੋਂ ਗੁਰਦੇਵ ਨੂੰ ਡੁਬਈ ਭੇਜ ਦਿੱਤਾ। ਉਸ ਤੋਂ ਬਾਅਦ ਪੰਜਾਬ 'ਚ ਰਾਸ਼ਟਰਪਤੀ ਰਾਜ ਭੰਗ ਕਰਕੇ ਕਾਂਗਰਸ ਦੀ ਸਰਕਾਰ ਬੇਅੰਤ ਸਿੰਘ ਅਗਵਾਈ ਵਿੱਚ ਬਣੀ। ਏ ਕੇ ਸੰਤਾਲੀਆਂ ਦੀ ਅੱਗ ਠੰਡੀ ਹੋਈ। ਸਾਲ ਦੇ ਅੰਦਰ ਅੰਦਰ ਮਹੌਲ ਸ਼ਾਂਤ ਹੋਣਾ ਸ਼ੂਰੂ ਹੋ ਗਿਆ। ਗੁਰਦੇਵ ਦੇ ਵਾਪਸ ਆਉਣ ਤੱਕ ਸਭ ਕੁੱਝ ਨੌਰਮਲ ਹੋ ਗਿਆ ਸੀ। ਤੀਹ ਦੇ ਨੇੜੇ ਢੁੱਕਣ ਲੱਗੇ ਮੁੰਡੇ ਲਈ ਮਾਪਿਆਂ ਨੇ ਕੁੜੀ ਵੇਖ ਰੱਖੀ ਸੀ। ਪਰ ਗੁਰਦੇਵ ਕਿਤੇ ਹੋਰ ਗਾਟੀ ਪਾਈ ਫਿਰਦਾ ਸੀ। ਇਸ ਮਸਲੇ ਨੂੰ ਲੈ ਕੇ ਘਰ ਦਾ ਮਹੌਲ ਤਣਾਅਪੂਰਨ ਸੀ। ਆਪਣੇ ਪੱਖ 'ਚ ਗੱਲ ਮਨਵਾਉਣ ਲਈ ਗੁਰਦੇਵ ਨੇ ਮੈਨੂੰ ਬੁਲਾ ਲਿਆ। ਸ਼ਾਇਦ ਬਾਪੂ, ਮੁੰਡੇ ਦੀ ਮਸ਼ੂਕਾ ਦੇ ਓੜਮੇ ਕੋੜਮੇ ਦੀ ਪੂਰੀ ਕੁੰਡਲੀ ਬਣਾਈ ਬੈਠਾ ਸੀ। ਇਸ ਕਰਕੇ ਉਸ ਨੇ ਪੁੱਛਿਆ, "ਕਿ ਤੂੰ ਕੀ ਜਾਣਦਾ ਉਸ ਕੁੜੀ ਤੇ ਉਸਦੇ ਪਰਿਵਾਰ ਬਾਰੇ?" ਤਾਂ ਜਵਾਬ ਵਿੱਚ ਇੰਨਾ ਹੀ ਕਹਿ ਸਕਿਆ ਕਿ ਕੁੜੀ ਬਹੁਤ ਚੰਗੀ ਆ ਉਸਦਾ ਪਰਿਵਾਰ ਵੀ ਖਾਨਦਾਨੀ ਆ। ਮੈਂ ਪੂਰੀ ਪੁੱਛ ਪੜਤਾਲ ਕੀਤੀ ਹੋਈ ਆ। ਸੁਣ ਕੇ ਬਾਪੂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਤੇ ਬੋਲਿਆ, "ਯੱਦਾ ਪੁੱਛ ਪੜਤਾਲ ਦਾ, ਦੋ ਮਹੀਨੇ ਪਤੰਦਰ ਦੇ ਬੰਬੂਕਾਟ ਤੇ ਝਾਟੀਆਂ ਲੈਂਦਾ ਰਿਹਾ। ਗੁਰਦੁਆਰੇ ਵਿੱਚ ਹਜ਼ਾਰ ਪੰਦਰਾਂ ਸੌ ਦੀ ਨੌਕਰੀ ਕਰਨ ਵਾਲਾ ਬੰਦਾ, ਗੱਡੀਆਂ ਮੋਟਰਾਂ ਭਜਾਈ ਫਿਰਦਾ। ਇੱਥੇ ਸਾਲਾ ਸੈਕਲ ਨੀ ਜੁੜਦਾ। ਉਸ ਧਗੜੇ ਦੀ ਤਾਂ ਪੁੱਛ ਪੜਤਾਲ ਹੋਈ ਨਾ ਤੈਥੋ ਵੱਡੇ ਸਿਆਣੇ ਤੋਂ। ਮਹੀਨਾ ਚੱਡੇ ਪੜਵਾਈ ਗਿਆ ਪੁਲਸ ਤੋਂ। ਜੇ ਆਹ ਅਮਰ ਵਰਗੇ ਨਾ ਹੁੰਦੇ ਤਾਂ ਤੇਰੇ ਨੰਦ ਤਾਂ ਕੀ ਹੁਣ ਨੂੰ ਕੀਰਤਨ ਸੋਹਲਾ ਪੜ੍ਹਿਆ ਹੋਣਾ ਸੀ। ਮਾਰਦਾ ਗੱਲਾਂ।"
                   ਅਮਰ ਮੀਨੀਆਂ ਗਲਾਸਗੋ  (00447868370984)