ਵਿਸ਼ਵ ਡਾਕ ਦਿਵਸ - ਗੋਬਿੰਦਰ ਸਿੰਘ ਢੀਂਡਸਾ

ਇਹ ਕੋਈ ਅੱਤਕੱਥਨੀ ਨਹੀਂ ਕਿ ਕਿਸੇ ਆਪਣੇ ਨੂੰ ਚਿੱਠੀ ਲਿਖਣ ਅਤੇ ਕਿਸੇ ਆਪਣੇ ਦੀ ਭੇਜੀ ਚਿੱਠੀ ਪੜ੍ਹਣ ਵਿੱਚ ਜੋ ਭਾਵਨਾਵਾਂ ਦਾ ਬਹਾਅ ਦਿਲ ਨੂੰ ਟੁੰਬਦਾ ਹੈ ਉਸ ਦੀ ਕੋਈ ਬਰਾਬਰੀ ਨਹੀਂ। ਬੇਸ਼ੱਕ ਤਕਨੀਕ ਦੀ ਰਫ਼ਤਾਰ ਸਦਕਾ ਲੋਕਾਂ ਦੁਆਰਾ ਆਪਣਿਆਂ ਨੂੰ ਚਿੱਠੀ-ਪੱਤਰ ਲਿਖਣ ਵਿੱਚ ਭਾਰੀ ਕਮੀ ਆਈ ਹੈ ਪਰੰਤੂ ਫਿਰ ਵੀ ਸੰਚਾਰ ਦੇ ਅਹਿਮ ਸਾਧਨਾਂ ਵਿੱਚ ਡਾਕ ਦੀ ਆਪਣੀ ਮਹੱਤਤਾ ਹੈ। ਦੁਨੀਆਂ ਭਰ ਵਿੱਚ ਵਿਸ਼ਵ ਡਾਕ ਦਿਵਸ 9 ਅਕਤੂਬਰ ਨੂੰ ਯੂਨੀਵਰਸਲ ਪੋਸਟਲ ਯੂਨੀਅਨ ਦੀ ਤਰਫ਼ੋਂ ਮਨਾਇਆ ਜਾਂਦਾ ਹੈ ਅਤੇ ਇਸਦਾ ਉਦੇਸ਼ ਲੋਕਾਂ ਵਿੱਚ ਡਾਕ ਵਿਭਾਗ ਦੇ ਉਤਪਾਦ ਬਾਰੇ ਜਾਣਕਾਰੀ ਦੇਣਾ, ਉਹਨਾਂ ਨੂੰ ਜਾਗਰੂਕ ਕਰਨਾ ਅਤੇ ਡਾਕਘਰਾਂ ਨਾਲ ਤਾਲਮੇਲ ਪੈਦਾ ਕਰਨਾ ਹੈ।

ਵੱਖੋ ਵੱਖਰੇ ਦੇਸ਼ਾਂ ਵਿੱਚ ਚਿੱਠੀਆਂ-ਪੱਤਰਾਂ ਦੀ ਆਵਾਗਮਨ ਸਹਿਜ ਰੂਪ ਵਿੱਚ ਹੋ ਸਕੇ, ਇਸਨੂੰ ਧਿਆਨ ਵਿੱਚ ਰੱਖਦੇ ਹੋਏ 9 ਅਕਤੂਬਰ 1874 ਨੂੰ ਜਨਰਲ ਪੋਸਟਲ ਯੂਨੀਅਨ ਦੇ ਗਠਨ ਲਈ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਵਿੱਚ 22 ਦੇਸ਼ਾਂ ਨੇ ਇੱਕ ਸੰਧੀ ਤੇ ਦਸਤਖ਼ਤ ਕੀਤੇ ਅਤੇ ਇਸੇ ਕਰਕੇ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ। ਇਹ ਸੰਧੀ 1 ਜੁਲਾਈ 1875 ਨੂੰ ਹੋਂਦ ਵਿੱਚ ਆਈ। ਇੱਕ ਅਪ੍ਰੈਲ 1879 ਨੂੰ ਜਨਰਲ ਪੋਸਟਲ ਯੂਨੀਅਨ ਦਾ ਨਾਂ ਬਦਲ ਕੇ ਯੂਨੀਵਰਸਲ ਪੋਸਟਲ ਯੂਨੀਅਨ ਕਰ ਦਿੱਤਾ ਗਿਆ। 1969 ਵਿੱਚ ਜਾਪਾਨ ਦੇ ਟੋਕੀਓ ਵਿੱਚ ਹੋਏ ਯੂਨੀਵਰਸਲ ਪੋਸਟਲ ਯੂਨੀਅਨ ਦੇ ਸੰਮੇਲਨ ਦੁਆਰਾ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਘੋਸ਼ਿਤ ਕੀਤਾ ਗਿਆ।

ਬ੍ਰਿਟੇਨ ਵਿੱਚ ਡਾਕ ਵਿਭਾਗ ਦੀ ਸਥਾਪਨਾ ਸਾਲ 1516 ਵਿੱਚ ਹੋਈ ਸੀ, ਬ੍ਰਿਟੇਨ ਵਿੱਚ ਇਸਨੂੰ ਰੋਇਲ ਮੇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਵਿੱਚ ਡਾਕ ਸੇਵਾ ਦਾ ਇਤਿਹਾਸ ਬਹੁਤ ਪੁਰਾਣਾ ਹੈ, ਸਾਲ 1766 ਵਿੱਚ ਭਾਰਤ ਵਿੱਚ ਪਹਿਲੀ ਵਾਰ ਡਾਕ ਵਿਵਸਥਾ ਦਾ ਆਰੰਭ ਹੋਇਆ, ਵਾਰੇਨ ਹੇਸਟਿੰਗਜ ਨੇ ਕੱਲਕੱਤੇ ਵਿਖੇ ਪਹਿਲਾ ਡਾਕਘਰ ਸਾਲ 1774 ਨੂੰ ਸਥਾਪਿਤ ਕੀਤਾ। ਭਾਰਤ ਵਿੱਚ ਇੱਕ ਵਿਭਾਗ ਦੇ ਰੂਪ ਵਿੱਚ ਇਸਦੇ ਸਥਾਪਨਾ 1 ਅਕਤੂਬਰ 1854 ਨੂੰ ਲਾਰਡ ਡਲਹੋਜੀ ਦੇ ਕਾਲ ਵਿੱਚ ਹੋਈ ਸੀ। ਡਾਕਘਰਾਂ ਵਿੱਚ ਬੁਨਿਆਦੀ ਡਾਕ ਸੇਵਾਵਾਂ ਤੋਂ ਇਲਾਵਾ ਬੈਂਕਿੰਗ, ਵਿੱਤੀ ਅਤੇ ਬੀਮਾ ਸੇਵਾ ਆਦਿ ਵੀ ਉਪਲੱਬਧ ਹੈ।


ਭਾਰਤ ਯੂਨੀਵਰਸਲ ਪੋਸਟਲ ਯੂਨੀਅਨ ਦਾ ਮੈਂਬਰ 1 ਜੁਲਾਈ 1876 ਨੂੰ ਬਣਿਆ ਅਤੇ ਉਹ ਏਸ਼ੀਆ ਦਾ ਪਹਿਲਾ ਦੇਸ਼ ਸੀ ਜਿਸਨੇ ਮੈਂਬਰਸ਼ਿਪ ਲਈ। ਭਾਰਤੀ ਡਾਕ ਵਿਭਾਗ 9 ਤੋਂ 14 ਅਕਤੂਬਰ ਤੱਕ ਵਿਸ਼ਵ ਡਾਕ ਹਫ਼ਤਾ ਮਨਾਉਂਦਾ ਹੈ ਅਤੇ ਬਿਹਤਰ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕਰਦਾ ਹੈ।

ਭਾਰਤ ਵਿੱਚ 1852 ਵਿੱਚ ਪਹਿਲੀ ਵਾਰ ਚਿੱਠੀ ਤੇ ਡਾਕ ਟਿਕਟ ਲਗਾਉਣ ਦੀ ਸ਼ੁਰੂਆਤ ਹੋਈ ਅਤੇ ਮਹਾਰਾਣੀ ਵਿਕਟੋਰੀਆ ਤੇ ਚਿੱਤਰ ਵਾਲਾ ਡਾਕ ਟਿਕਟ 1 ਅਕਤੂਬਰ 1854 ਨੂੰ ਜਾਰੀ ਕੀਤਾ ਗਿਆ। ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡਾਕ ਟਿਕਟ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਤੇ 20 ਅਗਸਤ 1991 ਨੂੰ ਜਾਰੀ ਕੀਤਾ ਗਿਆ। ਭਾਰਤੀ ਡਾਕ ਵਿਭਾਗ ਨੇ 13 ਦਿਸੰਬਰ 2006 ਨੂੰ ਚੰਦਨ, 7 ਫਰਵਰੀ 2007 ਨੂੰ ਗੁਲਾਬ ਅਤੇ 26 ਅਪ੍ਰੈਲ 2008 ਨੂੰ ਜੂਹੀ ਦੀ ਸੁਗੰਧ ਵਾਲੇ ਡਾਕ ਟਿਕਟ ਜਾਰੀ ਕੀਤੇ।

ਭਾਰਤ ਵਿੱਚ ਪਹਿਲਾ ਪੋਸਟ ਕਾਰਡ 1879 ਵਿੱਚ ਜਾਰੀ ਹੋਇਆ। ਭਾਰਤ ਵਿੱਚ ਮਜੂਦਾ ਡਾਕ ਪਿੰਨਕੋਡ ਨੰਬਰ ਦੀ ਸ਼ੁਰੂਆਤ 15 ਅਗਸਤ 1972 ਵਿੱਚ ਹੋਈ। ਭਾਰਤ ਦੀ ਡਾਕ ਸੇਵਾ ਦੁਨੀਆਂ ਦੀ ਸਭ ਤੋਂ ਵੱਡੀ ਡਾਕ ਸੇਵਾ ਹੈ, ਨਾਲ ਹੀ ਦੁਨੀਆਂ ਵਿੱਚ ਸਭ ਤੋਂ ਉੱਚਾਈ ਤੇ ਬਣਿਆ ਡਾਕਘਰ ਵੀ ਭਾਰਤ ਵਿੱਚ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਹਿੱਕਮ ਵਿੱਚ ਸਥਿਤ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

01 Oct. 2018