ਕਾਲੇ ਤੇ ਸਫ਼ੈਦ ਦੇ ਦਵੰਦ ਵਿਚ ਉਲਝੀ ਲੋਕਾਈ - ਸਵਰਾਜਬੀਰ

ਲੱਖਾਂ ਵਰ੍ਹੇ ਪਹਿਲਾਂ, ਜੰਗਲਾਂ-ਬੇਲਿਆਂ ਵਿਚ ਵੱਸਦੇ ਮਨੁੱਖ ਦੀ ਕੁਦਰਤ ਨਾਲ ਰਿਸ਼ਤਿਆਂ ਬਾਰੇ ਕਲਪਨਾ ਕਰਨੀ ਮੁਸ਼ਕਲ ਹੈ। ਕੁਦਰਤ ਨਾਲ ਨਾਤੇ ਕਾਇਮ ਕਰਦਿਆਂ ਜਿੱਥੇ ਮਨੁੱਖ ਕੁਦਰਤੀ ਸ਼ਕਤੀਆਂ ਧੁੱਪ, ਮੀਂਹ, ਹੜ੍ਹਾਂ, ਬਰਫ਼ਬਾਰੀ, ਹਵਾਵਾਂ, ਝੱਖੜਾਂ, ਲੂਆਂ, ਠੱਕਿਆਂ ਆਦਿ ਨਾਲ ਜੂਝਿਆ ਹੋਵੇਗਾ, ਉੱਥੇ ਉਸ ਨੇ ਜਾਨਵਰਾਂ, ਰੁੱਖਾਂ, ਬੇਲ-ਬੂਟਿਆਂ, ਫ਼ਲਾਂ, ਫੁੱਲਾਂ, ਬੀਜਾਂ ਆਦਿ ਨਾਲ ਅਨੇਕ ਤਰ੍ਹਾਂ ਦੇ ਰਿਸ਼ਤੇ ਕਾਇਮ ਕੀਤੇ ਹੋਣਗੇ। ਪੁਰਾਤਨ ਸਾਹਿਤ ਵਿਚ ਜਿੱਥੇ ਮਨੁੱਖ ਕੁਦਰਤੀ ਸ਼ਕਤੀਆਂ ਤੋਂ ਡਰਦਾ ਅਤੇ ਉਨ੍ਹਾਂ ਦੀ ਪੂਜਾ ਕਰਦਾ ਦਿਖਾਈ ਦਿੰਦਾ ਹੈ, ਉੱਥੇ ਉਹ ਕੁਦਰਤ ਨੂੰ ਮਾਣਦਾ ਅਤੇ ਇਸ ਦਾ ਮਾਨਵੀਕਰਨ ਕਰਦਾ ਵੀ ਵਿਖਾਈ ਦਿੰਦਾ ਹੈ। ਸਾਡੇ ਕੋਲ ਇਹ ਜਾਣਕਾਰੀਆਂ ਉਦੋਂ ਦੀਆਂ ਹਨ ਜਦੋਂ ਮਨੁੱਖ ਭਾਸ਼ਾ ਤੇ ਲਿੱਪੀ ਦੇ ਸੰਸਾਰ ਵਿਚ ਦਾਖ਼ਲ ਹੋ ਚੁੱਕਾ ਸੀ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਦੀਆਂ, ਜਦੋਂ ਉਸ ਨੇ ਗੁਫ਼ਾਵਾਂ, ਪੱਥਰਾਂ ਆਦਿ ’ਤੇ ਚਿੱਤਰ ਉੱਕਰੇ (ਭਾਵ ਉਹ ਪ੍ਰਤੀਕਾਤਮਕ ਪ੍ਰਗਟਾਵੇ ਦੇ ਕਾਬਲ ਹੋਇਆ)। ਵਿਕਾਸ ਦੇ ਇਨ੍ਹਾਂ ਪੜਾਵਾਂ ਤੋਂ ਪਹਿਲਾਂ ਦੇ ਕੁਦਰਤ-ਮਨੁੱਖ ਦੇ ਰਿਸ਼ਤਿਆਂ ਦੀ ਥਾਹ ਪਾਉਣੀ ਮੁਸ਼ਕਲ ਹੈ, ਵਿਗਿਆਨੀਆਂ ਨੇ ਇਸ ਸਬੰਧ ਵਿਚ ਵੱਡੀਆਂ ਖੋਜਾਂ ਕੀਤੀਆਂ ਹਨ।
       ਮਨੁੱਖ ਅਤੇ ਕੁਦਰਤ ਵਿਚਕਾਰਲੇ ਰਿਸ਼ਤਿਆਂ ਵਿਚੋਂ ਉਸ (ਮਨੁੱਖ) ਦਾ ਇਕ ਰਿਸ਼ਤਾ ਕੁਦਰਤ ਵਿਚ ਪਾਏ ਜਾਂਦੇ ਰੰਗਾਂ ਨਾਲ ਹੈ। ਪਸ਼ੂਆਂ, ਰੁੱਖਾਂ, ਬੇਲ-ਬੂਟਿਆਂ, ਫੁੱਲਾਂ, ਫ਼ਲਾਂ, ਜੜ੍ਹੀਆਂ-ਬੂਟੀਆਂ ਆਦਿ ਦੇ ਅਨੇਕ ਰੰਗਾਂ ਨੇ ਮਨੁੱਖੀ ਦਿਮਾਗ਼ ਵਿਚ ਲੱਖਾਂ ਅਰਥ ਪੈਦਾ ਕੀਤੇ ਹਨ, ਇਨ੍ਹਾਂ ਦਾ ਸਬੰਧ ਰੰਗਾਂ ਦੇ ਵੱਖੋ-ਵੱਖਰੇ ਹੋਣ, ਸੁਹਜਮਈ ਅਨੁਭਵ, ਉਨ੍ਹਾਂ ਰੰਗਾਂ ਵਾਲੀ ਬਨਸਪਤੀ ਤੇ ਹੋਰ ਕੁਦਰਤੀ ਵਸਤਾਂ ਦਾ ਮਨੁੱਖੀ ਸਿਹਤ ਅਤੇ ਸਵਾਦ ’ਤੇ ਅਸਰ ਆਦਿ ਨਾਲ ਹੈ। ਇਸੇ ਸਫ਼ਰ ਵਿਚ ਹੀ ਮਨੁੱਖ ਨੇ ਬੁਨਿਆਦੀ ਰੰਗਾਂ ਦੀ ਪਛਾਣ ਕੀਤੀ ਅਤੇ ਜਾਣਿਆ ਕਿ ਬਾਕੀ ਸਭ ਰੰਗ, ਉਪ-ਰੰਗ, ਭਾਹਾਂ ਆਦਿ ਉਨ੍ਹਾਂ ਬੁਨਿਆਦੀ ਰੰਗਾਂ ਦੇ ਮੇਲ-ਮਿਲਾਪ ਤੋਂ ਬਣਦੀਆਂ ਹਨ। ਆਪਣੇ ਲਿਬਾਸ, ਭੋਜਨ, ਹਾਰ-ਸ਼ਿੰਗਾਰ ਦੇ ਸਾਮਾਨ, ਗਿਆਨ-ਸੰਸਾਰ ਅਤੇ ਹੋਰ ਖੇਤਰਾਂ ਵਿਚ ਮਨੁੱਖ ਦੇ ਰੰਗਾਂ ਨਾਲ ਰਿਸ਼ਤਿਆਂ ਦੀ ਕਹਾਣੀ ਦਾ ਵਰਣਨ ਕਰਨਾ ਨਾਮੁਮਕਿਨ ਹੈ। ਭਾਸ਼ਾ ਨੇ ਵੀ ਮਨੁੱਖ ਤੇ ਰੰਗਾਂ ਦੇ ਰਿਸ਼ਤਿਆਂ ਨੂੰ ਸਿਰਜਣ ਵਿਚ ਵੱਡਾ ਹਿੱਸਾ ਪਾਇਆ। ਇਸ ਲੇਖ ਵਿਚ ਸਫ਼ੈਦ ਅਤੇ ਕਾਲੇ ਰੰਗ ਬਾਰੇ ਸੀਮਤ ਚਰਚਾ ਕੀਤੀ ਜਾ ਰਹੀ ਹੈ ਅਤੇ ਉਹ ਵੀ ਬਹੁਤ ਪੁਰਾਤਨ ਸਮਿਆਂ ਵੱਲ ਨਾ ਜਾ ਕੇ।
       ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਇਹ ਵਰਤਾਰਾ ਆਮ ਦਿਖਾਈ ਦਿੰਦਾ ਹੈ ਕਿ ਜਦੋਂ ਅਸੀਂ ਕਿਸੇ ਕਾਨੂੰਨ, ਸਰਕਾਰੀ ਫ਼ੈਸਲੇ ਜਾਂ ਕਿਸੇ ਹੋਰ ਵਰਤਾਰੇ ਨੂੰ ਲੋਕ-ਵਿਰੋਧੀ ਸਮਝਦੇ ਅਤੇ ਉਸ ਦਾ ਵਿਰੋਧ ਕਰਦੇ ਹਾਂ ਤਾਂ ਉਸ ਕਾਨੂੰਨ, ਫ਼ੈਸਲੇ ਜਾਂ ਵਰਤਾਰੇ ਨੂੰ ਕਾਲਾ ਕਾਨੂੰਨ, ਕਾਲਾ ਸਰਕਾਰੀ ਫ਼ੈਸਲਾ ਜਾਂ ਕਾਲਾ ਵਰਤਾਰਾ ਕਹਿੰਦੇ ਹਾਂ। ਇਸ ਤਰ੍ਹਾਂ ‘ਕਾਲਾ’ ਸ਼ਬਦ ਦੇ ਅਰਥ ਗ਼ਲਤ, ਖ਼ਰਾਬ, ਲੋਕ-ਵਿਰੋਧੀ, ਗੰਦਾ, ਮਾੜਾ ਆਦਿ ਬਣਦੇ ਹਨ। ਬਹੁਤ ਦੇਰ ਤੋਂ ਲੋਕਾਈ ਦਾ ਵੱਡਾ ਹਿੱਸਾ ‘ਚਿੱਟੇ/ਸਫ਼ੈਦ’ ਸ਼ਬਦ ਨੂੰ ਬਹੁਤਾ ਕਰਕੇ ਚੰਗੇ, ਸੋਹਣੇ, ਵੱਡੇ, ਲੋਕ-ਹਿਤਕਾਰੀ, ਸਪੱਸ਼ਟ, ਵਧੀਆ ਜਿਹੇ ਵਿਸ਼ਲੇਸ਼ਣਾਂ ਨਾਲ ਜੋੜਦਾ ਆਇਆ ਹੈ; ਇਹ ਵਰਤਾਰਾ ਸੱਭਿਆਚਾਰਕ, ਇਤਿਹਾਸਕ ਅਤੇ ਭਾਸ਼ਾਈ ਤਜਰਬੇ ’ਚੋਂ ਉਪਜਿਆ ਹੈ। ਇਸ ਲਈ ਗ਼ਲਤ ਵਰਤਾਰਿਆਂ ਨੂੰ ਕਾਲੇ ਵਰਤਾਰੇ ਕਹਿਣ ਵਾਲਿਆਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਇਸ ਸ਼ਬਦ ਦੀ ਵਰਤੋਂ ਅਚੇਤ ਹੀ ਅਤੇ ਹਕੂਮਤ/ਸਥਾਪਤੀ ਦਾ ਵਿਰੋਧ ਕਰਨ ਲਈ ਵਰਤਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ (ਕਾਲਾ) ਵਰਤ ਕੇ ਅਸੀਂ ਕਿਤੇ ਸਥਾਪਤੀ ਦੇ ਭਾਸ਼ਿਕ ਡੰਗ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਸਥਾਪਤੀ ਭਾਸ਼ਾ ਵਿਚ ਘਰ ਕਰ ਜਾਂਦੀ ਹੈ, ਭਾਸ਼ਾ ਰਾਹੀਂ ਮਾਰਿਆ ਡੰਗ ਬਹੁਤ ਹਿੰਸਕ ਅਤੇ ਘਾਤਕ ਹੁੰਦਾ ਹੈ।
        ਦੁਨੀਆ ਦੇ ਵੱਡੇ ਹਿੱਸੇ ਵਿਚ ਗੋਰੇ/ਚਿੱਟੇ ਰੰਗ ਨੂੰ ਗਿਆਨ, ਸੱਚ, ਸੁਹੱਪਣ, ਸਪੱਸ਼ਟਤਾ, ਚੰਗਿਆਈ ਅਤੇ ਸੱਭਿਅਕ, ਮਿਹਰਬਾਨ, ਵਿਦਵਾਨ ਤੇ ਦੈਵੀ ਹੋਣ ਨਾਲ ਜੋੜਿਆ ਗਿਆ ਹੈ। ਕਾਲੇ ਰੰਗ ਨੂੰ ਬਦੀ/ਮੰਦੇ ਕੰਮਾਂ, ਅਧੀਨਗੀ, ਕਰੂਪਤਾ, ਗੁਣਾਂ ਦੀ ਅਣਹੋਂਦ, ਅਸਪੱਸ਼ਟਤਾ, ਭੈੜ, ਕੂੜ, ਗੰਦ, ਨਕਾਰਾਤਮਕਤਾ, ਅਨੁਚਿਤਤਾ, ਅਨਿਆਂਪੂਰਨਤਾ ਅਤੇ ਅਣਮਨੁੱਖੀ ਤਾਕਤਾਂ ਨਾਲ ਜੋੜਿਆ ਤੇ ਸਮਰੂਪ ਸਮਝਿਆ ਜਾਂਦਾ ਹੈ। ਅਨੇਕ ਸ਼ਬਦ ਤੇ ਮੁਹਾਵਰੇ ਜਿਵੇਂ ਕਾਲੀ ਜੀਭ ਵਾਲਾ, ਕਲਮੂੰਹਾਂ, ਕਾਲਾ ਜਾਦੂ, ਬਲੈਕਲਿਸਟ (ਗ਼ਲਤ ਵਿਅਕਤੀਆਂ ਦੀ ਫ਼ਹਿਰਿਸਤ) ਆਦਿ ਇਸੇ ਸਮਝ ’ਚੋਂ ਜਨਮੇ ਹਨ। ਦੇਵੀ-ਦੇਵਤਿਆਂ, ਪੈਗੰਬਰਾਂ, ਸੰਤਾਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਵੀ ਬਹੁਤਾ ਕਰ ਕੇ ਗੋਰੇ ਰੰਗ ਵਿਚ ਹੀ ਚਿਤਰਿਆ ਗਿਆ ਹੈ।
      15ਵੀਂ-16ਵੀਂ ਸਦੀ ਤੋਂ ਬਾਅਦ ਅਫ਼ਰੀਕੀ ਤੇ ਏਸ਼ਿਆਈ ਲੋਕਾਂ ਦੇ ਸੰਦਰਭ ਵਿਚ ਕਾਲੇ ਰੰਗ ਨੂੰ ਅਸੱਭਿਅਕ, ਪੱਛੜੇ ਅਤੇ ਬੇਸਮਝ ਹੋਣ ਦਾ ਪ੍ਰਤੀਕ ਬਣਾਇਆ ਗਿਆ ਅਤੇ ਕਾਲੇ ਰੰਗ ਦੇ ਲੋਕਾਂ ਨੂੰ ਭਾਵੁਕ, ਤਰਕਹੀਣ ਅਤੇ ਆਪ-ਮੁਹਾਰੇ ਹੋਣ ਵਾਲੇ ਮੰਨਿਆ ਗਿਆ। ਕਾਲੇ ਰੰਗ ਨੂੰ ਉਨ੍ਹਾਂ ਸੱਭਿਅਤਾਵਾਂ ਨਾਲ ਜੋੜਿਆ ਗਿਆ ਜਿਨ੍ਹਾਂ ਨੂੰ ਸਮਝ ਸਕਣਾ ਗੋਰੀ ਲੋਕਾਈ ਦੇ ਵੱਸੋਂ ਬਾਹਰੀ ਗੱਲ ਜਾਪਦੀ ਸੀ, ਕਾਲੇ ਰੰਗ ਦੇ ਲੋਕਾਂ ਨੂੰ ਵਹਿਸ਼ੀ ਅਤੇ ਉਸ ਤਾਕਤ ਦੇ ਮਾਲਕ ਮੰਨਿਆ ਗਿਆ ਜਿਨ੍ਹਾਂ ਨੂੰ ਉਹ ਕਾਬੂ ਵਿਚ ਨਹੀਂ ਰੱਖ ਸਕਦੇ; ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣਾ ਅਤੇ ਸੱਭਿਅਕ ਬਣਾਉਣਾ ਗੋਰੇ ਲੋਕਾਂ ਦਾ ‘ਫਰਜ਼’ ਗਰਦਾਨਿਆ ਗਿਆ। ਅਜਿਹੇ ਰੁਝਾਨ ਦੀ ਸਿਖ਼ਰ ਜੋਸਿਫ਼ ਕੋਨਾਰਡ ਦੇ ਨਾਵਲ ‘ਹਨੇਰੇ ਦਾ ਦਿਲ (Heart of Darkness)’ ਅਤੇ ਰੁਡਯਾਰਡ ਕਿਪਲਿੰਗ (Rudyard Kipling) ਦੀ ਕਵਿਤਾ ‘ਗੋਰੇ ਬੰਦੇ ਸਿਰ ਬੋਝ (The White Man’s Burden)’ ਵਿਚ ਦੇਖੀ ਜਾ ਸਕਦੀ ਹੈ।
      ਇਸ ਦੇ ਕਾਰਨ ਇਤਿਹਾਸਕ ਹਨ : ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਗੋਰੇ ਰੰਗ ਦੇ ਲੋਕਾਂ ਨੇ ਵੱਡੇ ਸਾਮਰਾਜ ਕਾਇਮ ਕੀਤੇ। ਬਸਤੀਵਾਦ ਦੇ ਸਮਿਆਂ ਵਿਚ ਗੋਰੇ ਲੋਕ ਕਾਲੇ/ਭੂਰੇ/ਸਾਂਵਲੇ ਲੋਕਾਂ ਦੀਆਂ ਧਰਤੀਆਂ ’ਤੇ ਕਾਬਜ਼ ਹੋ ਗਏ। ਯੂਰੋਪ ਦੇ ਲੋਕਾਂ ਤੇ ਗੋਰੇ ਰੰਗ ਨੂੰ ਸੱਭਿਅਤਾ ਦਾ ਪ੍ਰਤੀਕ ਮੰਨ ਲਿਆ ਗਿਆ ਅਤੇ ਕਾਲੇ ਰੰਗ ਨੂੰ ਅਸੱਭਿਅਤਾ ਤੇ ਵਹਿਸ਼ੀਪੁਣੇ ਦਾ, ਕਈ ਸਮਾਜਾਂ ਵਿਚ ਇਸ ਵਿਤਕਰੇ ਅਤੇ ਵਰਤਾਰੇ ਦੀਆਂ ਜੜ੍ਹਾਂ ਬਸਤੀਵਾਦ ਤੋਂ ਬਹੁਤ ਪਹਿਲਾਂ ਲੱਗ ਚੁੱਕੀਆਂ ਸਨ। ਪੁਰਾਣੇ ਸਮਿਆਂ ਵਿਚ ਵਿਕਸਿਤ ਹੋਏ ਤੁਅੱਸਬ ਅਤੇ ਬਸਤੀਵਾਦੀ ਅਮਲ ਦੇ ਸੰਜੋਗ ਨੇ ਮਿਲ ਕੇ ਗੋਰੇ ਰੰਗ ਨੂੰ ਸਾਰੀ ਦੁਨੀਆ ਵਿਚ ਸਰਬ-ਸ੍ਰੇਸ਼ਟਤਾ ਪ੍ਰਦਾਨ ਕੀਤੀ ਹੈ।
      ਉੱਘਾ ਸਿਆਹਫ਼ਾਮ ਚਿੰਤਕ ਫਰਾਂਜ਼ ਫੈਨੋ ਆਪਣੀ ਕਿਤਾਬ ‘ਕਾਲੀ ਚਮੜੀ ਚਿੱਟੇ ਮਖੌਟੇ (Black Skin White Masks)’ ਵਿਚ ਵਿਆਖਿਆ ਸਹਿਤ ਦੱਸਦਾ ਹੈ ਕਿ ਕਿਵੇਂ ਬਸਤੀਵਾਦ ਦਾ ਸ਼ਿਕਾਰ ਹੋਏ ਕਾਲੇ ਲੋਕਾਂ ਦੇ ਸਮੂਹਿਕ ਅਵਚੇਤਨ ਵਿਚ ਇਹ ਗੱਲ ਭਰੀ ਗਈ ਕਿ ਕਾਲੇ ਲੋਕ ਗੋਰੇ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਗੋਰੇ ਲੋਕਾਂ ਦੇ ਬਣਾਏ ਸਮਾਜਿਕ, ਵਿਚਾਰਕ ਅਤੇ ਸੱਭਿਆਚਾਰਕ ਮਿਆਰਾਂ ’ਤੇ ਪੂਰੇ ਉਤਰਨਾ ਪੈਣਾ ਹੈ, ਇਕ ਤਰ੍ਹਾਂ ਨਾਲ ‘ਗੋਰੇ’ ਬਣਨਾ ਪੈਣਾ ਹੈ, ਗੋਰੇ ਲੋਕਾਂ ਦੀ ਭਾਸ਼ਾ, ਲਿਬਾਸ ਤੇ ਵਰਤਾਉ ਦੇ ਤਰੀਕੇ ਅਪਣਾਉਣੇ ਪੈਣੇ ਹਨ। ਫੈਨੋ ਅਨੁਸਾਰ ਇਸ ਲਈ ਸਿਆਹਫ਼ਾਮ ਲੋਕਾਂ ਨੂੰ ਅਪਾਰ ਮਾਨਸਿਕ ਦੁੱਖ ਸਹਾਰਨਾ ਪੈਂਦਾ ਹੈ, ਉਹ ਸਾਰੀ ਉਮਰ ਆਪਣੇ ਆਪ ਨੂੰ ਗੋਰੇ ਲੋਕਾਂ ਤੋਂ ਪ੍ਰਵਾਨਿਤ ਕਰਵਾਉਣ ਅਤੇ ਕਾਲੇ ਸਰੀਰਾਂ ਵਿਚ ਜਿਊਂਦਿਆਂ ਖ਼ੁਦ ਨੂੰ ਜ਼ਿਆਦਾ ਤੋਂ ਜ਼ਿਆਦਾ ‘ਗੋਰੇ’ (ਗੋਰੇ ਲੋਕਾਂ ਦੇ ਮਾਨਸਿਕ ਤੇ ਸੱਭਿਆਚਾਰਕ, ਭਾਸ਼ਿਕ ਵਰਤਾਰਿਆਂ ਨੂੰ ਅਪਣਾਉਣ ਦੇ ਭਾਵ ਗੋਰੇ ਮਖੌਟੇ ਲਗਾਉਣ) ਬਣਾਉਣ ਦਾ ਦੁੱਖ ਸਹਿੰਦੇ ਹਨ। ਇਸ ਅਪਾਰ ਦੁੱਖ ਵਿਚ ਹੋਰ ਕਈ ਕੁਝ ਪਿਆ ਹੁੰਦਾ ਹੈ : ਮਾਨਸਿਕ ਦੁਬਿਧਾ, ਦੁਚਿੱਤੀ, ਦੁਫਾੜ ਅਤੇ ਆਪਣੇ ਮੂਲ ਨਾਲੋਂ ਟੁੱਟਣ ਅਤੇ ਕਾਲੇ ਰੰਗ ਤੇ ਸੱਭਿਆਚਾਰ ਨਾਲ ਜੁੜੀਆਂ ਖਸੂਸੀਅਤਾਂ ਨੂੰ ਗੁਆਉਣ ਦਾ ਦਰਦ।
        ਪੰਜਾਬੀ ਸਾਹਿਤ ਅਤੇ ਲੋਕ-ਸਾਹਿਤ ਵਿਚ ਵੀ ਗੋਰੇ ਰੰਗ ਨੂੰ ਰੂਪ ਤੇ ਜੋਬਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੋਰੇ ਰੰਗ ਦੀ ਸਰਦਾਰੀ ਦੂਰ ਦੂਰ ਤਕ ਕਾਇਮ ਹੈ, ‘ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ/ਸਾਰਾ ਪਿੰਡ ਵੈਰ ਪੈ ਗਿਆ’, ‘ਗੋਰੇ ਰੰਗ ਨੇ ਸਦਾ ਨਹੀਂ ਰਹਿਣਾ/ਭਰ ਭਰ ਵੰਡ ਮੁੱਠੀਆਂ’ ਆਦਿ। ਲੋਕ-ਸਾਹਿਤ ਵਿਚ ਗੋਰੀ ਔਰਤ ਹੀ ਸੋਹਣੀ ਹੈ। ਮਸ਼ਹੂਰ ਲੋਕ-ਗੀਤ ‘ਉੱਚਾ ਬੁਰਜ ਲਾਹੌਰ ਦਾ, ਵੇ ਚੀਰੇ ਵਾਲਿਆ/ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ/ਮਲ ਮਲ ਨ੍ਹਾਵਣ ਗੋਰੀਆਂ ਵੇ ਚੀਰੇ ਵਾਲਿਆ/ਲੈਣ ਗੁਰਾਂ ਦਾ ਨਾਂ, ਵੇ ਸੱਜਣ ਮੇਰਿਆ’ ਵਿਚ ਗੋਰਾ ਰੰਗ, ਤਾਕਤ (ਉੱਚਾ ਬੁਰਜ ਲਾਹੌਰ ਦਾ) ਅਤੇ ਅਧਿਆਤਮਕਤਾ (ਲੈਣ ਗੁਰਾਂ ਦਾ ਨਾਂ) ਇਕਜੁੱਟ ਹੋ ਕੇ ਇਕ ਅਜਿਹਾ ਜਟਿਲ ਤੇ ਸ਼ਕਤੀਸ਼ਾਲੀ ਬਿੰਬ ਸਿਰਜਦੇ ਹਨ ਜੋ ਲੋਕ-ਮਨ ਵਿਚ ਇਸ ਤਰ੍ਹਾਂ ਬਿਰਾਜਮਾਨ ਹੋ ਜਾਂਦਾ ਹੈ ਕਿ ਆਪਣੇ ਆਸਣ ਤੋਂ ਹਿਲਾਇਆ ਨਹੀਂ ਹਿੱਲਦਾ। ਮਰਦ ਕਹਿੰਦਾ ਹੈ, ‘ਗੋਰੀਏ, ਨਾ ਅਸਾਂ ਵਿਸਰੀ, ਨਾ ਏ ਵਿਸਾਰੀ/ਨੀਂ ਗੋਰੀਏ, ਹਰਦਮ ਲਗਨੀ ਏ ਪਿਆਰੀ’। ਗੋਰਾ ਰੰਗ ਤੇ ਮਰਦ-ਪ੍ਰਧਾਨ ਸੋਚ ਮਿਲ ਜਾਂਦੇ ਹਨ, ‘ਮੁੰਡਾ ਜੰਮੂਗਾ ਦਹੀਂ ਦੇ ਫੁੱਟ ਵਰਗਾ/ਕੱਚਾ ਦੁੱਧ ਪੀਣ ਵਾਲੀਏ’ ਤੇ ਔਰਤ ਖ਼ੁਦ ਇਸ ਦਾ ਸ਼ਿਕਾਰ ਹੋ ਜਾਂਦੀ ਹੈ, ‘ਕੁੜਤੀ ਰੀਲ ਦੀਏ, ਕਿਹੜੇ ਸ਼ੌਕ ਨਾਲ ਪਾਵਾਂ/ਮੈਂ ਕਾਲੇ ਨਾਲ ਮੰਗੀ/ਮੈਂ ਨੌਂ ਮਣ ਭੁੱਬਲ ਵੰਡੀ’, ‘ਕਾਲਾ ਭੂੰਡ ਨਾ ਸਹੇੜੀਂ ਬਾਬਲਾ/ਘਰ ਦਾ ਮਾਲ ਡਰੂ’, ‘ਸੋਹਣੀ ਕੁੜੀ ਨੂੰ ਕਲੰਕ ਕਾਲੇ ਕੰਤ ਦਾ’, ‘ਕਾਲੇ ਰੀਠੜੇ ਜਿਹੇ ਦੇ ਲੜ ਲਾਈ/ਬਾਪੂ ਵੇ, ਮੈਂ ਤੂਤ ਦੀ ਛਿਟੀ’, ‘ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ/ਵਿਆਹ ਲਈ ਫੁੱਲ ਵਰਗੀ’, ‘ਵੀਰਾ, ਮਰ ਜਾਏ ਵਿਚੋਲਾ ਤੇਰਾ, ਭਾਬੋ ਲਿਆਂਦੀ ਕਾਲੇ ਰੰਗ ਦੀ’, ‘ਬਾਬਲ ਮੇਰੇ ਕੰਤ ਸਹੇੜਿਆ, ਰੰਗ ਤਵੇ ਤੋਂ ਕਾਲਾ/ਕੁੜੀਆਂ ਮੈਨੂੰ ਮਾਰਨ ਮਿਹਣੇ ਅਹੁ ਤੇਰਾ ਘਰ ਵਾਲਾ’। ਗੋਰੇ ਰੰਗ ਦੀ ਠੁੱਕ ਕਾਇਮ ਰਹਿੰਦੀ ਹੈ : ‘ਗੋਰਾ ਰੰਗ ਤੇ ਸ਼ਰਬਤੀ ਅੱਖੀਆਂ/ਘੁੰਡ ਵਿਚ ਕੈਦ ਕੀਤੀਆਂ’ ਤੇ ਅਖ਼ਬਾਰਾਂ ਵਿਚ ਪੜ੍ਹਿਆਂ-ਲਿਖਿਆਂ ਦੇ ਇਸ਼ਤਿਹਾਰ ਦੇਖ ਲਓ ‘ਵਾਂਟਡ ਫੇਅਰ ਕਲਰਡ ਗਰਲ/ਬੌਇ, ਭਾਵ ਗੋਰੇ ਰੰਗ ਦੀ ਕੁੜੀ/ਮੁੰਡਾ ਚਾਹੀਦਾ ਹੈ’। ਏਸ਼ੀਆ ਤੇ ਅਫ਼ਰੀਕਾ ਦੇ ਮਰਦ ਤੇ ਔਰਤਾਂ ਕਾਲੇ ਰੰਗ ਨੂੰ ਘੱਟ ਕਾਲਾ, ਸਾਂਵਲਾ ਜਾਂ ਗੋਰਾ ਬਣਾਉਣ ਵਾਲੀਆਂ ਕਰੀਮਾਂ, ਪਾਊਡਰਾਂ, ਸਾਬਣਾਂ ਆਦਿ ’ਤੇ ਹਰ ਸਾਲ ਖਰਬਾਂ ਰੁਪਏ ਖ਼ਰਚ ਕਰਦੇ ਹਨ।
      ਇਹ ਨਹੀਂ ਹੈ ਕਿ ਪੰਜਾਬ ਅਤੇ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਹੋਰ ਸਮਾਜਾਂ ਵਿਚ ਕਾਲਾ ਰੰਗ ਗ਼ੈਰ-ਹਾਜ਼ਰ ਹੈ, ਉਸ ਦੀ ਆਪਣੀ ਖਿੱਚ ਹੈ। ਭਾਰਤ ਦੇ ਇਤਿਹਾਸ ਵਿਚ ਆਰੀਆ ਅਤੇ ਅਣ-ਆਰੀਆ ਲੋਕਾਂ ਵਿਚ ਹੋਏ ਸੰਘਰਸ਼ ਨੂੰ ਗੋਰੇ ਆਰੀਆਈ ਲੋਕਾਂ ਤੇ ਕਾਲੇ ਮੂਲ ਵਾਸੀਆਂ ਦੇ ਸੰਘਰਸ਼ ਵਜੋਂ ਚਿਤਰਿਆ ਗਿਆ ਹੈ, ਗੋਰਾ ਰੰਗ ਤਾਕਤ ਤੇ ਗੌਰਵ ਦਾ ਪ੍ਰਤੀਕ ਬਣ ਜਾਂਦਾ ਹੈ, ਪਰ ਕਾਲਾ ਰੰਗ ਆਵੇਸ਼ਮਈ ਰੂਪ ਵਿਚ ਮੌਜੂਦ ਰਹਿੰਦਾ ਹੈ, ਕਾਲੇ ਜਾਂ ਸਾਂਵਲੇ ਰੰਗ ਵਾਲੇ ਭਗਵਾਨ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ, ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੀਆਂ ਔਰਤਾਂ ਕਈ ਰੂਪਾਂ ਵਿਚ ਕ੍ਰਿਸ਼ਨ-ਪੂਜਾ ਕਰਦੀਆਂ ਹਨ। ਬੰਗਾਲ, ਅਸਾਮ, ਉੜੀਸਾ, ਬਿਹਾਰ ਆਦਿ ਖੇਤਰਾਂ ਵਿਚ ਦੁਰਗਾ ਦਾ ਕਾਲੀ-ਰੂਪ ਪੂਜਿਆ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਗੋਰੇ ਤੇ ਚਿੱਟੇ ਰੰਗ ਦੇ ਦਵੰਦ ਵਿਚ ਉਲਝਦੀ ਪੰਜਾਬੀ ਔਰਤ ਭਗਵਾਨ ਕ੍ਰਿਸ਼ਨ ਨੂੰ ‘ਆਪਣਾ ਸਾਂਵਲਾ ਕਾਹਨ’ ਬਣਾ ਲੈਂਦੀ ਹੈ, ਸ਼ਾਮ (ਸਾਂਵਲੇ/ਕਾਲੇ/ਪੱਕੇ) ਰੰਗ ਦੀ ਖਿੱਚ ਲੋਕ-ਗੀਤਾਂ ਵਿਚ ਸਪੱਸ਼ਟ ਦਿਖਾਈ ਦਿੰਦੀ ਹੈ, ਔਰਤਾਂ ਉਸ ਨੂੰ ਸ਼ਾਮ ਤੇ ਸ਼ਿਆਮ ਦੇ ਨਾਵਾਂ ਨਾਲ ਯਾਦ ਕਰਦੀਆਂ ਹਨ। ਪੰਜਾਬੀ ਔਰਤ ਕਾਹਨ/ਕਨ੍ਹੱਈਆ ਨੂੰ ਸਰੀਰਕ ਆਜ਼ਾਦੀ ਦਾ ਚਿੰਨ੍ਹ ਵੀ ਬਣਾਉਂਦੀ ਹੈ ‘ਛੱਡਦੇ ਮੇਰੀਆਂ ਨਰਮ ਕਲਾਈਆਂ/ਛੱਡ ਦੇ ਪੱਲੂ ਮੇਰਾ/ਵੇ ਡੁੱਬ ਜਾਣਿਆ ਕਾਨ੍ਹਾ/ਮੇਰੇ ਘਰ ਸੱਸ ਕੁਪੱਤੀ ਵੇ ਭਲਿਆ’, ‘ਅੰਦਰੋਂ ਨਿਕਲ ਕ੍ਰਿਸ਼ਨਾ ਵੇ, ਰਾਧਾ ਬਾਹਰ ਖੜ੍ਹੀ/ਸ੍ਰੀ ਕ੍ਰਿਸ਼ਨ ਫੁੱਲ ਗੁਲਾਬ ਦਾ ਰਾਧਾ ਚੰਬੇ ਦੀ ਕਲੀ’ ਅਤੇ ਪਤਾ ਨਹੀਂ ਕਿਉਂ ਕਾਲੇ ਰੰਗ ਨੂੰ ਮੰਦਾ ਕਹਿਣ ਵਾਲੀ ਪੰਜਾਬੀ ਕੁੜੀ ਦੇ ਮਨ ’ਚੋਂ ਕੀ ਵਲਵਲਾ ਉੱਠਦਾ ਹੈ ਕਿ ਉਹ ਬਾਬਲ ਦੇ ਸਾਹਮਣੇ ਜਾ ਕੇ ਕੂਕਦੀ ਹੈ ‘ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ/ਚੰਨਾਂ ਵਿਚੋਂ ਕਾਹਨ ਕਨ੍ਹੱਈਆ ਵਰ ਲੋੜੀਏ’, ਵਿਆਹ ਦੇ ਆਤੰਕ ਵਿਚ ਫਾਥੀ ਪੰਜਾਬੀ ਔਰਤ ਕਹਿੰਦੀ ਹੈ, ‘ਰਹੁ ਕਾਹਨਾ ਮੇਰਾ ਰਹਿਣ ਨਾ ਹੋਵੇ/ਮੈਂ ਘਰ ਕੰਤ ਅਵੱਲਾ ਅੜਿਆ’।
      ਸੂਫ਼ੀ ਸਾਹਿਤ ਵਿਚ ਭਗਵਾਨ ਕ੍ਰਿਸ਼ਨ ਤੇ ਉਸ ਦਾ ਸ਼ਿਆਮ ਰੂਪ ਹਾਜ਼ਰ ਹਨ, ‘ਸਾਲੂ ਮੇਰਾ ਉਣੀਂਦਾ, ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ਜਾਣਾ ਬਿਖੜੇ ਰਾਹਿ’ (ਸ਼ਾਹ ਹੁਸੈਨ), ‘ਸਾਡੀ ਨੈਣੀਂ ਨੀਂਦ ਹਰਾਮ/ਜ਼ਾਲਮ ਬ੍ਰਿਹੋਂ ਕੀਤੀ ਤਮਾਮ/ਚਲੇ ਅੱਜ ਸ਼ਾਮ ਜੀ’ (ਹਾਫਿਜ਼ ਬਰਖ਼ੁਰਦਾਰ), ‘ਸੁਫ਼ਨੇ ਵਿਚ ਮਿਲੇ ਸ਼ਿਆਮ ਜੀ, ਤਨ ਮਨ ਖੁਸ਼ੀ ਭਈ’ (ਗੁਲਾਮ ਹੁਸੈਨ), ‘ਬੁੱਲ੍ਹਾ ਸ਼ਾਹ ਮੈਂ ਤਦ ਬਿਰਲਾਈ/ਜਦ ਦੀ ਮੁਰਲੀ ਕਾਨ ਵਜਾਈ’, ‘ਚੜ੍ਹ ਬਾਗੀਂ ਕੋਇਲ ਕੂਕਦੀ/ਨਿਤ ਸੋਜ਼ੇ ਆਲਮ ਦੇ ਫੂਕਦੀ/ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ’ (ਬੁੱਲ੍ਹੇ ਸ਼ਾਹ)। ਸਾਹਿਤ ਤੇ ਲੋਕ-ਸਾਹਿਤ ਵਿਚ ਭਗਵਾਨ ਕ੍ਰਿਸ਼ਨ/ਕਨ੍ਹੱਈਆ/ਕਾਹਨ ਦਾ ਜ਼ਿਕਰ ਇਸ ਲੇਖ ਦੀ ਸੀਮਾ ਤੋਂ ਬਾਹਰ ਹੈ।
        ਮੱਧਕਾਲੀਨ ਸਮਿਆਂ ਵਿਚ ਹਰੀਆ, ਲਾਲ ਸਿੰਘ, ਫੱਤ ਮਲ, ਘਨਾ ਆਨੰਦ, ਤੇਜ ਭਾਨ, ਮੂਲ ਸਿੰਘ, ਕੇਸਰ ਸਿੰਘ ਛਿੱਬਰ, ਮਹਾਂ ਸਿੰਘ, ਮਸਤ ਰਾਮ ਤੋਂ ਲੈ ਕੇ ਵੀਹਵੀਂ ਸਦੀ ਵਿਚ ਕਾਲੀਦਾਸ ਗੁਜਰਾਂ ਵਾਲੀਆ, ਧਨੀ ਰਾਮ ਚਾਤ੍ਰਿਕ, ਹਰਿਭਜਨ ਸਿੰਘ ਅਤੇ ਹੋਰ ਕਈ ਕਵੀਆਂ ਦੀ ਰਚਨਾ ਵਿਚ ਭਗਵਾਨ ਕ੍ਰਿਸ਼ਨ ਦੇ ਕਈ ਰੂਪਾਂ ਦਾ ਚਿਤਰਨ ਹੈ, ਭਾਈ ਵੀਰ ਸਿੰਘ ਦੀ ਕਵਿਤਾ ਵਿਚ ਵੀ (ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ/ਲੋਕ ਪਏ ਸੁਣਾਵਨ)।
      ਕਾਲੇ ਰੰਗ ਦੀ ਖਿੱਚ ਕਈ ਹੋਰ ਰੂਪਾਂ ਵਿਚ ਵੀ ਪ੍ਰਗਟ ਹੁੰਦੀ ਹੈ : ‘ਇਕ ਮੈਂ ਮੋਈ ਵੇ, ਤੇਰੀ ਕਾਲੀ ਸੋਹਣੀ ਗਾਨੀ ’ਤੇ’, ‘ਅੱਜ ਕਾਲਾ ਜੋੜਾ ਪਾ ਮੇਰੀ ਫਰਮਾਇਸ਼ ’ਤੇ’, ‘ਕਾਲੀ ਘੱਗਰੀ ਲਵਾ ਦੇ ਗੋਟਾ, ਜੇ ਤੂੰ ਮੇਰੀ ਟੌਹਰ ਵੇਖਣੀ’ ਆਦਿ ਪਰ ਇਨ੍ਹਾਂ ਪ੍ਰਗਟਾਵਿਆਂ ਵਿਚ ਕਾਲਾ ਰੰਗ ਗੋਰੇ ਰੰਗ ਦਾ ਅਧੀਨ ਰੰਗ ਹੈ। ਗੋਰੇ ਰੰਗ ਵਾਲੀ ਕੁੜੀ ਕਾਲੇ ਕੱਪੜੇ ਪਾ ਕੇ ਕਾਲੇ ਰੰਗ ’ਤੇ ਆਪਣੀ ਸ੍ਰੇਸ਼ਟਤਾ ਸਿੱਧ ਕਰਨੀ ਚਾਹੁੰਦੀ ਹੈ। ਗੋਰੀ ਔਰਤ ਦੇ ਕਾਲੇ ਨੈਣਾਂ ਨੂੰ ਕਈ ਤਸ਼ਬੀਹਾਂ ਦਿੱਤੀਆਂ ਗਈਆਂ। ਕਾਲਾ ਸੁਰਮਾ ਤੇ ਕੱਜਲ ਨੂੰ ਗੋਰੇ ਰੰਗ ਦਾ ਰੂਪ ਵਧਾਉਣ ਵਾਲੇ ਮੰਨਿਆ ਗਿਆ ਹੈ।
ਰੰਗ ਸਾਰੇ ਮਿਲਦੇ ਜਿੱਥੇ
ਉਹਨੂੰ ਕਹਿੰਦੇ ਰੰਗ ਚਿੱਟਾ
ਰੰਗ ਧੁੱਪ ਦਾ
ਰੰਗ ਸਾਰੇ ਮਿਟ ਜਾਂਦੇ ਜਿੱਥੇ
ਉੱਥੇ ਕੀ ਹੁੰਦਾ
ਕੋਈ ਨਾ ਜਾਣੇ
ਨਾਂ ਰੱਖਿਆ ‘ਰੰਗ ਕਾਲਾ’
ਨੇਰ੍ਹੇ ਨੂੰ ਕਾਲਾ ਵੀ ਕਹਿੰਦੇ
ਬੰਦਾ ਨਾਂ ਰੱਖਦਾ
ਤੇ ਪਰੇਸ਼ਾਨ ਹੁੰਦਾ
ਚਿੱਟੇ ਤੇ ਕਾਲੇ ਵਿਚਕਾਰ ਭਟਕਦਾ
ਇਹ ਕਾਦਰ ਹੈਰਾਨ ਹੁੰਦਾ
ਕਦੇ ਪ੍ਰੇਮ ਕਰਦਾ
ਕਦੇ ਪਸ਼ੇਮਾਨ ਹੁੰਦਾ
ਬਹੁਤ ਪਸ਼ੇਮਾਨ ਹੁੰਦਾ
      ਇਹ ਸੰਘਰਸ਼ ਭਾਰਤ ਅਤੇ ਪੂਰਬੀ ਦੁਨੀਆ ਵਿਚ ਹੀ ਨਹੀਂ ਹੁੰਦਾ, ਪੱਛਮੀ ਦੁਨੀਆ ਵਿਚ ਵੀ ਹੁੰਦਾ ਹੈ। ਪੱਛਮ ਵਿਚ ਜੱਜਾਂ, ਵਕੀਲਾਂ ਅਤੇ ਸੱਤਾਵਾਨ ਲੋਕਾਂ ਵੱਲੋਂ ਕਾਲਾ ਪਹਿਰਾਵਾ ਵਰਤਿਆ ਜਾਂਦਾ ਹੈ, ਕਾਲੇ ਅਤੇ ਇਸ ਨੂੰ ਹੋਰ ਰੰਗਾਂ ਨਾਲ ਮਿਲਾ ਕੇ ਬਣੇ ਰੰਗਾਂ ਦੇ ਕੱਪੜਿਆਂ ਨੂੰ ਤਾਕਤਵਰਾਂ ਦਾ ਲਿਬਾਸ (Power Clothing) ਅਤੇ ਕਾਲੇ ਰੰਗ ਦੀਆਂ ਕਾਰਾਂ ਨੂੰ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੋਰੇ ਤੇ ਕਾਲੇ ਰੰਗਾਂ ਬਾਰੇ ਲੋਕਾਂ ਦੇ ਮਨ ਵਿਚਲੇ ਦਵੰਦ, ਵਿਰੋਧ, ਤੌਖ਼ਲੇ ਤੇ ਸੰਸੇ ਕਈ ਰੂਪਾਂ ਵਿਚ ਉੱਭਰਦੇ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਗੋਰੇ ਲੋਕ ਕਾਲੇ ਰੰਗ ਦੀਆਂ ਵਸਤਾਂ ਨੂੰ ਇਸ ਦੀ ਅਨੋਖੀ ਕਸ਼ਿਸ਼ ਦੇ ਬਾਵਜੂਦ ਅਧੀਨ ਰੰਗ ਵਜੋਂ ਵਰਤਦੇ ਹਨ।
       ਇਸ ਸਭ ਕੁਝ ਦੇ ਬਾਵਜੂਦ ਚਿੱਟੇ/ਗੋਰੇ ਰੰਗ ਦੀ ਸਰਦਾਰੀ ਚੇਤਨ ਤੇ ਅਵਚੇਤਨ ਰੂਪ ਵਿਚ ਕਾਇਮ ਹੈ। ਲੋਕ-ਬੋਧ ਵਿਚ ਗੋਰਾ ਚਿੱਟਾ ਰੰਗ ਸਹੀ ਹੋਣ ਦਾ ਪ੍ਰਮਾਣ ਹੈ ਅਤੇ ਕਾਲਾ ਗ਼ਲਤ ਹੋਣ ਦਾ। ਹਰ ਭਾਸ਼ਾ ਦੀ ਮੁੱਖ ਧਾਰਾ ਵਿਚ ਸਥਾਪਤੀ ਦੇ ਸੁਰ ਅਚੇਤ ਰੂਪ ਵਿਚ ਪਏ ਹੁੰਦੇ ਹਨ, ਹਾਕਮ ਜਮਾਤਾਂ ਸ਼ਬਦਾਂ ਨੂੰ ਵਾਰ ਵਾਰ ਵਰਤ ਕੇ ਇਸ ਤਰ੍ਹਾਂ ਦੇ ਅਰਥ ਦੇ ਦਿੰਦੀਆਂ ਹਨ ਕਿ ਉਨ੍ਹਾਂ ਸ਼ਬਦਾਂ ਨੂੰ ਬੋਲਦਿਆਂ ਤੇ ਲਿਖਦਿਆਂ ਬਹੁਤ ਵਾਰ ਅਸੀਂ ਇਹ ਸਮਝਣ ਤੋਂ ਅਸਮਰੱਥ ਹੁੰਦੇ ਹਾਂ ਕਿ ਅਸੀਂ ਕਿਤੇ ਹਾਕਮ ਜਮਾਤ ਦੇ ਬਣਾਏ ਅਸੂਲਾਂ ਦੀ ਖੇਡ ਤਾਂ ਨਹੀਂ ਖੇਡ ਰਹੇ।