ਮੀਡੀਆ ਦਾ ਬਦਲ ਰਿਹਾ ਸੰਸਾਰ  - ਸਵਰਾਜਬੀਰ


ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ, ਸੋਸ਼ਲ ਮੀਡੀਆ, ਰਸਾਲੇ ਭਾਵ ਮੀਡੀਆ ਦਾ ਸੰਸਾਰ ਵੀ ਤੇਜ਼ੀ ਨਾਲ ਬਦਲਿਆ ਤੇ ਬਦਲ ਰਿਹਾ ਹੈ। ਸਾਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਆਜ਼ਾਦ ਮੰਡੀ ਸਭ ਸਮੱਸਿਆਵਾਂ ਦਾ ਹੱਲ ਹੈ : ਅਸੀਂ ਸਿਰਫ਼ ਕਮਾਈ ਕਰਨੀ, ਚੀਜ਼ਾਂ/ਵਸਤਾਂ ਖ਼ਰੀਦਣੀਆਂ, ਕਿਸ਼ਤਾਂ ਤਾਰਨੀਆਂ ਅਤੇ ਮੌਜ-ਮੇਲਾ ਕਰਨਾ ਹੈ, ਕੋਈ ਸਵਾਲ ਨਹੀਂ ਪੁੱਛਣੇ, ਕੋਈ ਸਿਰ ਪੀੜ ਨਹੀਂ ਝੱਲਣੀ, ਬੱਸ ਆਪਣੀ ਹਸਤੀ ਨੂੰ ਆਜ਼ਾਦ ਮੰਡੀ ਵਿਚ ਪੇਸ਼ ਕਰ ਦੇਣਾ ਹੈ, ਉਸ (ਹਸਤੀ) ਦਾ ਕੀ ਬਣੇਗਾ, ਇਹ ਕੋਈ ਨਹੀਂ ਜਾਣਦਾ। ਅਜਿਹੇ ਸਮਿਆਂ ਵਿਚ ਹੀ ਇਹ ਖ਼ਬਰ ਆਈ ਹੈ ਕਿ ਅਡਾਨੀ ਗਰੁੱਪ ਟੈਲੀਵਿਜ਼ਨ ਚੈਨਲ ਐੱਨਡੀਟੀਵੀ (NDTV) ਖ਼ਰੀਦਣ ਵਾਲਾ ਹੈ।
        ਖ਼ਰੀਦ-ਵਿਕਰੀ ਮੰਡੀ ਦਾ ਅਸੂਲ ਹੈ, ਜਦੋਂ ਕੋਈ ਵਸਤ ਮੰਡੀ ਵਿਚ ਆਉਂਦੀ ਹੈ ਤਾਂ ਕੋਈ ਉਸ ਨੂੰ ਵੇਚਣ ਵਾਲਾ ਹੁੰਦਾ ਹੈ ਅਤੇ ਕੋਈ ਖ਼ਰੀਦਣ ਵਾਲਾ। ਅੱਜ ਦੁਨੀਆ ਦੀ ਹਰ ਵਸਤ ਮੰਡੀ ਵਿਚ ਹੈ। ਜੇ ਕੋਈ ਇਹ ਸਮਝਦਾ ਹੈ ਕਿ ਉਹ ਕਿਸੇ ਵਸਤ ਜਾਂ ਜਾਇਦਾਦ ਦਾ ਹਮੇਸ਼ਾਂ ਲਈ ਮਾਲਕ ਹੈ ਤਾਂ ਉਸ ਦੀ ਸੋਚ ਗ਼ਲਤ ਹੈ, ਉਹ ਵੇਚਣ ਤੋਂ ਇਨਕਾਰ ਕਰ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਸ ਦੇ ਇਨਕਾਰ ਨੂੰ ਸਵੀਕਾਰ ਕਰ ਲਿਆ ਜਾਵੇਗਾ। ਮੰਡੀ ਵਿਚ ਅਜਿਹੀਆਂ ਤਾਕਤਾਂ ਮੌਜੂਦ ਹਨ ਜਿਹੜੀਆਂ ਜਦੋਂ ਕੁਝ ਖ਼ਰੀਦਣ ਦਾ ਤਹੱਈਆ ਕਰ ਲੈਣ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਨ੍ਹਾਂ ਕੋਲ ਸਰਮਾਇਆ ਵੀ ਹੁੰਦਾ ਹੈ ਅਤੇ ਸੱਤਾ ਦੀ ਤਾਕਤ ਵੀ। ਮੰਡੀ ਦੀਆਂ ਇਹ ਸ਼ਕਤੀਆਂ ਅਜਿਹੇ ਹਾਲਾਤ ਬਣਾ ਸਕਦੀਆਂ ਹਨ ਜਿਨ੍ਹਾਂ ਕਾਰਨ ਆਪਣੇ ਆਪ ਨੂੰ ਮਾਲਕ ਅਖਵਾਉਣ ਵਾਲੇ ਨੂੰ ਆਖ਼ਰ ਵਿਚ ਆਪਣੀ ਵਸਤ, ਜਾਇਦਾਦ ਜਾਂ ਕੰਪਨੀ ਵੇਚਣੀ ਪੈ ਸਕਦੀ ਹੈ, ਉਸ ਨੂੰ ਪੈਸੇ ਤਾਂ ਮਿਲਣਗੇ ਪਰ ਉਸ ਦੀ ਮਾਲਕੀ ਖ਼ਤਮ ਹੋ ਜਾਵੇਗੀ। ਜੇ ਉਹ ਆਪਣੇ ਹੱਠ ’ਤੇ ਕਾਇਮ ਰਹਿੰਦਾ ਹੈ ਤਾਂ ਉਸ ਦੀ ਕੰਪਨੀ ਨੂੰ ਵਪਾਰਕ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ, ਉਹ ਦੀਵਾਲੀਆ ਵੀ ਹੋ ਸਕਦਾ ਹੈ।
        ਅਮਰੀਕਾ ਦੀ ਟੈਲੀਵਿਜ਼ਨ ਕੰਪਨੀ ‘ਕੇਬਲ ਨਿਊਜ਼ ਨੈੱਟਵਰਕ (ਸੀਐੱਨਐੱਨ)’ ਦੇ ਬਾਨੀ ਟੈੱਡ ਟਰਨਰ ਨੇ ਕਿਹਾ ਸੀ, ‘‘ਅਸੀਂ ਉਦੋਂ ਤਕ ਖ਼ਬਰਾਂ ਦਿੰਦੇ ਰਹਾਂਗੇ ਜਦ ਤਕ ਦੁਨੀਆ ਖ਼ਤਮ ਨਹੀਂ ਹੋ ਜਾਂਦੀ। ਅਸੀਂ ਖ਼ਬਰਾਂ ਦੇਣੀਆਂ ਜਾਰੀ ਰੱਖਾਂਗੇ ਅਤੇ ਦੁਨੀਆ ਦੇ ਅੰਤ ਬਾਰੇ ਵੀ ਖ਼ਬਰਾਂ ਦੇਵਾਂਗੇ, ਜੀਵਾਂਗੇ ਅਤੇ ਉਹ (ਦੁਨੀਆ ਦੇ ਖ਼ਤਮ ਹੋਣ ਬਾਰੇ ਖ਼ਬਰ) ਸਾਡੀ ਅੰਤਿਮ ਖ਼ਬਰ ਹੋਵੇਗੀ।’’ ਇਹੋ ਜਿਹੇ ਦ੍ਰਿੜ੍ਹ ਇਰਾਦੇ ਵਾਲੇ ਦੌਲਤਮੰਦ ਬੰਦੇ ਨੂੰ ਵੀ 1996 ਵਿਚ ਸੀਐੱਨਐੱਨ ਕੰਪਨੀ ਟਾਈਮ ਵਾਰਨਰ ਨਾਂ ਦੀ ਕੰਪਨੀ ਨੂੰ ਵੇਚਣੀ ਪਈ, ਹੁਣ ਇਹ ਚੈਨਲ ਫ਼ਿਲਮਾਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਵਾਰਨਰ ਬਰਦਰਜ਼ ਦੀ ਮਲਕੀਅਤ ਹੈ। ਟੈੱਡ ਟਰਨਰ ਖ਼ੁਦ ਬੇਹੱਦ ਅਮੀਰ ਆਦਮੀ ਹੈ। ਮੀਡੀਆ ਖੇਤਰ ਵਿਚ ਉਸ ਦਾ ਮੁਕਾਬਲਾ ਕਰਨ ਵਾਲਾ ਰੂਪਰਟ ਮਡਰੋਕ ਅਮਰੀਕਾ ਦੇ ਖ਼ਬਰਾਂ ਦੇਣ ਵਾਲੇ ਸਭ ਤੋਂ ਵੱਡੇ ਟੈਲੀਵਿਜ਼ਨ ਚੈਨਲ ‘ਫਾਕਸ ਨਿਊਜ਼’ ਅਤੇ ਵੱਡੀਆਂ ਅਖ਼ਬਾਰਾਂ ‘ਵਾਲ ਸਟਰੀਟ ਜਰਨਲ’ ਤੇ ‘ਨਿਊਯਾਰਕ ਪੋਸਟ’ ਦਾ ਮਾਲਕ ਹੈ। ਮਡਰੋਕ ਆਸਟਰੇਲੀਆ ਦੇ ਤਿੰਨ ਅਖ਼ਬਾਰਾਂ ‘ਦਿ ਡੇਲੀ ਟੈਲੀਗਰਾਫ਼’, ‘ਦਿ ਆਸਟਰੇਲੀਅਨ’ ਅਤੇ ‘ਹੈਰਾਲਡ ਸਨ’ ਦਾ ਵੀ ਮਾਲਕ ਹੈ। ਦੁਨੀਆ ਦਾ ਦੂਸਰਾ ਸਭ ਤੋਂ ਅਮੀਰ ਸ਼ਖ਼ਸ ਤੇ ਐਮੇਜ਼ਨ ਕੰਪਨੀ ਦਾ ਬਾਨੀ ਜੈਫਰੀ ਬੈਜ਼ੋਸ ਮਸ਼ਹੂਰ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਦਾ ਮਾਲਕ ਹੈ। ‘ਮੰਥਲੀ ਰੀਵਿਊ’ ਦੇ ਕਾਰਜਕਾਰੀ ਸੰਪਾਦਕ ਰਾਬਰਟ ਮਚੈਸਨੀ ਅਨੁਸਾਰ ਦੁਨੀਆ ਦੀ ਮੀਡੀਆ ਮੰਡੀ ’ਤੇ ਇਨ੍ਹਾਂ ਸੱਤ ਵੱਡੀਆਂ ਬਹੁਕੌਮੀ ਕੰਪਨੀਆਂ ਦਾ ਗ਼ਲਬਾ ਹੈ : ਡਿਜ਼ਨੀ, ਏਓਐੱਲ-ਟਾਈਮ ਵਾਰਨਰ, ਸੋਨੀ, ਨਿਊਜ਼ਕਾਰਪ, ਵਾਇਕੌਮ, ਵਾਈਵੈਡੀ ਅਤੇ ਬਰਟਲਸਮੈਨ। ਮਚੈਸਨੀ ਅਨੁਸਾਰ ਮਡਰੋਕ ਦੀ ਕੰਪਨੀ ਨਿਊਜ਼ਕਾਰਪ (News Corp) ਆਲਮੀ ਪੱਧਰ ’ਤੇ ਛੋਟੀਆਂ ਮੀਡੀਆ ਕੰਪਨੀਆਂ ਨੂੰ ਹਜ਼ਮ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਹੈ ਜਿਸ ਕੋਲ 130 ਅਖ਼ਬਾਰਾਂ, ਕਈ ਟੀਵੀ ਚੈਨਲਾਂ, ਪ੍ਰਕਾਸ਼ਨ ਅਦਾਰਿਆਂ, ਫ਼ਿਲਮ ਬਣਾਉਣ ਵਾਲੀਆਂ ਕੰਪਨੀਆਂ, ਪੇਸ਼ਾਵਰ ਖਿਡਾਰੀ ਟੀਮਾਂ ਆਦਿ ਦੀ ਮਾਲਕੀ ਹੈ।
       ਜੋ ਕੁਝ ਵਿਸ਼ਵ ਮੰਡੀ ਵਿਚ ਹੁੰਦਾ ਹੈ, ਅਜਿਹਾ ਕੁਝ ਹੀ ਦੇਸ਼ ਦੀਆਂ ਅੰਦਰੂਨੀ ਮੰਡੀਆਂ ਵਿਚ ਵਾਪਰਦਾ ਹੈ। ਛੋਟੀਆਂ ਫਰਮਾਂ ਮੱਧ ਦਰਜੇ ਦੀਆਂ ਫਰਮਾਂ ਸਾਹਮਣੇ ਬੇਵੱਸ ਹੋ ਜਾਂਦੀਆਂ ਹਨ, ਵੱਡੀਆਂ ਫਰਮਾਂ ਮੱਧ ਦਰਜੇ ਦੀਆਂ ਫਰਮਾਂ ਨੂੰ ਹਜ਼ਮ ਕਰਦੀਆਂ ਅਤੇ ਫਿਰ ਅਤਿਅੰਤ ਵੱਡੀਆਂ ਫਰਮਾਂ ਵੱਡੀਆਂ ਫਰਮਾਂ ਨੂੰ ਨਿਗਲ ਜਾਂਦੀਆਂ ਹਨ। ਭਾਰਤੀ ਮੀਡੀਆ ਦੇ ਵੱਡੇ ਹਿੱਸੇ ’ਤੇ ਕਾਰਪੋਰੇਟ ਅਦਾਰਿਆਂ ਦੀ ਮਾਲਕੀ ਹੈ। ਜਿਹੜਾ ਹਿੱਸਾ ਕਾਰਪੋਰੇਟ ਅਦਾਰਿਆਂ ਤੋਂ ਬਾਹਰ ਹੈ, ਉਸ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਰੁਣਾ ਆਸਿਫ਼ ਅਲੀ ਜਿਹੀ ਕੱਦਾਵਰ ਦੇਸ਼ ਭਗਤ ਦੁਆਰਾ ਸਥਾਪਿਤ ਕੀਤੇ ਅਤੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਖੱਬੇ-ਪੱਖੀ ਅਖਵਾਉਣ ਵਾਲੇ ਅਖ਼ਬਾਰ ‘ਦਿ ਪੈਟਰੀਆਟ’ ਨੂੰ ਕਈ ਵਰ੍ਹੇ ਪਹਿਲਾਂ ਇਕ ਕਾਰਪੋਰੇਟ ਘਰਾਣੇ ਨੇ ਖ਼ਰੀਦ ਲਿਆ ਸੀ।
       ਦਲੀਲ ਦਿੱਤੀ ਜਾਂਦੀ ਹੈ ਕਿ ਮੀਡੀਆ ਵਿਚ ਜਨਤਕ ਜਾਂ ਸਰਕਾਰੀ ਦਖ਼ਲ ਹਾਲਾਤ ਵਿਚ ਸੁਧਾਰ ਲਿਆ ਸਕਦਾ ਹੈ, ਜ਼ਰੂਰ ਲਿਆ ਸਕਦਾ ਹੈ ਜੇ ਸਰਕਾਰਾਂ ਦਾ ਮਕਸਦ ਇਹ ਹੋਵੇ ਕਿ ਦੇਸ਼ ਵਿਚ ਖ਼ੁਦਮੁਖ਼ਤਿਆਰੀ ਵਾਲੇ ਆਜ਼ਾਦ ਮੀਡੀਆ ਦੀ ਹਸਤੀ ਕਾਇਮ ਕਰਨੀ ਹੈ ਜਿਹੜਾ ਲੋਕ-ਹਿੱਤਾਂ ਦੀ ਗੱਲ ਕਰੇ ਅਤੇ ਜਵਾਬਦੇਹ ਤੇ ਨਿਰਪੱਖ ਹੋਵੇ ਪ੍ਰੰਤੂ ਅਕਸਰ ਅਜਿਹਾ ਨਹੀਂ ਹੁੰਦਾ। ਸਰਕਾਰਾਂ ਨੇ ਜਨਤਕ ਖੇਤਰ ਵਿਚ ਪੈਸਾ ਲਗਾਇਆ, ਖ਼ਾਸ ਕਰ ਕੇ ਰੇਡੀਉ ਤੇ ਟੈਲੀਵਿਜ਼ਨ ਦੀਆਂ ਸਨਅਤਾਂ ਸਰਕਾਰੀ ਪੈਸੇ ਦੇ ਸਿਰ ਕਾਇਮ ਹੋਈਆਂ, ਇਨ੍ਹਾਂ ਦਾ ਕਿਰਦਾਰ ਥੋੜ੍ਹੀ ਦੇਰ ਤਕ ਤਾਂ ਜਨਤਕ ਅਤੇ ਲੋਕ-ਹਿੱਤ ਵਾਲਾ ਰਿਹਾ ਪਰ ਕੁਝ ਦੇਸ਼ਾਂ ਤੋਂ ਇਲਾਵਾ ਬਹੁਤਿਆਂ ਵਿਚ ਸਰਕਾਰਾਂ ਨੇ ਇਨ੍ਹਾਂ ਨੂੰ ਪ੍ਰਚਾਰ ਦੇ ਸੰਦ ਬਣਾ ਲਿਆ। ਲੋਕਾਂ ਦਾ ਉਨ੍ਹਾਂ ਵਿਚ ਕੋਈ ਵਿਸ਼ਵਾਸ ਨਾ ਰਿਹਾ ਪਰ ਸ਼ਾਸਕਾਂ ਨੇ ਕਦੇ ਇਸ ਬਾਰੇ ਸ਼ਰਮ ਮਹਿਸੂਸ ਨਹੀਂ ਕੀਤੀ, ਉਨ੍ਹਾਂ ਨੇ ਲੋਕਾਂ ਦੇ ਪੈਸੇ ’ਤੇ ਚੱਲਦੇ ਮੀਡੀਆ ਅਦਾਰਿਆਂ ਨੂੰ ਲੋਕ-ਹਿੱਤ ਲਈ ਨਹੀਂ ਸਗੋਂ ਆਪਣੇ ਪਾਰਟੀ-ਹਿੱਤਾਂ ਲਈ ਵਰਤਿਆ। ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਇਹ ਵਰਤਾਰਾ ਵੱਡੇ ਪੱਧਰ ’ਤੇ ਵਾਪਰਿਆ, ਵਿਕਸਿਤ ਦੇਸ਼ਾਂ ਵਿਚ ਵੀ ਅਜਿਹਾ ਹੋਇਆ।
        ਜਨਤਕ ਖੇਤਰ ਵਿਚ ਆਜ਼ਾਦ ਤੇ ਖ਼ੁਦਮੁਖ਼ਤਿਆਰ ਰੇਡੀਉ ਤੇ ਟੈਲੀਵਿਜ਼ਨ ਅਦਾਰਿਆਂ ਦੀ ਮਿਸਾਲ ਦਿੰਦਿਆਂ ਆਮ ਕਰ ਕੇ ਬ੍ਰਿਟਿਸ਼ ਬਰਾਡਕਾਸਟਿੰਗ ਕੰਪਨੀ (ਬੀਬੀਸੀ) ਅਤੇ ਹਾਲੈਂਡ, ਸਵੀਡਨ, ਡੈਨਮਾਰਕ, ਫਿਨਲੈਂਡ ਆਦਿ ਦੇਸ਼ਾਂ ਦੇ ਮੀਡੀਆ-ਪ੍ਰਬੰਧਾਂ ਦੀ ਗੱਲ ਕੀਤੀ ਜਾਂਦੀ ਹੈ। ਬੀਬੀਸੀ ਦੀ ਕਹਾਣੀ ਧਿਆਨ ਦੇਣ ਯੋਗ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਤੇ ਵੱਡਾ ਕੌਮੀ ਪ੍ਰਸਾਰਕ (National Broadcaster) ਹੈ। 1922 ਵਿਚ ਨਿੱਜੀ ਖੇਤਰ ਦੇ ਅਦਾਰੇ ਵਜੋਂ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ 1926 ਵਿਚ ਜਨਤਕ ਖੇਤਰ ਦਾ ਅਦਾਰਾ ਬਣਾਉਣ ਵਿਚ ਇੰਗਲੈਂਡ ਦੇ ਡਾਕਖ਼ਾਨਾ ਪ੍ਰਬੰਧ ‘ਜਨਰਲ ਪੋਸਟ ਆਫ਼ਿਸ (ਜੀਪੀਓ)’ ਨੇ ਵੱਡਾ ਹਿੱਸਾ ਪਾਇਆ ਕਿਉਂਕਿ ਰੇਡੀਉ ਲਈ ਲਾਈਸੈਂਸ ਡਾਕਖ਼ਾਨਾ-ਪ੍ਰਬੰਧ ਰਾਹੀਂ ਜਾਰੀ ਕੀਤੇ ਜਾਂਦੇ ਸਨ। ਤਤਕਾਲੀਨ ਪੋਸਟ ਮਾਸਟਰ ਜਨਰਲ, ਬੀਬੀਸੀ ਦੇ ਮੁੱਖ ਪ੍ਰਬੰਧਕ ਜੌਹਨ ਰੀਥ ਅਤੇ ਪ੍ਰਧਾਨ ਮੰਤਰੀ ਸਟੈਨਲੇ ਬਾਡਵਿਨ ਨੇ ਇਸ ਵਿਚ ਅਹਿਮ ਭੂਮਿਕਾ ਨਿਭਾਈ। ਕਈ ਸਿਆਸਤਦਾਨ ਇਸ ਨੂੰ ਸਰਕਾਰੀ ਕੰਟਰੋਲ ਵਾਲਾ ਅਦਾਰਾ ਬਣਾਉਣਾ ਚਾਹੁੰਦੇ ਸਨ ਪਰ ਜੌਹਨ ਰੀਥ, ਸਟੈਨਲੇ ਬਾਡਵਿਨ ਅਤੇ ਕੁਝ ਹੋਰ ਇਸ ਨੂੰ ਖ਼ੁਦਮੁਖ਼ਤਿਆਰ ਕਿਰਦਾਰ ਦੇਣਾ ਚਾਹੁੰਦੇ ਸਨ। ਇਸ ਲਈ ਫ਼ੈਸਲਾ ਇਹ ਹੋਇਆ ਕਿ ਦੇਸ਼ ਵਿਚ ਹਰ ਰੇਡੀਉ ਸੈੱਟ ਦੇ ਮਾਲਕ ਨੂੰ ਸਾਲਾਨਾ ਲਾਈਸੈਂਸ ਫ਼ੀਸ ਦੇਣੀ ਪਵੇਗੀ ਜਿਹੜੀ ਬੀਬੀਸੀ ਨੂੰ ਦਿੱਤੀ ਜਾਵੇਗੀ। ਅੱਜ ਵੀ ਬੀਬੀਸੀ ਦਾ ਵੱਡਾ ਖ਼ਰਚਾ ਸਾਲਾਨਾ ਟੈਲੀਵਿਜ਼ਨ ਲਾਈਸੈਂਸ ਫ਼ੀਸਾਂ ਤੋਂ ਨਿਕਲਦਾ ਹੈ, ਹਰ ਟੈਲੀਵਿਜ਼ਨ ਰੱਖਣ ਵਾਲੇ ਨੂੰ ਇਹ ਫ਼ੀਸ ਦੇਣੀ ਪੈਂਦੀ ਹੈ, ਇਸ ਤਰ੍ਹਾਂ ਇੰਗਲੈਂਡ ਦਾ ਲਗਭਗ ਹਰ ਪਰਿਵਾਰ ਬੀਬੀਸੀ ਦਾ ਖ਼ਰਚਾ ਪੂਰਾ ਕਰਨ ਵਿਚ ਹਿੱਸਾ ਪਾਉਂਦਾ ਹੈ। ਇਸ ਪਿੱਛੇ ਇਹ ਭਾਵਨਾ ਕੰਮ ਕਰਦੀ ਹੈ ਕਿ ਬੀਬੀਸੀ ਇੰਗਲੈਂਡ ਦੇ ਲੋਕਾਂ ਦਾ ਅਦਾਰਾ ਹੈ, ਸਰਕਾਰ ਦਾ ਨਹੀਂ। ਇਸ ਦਾ ਪ੍ਰਬੰਧ ਚਲਾਉਣ ਲਈ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਬੀਬੀਸੀ ਬਹੁਤ ਹੱਦ ਤਕ ਆਪਣੀ ਖ਼ੁਦਮੁਖ਼ਤਿਆਰੀ ਕਾਇਮ ਰੱਖਣ ਵਿਚ ਕਾਮਯਾਬ ਰਿਹਾ ਹੈ। ਇੰਗਲੈਂਡ ਇਕ ਸਾਮਰਾਜੀ ਤਾਕਤ ਸੀ ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਉਸ ਦੇਸ਼ ਵਿਚ ਜਮਹੂਰੀਅਤ ਕਾਇਮ ਕਰਨ ਲਈ ਵੱਡੀਆਂ ਲੜਾਈਆਂ ਲੜੀਆਂ ਗਈਆਂ ਸਨ, ਅਜਿਹੇ ਜਮਹੂਰੀ ਵਿਰਸੇ ’ਚੋਂ ਹੀ ਬੀਬੀਸੀ ਹੋਂਦ ਵਿਚ ਆਇਆ। ਡੈਨਮਾਰਕ, ਫਿਨਲੈਂਡ, ਆਈਸਲੈਂਡ, ਆਇਰਲੈਂਡ, ਇਟਲੀ, ਨਾਰਵੇ, ਸਵੀਡਨ, ਨੀਦਰਲੈਂਡ ਅਤੇ ਕਈ ਹੋਰ ਦੇਸ਼ਾਂ ਦੇ ਜਨਤਕ ਪ੍ਰਸਾਰਕਾਂ ਦੀਆਂ ਪ੍ਰਬੰਧ ਪ੍ਰਣਾਲੀਆਂ ਬੀਬੀਸੀ ਵਰਗੀਆਂ ਹਨ, ਉਨ੍ਹਾਂ ਵਿਚ ਵੀ ਖ਼ੁਦਮੁਖ਼ਤਿਆਰੀ ਅਤੇ ਨਿਰਪੱਖਤਾ ਕਾਇਮ ਰੱਖਣ ਦੇ ਯਤਨ ਕੀਤੇ ਗਏ ਹਨ।
       ਅਸੀਂ ਵੀ ਇਕ ਜਮਹੂਰੀਅਤ ਹਾਂ, ਪਰ ਸਾਡਾ ਜਨਤਕ ਅਦਾਰਾ ਪ੍ਰਸਾਰ ਭਾਰਤੀ ਆਪਣੀ ਸਾਖ਼ ਗੁਆ ਚੁੱਕਾ ਹੈ। ਕਿਸੇ ਸਮੇਂ ਆਲ ਇੰਡੀਆ ਰੇਡੀਉ ਅਤੇ ਦੂਰਦਰਸ਼ਨ ਦੀ ਆਪਣੀ ਵਿਲੱਖਣ ਪਛਾਣ ਹੁੰਦੀ ਸੀ ਪਰ ਸਰਕਾਰੀ ਦਖ਼ਲ ਅਤੇ ਸਰਕਾਰੀ ਪ੍ਰਚਾਰ ਦੇ ਸਾਧਨ ਬਣਾਉਣ ਦੀਆਂ ਨੀਤੀਆਂ ਨੇ ਇਨ੍ਹਾਂ ਅਦਾਰਿਆਂ ਨੂੰ ਖੋਖਲੇ ਕਰ ਦਿੱਤਾ ਹੈ।
ਪ੍ਰਮੁੱਖ ਸਵਾਲ ਇਹ ਹੈ ਕਿ ਕੀ ਟੈਲੀਵਿਜ਼ਨ ਚੈਨਲਾਂ ਅਤੇ ਹੋਰ ਮੀਡੀਆ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਇਆ ਜਾ ਸਕਦਾ ਹੈ। ਕਾਰਪੋਰੇਟ-ਸ਼ਕਤੀ ਨੇ ਆਰਥਿਕ ਖੇਤਰ ਦੇ ਨਾਲ ਨਾਲ ਸੱਤਾ ਦੇ ਗਲਿਆਰਿਆਂ ਵਿਚ ਆਪਣੀ ਪਕੜ ਏਨੀ ਮਜ਼ਬੂਤ ਕਰ ਲਈ ਹੈ ਕਿ ਕਾਰਪੋਰੇਟ ਘਰਾਣੇ ਨਿੱਜੀ ਖੇਤਰ ਦੇ ਕਿਸੇ ਵੀ ਅਦਾਰੇ ਨੂੰ ਹਥਿਆਉਣ ਦੀ ਸਮਰੱਥਾ ਰੱਖਦੇ ਹਨ। ਇਹ ਘਰਾਣੇ ਮੀਡੀਆ ’ਤੇ ਕਬਜ਼ਾ ਕਰ ਕੇ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਹ ਲੋਕ-ਮਨ ਅਤੇ ਉਨ੍ਹਾਂ ਦੇ ਸੋਚ-ਸੰਸਾਰ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਬਹੁਤ ਹੱਦ ਤਕ ਅਜਿਹਾ ਕਰਨ ਵਿਚ ਸਫ਼ਲ ਵੀ ਹੋਏ ਹਨ ਜਿਸ ਕਾਰਨ ਸਮਾਜ ਵਿਚ ਅਜਿਹੀਆਂ ਅਲਾਮਤਾਂ ਪੈਦਾ ਹੋਈਆਂ ਹਨ ਜਿਨ੍ਹਾਂ ਨੂੰ ਜੂਲੀਆ ਕ੍ਰਿਸਤੇਵਾ ਨੇ ‘ਰੂਹ ਦੀਆਂ ਨਵੀਆਂ ਬਿਮਾਰੀਆਂ’ ਕਿਹਾ ਹੈ। ਕ੍ਰਿਸਤੇਵਾ ਨੇ ਕਿਹਾ ਸੀ ਕਿ ਮਨੁੱਖ ਅੰਦਰਲੀ ਸਪੇਸ/ਥਾਂ/ਰੂਹ ਗੁਆਚਦੀ ਜਾ ਰਹੀ ਹੈ ਪਰ ਉਹ ਇਸ ਤੋਂ ਅਣਜਾਣ ਹੈ। ਇਸ ਨੂੰ ਬਚਾਉਣ ਲਈ ਕਾਰਪੋਰੇਟੀ ਸ਼ਿਕੰਜਿਆਂ ਵਿਰੁੱਧ ਵਿਆਪਕ ਜਮਹੂਰੀ ਮੁਹਾਜ਼ ਸਿਰਜਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜਮਹੂਰੀ ਜਨ-ਅੰਦੋਲਨ ਹੀ ਉਹ ਜ਼ਮੀਨ ਸਿਰਜ ਸਕਦੇ ਹਨ ਜਿਸ ’ਤੇ ਖਲੋ ਕੇ ਵਧ ਰਹੀ ਕਾਰਪੋਰੇਟ ਤਾਕਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ।