ਘੱਟਗਿਣਤੀ ਹੋਣ ਦਾ ਦਰਦ  - ਕੇਕੀ ਐੱਨ. ਦਾਰੂਵਾਲਾ

ਕੀ ਘੱਟਗਿਣਤੀ ਭਾਈਚਾਰਿਆਂ ਦੇ ਲੋਕ ਆਪਣੇ ਆਪ ਬਾਰੇ ਜਾਣਦੇ ਹਨ? ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਕਿਸੇ ਵੀ ਦੇਸ਼ ਅੰਦਰ ਕੀ ਉਹ ਸਬਰ ਸਬੂਰੀ ਵਾਲੀ ਜ਼ਿੰਦਗੀ ਬਿਤਾਉਂਦੇ ਹਨ? ਅਸੀਂ ਉਸ ਕਿਆਮਤ ਦੀ ਗੱਲ ਨਹੀਂ ਕਰ ਰਹੇ ਜਿਵੇਂ ਨਾਜ਼ੀਆਂ ਦੇ ਸਮੇਂ ਜਰਮਨੀ ਵਿਚ ਯਹੂਦੀਆਂ ਨੂੰ ਝੱਲਣੀ ਪਈ ਸੀ। ਕਿਸੇ ਘੱਟਗਿਣਤੀ ਭਾਈਚਾਰੇ ਦੇ ਸ਼ਖ਼ਸ ਨੂੰ ਉਸ ਦੇ ਕੱਪੜਿਆਂ, ਖਾਣੇ, ਰਸਮੋ ਰਿਵਾਜ, ਵਿਸ਼ਵਾਸਾਂ ਅਤੇ ਧਰਮ ਗ੍ਰੰਥਾਂ ਤੋਂ ਪਛਾਣਿਆ ਜਾ ਸਕਦਾ ਹੈ। ਸਭ ਦੇ ਵੱਖੋ ਵੱਖਰੇ ਸਵਰਗ ਤੇ ਦੋਜ਼ਖ਼ ਹੁੰਦੇ ਹਨ - ਸਾਰੇ ਝੂਠੇ ਮੂਠੇ। ਜੇ ਤੁਸੀਂ ਕਿਸੇ ਬਾਰੀਕ ਜਿਹੀ ਘੱਟਗਿਣਤੀ ਨਾਲ ਜੁੜੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਮੰਦਰਾਂ ਤੇ ਉਨ੍ਹਾਂ ਮੀਨਾਰਾਂ ਜਿੱਥੇ ਤੁਸੀਂ ਆਪਣੇ ਮੁਰਦਿਆਂ ਦਾ ਕੀ ਕਰਦੇ ਹੋ -ਇਸ ਪ੍ਰਤੀ ਜਗਿਆਸਾ ਉਠਦੀ ਹੈ।
       ਜਦੋਂ ਤੋਂ ਭਾਰਤ ਦਾ ਲੋਕਰਾਜ ਵੋਟਾਂ ਦੀ ਖੇਡ ਬਣ ਕੇ ਰਹਿ ਗਿਆ ਹੈ ਤੇ ਨਾਲ ਹੀ ਥੋਕ ਵਿਚ ਦਲਬਦਲੀਆਂ ਦਾ ਦੌਰ ਸ਼ੁਰੂ ਹੋਇਆ ਹੈ (ਬਸ਼ਰਤੇ ਤੁਹਾਡੇ ਕੋਲ ਕਾਫ਼ੀ ਸਾਰਾ ਧਨ ਹੋਵੇ), ਵਿਰੋਧੀਆਂ ਨੂੰ ਅਯੋਗ ਕਰਾਰ ਦਿੱਤਾ ਜਾਣ ਲੱਗਿਆ ਹੈ (ਬਸ਼ਰਤੇ ਤੁਹਾਡੇ ਕੋਲ ਢੁਕਵਾਂ ਸਪੀਕਰ ਹੋਵੇ) ਅਤੇ ਜੇ ਤੁਸੀਂ ਇਕ ‘ਮੰਤਵ’ ਤਿਆਰ ਕਰ ਸਕਦੇ ਹੋ ਤੇ ਇਕ ਨਾਅਰਾ ਘੜ ਸਕਦੇ ਹੋ ਤਾਂ ਤੁਸੀਂ ਸਰਕਾਰ ਬਣਾ ਸਕਦੇ ਹੋ। ਮਲਾਈਦਾਰ ਕੁਰਸੀਆਂ ਲਈ ਮਾਰੋ-ਮਾਰ ਚੱਲ ਰਹੀ ਹੈ ਤੇ ਤੁਹਾਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਕਿਸ ਕੁਰਸੀ ’ਤੇ ਕਿਹੋ ਜਿਹਾ ਬੰਦਾ ਬਿਠਾਉਣਾ ਸਹੀ ਰਹੇਗਾ। ਇਹ ਕੰਮ ਕਾਫ਼ੀ ਔਖਾ ਹੁੰਦਾ ਹੈ ਪਰ ਇਕੇਰਾਂ ਜਦੋਂ ਪੂਰ ਚੜ੍ਹ ਗਿਆ ਤਾਂ ਤੁਹਾਡੇ ਕੋਲ ਰਣਖੇਤਰ ’ਚ ਇਹ ਵੇਖਣ ਦਾ ਕਾਫ਼ੀ ਸਮਾਂ ਹੁੰਦਾ ਹੈ ਕਿ ਪਿਛਾਂਹ ਕਿੰਨੇ ਬੰਦਿਆਂ, ਅਸੂਲਾਂ ਤੇ ਵਿਚਾਰਧਾਰਾਵਾਂ ਦੀਆਂ ਲਾਸ਼ਾਂ ਵਿਛ ਗਈਆਂ ਹਨ ਤੇ ਫਿਰ ਤੁਸੀਂ ਆਰਾਮ ਨਾਲ ਚਾਹ ਦਾ ਆਨੰਦ ਮਾਣ ਸਕਦੇ ਹੋ। ਦੱਖਣੀ ਏਸ਼ੀਆ ਦੀਆਂ ਚੂਲਾਂ ਹਿੱਲ ਰਹੀਆਂ ਹਨ- ਸ੍ਰੀਲੰਕਾ ਖਿੰਡ ਰਿਹਾ ਹੈ, ਮਿਆਂਮਾਰ ਇਕ ਵਾਰ ਫਿਰ ਬੇਕਿਰਕ ਫ਼ੌਜ ਦੇ ਚੁੰਗਲ ਵਿਚ ਫਸ ਗਿਆ ਹੈ ਅਤੇ ਪਾਕਿਸਤਾਨ ਵਿਚ ਇਮਰਾਨ ਖ਼ਾਨ ਦੀ ਸੱਤਾ ਪਲਟ ਦਿੱਤੀ ਗਈ ਹੈ। ਖ਼ੈਰ, ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਆਪਣੀਆਂ ਇਨਸਵਿੰਗ ਗੇਂਦਾਂ ਬਹੁਤੇ ਸਹੀ ਢੰਗ ਨਾਲ ਨਹੀਂ ਪਾਈਆਂ ਸਨ। ਬਸ ਬੰਗਲਾਦੇਸ਼ ਅਤੇ ਭਾਰਤ ਹੀ ਬਚੇ ਹਨ ਜੋ ਸਥਿਰ ਨਜ਼ਰ ਆ ਰਹੇ ਹਨ। ਉਂਝ ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਅੰਦਰ ਸਿਰ ਕਲਮ ਦੀਆਂ ਜੋ ਘਟਨਾਵਾਂ ਦੇਖਣ ਸੁਣਨ ਵਿਚ ਆ ਰਹੀਆਂ ਹਨ, ਇਹ ਕੁਝ ਵੱਖਰਾ ਜਿਹਾ ਵਰਤਾਰਾ ਹੈ।
       ਇਸ ਸਭ ਕਾਸੇ ਦੇ ਪਿੱਛੇ ਸਿਆਸਤਦਾਨਾਂ, ਉਸ਼ਟੰਡਬਾਜ਼ਾਂ ਅਤੇ ਉਨ੍ਹਾਂ ਲੋਕਾਂ ਦਾ ਹੱਥ ਹੈ ਜੋ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ’ਤੇ ਹੁਕਮ ਚਲਾਉਣ ਦਾ ਖ਼ਾਸ ਹੱਕ ਹਾਸਲ ਹੈ, ਫਿਰ ਉਹ ਭਾਵੇਂ ਕਿਸੇ ਸਿਆਸੀ ਖ਼ਾਨਦਾਨ ਨਾਲ ਜੁੜੇ ਹੋਣ ਜਾਂ ਨਾ। ਇਨ੍ਹਾਂ ਦੀ ਭਾਸ਼ਾ ਹੀ ਆਪਣੀ ਹੀ ਤਰ੍ਹਾਂ ਦਾ ਇਕ ਹਥਿਆਰ ਹੁੰਦੀ ਹੈ। ਲਾਲ ਕ੍ਰਿਸ਼ਨ ਅਡਵਾਨੀ ਸਿਆਸੀ ਅਖਾੜੇ ਵਿਚ ਤੁਸ਼ਟੀਕਰਨ (appeasement) ਦਾ ਸ਼ਬਦ ਲੈ ਕੇ ਆਏ ਸਨ। ਉਨ੍ਹਾਂ ਨੂੰ ਡਰ ਸੀ ਕਿ ਨਹਿਰੂ ਤੇ ਉਨ੍ਹਾਂ ਦੀ ਧੀ ਸਾਰੀਆਂ ਬਰਕਤਾਂ ਮੁਸਲਮਾਨਾਂ ਨੂੰ ਵੰਡ ਦੇਣਗੇ। ਇਹ ਇਕ ਕਿਸਮ ਦਾ ਹਊਆ ਹੁੰਦਾ ਹੈ ਪਰ ਸਾਡੀ ਪੀੜ੍ਹੀ ਨੂੰ ਤੁਸ਼ਟੀਕਰਨ ਦਾ ਭਰਵਾਂ ਖ਼ਤਰਾ ਜੰਗ ਤੋਂ ਪਹਿਲਾਂ ਬਰਤਾਨਵੀ ਪ੍ਰਧਾਨ ਮੰਤਰੀ ਨੈਵਿਲੇ ਚੈਂਬਰਲੇਨ ਦੇ ਵਿਰੋਧੀਆਂ ਅਤੇ ਉਸ ਦੀ ਨਾਜ਼ੀਆਂ ਦੇ ਤੁਸ਼ਟੀਕਰਨ ਤੋਂ ਮਿਲਿਆ ਸੀ। ਇਕ ਉਨ੍ਹਾਂ ਦਾ ਫ਼ਿਕਰਾ ‘ਸਾਡੇ ਸਮਿਆਂ ਵਿਚ ਅਮਨ’ ਅਤੇ ਦੂਜੀ ਛਤਰੀ ਕਾਰਟੂਨਿਸਟਾਂ ਦਾ ਪਸੰਦੀਦਾ ਖਿਡੌਣਾ ਬਣ ਗਏ ਸਨ। ਇਹ ਮਿਊਨਿਖ ਕਾਨਫਰੰਸ (1938) ਵਿਚ ਅਮਲ ਵਿਚ ਆਇਆ ਸੀ ਜਦੋਂ ਚੈਕਸਲੋਵਾਕੀਆ ਦਾ ਇਕ ਹਿੱਸਾ ਕੱਟ ਕੇ ਨਾਜ਼ੀ ਜਰਮਨੀ ਦੀ ਝੋਲੀ ਵਿਚ ਪਾ ਦਿੱਤਾ ਗਿਆ ਸੀ। ਵਿੰਸਟਨ ਚਰਚਿਲ ਨੇ ਆਖਿਆ ਸੀ : ‘ਬਰਤਾਨੀਆ ਅਤੇ ਫਰਾਂਸ ਨੂੰ ਜੰਗ ਅਤੇ ਬੇਇੱਜ਼ਤੀ ’ਚੋਂ ਕਿਸੇ ਇਕ ਦੀ ਚੋਣ ਕਰਨੀ ਪਵੇਗੀ। ਉਨ੍ਹਾਂ ਨੇ ਬੇਇੱਜ਼ਤੀ ਦੀ ਚੋਣ ਕੀਤੀ ਤੇ ਫਿਰ ਉਨ੍ਹਾਂ ਨੂੰ ਜੰਗ ਲੜਨੀ ਪਵੇਗੀ।’ ਇਸ ਕੱਟੜ ਟੋਰੀ (ਕਨਜ਼ਰਵੇਟਿਵ) ਆਗੂ ਦੀ ਭਵਿੱਖਬਾਣੀ ਸੱਚ ਸਾਬਿਤ ਹੋਈ। ਸਾਨੂੰ ਦੱਸਿਆ ਜਾਂਦਾ ਹੈ ਕਿ ‘ਅਪੀਜ਼ਮੈਂਟ’ (ਤੁਸ਼ਟੀਕਰਨ) ਦਾ ਸ਼ਬਦ ‘ਲੰਡਨ ਟਾਈਮਜ਼’ ਵਿਚ ਹੈਨਰੀ ਕੇਰ ਦੇ ਖ਼ਤ ਵਿਚ ਆਇਆ ਸੀ ਜਿਸ ਨੇ ਸਿਆਸੀ ਤੁਸ਼ਟੀਕਰਨ ਦੀਆਂ ਮਜਬੂਰੀਆਂ ’ਤੇ ਇਤਰਾਜ਼ ਜਤਾਇਆ ਸੀ।
       ਅਸੀਂ ਬਹੁਭਾਂਤਾ ਸਮਾਜ ਹਾਂ ਜਿਸ ਵਿਚ ਬਹੁਤ ਸਾਰੇ ਕਬੀਲੇ, ਅਕੀਦੇ, ਪਾਕ ਤੇ ਨਾਪਾਕ ਚੀਜ਼ਾਂ ’ਤੇ ਹੁੰਦੀਆਂ ਲੜਾਈਆਂ ਅਤੇ ਪਖੰਡੀ ਆਗੂ (ਜਿਨ੍ਹਾਂ ’ਚੋਂ ਕੁਝ ਭਾਸ਼ਣਬਾਜ਼ੀ ਕਰਨਾ ਜਾਣਦੇ ਹਨ ਪਰ ਉਨ੍ਹਾਂ ਦੀਆਂ ਨਾਸਾਂ ’ਚੋਂ ਬਦਬੂ ਉੱਠਦੀ ਰਹਿੰਦੀ ਹੈ) ਮੌਜੂਦ ਹਨ। ਇਸੇ ਦੌਰਾਨ ਅਚਨਚੇਤ ਸਿਗਾਰ ਦੇ ਕਸ਼ ਲਾਉਂਦੀ ਕਾਲੀ ਮੰਚ ’ਤੇ ਪ੍ਰਗਟ ਹੁੰਦੀ ਹੈ ਅਤੇ ਹਜ਼ਾਰਾਂ ਲੋਕ ਆਪਣੀਆਂ ਭਾਵਨਾਵਾਂ ਆਹਤ ਹੋਣ ਦਾ ਦਾਅਵਾ ਕਰਦੇ ਹਨ। ਪਤਾ ਨਹੀਂ ਇਹ ਭਾਵਨਾਵਾਂ ਉਦੋਂ ਕਿੱਥੇ ਚਲੀਆਂ ਜਾਂਦੀਆਂ ਹਨ ਜਦੋਂ ਉਹ ਦੂਜੇ ਧਰਮਾਂ ਦੇ ਲੋਕਾਂ ਦੀ ਕੁੱਟਮਾਰ ਕਰਦੇ ਹਨ।
      ਸਮੂਹਾਂ ਦੀਆਂ ਪਛਾਣਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਇਹ ਛੇਤੀ ਕੀਤਿਆਂ ਨਹੀਂ ਮਿਟਦੀਆਂ। ਵੱਖੋ ਵੱਖਰੇ ਧਰਮਾਂ, ਭਾਸ਼ਾਵਾਂ, ਦੇਵਤਿਆਂ ਤੇ ਵਿਸ਼ਵਾਸਾਂ ਦੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਇਕੱਠਿਆਂ ਰੱਖਣ ਲਈ ਕੇਂਦਰਵਾਦੀ ਸ਼ਾਸਨ ਪ੍ਰਣਾਲੀ ਵਧੀਆ ਸਾਬਿਤ ਨਹੀਂ ਹੁੰਦੀ। ਕੀ ਹਿੰਦੀ, ਹਿੰਦੂ ਤੇ ਹਿੰਦੋਸਤਾਨ ਦਾ ਨਾਅਰਾ ਸਾਡੀਆਂ ਸਮੱਸਿਆਵਾਂ ਦਾ ਸਹੀ ਹੱਲ ਪੇਸ਼ ਕਰਦਾ ਹੈ? ਕੀ ਭਾਰਤੀ ਸ਼ਾਸਨ ਪ੍ਰਬੰਧ ਗ਼ਲਤ ਪਟੇ ’ਤੇ ਚੜ੍ਹ ਗਿਆ ਹੈ? ਇਹ ਪ੍ਰੋਟੈਸਟੈਂਟਵਾਦ ਸੀ ਜਿਸ ਨੇ ਯੂਰਪ ਵਿਚ ਚਰਚ ਤੋਂ ਕਿਨਾਰਾ ਕਰ ਕੇ ਧਰਮਨਿਰਲੇਪਤਾ ਅਤੇ ਆਧੁਨਿਕੀਕਰਨ ਦਾ ਮਾਰਗ ਪੱਧਰਾ ਕੀਤਾ ਸੀ। ਮਾਰਟਿਨ ਲੂਥਰ ਨੇ ਬਹੁਤ ਹੀ ਟਿਕਾ ਕੇ ਵਿਟਨਬਰਗ ਦੇ ਚਰਚ ’ਤੇ ਪਚੰਨਵੇਂ ਲੇਖ ਲਿਖ ਕੇ ਈਸਾਈਅਤ ਦੇ ਭਵਿੱਖ ’ਤੇ ਦੂਰਰਸੀ ਪ੍ਰਭਾਵ ਪਾਇਆ ਸੀ। ਹੌਲੀ ਹੌਲੀ ਇਹ ਤੈਅ ਹੋ ਗਿਆ ਕਿ ਚਰਚ ਨੂੰ ਸਟੇਟ/ਰਾਜ ਤੋਂ ਦੋਇਮ ਦਰਜੇ ਦੀ ਭੂਮਿਕਾ ਅਪਣਾਉਣੀ ਪਵੇਗੀ। ਇਸ ਸੰਬੰਧ ਵਿਚ ਨੀਰਾ ਚੰਢੋਕ ਨੇ ਲਿਖਿਆ ਹੈ : ‘ਜੇ ਧਰਮਨਿਰਲੇਪਤਾ ਲਈ ਕੋਈ ਇਕ ਤਰਤੀਬਬੱਧ ਅਗਾਊਂ ਸ਼ਰਤ ਦੀ ਲੋੜ ਹੈ ਤਾਂ ਉਹ ਇਹ ਹੈ ਕਿ ਚਰਚ ਦੀ ਸ਼ਕਤੀ ਘਟਾਈ ਜਾਵੇ ਅਤੇ ਸੀਮਤ ਕੀਤੀ ਜਾਵੇ।’ ਯੂਰਪ ਵਿਚ ਹੁਣ ਸਟੇਟ ਬਨਾਮ ਚਰਚ ਦਾ ਮੁੱਦਾ ਗੌਣ ਹੋ ਗਿਆ ਹੈ। ਪਾਦਰੀ ਤੇ ਪੋਪ ਸਿਆਸਤ ਤੋਂ ਦੂਰ ਰਹਿੰਦੇ ਹਨ। ਪਿਛਲੇ ਅੱਠ ਕੁ ਸਾਲਾਂ ਤੋਂ ਭਾਰਤ ਵਿਚ ਸਾਡੇ ਆਗੂ ਆਪਣੀਆਂ ਧਾਰਮਿਕ ਯਾਤਰਾਵਾਂ ਨੂੰ ਕੁਝ ਜ਼ਿਆਦਾ ਹੀ ਅਹਿਮੀਅਤ ਦੇਣ ਲੱਗ ਪਏ ਹਨ, ਕੋਈ ਕੇਦਾਰਨਾਥ ਨੇੜੇ ਕਿਸੇ ਗੁਫ਼ਾ ਵਿਚ ਬਹਿ ਕੇ ਧਿਆਨ ਮਗਨ ਹੁੰਦਾ ਹੈ, ਕਦੇ ਵਾਰਾਣਸੀ ਦੇ ਕਿਸੇ ਮੰਦਰ ਦਾ ਰਾਹ ਸਾਫ਼ ਕਰਵਾਇਆ ਜਾਂਦਾ ਹੈ ਅਤੇ ਇਹ ਸਭ ਕੁਝ ਘੰਟਿਆਂਬੱਧੀ ਟੈਲੀਵਿਜ਼ਨ ’ਤੇ ਦਿਖਾਇਆ ਜਾਂਦਾ ਹੈ। ਸਟੇਟ ਆਪਣੇ ਝੁਕਾਅ ਵਿਚ ਕੋਈ ਲੁਕ ਲੁਕਾਅ ਨਹੀਂ ਵਰਤ ਰਿਹਾ। ਨਹੀਂ ਤਾਂ ਸੱਤਾਧਾਰੀ ਪਾਰਟੀ ਦੀ ਕਿਸੇ ਤਰਜ਼ਮਾਨ ਦੀ ਇਸਲਾਮ ਦੇ ਪੈਗੰਬਰ ਖਿਲਾਫ਼ ਅਪਸ਼ਬਦ ਬੋਲਣ ਦੀ ਹਿੰਮਤ ਕਿਵੇਂ ਪੈ ਸਕਦੀ ਹੈ। ਤੇ ਹਾਲੇ ਵੀ ਉਸ ਨੂੰ ਮਹਿਜ਼ ਮੁਅੱਤਲ ਕੀਤਾ ਗਿਆ ਹੈ, ਪਾਰਟੀ ਤੋਂ ਬਰਤਰਫ਼ ਨਹੀਂ ਕੀਤਾ ਗਿਆ।
       ਘੱਟਗਿਣਤੀਆਂ ਅਤੇ ਉਨ੍ਹਾਂ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਆਗੂਆਂ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਸਮਝਣ ਕਿ ਕਿਸੇ ਘੱਟਗਿਣਤੀ ਦਾ ਮੈਂਬਰ ਦੁਨੀਆ ਅਤੇ ਆਪਣੀਆਂ ਕਮਜ਼ੋਰੀਆਂ -ਹਕੀਕੀ ਤੇ ਫਰਜ਼ੀ ਦੋਵਾਂ ਨੂੰ ਕਿਵੇਂ ਦੇਖਦਾ ਹੈ। ਘੱਟਗਿਣਤੀਵਾਦ ਮਨ ਦੀ ਇਕ ਅਵਸਥਾ ਵੀ ਹੈ ਜਿਸ ਦੇ ਹਾਸ਼ੀਏ ’ਤੇ ਪੀੜਤ ਹੋਣ ਦਾ ਅਹਿਸਾਸ ਵਸਦਾ ਹੈ। ਘੱਟਗਿਣਤੀਆਂ ਕੋਈ ਖ਼ਾਨਾ ਜਾਂ ਬਰਫ਼ ਦੀਆਂ ਟੁਕੜੀਆਂ ਜਮਾਉਣ ਵਾਲੀ ਟਰੇਅ ਨਹੀਂ ਹੁੰਦੀਆਂ। ਰਾਸ਼ਟਰ ਨਿਰਮਾਣ ਦਾ ਹਰਗਿਜ਼ ਮਤਲਬ ਨਹੀਂ ਹੁੰਦਾ ਕਿ ਘੱਟਗਿਣਤੀ ਅਤੇ ਕਬਾਇਲੀ ਸਰੋਕਾਰਾਂ ਨੂੰ ਅਣਡਿੱਠ ਕੀਤਾ ਜਾਵੇ। ਭਾਰਤੀ ਆਵਾਮ ਇੰਨੇ ਕੁ ਅਕਲਮੰਦ ਹਨ ਕਿ ਇਹ ਕਿਸੇ ਸੰਕੇਤਵਾਦ ਦਾ ਸ਼ਿਕਾਰ ਨਹੀਂ ਹੋਣਗੇ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਰਾਸ਼ਟਰਪਤੀ ਕਬਾਇਲੀ ਪਿਛੋਕੜ ਤੋਂ ਹਨ। ਸਾਨੂੰ ਆਸ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਦਾ ਸ਼ਾਸਨ ਪ੍ਰਣਾਲੀ ’ਤੇ ਪ੍ਰਭਾਵ ਪਵੇਗਾ।
       ਸਾਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਹਾਸ਼ੀਏ ’ਤੇ ਰਹਿਣ ਵਾਲੇ ਵੀ ਲੋਕ ਹੀ ਹੁੰਦੇ ਹਨ। 15 ਕਰੋੜ ਦੀ ਆਬਾਦੀ ਵਾਲੇ ਮੁਸਲਮਾਨ ਦੁਨੀਆ ਦੀ ਸਭ ਤੋਂ ਵੱਡੀ ਘੱਟਗਿਣਤੀ ਹਨ। ਸੰਸਦ ਵਿਚ ਭਾਜਪਾ ਦੀ ਤਰਫ਼ੋਂ ਉਨ੍ਹਾਂ ਦਾ ਇਕ ਵੀ ਮੈਂਬਰ ਨਹੀਂ ਹੈ। ਧਰਮ ਨਿਰਪੇਖਤਾ ਨੂੰ ਇਕ ਵਰਜਿਤ ਸ਼ਬਦ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਹਾਲਾਂਕਿ ਧਰਮਨਿਰਪੇਖਤਾ ਬਹੁਵਾਦ ਦਾ ਹੀ ਸਮਾਨਾਰਥੀ ਸ਼ਬਦ ਹੈ। ਸਾਨੂੰ ਸਮਝਣਾ ਪਵੇਗਾ ਕਿ ਘੱਟਗਿਣਤੀ ਲੋਕ ਕਿਸੇ ਦੇ ਤਰਸ ਦੇ ਪਾਤਰ ਨਹੀਂ ਹਨ ਸਗੋਂ ਉਨ੍ਹਾਂ ਨੂੰ ਇੱਥੇ ਰਹਿਣ ਦਾ ਪੂਰਾ ਦਾ ਹੱਕ ਹੈ।
        ਕੀ ਸਾਨੂੰ ਧਾਰਮਿਕ ਸੰਸਥਾਵਾਂ ਤੋਂ ਕੋਈ ਧਰਵਾਸ ਜਾਂ ਸਹਾਰਾ ਮਿਲ ਸਕੇਗਾ? ਧਰਮਨਿਰਪੇਖਤਾਵਾਦ (Secularism) ਸਰਕਾਰੀ ਧਰਮ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਕਿਸੇ ਖ਼ਾਸ ਧਰਮ ਦੇ ਪੈਰੋਕਾਰਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਮੁਖ਼ਾਲਫ਼ਤ ਕਰਦਾ ਹੈ। ਧਾਰਮਿਕ ਸੰਸਥਾਵਾਂ ਦੇ ਸਮੂਹ ਅੰਦਰ ਧਰਮਨਿਰਪੇਖਤਾ ਦੇ ਸਿਧਾਂਤ ਦਾ ਇਕਬਾਲ ਬੁਲੰਦ ਕਰਨਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੈ ਅਤੇ ਇਸ ਮੁਤੱਲਕ ਨਿਆਂਪਾਲਿਕਾ ਨੂੰ ਮੁਸਤੈਦ ਰਹਿਣ ਦੀ ਲੋੜ ਹੁੰਦੀ ਹੈ। ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿਚ ਸਾਡਾ ਰਿਕਾਰਡ ਬਿਹਤਰ ਸੀ ਤੇ ਉਦੋਂ ਸਾਡਾ ਸਾਹਮਣਾ ਮੁਸਲਿਮ ਰਾਸ਼ਟਰਵਾਦ ਨਾਲ ਸੀ ਜਿਸ ਦਾ ਇਕ ਹੀ ਰਾਜ ਸੀ ਤੇ ਇਕ ਹੀ ਧਰਮ ਸੀ। ਅਸੀਂ ਜਿਨਾਹ ਦਾ ਟਾਕਰਾ ਧਰਮਨਿਰਪੇਖਤਾ ਨਾਲ ਕੀਤਾ ਸੀ ਨਾ ਕਿ ਅਜਿਹੇ ਸਟੇਟ/ਰਾਜ ਨਾਲ ਜੋ ਇਕ ਹਿੰਦੁਤਵ ਦੇ ਨਾਅਰੇ ਪ੍ਰਤੀ ਵਫ਼ਾਦਾਰੀ ਦਿਖਾਉਂਦਾ ਹੋਵੇ।