ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ—ਕਈ ਪਹਿਰ ਦੀਆਂ - ਸੁਖਪਾਲ ਸਿੰਘ ਗਿੱਲ

 ਭਾਦੋਂ ਨਾਨਕਸ਼ਾਹੀ ਯੰਤਰੀ ਦਾ ਛੇਵਾਂ 30 ਦਿਨ ਵਾਲਾ ਮਹੀਨਾ ਹੁੰਦਾ ਹੈ। ਵਰਖਾ ਰੁੱਤ ਦਾ ਦੂਜਾ ਮਹੀਨਾ ਹੁੰਦਾ ਹੈ। ਅਗਸਤ ਸਤੰਬਰ ਵਿੱਚ ਆਉਣ ਵਾਲਾ ਇਹ ਮਹੀਨਾ ਸੱਭਿਆਚਾਰ ਅਤੇ ਕੁਦਰਤ ਦੇ ਪੱਖੋਂ ਬਲਵਾਨ ਹੈ। ਕਿੱਤੇ ਵਜੋਂ ਪੰਜਾਬੀਆਂ ਦੇ ਜੀਵਨ ਵਿੱਚ ਇਹ ਮਹੀਨਾ ਵੰਨ—ਸੁਵੰਨੇ ਪ੍ਰਭਾਵ ਪਾਉਂਦਾ ਹੈ। ਸਾਉਣ ਮਹੀਨੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ। ਸਭ ਇਕੱਠੀਆਂ ਹੁੰਦੀਆਂ ਹਨ। ਇਹ ਇੱਕ ਸੱਭਿਆਚਾਰਕ ਰੀਤ ਬਣੀ ਹੋਈ ਹੈ। ਭਾਦੋਂ ਮਹੀਨੇ ਆਪਣੇ—2 ਸਹੁਰੇ ਘਰ ਮੁੜ ਜਾਂਦੀਆਂ ਹਨ। “ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ”।
    ਭਾਦੋਂ ਮਹੀਨਾ ਤਪਸ਼, ਗਰਮੀ ਅਤੇ ਹੁੰਮਸ ਦਾ ਮਹੀਨਾ ਹੁੰਦਾ ਹੈ। ਇਹ ਕਈ ਤਰ੍ਹਾਂ ਦੇ ਕੁਦਰਤੀ ਚਿੱਤਰ, ਚਿੱਤਰਦਾ ਹੈ। ਇਹ ਮਹੀਨਾ ਜਿੰਮੀਦਾਰ ਦੀ ਹਿੰਮਤ ਅਤੇ ਸਿਰੜ ਦਾ ਸਿਰਨਾਵਾਂ ਹੁੰਦਾ ਹੈ। ਅੱਤ ਦੀ ਗਰਮੀ ਵਿੱਚ ਮਜ਼ਬੂਰੀ ਵੱਸ ਖੇਤਾਂ ਦਾ ਅਤੇ ਪਸ਼ੂਆਂ ਦਾ ਕੰਮ ਕਰਨਾ ਪੈਂਦਾ ਹੈ। ਮੀਂਹ ਪੈਂਦੇ ਵਿੱਚ ਵੀ ਤੇ੍ਰਲੀ ਚੌਂਦੀ ਰਹਿੰਦੀ ਹੈ। ਇਸ ਮਹੀਨੇ ਕੁਦਰਤ ਦਾ ਇਹੀ ਸੁਭਾਅ ਹੁੰਦਾ ਹੈ। ਇਸ ਲਈ ਕਹਾਵਤ ਵੀ ਹੈ ਕਿ “ਜੱਟ ਭਾਦੋਂ ਵਿੱਚ ਸਾਧ ਹੋ ਗਿਆ ਸੀ”। ਇੱਕ ਹੋਰ ਵੰਨਗੀ ਹੈ “ਜੇਠ ਹਾੜ੍ਹ ਕੁੱਖੀਂ, ਸਾਵਣ ਭਾਦੋਂ ਰੁੱਖੀਂ”। ਭਾਦੋਂ ਮਹੀਨੇ ਦੀ ਸੁਦੀ ਦੀ ਪਹਿਲੀ ਤਿੱਥ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਪ੍ਰਕਾਸ਼ ਹੋਇਆ ਸੀ। ਭਾਦੋਂ ਮਹੀਨੇ ਦੀ ਦੂਜ ਨੂੰ ਚੰਨ ਦੇਖਣਾ ਸ਼ੁੱਭ ਮੰਨਿਆ ਜਾਂਦਾ ਹੈ। ਭਾਦੋਂ ਸੁਦੀ ਚੌਥ ਨੂੰ ਵਿਨਾਇਕ ਚਤਰੁਥ ਵੀ ਕਿਹਾ ਜਾਂਦਾ ਹੈ।
    ਗਿਆਨੀ ਗੁਰਦਿੱਤ ਸਿੰਘ ਨੇ ਇਸ ਮਹੀਨੇ ਦਾ ਜ਼ਿਕਰ ਕੁਦਰਤ ਅਤੇ ਕਿੱਤੇ ਦਾ ਸੁਮੇਲ ਕਰਾਉਂਦਾ ਹੋਇਆ ਇਉਂ ਉਚਾਰਿਆ ਹੈ। “ਚੜੇ੍ਹ ਭਾਦਰੋਂ ਉੱਗੀ ਖੁੰਮ ਪਿਆ ਆਖਰਾਂ ਦਾ ਗੁੰਮ, ਕਿਤੇ ਚਿੱਬੜ ਕਿਤੇ ਮਤੀਰੇ, ਸਾਡੇ ਖੇਤੀ ਬੀਜੇ ਖੀਰੇ”। ਇਸ ਭਾਦਰੋਂ ਦੇ ਝੱਸੇ ਮਨੁੱਖੀ ਸਰੀਰ ਦਾ ਵਰਣਨ ਇਉਂ ਵੀ ਮਿਲਦਾ ਹੈ। “ਭਾਦੋਂ ਬਦਰੰਗ ਗੋਰਾ ਕਾਲਾ ਰੰਗ” ਇਸ ਮਹੀਨੇ ਮੀਂਹ ਤੋਂ ਬਾਅਦ ਟੋਭੇ ਅਤੇ ਨੀਵੀਂਆਂ ਥਾਵਾਂ ਪਾਣੀ ਨਾਲ ਭਰ ਜਾਂਦੀਆਂ ਹਨ। ਇਸ ਸਾਹਿਤਕ ਬੋਲੀ ਵੀ ਹੈ। “ਤੇਰਾਂ ਭਾਦੋਂ ਝੜੀ ਲੱਗ ਗਈ, ਦੱਸਾਂ ਨਵੀਂ ਕਹਾਣੀ, ਜ਼ੋਰ ਕਿਸੇ ਦਾ ਚੱਲਦਾ ਹੈ ਨੀ ਉਲਟੀ ਉਲਝ ਗਈ ਤਾਣੀ, ਬੈਠਕ ਵੀਰ ਨੂੰ ਰੁੜ ਗਈ ਸਾਰੀ ਅੰਦਰ ਫਿਰ ਗਿਆ ਪਾਣੀ ਚੱਲਦੀ ਨਹੀਂ ਰੇਲ ਕਿਸੇ ਦੀ ਸਭਨਾਂ ਦਾ ਤੂੰ ਦਾਤਾ ਦੁੱਧੋਂ ਛਾਣਦਾ ਪਾਣੀ, ਸਭਨਾਂ ਦਾ ਤੂੰ ਦਾਤਾ”। ਭਾਦੋਂ ਮਹੀਨਾ ਇੱਕ ਹੋਰ ਵੀ ਸੱਭਿਆਚਾਰਕ ਵੰਨਗੀ ਬੁੱਕਲ ਵਿੱਚ ਲਈ ਬੈਠਾ ਹੈ “ਭਾਦੋਂ ਹੀਰ ਦਾ ਧਰਿਆ ਮੁੱਕਲਾਵਾ, ਉਸ ਨੂੰ ਖਬਰ ਨਾ ਕਾਈ ਮਹਿੰਦੀ ਸ਼ਗਨਾਂ ਦੀ ਚੜਦੀ ਦੂਣ ਸਵਾਈ”।
    ਅਧਿਆਤਮਕ ਪੱਖ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਨਾਮ ਇਉਂ ਸੰਦੇਸ਼ ਦਿੱਤਾ ਸੀ “ਭਾਦਓ ਭਰਮ ਭੁਲੀ, ਭਰਿ ਜੋਬਨਿ ਪਛੁਤਾਣੀ ਜਲ ਥਲ ਭਰੇ ਬਰਸ ਰੁਤੇ ਰੰਗ ਮਾਣੀ” ਪੰਚਮ ਪਾਤਸ਼ਾਹ ਜੀ ਨੇ ਭਾਦੋਂ ਮਹੀਨੇ ਬਾਰੇ ਬਾਰਾਂਮਾਹਾਂ ਵਿੱਚ ਮਨੁੱਖ ਰੂਪੀ ਇਸਤਰੀ ਨੂੰ ਪ੍ਰਭੂ ਚਰਨਾਂ ਵਿੱਚ ਜੁੜਨ ਦਾ ਸੁਨੇਹਾ ਦਿੱਤਾ ਹੈ। “ਭਾਦੁਇ ਭਰਮਿ ਭੁਲਾਣੀਆ, ਦੂਜੇ ਲੱਗਾ ਹੇਤੁ, ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ” “ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ, ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰੱਖਣ ਵਾਲਾ ਹੇਤੁ”। ਭਾਦੋਂ ਮਹੀਨਾ ਗਰਮੀ ਸਰਦੀ ਧੁੱਪ ਮੀਂਹ ਹੁੰਮਸ ਹਰ ਤਰ੍ਹਾਂ ਦਾ ਮੌਸਮ ਹੁੰਦਾ ਹੈ। ਇਸ ਮਹੀਨੇ ਨੂੰ ਮੌਰ ਅਤੇ ਬੰਬੀਹੇ ਦੀ ਰੁੱਤ ਵੀ ਕਿਹਾ ਜਾਂਦਾ ਹੈ। ਸਾਉਣ ਮਹੀਨਾ ਛਰਾਟਿਆਂ ਨਾਲ ਅਤੇ ਭਾਦੋਂ ਝੜੀਆਂ ਨਾਲ ਪੁਕਾਰਿਆ ਜਾਂਦਾ ਹੈ। ਇਸ ਮਹੀਨੇ ਮੁੜਕਾ ਜੋਬਨ ਉੱਤੇ ਹੁੰਦਾ ਹੈ। ਕਿਸਾਨੀ ਸਾਹਿਤਕ ਅਤੇ ਕੁਦਰਤੀ ਪੱਖ ਤੋਂ ਅਲੱਗ—2 ਪਰਛਾਵੇਂ ਪਾਉਂਦਾ ਹੈ। “ਸਾਵਣ ਬੱਦਲ ਵਸਦੇ ਨੇ, ਅੰਬ ਜਮੋਏ ਰਸਦੇ ਨੇ, ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ—2 ਪਹਿਰ ਦੀਆਂ”। ਭਾਦਰੋਂ ਮਹੀਨਾ ਆਪਣੇ ਅੰਦਰ ਸੱਭਿਅਤਾ, ਸੱਭਿਆਚਾਰ ਰੁੱਤਾਂ ਤਿੱਥਾਂ ਅਤੇ ਅਧਿਆਤਮਵਾਦ ਦਾ ਖਜ਼ਾਨਾ ਸਾਂਭੀ ਬੈਠਾ ਹੈ। 

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781—11445