ਦਹਿਲੀਜ਼ ਅਤੇ ਡਿਊਢੀ - ਸੁਖਪਾਲ ਸਿੰਘ ਗਿੱਲ

 ਪੰਜਾਬੀ ਪੁਰਾਤਨ ਘਰਾਂ ਵਿੱਚ ਡਿਊਢੀ ਅਤੇ ਦਹਿਲੀਜ਼ ਅੰਗ ਅਤੇ ਸ਼ਿੰਗਾਰ ਹੁੰਦੇ ਸਨ। ਸੱਭਿਆਚਾਰ ਵਿੱਚ ਵੀ ਇਨ੍ਹਾਂ ਨੂੰ ਬਣਦਾ ਰੁਤਬਾ ਹਾਸਿਲ ਸੀ। ਜਿਉਂ-ਜਿਉਂ ਤਰੱਕੀ ਨੇ ਰਫਤਾਰ ਫੜੀ ਸੱਭਿਆਚਾਰ ਦੇ ਇਹ ਦੋਵੇਂ ਅੰਗ ਸਮੇਂ ਦਾ ਹਾਣੀ ਬਣਨ ਦੀ ਬਜਾਏ ਘਸਮੈਲੇ ਹੁੰਦੇ ਗਏ। ਰਹਿਣ ਸਹਿਣ ਵੀ ਬਦਲ ਕੇ ਰੱਖ ਦਿੱਤਾ ਗਿਆ। ਦਹਿਲੀਜ਼ ਪੰਜਾਬੀ ਸ਼ਬਦਕੋਸ਼ ਅਨੁਸਾਰ ਬਰੂੰਹ ਨੂੰ ਕਹਿੰਦੇ ਹਨ। ਦਰਵਾਜ਼ੇ ਦੀ ਚੁਗਾਠ ਦੀ ਹੇਠਲੀ ਲੱਕੜ ਸਰਦਲ ਜਾਂ ਪ੍ਰਵੇਸ਼ ਰਾਹੀਂ ਉੱਪਰ ਨੂੰ ਉੱਚੀ ਕਰਕੇ ਲਗਾਈ ਜਾਂਦੀ ਹੈ। ਡਿਊਢੀ ਨੂੰ ਸ਼ਬਦਕੋਸ਼ ਅਨੁਸਾਰ ਡੇਢ ਗੁਣੀ ਅਤੇ ਘਰ ਵਿੱਚ ਦਾਖਲ ਹੋਣ ਦਾ ਦਰਵਾਜ਼ਾ ਕਿਹਾ ਜਾਂਦਾ ਹੈ।
    ਸਮੇਂ ਦੀ ਲੋੜ ਅਤੇ ਮੰਗ ਅਨੁਸਾਰ ਪੰਜਾਬੀ ਪੁਰਾਤਨ ਘਰਾਂ ਵਿੱਚ ਦਹਿਲੀਜ਼ ਤਾਂ ਆਮ ਘਰਾਂ ਵਿੱਚ ਹੁੰਦੀ ਸੀ ਪਰ ਪਹਿਲੇ ਪਹਿਲ ਡਿਊਢੀ ਰਈਸ ਪਰਿਵਾਰਾਂ ਦੇ ਹੀ ਹੁੰਦੀ ਸੀ। ਹੋਲੇ-ਹੋਲੇ ਵਿਕਸਿਤ ਹੋਣ ਨਾਲ ਡਿਊਢੀ ਵੀ ਆਮ ਜਿਹੀ ਹੋ ਗਈ। ਦਹਿਲੀਜ਼ ਕਈ ਪੱਖਾਂ ਤੋਂ ਸੁਨੇਹਾ ਦਿੰਦੀ ਸੀ। ਵਿਗਿਆਨਿਕ ਤੌਰ ਤੇ ਇਸ ਦਾ ਕਾਰਨ ਇਹ ਸੀ ਕਿ ਉੱਚੀ ਹੋਣ ਕਰਕੇ ਬਾਹਰ ਤੋਂ ਕੋਈ ਜੀਵ ਜੰਤੂ ਕਮਰੇ ਅੰਦਰ ਨਹੀਂ ਵੜ ਸਕਦਾ ਸੀ। ਕਈ ਲੋਕ ਇਸ ਨੂੰ ਧਾਰਮਿਕ ਤੌਰ ਤੇ ਮੱਥੇ ਵੀ ਟੇਕਦੇ ਹੁੰਦੇ ਸਨ। ਇਨ੍ਹਾਂ ਪਿੱਛੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਪਰ ਮੱਥਾ ਟੇਕਣ ਦਾ ਭਾਵ ਘਰ ਦੀ ਖੁਸ਼ਹਾਲੀ ਸਮਝਿਆ ਜਾਂਦਾ ਸੀ। ਹੁਣ ਦਹਿਲੀਜ਼ ਦਾ ਤਾਂ ਰੌਲਾ ਹੀ ਮੁੱਕਾ ਦਿੱਤਾ। ਹੁਣ ਕਮਰੇ ਵਿੱਚ ਸਿੱਧਮ ਸਿੱਧੇ ਜੀਵ ਜੰਤੂਆਂ ਨੂੰ ਜਾਣ ਤੋਂ ਰੋਕਣ ਲਈ ਦਰਵਾਜ਼ੇ ਦੇ ਥੱਲੇ ਹੀ ਜੁਗਾੜ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ।
    ਜਿੱਥੇ ਦਹਿਲੀਜ਼ ਜੀਵ ਜੰਤੂਆਂ ਅਤੇ ਧਾਰਮਿਕ ਤੌਰ ਤੇ ਤਰਜਮਾਨ ਸੀ ਉੱਥੇ ਡਿਊਢੀ ਵੀ ਘਰ ਦੇ ਮੁੱਖ ਦੁਆਰ ਵਿੱਚ ਹੁੰਦੀ ਸੀ। ਇਸ ਵਿੱਚੋਂ ਅੱਗੇ ਲੰਘਣ ਲਈ ਬਜ਼ੁਰਗ ਦੀ ਤਫਤੀਸ਼ ਵਿੱਚ ਸ਼ਾਮਿਲ ਹੋਣਾ ਪੈਂਦਾ ਸੀ। ਜਿੱਥੇ ਬਜ਼ੁਰਗ ਘਰ ਦਾ ਜਿੰਦਰਾ ਸੀ ਉੱਥੇ ਡਿਊਢੀ ਘਰ ਦੀ ਚਾਬੀ ਵੀ ਕਹੀ ਜਾਂਦੀ ਸੀ। ਡਿਊਢੀ ਬਾਰੇ ਇੱਕ ਹੋਰ ਵੀ ਦੰਦ ਕਥਾ ਹੈ ਕਿ ਇੱਥੇ ਸਮਾਜਿਕ ਚਹਿਲ ਪਹਿਲ ਰਹਿੰਦੀ ਸੀ। ਚਾਹ ਪਾਣੀ ਅਤੇ ਹੁੱਕਾ ਪਾਣੀ ਚੱਲਦਾ ਰਹਿੰਦਾ ਸੀ। ਰੱਜਦੇ ਪੁੱਜਦੇ ਘਰਾਂ ਦੀ ਨਿਸ਼ਾਨੀ ਵੀ ਸੀ। ਡਿਊਢੀ ਨਾਲ ਸੱਭਿਅਤਾ ਅਤੇ ਸੱਭਿਆਚਾਰ ਕਈ ਪੱਖਾਂ ਤੋਂ ਜੁੜੇ ਹੋਏ ਹਨ। ਬਜ਼ੁਰਗ ਡਿਊਢੀ ਦੀ ਸ਼ਾਨ ਨੂੰ ਦੁੱਗਣੀ ਕਰਕੇ ਰੱਖਦੇ ਸਨ। ਡਿਊਢੀ ਸਮਾਜਿਕ ਸੁਰੱਖਿਆ ਦਾ ਇੱਕ ਫੋਡਾ ਵੀ ਸੀ। ਬਜ਼ੁਰਗਾਂ ਦੀਆਂ ਅਹਿਮੀਅਤ ਅਤੇ ਡਿਊਢੀ ਮੱਧਮ ਪੈ ਚੁੱਕੀ ਹੈ। ਕਿਹਾ ਵੀ ਜਾਂਦਾ ਸੀ ''ਘਰ ਦੇ ਭਾਗ ਡਿਊਢੀ ਤੋਂ ਦਿੱਖ ਜਾਂਦੇ ਹਨ।'' ਨਜ਼ਰ ਟਪਕਾਰ ਲਈ ਅਤੇ ਅੰਧ-ਵਿਸ਼ਵਾਸ ਲਈ ਵੱਖੋ-ਵੱਖਰੇ ਪਹਿਲੂਆਂ ਦੀ ਤਰਜ਼ਮਾਨੀ ਕਰਦੀ ਹੈ। ਇਸ ਲਈ ਡਿਊਢੀ ਦੇ ਬਾਹਰ ਨਿੰਬੂ ਵੀ ਟੰਗੇ ਜਾਂਦੇ ਹੁੰਦੇ ਸਨ। ਜਿਸ ਦਾ ਆਪਣਾ ਅਧਿਆਤਮਿਕ ਪੱਖ ਸੀ।
    ਪੰਜਾਬੀ ਘਰਾਂ ਵਿੱਚ ਦਹਿਲੀਜ਼ ਅਤੇ ਡਿਊਢੀਆਂ ਉਸ ਘਰ ਦਾ ਉਘੜਵਾਂ ਰੂਪ ਹੁੰਦੀਆਂ ਸਨ। ਇਹ ਦੋਵੇਂ ਪੁਰਾਤਨ ਬਜ਼ੁਰਗਾਂ ਦੀ ਸੱਭਿਅਤਾ ਅਤੇ ਸੱਭਿਆਚਾਰਕ ਸੂਝ-ਬੂਝ ਨੂੰ ਪਰਗਟ ਕਰਦੀ ਹੈ। ਇਹ ਨਿਪੁੰਨ ਸਮਾਜਿਕ ਕਲਾਕਾਰੀ ਦਾ ਨਕਸ਼ਾ ਵੀ ਪੇਸ਼ ਕਰਦੀਆਂ ਸਨ। ਅੱਜ ਕੱਲ ਸੱਭਿਆਚਾਰ ਦੇ ਦੋਨੋਂ ਅੰਗ ''ਕਿਤਾਬੋਂ ਕੇ ਜ਼ਰੀਏ'' ਆਪਣਾ ਪ੍ਰਭਾਵ ਛੱਡਦੇ ਹਨ ਪਰ ਹਕੀਕਤ ਵਿੱਚ ਨਹੀਂ। ਡਿਊਢੀ ਨੂੰ ਨਵੇਂ ਰੂਪ ਵਿੱਚ ਦਿੱਖ ਮਿਲਣ ਦੀ ਗੁੰਜਾਇਸ਼ ਹੈ। ਅਜਿਹੀ ਗੁੰਜ਼ਾਇਸ਼ ਦਹਿਲੀਜ਼ ਦੇ ਦੁਬਾਰਾ ਉੱਕਰਨ ਦੀ ਨਹੀਂ ਲੱਗਦੀ। ਇਹ ਦੋਵੇਂ ਅੰਗ ਪੁਰਾਤਨ ਸੱਭਿਆਚਾਰ ਦੀ ਝਲਕ ਕਿਤਾਬਾਂ ਵਿੱਚ ਅੱਜ ਵੀ ਮਾਰਦੇ ਹਨ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781-11445