ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19  ਸਤੰਬਰ 2022

ਗੈਂਗਸਟਰਾਂ ਨੂੰ ਮਾਰ ਦਿਤਾ ਜਾਏ ਜਾਂ ਸੁਧਾਰ ਲਿਆ ਜਾਵੇ- ਇਕ ਅਖ਼ਬਾਰੀ ਸੰਪਾਦਕੀ

ਮਾਰ ਦੀਆ ਜਾਏ ਕਿ ਛੋੜ ਦੀਆ ਜਾਏ, ਬੋਲ ਤੇਰੇ ਸਾਥ ਕਿਆ ਸਲੂਕ ਕੀਆ ਜਾਏ।

 

ਜੇ ਕਰ ਭਾਜਪਾ ਹਮਲਾਵਰ ਹੋਵੇਗੀ ਤਾਂ ਅਸੀਂ ‘ਡਬਲ ਹਮਲਾਵਰ’ ਹੋਵਾਂਗੇ- ਕਾਂਗਰਸ

ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।

ਰੂਸ ਨੇ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਪਲਾਈ ਦੀ ਕੀਤੀ ਪੇਸ਼ਕਸ਼- ਇਕ ਖ਼ਬਰ                                          

ਤੇਰੇ ਅੱਗੇ ਥਾਨ ਸੁੱਟਿਆ, ਸੁੱਥਣ ਸੰਵਾ ਲੈ ਚਾਹੇ ਲਹਿੰਗਾ।

ਧਾਰਾ 370 ਨੇ ਜੰਮੂ ਕਸ਼ਮੀਰ ਦੇ ਵਿਕਾਸ ਵਿਚ ਕੋਈ ਅੜਿੱਕਾ ਨਹੀਂ ਡਾਹਿਆ- ਗੁਲਾਮ ਨਬੀ ਆਜ਼ਾਦ

ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।

ਅਮਰਿੰਦਰ ਸਿੰਘ ਨਾਲ ਭਾਜਪਾ ‘ਚ ਜਾਣ ਦਾ ਮੇਰਾ ਕੋਈ ਵਿਚਾਰ ਨਹੀਂ- ਪ੍ਰਨੀਤ ਕੌਰ

ਬਿਲਕੁਲ ਠੀਕ, ਟੱਬਰ ਦੇ ਦੋਨਾਂ ਹੱਥਾਂ ‘ਚ ਲੱਡੂ ਹੋਣਗੇ ਜੀ।

ਕੈਪਟਨ ਨੇ ਪਟਿਆਲਾ ਸ਼ਹਿਰ ਦਾ ਵਿਕਾਸ ਨਹੀਂ ਕੀਤਾ- ਜੌੜੇਮਾਜਰਾ

ਜੌੜੇਮਾਜਰਾ ਸਾਬ ਤੁਸੀਂ ਸਿਆਣੇ ਹੋ, ਇਕ ਟਾਈਮ ‘ਤੇ ਇਕੋ ਕੰਮ ਹੀ ਹੋ ਸਕਦਾ।

ਸਮਾਰਟ ਬਣਾਉਣ ਦੀ ਥਾਂ ਸਕੂਲਾਂ ਨੇੜੇ ਖੁੱਲ੍ਹਣ ਲੱਗੇ ਠੇਕੇ- ਇਕ ਖ਼ਬਰ

ਬਈ ਠੇਕਿਆਂ ਦੀ ਆਮਦਨ ਨਾਲ ਹੀ ਸਕੂਲ ਸਮਾਰਟ ਬਣਨਗੇ।

ਸੂਬਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ- ਮੀਤ ਹੇਅਰ

ਤੈਨੂੰ ਲੈ ਦਊਂ ਸਲੀਪਰ ਕਾਲ਼ੇ, ਨੀ ਨਰਮੇ ਨੂੰ ਵਿਕ ਲੈਣ ਦੇ।

ਜੰਮੂ ਕਸ਼ਮੀਰ ਦੇ ਲੋਕਾਂ ਕੋਲ ਕੋਈ ਅਧਿਕਾਰ ਨਹੀਂ- ਮਹਿਬੂਬਾ ਮੁਫ਼ਤੀ

ਮੇਰੇ ਗਲ਼ ਵਿਚ ਪਈਆਂ ਮੀਢੀਆਂ, ਮੇਰਾ ਸਾਲੂ ਹੋਇਆ ਲੰਗਾਰ ਵੇ।

ਕੈਪਟਨ ਅਮਰਿੰਦਰ ਸਿੰਘ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ- ਇਕ ਖ਼ਬਰ

ਬੁੱਲ੍ਹ ਸੁੱਕ ਗਏ ਦੰਦਾਸੇ ਵਾਲ਼ੇ, ਸ਼ਰਬਤ ਪਿਆ ਦੇ ਮਿੱਤਰਾ।

ਆਸ਼ੂ ਨੇ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ- ਇਕ ਖ਼ਬਰ

ਮੈਂ ਦਰ ਤੇਰੇ ‘ਤੇ ਆਇਆ, ਖੈਰ ਪਾ ਦੇ ਮੇਰੇ ਦਾਤਿਆ।

ਸ੍ਰੀਲੰਕਾ ‘ਚ 15 ਸਾਲਾ ਮੁੰਡੇ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਬਸ ਚੋਰੀ ਕੀਤੀ-ਇਕ ਖ਼ਬਰ

ਠਿੱਲ੍ਹ ਜਾਂਦੇ ਵਿਚ ਦਰਿਆਵੀਂ, ਜਿਹਨਾਂ ਨੂੰ ਸਿੱਕ ਮਿੱਤਰਾਂ ਦੀ।

ਭਗਵੰਤ ਮਾਨ ਵਲੋਂ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ- ਇਕ ਖ਼ਬਰ

ਆ ਜਾ ਢੋਲਣਾ ਲੁਹਾਰ ਮੁੰਡਾ ਬਣ ਕੇ, ਤੱਕਲੇ ਨੂੰ ਵਲ ਪੈ ਗਿਆ।

ਗੁਜਰਾਤ’ਚ ਭਾਜਪਾ ਹਾਰ ਰਹੀ ਹੈ, ਕਾਂਗਰਸ ਦਾ ਹੋ ਚੁੱਕਾ ਹੈ ਸਫ਼ਾਇਆ- ਕੇਜਰੀਵਾਲ

ਸਉਣ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ।

ਗੋਆ ‘ਚ ਕਾਂਗਰਸ ਨੂੰ ਵੱਡਾ ਝਟਕਾ, ਅੱਠ ਵਿਧਾਇਕ ਭਾਜਪਾ ‘ਚ ਸ਼ਾਮਲ- ਇਕ ਖ਼ਬਰ

ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।

ਹਰਪਾਲ ਚੀਮਾ ਵਲੋਂ ਭਾਜਪਾ ‘ਤੇ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ- ਅਸ਼ਵਿਨੀ ਸ਼ਰਮਾ

ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।