ਬਾਬਾ ਸ਼ੇਖ ਫਰੀਦ - ਹਰਦਮ ਮਾਨ

ਸੰਜਮ, ਸਬਰ, ਸੰਤੋਖ ਸਿਖਾਵੇ ਬਾਬਾ ਸ਼ੇਖ ਫਰੀਦ

ਬੁਰਿਆਂ ਨੂੰ ਵੀ ਗਲੇ ਲਗਾਵੇ ਬਾਬਾ ਸ਼ੇਖ ਫਰੀਦ

 

ਪੰਜਾਬੀ ਦਾ ਮੋਢੀ ਸ਼ਾਇਰ, ਮਾਂ ਬੋਲੀ ਦਾ ਮਾਣ

ਮਾਖਿਓਂ ਮਿੱਠੇ ਬੋਲ ਸੁਣਾਵੇ ਬਾਬਾ ਸ਼ੇਖ ਫਰੀਦ

 

ਮਨ ਨੂੰ ਟੁੰਬਣ ਨਵੇਂ ਨਰੋਏ ਬਿੰਬ ਅਤੇ ਪ੍ਰਤੀਕ

ਐਸੀ ਕਾਵਿ-ਕਲਾ ਰੁਸ਼ਨਾਵੇ ਬਾਬਾ ਸ਼ੇਖ ਫਰੀਦ

 

ਰੱਬੀ ਰਜ਼ਾ ‘ਚ ਸੱਚਾ ਸੁੱਚਾ ਤੇ ਸਾਦਾ ਇਨਸਾਨ

ਦਰਵੇਸ਼ੀ ਦਾ ਰੁਤਬਾ ਪਾਵੇ ਬਾਬਾ ਸ਼ੇਖ ਫਰੀਦ

 

ਮਿੱਟੀ ਜੇਡ ਮਹਾਨ ਨਾ ਕੋਈ, ਸਭ ਮਿੱਟੀ ਦੀ ਖੇਡ

ਬੰਦੇ ਨੂੰ ਸ਼ੀਸ਼ਾ ਦਿਖਲਾਵੇ ਬਾਬਾ ਸ਼ੇਖ ਫਰੀਦ

 

ਨਿਮਰ ਨਿਮਾਣਾ ਉੱਤਮ ਜੀਵਨ, ਉੱਚੀ ਸੁੱਚੀ ਸੋਚ

ਕੂੜ-ਕਿਲ੍ਹੇ ਹੰਕਾਰ ਦੇ ਢਾਹਵੇ ਬਾਬਾ ਸ਼ੇਖ ਫਰੀਦ

 

ਇਸ਼ਕ-ਹਕੀਕੀ ਰੰਗ ‘ਚ ਰੰਗਿਆ, ਪ੍ਰੀਤਮ-ਮੇਲ ਦੀ ਤਾਂਘ

ਹਰ ਪਲ ਬਿਰਹਾ ਵਿਚ ਕੁਰਲਾਵੇ ਬਾਬਾ ਸ਼ੇਖ ਫਰੀਦ

 

ਗੁਰਬਾਣੀ ਦੀ ਸ਼ੋਭਾ ਬਣ’ਗੇ ਉਸ ਦੇ ਸ਼ਬਦ ਸਲੋਕ

ਮਾਨਵਤਾ ਦਾ ਰਾਹ ਦਰਸਾਵੇ ਬਾਬਾ ਸ਼ੇਖ ਫਰੀਦ

 

ਮੜ੍ਹੀਆਂ, ਜੰਗਲ ਸਭ ਦੁਨਿਆਵੀ ਭਟਕਣ ਹੀ ਹੈ ‘ਮਾਨ’

ਮਨ-ਮੰਦਰ ਦਾ ਦਰ ਖੜਕਾਵੇ ਬਾਬਾ ਸ਼ੇਖ ਫਰੀਦ