ਬਣੀ ਖੀਰ ਉੱਤੇ ਖੇਹ ਧੂੜਨ ਦੀ ਬੜੀ ਮਾਹਰ ਹੈ ਭਾਰਤੀ ਰਾਜਨੀਤੀ -ਜਤਿੰਦਰ ਪਨੂੰ

ਤੀਹ ਕੁ ਸਾਲ ਪਹਿਲਾਂ ਜਦੋਂ ਭਾਰਤੀ ਫੌਜ ਲਈ ਬੋਫੋਰਜ਼ ਕੰਪਨੀ ਦੀਆਂ ਹਾਵਿਟਜ਼ਰ ਤੋਪਾਂ ਖਰੀਦ ਕੀਤੀਆਂ ਤਾਂ ਭਾਰਤ ਦੀ ਰਾਜਨੀਤੀ ਵਿੱਚ ਇੱਕ ਭੁਚਾਲ ਜਿਹਾ ਆ ਗਿਆ ਸੀ। ਦੋਸ਼ ਇਹ ਲੱਗਦਾ ਸੀ ਕਿ ਤੋਪ ਸੌਦੇ ਦੀ ਦਲਾਲੀ ਦਾ ਪੈਸਾ ਜਿਨ੍ਹਾਂ ਲੋਕਾਂ ਕੋਲ ਗਿਆ, ਉਨ੍ਹਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂਅ ਹੈ। ਫਿਰ ਇਸ ਰੌਲੇ ਵਿੱਚ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ। ਅਗਲੀ ਚੋਣ ਮੌਕੇ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਬਾਅਦ ਵਿੱਚ ਇਹ ਕੇਸ ਭਾਵੇਂ ਰੁਲ ਕੇ ਰਹਿ ਗਿਆ, ਪਰ ਇਸ ਵਿਵਾਦ ਦੇ ਦੌਰਾਨ ਇੱਕ ਸੀਨੀਅਰ ਪੱਤਰਕਾਰ ਦੀ ਟਿੱਪਣੀ ਬੜੀ ਮਜ਼ੇਦਾਰ ਸੀ। ਓਦੋਂ ਦੂਰਦਰਸ਼ਨ ਇਕੱਲਾ ਟੀ ਵੀ ਚੈਨਲ ਹੁੰਦਾ ਸੀ ਤੇ ਉਸ ਦੇ ਇੱਕ ਪ੍ਰੋਗਰਾਮ ਵਿੱਚ ਉਸ ਪੱਤਰਕਾਰ ਤੋਂ ਪੁੱਛਿਆ ਗਿਆ ਕਿ ਇਸ ਤੋਪ ਦੀ ਸਭ ਤੋਂ ਵੱਡੀ ਖੂਬੀ ਕੀ ਹੈ? ਜਵਾਬ ਵਿੱਚ ਉਸ ਨੇ ਹੱਸ ਕੇ ਕਿਹਾ ਸੀ, 'ਇਹ ਤੋਪ ਦੁਸ਼ਮਣ ਵੱਲ ਗੋਲੇ ਸੁੱਟਣ ਤੋਂ ਪਹਿਲਾਂ ਖਰੀਦਣ ਵਾਲੇ ਦਾ ਘਰ ਢਾਹ ਸਕਦੀ ਹੈ, ਓਨਾ ਅੱਗੇ ਨੂੰ ਨਹੀਂ, ਜਿੰਨਾ ਪਿੱਛੇ ਨੂੰ ਮਾਰ ਕਰਦੀ ਹੈ'। ਓਦੋਂ ਆਖੀ ਗਈ ਉਸ ਸੀਨੀਅਰ ਪੱਤਰਕਾਰ ਦੀ ਗੱਲ ਅੱਜ ਦੇ ਮਾਹੌਲ ਵਿੱਚ ਵੀ ਲਾਗੂ ਹੁੰਦੀ ਹੈ, ਕਿਉਂਕਿ ਇਹ ਗੱਲ ਉਸ ਤੋਪ ਬਾਰੇ ਹੀ ਨਹੀਂ, ਭਾਰਤ ਦੀ ਉਸ ਸਮੁੱਚੀ ਰਾਜਨੀਤੀ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ, ਜਿਸ ਵਿੱਚ ਹੋਰ ਕੋਈ ਗੁਣ ਬੇਸ਼ੱਕ ਨਾ ਹੋਣ, ਇੱਕ ਪੱਕਾ ਗੁਣ ਸਦਾ ਮੌਜੂਦ ਰਿਹਾ ਹੈ ਕਿ ਇਹ ਬਣੀ ਹੋਈ ਖੀਰ ਉੱਤੇ ਖੇਹ ਧੂੜ ਸਕਦੀ ਹੈ।
ਇਸ ਵਕਤ ਦਾ ਮਾਹੌਲ ਕੀ ਹੈ ਤੇ ਇਸ ਤੋਂ ਇੱਕ ਮਹੀਨਾ ਪਹਿਲਾਂ ਦਾ ਮਾਹੌਲ ਕੀ ਸੀ? ਮਹੀਨਾ ਕੁ ਪਹਿਲਾਂ ਸਾਰੇ ਦੇਸ਼ ਦੇ ਲੋਕ ਇਸ ਗੱਲੋਂ ਦੁਖੀ ਸਨ ਕਿ ਪਾਕਿਸਤਾਨ ਦੀ ਹਮਲਾਵਰੀ ਵਧੀ ਜਾਂਦੀ ਹੈ ਤੇ ਭਾਰਤ ਸਰਕਾਰ ਇਸ ਦਾ ਮੁਕਾਬਲਾ ਕਰਨ ਵਿੱਚ ਨਿਤਾਣੀ ਸਾਬਤ ਹੋ ਰਹੀ ਹੈ। ਉੜੀ ਦੇ ਫੌਜੀ ਕੈਂਪ ਨੂੰ ਜਦੋਂ ਦਹਿਸ਼ਤਗਰਦਾਂ ਨੇ ਹਮਲੇ ਦਾ ਨਿਸ਼ਾਨਾ ਬਣਾਇਆ ਤਾਂ ਮੋਦੀ ਸਰਕਾਰ ਉੱਤੇ ਇਹ ਦਬਾਅ ਹੋਰ ਵੀ ਵਧ ਗਿਆ। ਫਿਰ ਇੱਕ ਦਿਨ ਇਹ ਖਬਰ ਆਈ ਕਿ ਭਾਰਤੀ ਫੌਜ ਦੇ ਕਮਾਂਡੋਜ਼ ਨੇ ਅੱਧੀ ਰਾਤੋਂ ਬਾਅਦ ਕੰਟਰੋਲ ਰੇਖਾ ਟੱਪੀ ਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ ਵਿੱਚ ਜਾ ਕੇ ਦਹਿਸ਼ਤਗਰਦਾਂ ਦੇ ਕੁਝ ਕੈਂਪ ਤਬਾਹ ਕਰਨ ਦੇ ਨਾਲ ਤਿੰਨ ਦਰਜਨ ਦੇ ਕਰੀਬ ਬੰਦੇ ਮਾਰੇ ਵੀ ਹਨ। ਇਸ ਖਬਰ ਨੂੰ ਝੂਠ ਕਹਿਣਾ ਬੇਵਕੂਫੀ ਜਾਪਦਾ ਹੈ। ਪਾਕਿਸਤਾਨੀ ਕਬਜ਼ੇ ਵਾਲੇ ਉਸ ਇਲਾਕੇ ਦੇ ਲੋਕ ਤਸਦੀਕ ਕਰਦੇ ਹਨ ਕਿ ਭਾਰਤੀ ਫੌਜ ਨੇ ਇਹ ਕਾਰਵਾਈ ਕੀਤੀ ਸੀ। ਉਸ ਦੇਸ਼ ਦੀ ਸਰਕਾਰ ਜਾਂ ਫੌਜ ਨਹੀਂ ਮੰਨਦੀ ਤਾਂ ਕੋਈ ਫਰਕ ਨਹੀਂ ਪੈਂਦਾ। ਉਂਜ ਉਸ ਦੇਸ਼ ਵਿੱਚ ਇਸ ਨਾਲ ਹੰਗਾਮਾ ਮੱਚਿਆ ਪਿਆ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਿੰਨੀ ਨਮੋਸ਼ੀ ਆਪਣੀ ਪਾਰਲੀਮੈਂਟ ਵਿੱਚ ਇਸ ਕਾਰਵਾਈ ਪਿੱਛੋਂ ਵੇਖਣੀ ਪਈ ਹੈ, ਕਦੇ ਵੇਖਣੀ ਨਹੀਂ ਸੀ ਪਈ। 
ਸਾਰਾ ਕੁਝ ਠੀਕ ਹੋਣ ਪਿੱਛੋਂ ਇਹ ਮੁੱਦਾ ਫੌਜ ਤੱਕ ਸੀਮਤ ਰੱਖਣ ਦੀ ਥਾਂ ਭਾਰਤੀ ਰਾਜਨੀਤੀ ਨੇ ਏਦਾਂ ਦੇ ਛੱਜ ਵਿੱਚ ਪਾ ਕੇ ਛੱਟਿਆ ਹੈ ਕਿ ਸਾਰੀ ਖੇਹ ਆਪਣੇ ਉੱਤੇ ਪਵਾਉਣ ਤੁਰ ਪਈ ਹੈ।
ਪਹਿਲਾਂ ਤਾਂ ਨਰਿੰਦਰ ਮੋਦੀ ਸਰਕਾਰ ਨੂੰ ਇਸ ਦਾ ਸਿਹਰਾ ਲੈਣ ਦਾ ਢੰਗ ਨਹੀਂ ਆਇਆ। ਫੌਜੀ ਕਾਰਵਾਈ ਦੇ ਬਾਅਦ ਫੌਜ ਜਾਂ ਸਰਕਾਰ ਨੇ ਸਿੱਧਾ ਦਾਅਵਾ ਕਰਨ ਦੀ ਥਾਂ ਇਸ ਬਾਰੇ ਖਬਰ ਲੀਕ ਕਰਨ ਦਾ ਤਰੀਕਾ ਵਰਤਣ ਵਾਲੀ ਅਕਲ ਦਿਖਾਈ ਹੁੰਦੀ ਤਾਂ ਰੌਲਾ ਨਾ ਪੈਂਦਾ। ਜਦੋਂ ਇਸ ਮੁੱਦੇ ਬਾਰੇ ਸਵਾਲ ਪੁੱਛੇ ਜਾਂਦੇ ਤਾਂ ਮੁਸਕੁਰਾ ਕੇ ਟਿੱਪਣੀ ਕਰਨ ਤੋਂ ਇਨਕਾਰ ਕਰਨਾ ਵੀ ਕਈ ਕੁਝ ਕਹਿ ਜਾਂਦਾ ਹੈ। ਪਿਛਲੇ ਸਾਲ ਏਦਾਂ ਦਾ ਅਪਰੇਸ਼ਨ ਮਾਇਨਾਮਾਰ ਵਿੱਚ ਕਰ ਲੈਣ ਪਿੱਛੋਂ ਇੱਕ ਮੰਤਰੀ ਦੀ ਨਾਲਾਇਕੀ ਨੇ ਖੇਡ ਵਿਗਾੜ ਦਿੱਤੀ ਸੀ। ਉਸ ਤਜਰਬੇ ਤੋਂ ਵੀ ਅਕਲ ਨਹੀਂ ਸਿੱਖੀ। ਪ੍ਰਧਾਨ ਮੰਤਰੀ ਮੋਦੀ ਦੇ ਸਮੱਰਥਕਾਂ ਨੇ ਇਸ ਕਾਰਵਾਈ ਨੂੰ ਹੁਣ ਤੱਕ ਲੱਗ ਰਹੇ ਕਮਜ਼ੋਰੀ ਦੇ ਦੋਸ਼ਾਂ ਨੂੰ ਢੱਕਣ ਲਈ ਵਰਤਣਾ ਚਾਹਿਆ ਹੈ। ਵਿਰੋਧੀ ਧਿਰ ਦੇ ਕੁਝ ਸੂਝ ਤੋਂ ਸੱਖਣੇ ਆਗੂਆਂ ਨੇ ਵੀ ਕੁਚੱਜੀ ਬਿਆਨਬਾਜ਼ੀ ਕਰ ਕੇ ਆਪਣੇ ਆਪ ਨੂੰ ਫਸਾ ਲਿਆ। ਇਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਦਾ ਨਾਂਅ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ।
ਕੇਜਰੀਵਾਲ ਨੇ ਪਹਿਲਾਂ ਇਸ ਸਰਜੀਕਲ ਸਟਰਾਈਕ ਦੀ ਹਮਾਇਤ ਕਰਨ ਮੌਕੇ ਨਰਿੰਦਰ ਮੋਦੀ ਲਈ ਸਲੂਟ ਕਰਨ ਤੱਕ ਦੀ ਉਹ ਹਰਕਤ ਕਰ ਦਿੱਤੀ, ਜਿਹੜੀ ਉਸ ਵੱਲੋਂ ਹਾਸੋਹੀਣੀ ਜਾਪਦੀ ਸੀ। ਨਾਲ ਇਹ ਗਲਤੀ ਕਰ ਲਈ ਕਿ ਸਰਕਾਰ ਨੂੰ ਇਸ ਕਾਰਵਾਈ ਦੇ ਸਬੂਤ ਪਾਕਿਸਤਾਨ ਨੂੰ ਪੇਸ਼ ਕਰਨ ਨੂੰ ਆਖ ਦਿੱਤਾ। ਇਹੋ ਜਿਹੀ ਕਾਰਵਾਈ ਦਾ ਸਬੂਤ ਦੇਣਾ ਜ਼ਰੂਰੀ ਨਹੀਂ ਹੁੰਦਾ। ਪਾਕਿਸਤਾਨ ਵਿਰੋਧੀ ਦੇਸ਼ ਹੈ, ਸੰਸਾਰ ਦੀ ਅਦਾਲਤ ਨਹੀਂ। ਭਾਰਤ ਵੱਲੋਂ ਹੁਣ ਤੱਕ ਦਿੱਤਾ ਕੋਈ ਵੀ ਸਬੂਤ ਉਸ ਨੇ ਨਹੀਂ ਮੰਨਿਆ। ਮੁੰਬਈ ਵਿੱਚ ਹੋਏ ਹਮਲੇ ਦੇ ਸਬੂਤ ਵੀ ਉਸ ਨੇ ਰੱਦ ਕਰ ਦਿੱਤੇ ਸਨ ਤੇ ਪਠਾਨਕੋਟ ਵਿੱਚ ਆਪਣੀ ਜਾਂਚ ਟੀਮ ਭੇਜਣ ਪਿੱਛੋਂ ਵੀ ਕੋਈ ਗੱਲ ਨਹੀਂ ਮੰਨੀ। ਕੇਜਰੀਵਾਲ ਦਾ ਸਬੂਤ ਪੇਸ਼ ਕਰਨ ਦੀ ਮੰਗ ਕਰਨਾ ਗਲਤ ਸੀ, ਪਰ ਇਸ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਆਗੂਆਂ ਨੇ ਜਿਵੇਂ ਉਸ ਨੂੰ 'ਪਾਕਿਸਤਾਨ ਦਾ ਏਜੰਟ' ਕਹਿ ਕੇ ਭੰਡਿਆ ਹੈ, ਉਹ ਵੀ ਤਾਂ ਸਿਰੇ ਦੀ ਰਾਜਨੀਤਕ ਬੇਹੂਦਗੀ ਸੀ।
ਦੂਸਰਾ ਆਗੂ ਰਾਹੁਲ ਗਾਂਧੀ ਹੈ। ਉਸ ਨੂੰ ਆਗੂ ਆਖਣਾ ਹੀ ਠੀਕ ਨਹੀਂ। ਵਿਚਾਰਾ ਆਪਣੇ ਨਾਲ ਲੱਗੇ ਸਲਾਹਾਂ ਦੇਣ ਵਾਲਿਆਂ ਦੇ ਦੱਸੇ ਟੋਟਕੇ ਬੋਲਦਾ ਤੇ ਹਰ ਵਾਰ ਫਸ ਜਾਂਦਾ ਹੈ। ਆਪ ਉਹ ਸੋਚਣ ਜੋਗਾ ਨਹੀਂ। ਬਹੁਤ ਚੰਗੀ ਗੱਲ ਇਹ ਕੀਤੀ ਕਿ ਫੌਜੀ ਕਾਰਵਾਈ ਦਾ ਸਵਾਗਤ ਕੀਤਾ, ਭਾਵੇਂ ਨਾਲ ਇਹ ਗੱਲ ਕਹਿ ਦਿੱਤੀ ਕਿ ਪ੍ਰਧਾਨ ਮੰਤਰੀ ਵਜੋਂ ਢਾਈ ਸਾਲਾਂ ਵਿੱਚ ਪਹਿਲੀ ਵਾਰ ਨਰਿੰਦਰ ਮੋਦੀ ਨੇ ਸਵਾਗਤ ਯੋਗ ਕੋਈ ਕੰਮ ਕੀਤਾ ਹੈ। ਇਸ ਦਾ ਵੀ ਕਿਸੇ ਨੇ ਬੁਰਾ ਨਹੀਂ ਸੀ ਮਨਾਇਆ, ਪਰ ਜਦੋਂ ਤਿੰਨ ਦਿਨ ਬਾਅਦ ਉਸ ਨੇ ਭਾਜਪਾ ਆਗੂਆਂ ਤੇ ਪ੍ਰਧਾਨ ਮੰਤਰੀ ਨੂੰ ਇਸ ਕਾਰਵਾਈ ਦਾ ਸਿਹਰਾ ਲੈਂਦੇ ਵੇਖ ਕੇ ਇਹ ਟਿੱਪਣੀ ਕਰ ਦਿੱਤੀ ਕਿ ਫੌਜੀ ਸ਼ਹੀਦਾਂ ਦੇ ਖੂਨ ਦੀ ਦਲਾਲੀ ਕੀਤੀ ਜਾ ਰਹੀ ਹੈ, ਇਸ ਨਾਲ ਉਹ ਬੁਰੀ ਤਰ੍ਹਾਂ ਫਸ ਗਿਆ। ਬਾਅਦ ਵਿੱਚ ਇਸ ਦੀ ਸਫਾਈ ਦੇਣੀ ਪਈ ਹੈ। ਭਾਜਪਾ ਆਗੂ ਇਸ ਸਫਾਈ ਨਾਲ ਤਸੱਲੀ ਕਰ ਜਾਂਦੇ ਤਾਂ ਦੇਸ਼ ਇੱਕ ਵਿਵਾਦ ਤੋਂ ਬਚ ਸਕਦਾ ਸੀ, ਪਰ ਵਿਵਾਦ ਤੋਂ ਦੇਸ਼ ਨੂੰ ਬਚਾਉਣ ਨਾਲੋਂ ਵੱਧ ਅਹਿਮ ਉਨ੍ਹਾਂ ਲਈ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣ ਕਰ ਕੇ ਉਹ ਵੀ ਮੁੱਦਾ ਨਹੀਂ ਛੱਡ ਰਹੇ। ਕਾਂਗਰਸੀ ਆਗੂ ਸੰਜੇ ਨਿਰੂਪਮ ਤੇ ਕੁਝ ਹੋਰਨਾਂ ਨੇ ਵੀ ਇਸ ਮਾਮਲੇ ਨੂੰ ਇਹੋ ਜਿਹੀ ਤੂਲ ਦਿੱਤੀ ਕਿ ਹੁਣ ਉਲਝਣ ਵਿੱਚੋਂ ਨਿਕਲਣ ਦਾ ਰਾਹ ਉਨ੍ਹਾਂ ਨੂੰ ਨਹੀਂ ਲੱਭਦਾ। ਇਸ ਚੱਕਰ ਵਿੱਚ ਨੁਕਸਾਨ ਅਸਲ ਵਿੱਚ ਭਾਰਤ ਦਾ ਹੋ ਰਿਹਾ ਹੈ।
ਅੱਜ ਦੀ ਘੜੀ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਵਿਰੁੱਧ ਪਹਿਲੀ ਵਾਰੀ ਆਵਾਜ਼ ਉੱਠੀ ਹੈ ਤੇ ਇਹ ਆਵਾਜ਼ ਵਿਰੋਧੀ ਧਿਰ ਨੇ ਵੀ ਉਠਾਈ ਹੈ ਤੇ ਰਾਜ ਕਰਦੀ ਧਿਰ ਦੇ ਮੈਂਬਰਾਂ ਵੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਰਲੀਮੈਂਟ ਦੇ ਸਾਂਝੇ ਸਮਾਗਮ ਵਿੱਚ ਭਾਰਤ ਦੇ ਖਿਲਾਫ ਪੂਰਾ ਤਵਾ ਲਾਇਆ, ਕਿਉਂਕਿ ਫੌਜੀ ਕਮਾਂਡਰਾਂ ਤੇ ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਇਹੋ ਹਦਾਇਤ ਸੀ। ਦਹਿਸ਼ਤਗਰਦੀ ਤੋਂ ਆਪਣਾ ਪੱਲਾ ਛੁਡਾਉਣ ਲਈ ਉਸ ਨੇ ਪੁਰਾਣਾ ਰਾਗ ਗਾਇਆ ਕਿ ਕਿਸੇ ਦਾ ਪਿੱਛਾ ਪਾਕਿਸਤਾਨ ਦਾ ਵੀ ਹੋਵੇ ਤਾਂ ਉਹ ਲੋਕ ਸਾਡੇ ਨਹੀਂ, ਉਹ 'ਨਾਨ-ਸਟੇਟ ਐਕਟਰ' (ਸਰਕਾਰ ਦੀ ਮਰਜ਼ੀ ਤੋਂ ਬਗੈਰ ਚੱਲਦੇ ਲੋਕ) ਹਨ, ਉਨ੍ਹਾ ਦੀ ਅਸੀਂ ਜ਼ਿਮੇਵਾਰੀ ਨਹੀਂ ਲੈ ਸਕਦੇ। ਜਦੋਂ ਬਹਿਸ ਦਾ ਮੌਕਾ ਆਇਆ ਤਾਂ ਪਾਰਲੀਮੈਂਟ ਦੇ ਸਾਂਝੇ ਸਮਾਗਮ ਵਿੱਚ ਵਿਰੋਧੀ ਧਿਰ ਦੇ ਆਗੂ ਐਤਜ਼ਾਜ਼ ਅਹਿਸਨ ਨੇ ਕਹਿ ਦਿੱਤਾ ਕਿ ''ਇਹ 'ਨਾਨ-ਸਟੇਟ ਐਕਟਰ' ਜੇ ਤੁਹਾਡੇ ਕੁਝ ਲੱਗਦੇ ਨਹੀਂ ਤਾਂ ਫਿਰ ਪਾਕਿਸਤਾਨ ਵਿੱਚ ਖੁੱਲ੍ਹੇ ਕਿਵੇਂ ਤੁਰੇ ਫਿਰਦੇ ਹਨ? ਸਾਰੀ ਦੁਨੀਆ ਸਾਨੂੰ ਮਿਹਣੇ ਦੇਂਦੀ ਹੈ।" ਇਸ ਤੋਂ ਵੱਧ ਕੌੜੀ ਬੋਲੀ ਵਿੱਚ ਗ੍ਰਹਿ ਮਾਮਲਿਆਂ ਦੀ ਪਾਰਲੀਮੈਂਟਰੀ ਕਮੇਟੀ ਸਾਹਮਣੇ ਓਥੋਂ ਦੀ ਹਾਕਮ ਪਾਰਟੀ ਦਾ ਪਾਰਲੀਮੈਂਟ ਮੈਂਬਰ ਰਾਣਾ ਅਫਜ਼ਲ ਬੋਲਿਆ ਤੇ ਸਿੱਧੇ ਲਫਜ਼ਾਂ ਵਿੱਚ ਪੁੱਛਿਆ: 'ਇਹ ਹਾਫਿਜ਼ ਸਈਦ ਏਥੇ ਕਿਹੜੇ ਆਂਡੇ ਦੇਂਦਾ ਹੈ, ਇਸ ਨੂੰ ਕਾਹਦੇ ਲਈ ਰੱਖਿਆ ਹੈ?' ਨਵਾਜ਼ ਸ਼ਰੀਫ ਉੱਤੇ ਏਡਾ ਹਮਲਾ ਪਹਿਲਾਂ ਕਦੇ ਨਹੀਂ ਸੀ ਹੋਇਆ।
ਹਾਕਮ ਤੇ ਵਿਰੋਧੀ ਧਿਰ ਦੇ ਇਨ੍ਹਾਂ ਆਗੂਆਂ ਤੋਂ ਪਹਿਲਾਂ ਸਾਬਕਾ ਫੌਜੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਇਹ ਗੱਲ ਪਾਕਿਸਤਾਨ ਦੇ ਇੱਕ ਟੀ ਵੀ ਚੈਨਲ ਨੂੰ ਇੰਟਰਵਿਊ ਦੌਰਾਨ ਕਹਿ ਚੁੱਕਾ ਸੀ ਕਿ ਸਾਰੇ ਸੰਸਾਰ ਵਿੱਚ ਪਾਕਿਸਤਾਨ ਇਸ ਵੇਲੇ ਏਨੀ ਬੁਰੀ ਤਰ੍ਹਾਂ ਕੱਟਿਆ ਪਿਆ ਹੈ, ਜਿੰਨਾ ਪਹਿਲਾਂ ਕਦੀ ਨਹੀਂ ਸੀ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹੋ ਕਹਿੰਦਾ ਸੀ ਕਿ ਪਾਕਿਸਤਾਨ ਨੂੰ ਦੁਨੀਆ ਤੋਂ ਨਿਖੇੜ ਦੇਣਾ ਹੈ। ਹੁਣ ਉਹ ਨਿੱਖੜ ਗਿਆ ਸੀ। ਇਹੋ ਜਿਹੀ ਪਾਰਲੀਮੈਂਟਰੀ ਬਹਿਸ ਮਗਰੋਂ ਸਲਾਹੁਦੀਨ, ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਵਰਗੇ ਸਾਰਿਆਂ ਦੇ ਦੰਦ ਜੁੜੇ ਹੋਏ ਹਨ। ਕੋਈ ਜਣਾ ਵੀ ਪਾਰਲੀਮੈਂਟਰੀ ਬਹਿਸ ਪਿੱਛੋਂ ਬੋਲਿਆ ਨਹੀਂ। ਕਾਰਨ ਸਾਫ ਹੈ ਕਿ ਇਹ 'ਨਾਨ-ਸਟੇਟ ਐਕਟਰ' ਨਹੀਂ, ਅਸਲ ਵਿੱਚ ਪਾਕਿਸਤਾਨ ਦੀ ਫੌਜ ਦੀਆਂ ਆਊਟ ਸੋਰਸਿੰਗ ਏਜੰਸੀਆਂ ਚਲਾਉਣ ਵਾਲੇ ਹਨ। ਜਿਸ ਕੰਮ ਲਈ ਫੌਜ ਆਪਣਾ ਚਿਹਰਾ ਲੁਕਾਉਣਾ ਚਾਹੁੰਦੀ ਹੈ, ਆਪਣਾ ਫੌਜੀ ਮਰਨ ਉੱਤੇ ਉਸ ਦੀ ਵਿਧਵਾ ਨੂੰ ਸਾਰੀ ਉਮਰ ਪੈਨਸ਼ਨ ਤੇ ਹੋਰ ਖਰਚੇ ਦੇਣ ਤੋਂ ਬਚਣਾ ਚਾਹੁੰਦੀ ਹੈ, ਉਹ ਕੰਮ ਹਾਫਿਜ਼ ਸਈਦ ਤੇ ਸਲਾਹੁਦੀਨ ਦੀ ਆਊਟ ਸੋਰਸਿੰਗ ਏਜੰਸੀ ਖੋਲ੍ਹ ਕੇ ਕਰਵਾਏ ਜਾਂਦੇ ਹਨ। ਪਾਰਲੀਮੈਂਟ ਵਿੱਚ ਜਦੋਂ ਵਿਰੋਧੀ ਧਿਰ ਦੇ ਆਗੂ ਵੀ ਪੈ ਗਏ ਤੇ ਹਾਕਮ ਧਿਰ ਦੇ ਇੱਕ ਮੈਂਬਰ ਨੇ ਵੀ ਹਾਫਿਜ਼ ਸਈਦ ਦੇ ਮੁੱਦੇ ਤੋਂ ਪਾਕਿਸਤਾਨ ਦੀ ਸਰਕਾਰ ਦੇ ਨਾਲ ਫੌਜ ਤੇ ਖੁਫੀਆ ਏਜੰਸੀ ਦੇ ਅਫਸਰਾਂ ਦੇ ਝੰਡ ਕਰਨ ਵਿੱਚ ਕਸਰ ਨਹੀਂ ਛੱਡੀ ਤਾਂ 'ਆਊਟ ਸੋਰਸਿੰਗ ਏਜੰਸੀ' ਵਾਲੇ ਮੂੰਹ ਬੰਦ ਹਨ।
ਭਾਰਤ ਲਈ ਇਹ ਸੁਖਾਵਾਂ ਮੌਕਾ ਸੀ ਕਿ ਉਹ ਸੰਸਾਰ ਦੇ ਲੋਕਾਂ ਨੂੰ ਦੱਸੇ ਕਿ ਜਿਨ੍ਹਾਂ ਬਾਰੇ ਅਸੀਂ ਕਹਿ ਰਹੇ ਸਾਂ, ਹੁਣ ਅੱਕੇ ਹੋਏ ਉਸ ਦੇਸ਼ ਦੇ ਵਿਰੋਧੀ ਧਿਰ ਤੇ ਹਾਕਮ ਪਾਰਟੀ ਦੇ ਲੋਕ ਵੀ ਕਹਿਣ ਲੱਗੇ ਹਨ। ਸਿੱਧਾ ਕੰਮ ਕਰਨ ਦੀ ਥਾਂ ਭਾਰਤੀ ਰਾਜਨੀਤੀ ਇੱਕ ਵਾਰ ਫਿਰ ਏਦਾਂ ਦੀ ਤੋਪ ਲੱਭਣ ਤੁਰ ਪਈ, ਜਿਹੜੀ ਦੁਸ਼ਮਣ ਵੱਲ ਗੋਲੇ ਦਾਗਣ ਤੋਂ ਵੱਧ ਆਪਣਾ ਘਰ ਢਾਹੁਣ ਦੇ ਕੰਮ ਆ ਸਕਦੀ ਹੋਵੇ। ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਦੇ ਕੁਚੱਜੇ ਬਿਆਨਾਂ ਨੂੰ ਇੱਕ ਵਾਰ ਨਿੰਦਾ ਕਰ ਕੇ ਗੱਲ ਖਤਮ ਕੀਤੀ ਜਾ ਸਕਦੀ ਸੀ, ਪਰ ਪ੍ਰਧਾਨ ਮੰਤਰੀ ਤੇ ਰਾਜਾਂ ਵਾਲੇ ਉਸ ਦੇ ਸਾਥੀ ਇਸ ਮੁੱਦੇ ਬਾਰੇ ਏਦਾਂ ਖੱਪ ਪਾਈ ਜਾਂਦੇ ਹਨ, ਜਿਵੇਂ ਏਦਾਂ ਕਰਨ ਨਾਲ ਹਾਫਿਜ਼ ਸਈਦ ਤੇ ਸਲਾਹੁਦੀਨ ਦੇ ਗਿੱਟੇ ਸੇਕ ਰਹੇ ਹੋਣ। ਪਾਕਿਸਤਾਨ ਦੀ ਰਾਜਨੀਤੀ ਨੇ ਭਾਰਤ ਨੂੰ ਇੱਕ ਮੌਕਾ ਬਖਸ਼ਿਆ ਹੈ, ਪਰ ਭਾਰਤ ਦੀ ਰਾਜਨੀਤੀ ਵਰਤ ਨਹੀਂ ਸਕੀ, ਕਿਉਂਕਿ ਉਹ ਸਿਰਫ ਬਣੀ ਹੋਈ ਖੀਰ ਉੱਤੇ ਖੇਹ ਧੂੜਨ ਦਾ ਸਵਾਦ ਲੈਣ ਦੀ ਆਦੀ ਹੋ ਚੁੱਕੀ ਹੈ।

09 Oct 2016