ਸੰਘ ਦੀ ਦੋ-ਦਿਸ਼ਾਵੀ ਰਣਨੀਤੀ   - ਚੰਦ ਫਤਿਹਪੁਰੀ

ਇਸ ਸਮੇਂ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ’ ਯਾਤਰਾ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਵਿਰੋਧੀ ਧਿਰਾਂ ਦਾ ਮਹਾਂਗਠਜੋੜ ਉਸਾਰਨ ਦੀਆਂ ਕੋਸ਼ਿਸ਼ ਵੀ ਤੇਜ਼ੀ ਫੜ ਰਹੀਆਂ ਹਨ। ਇਨ੍ਹਾਂ ਦੋ ਘਟਨਾਵਾਂ ਨੇ ਸੰਘ ਦੇ ਮਹਾਂਰਥੀਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਇਸ ਲਈ ਦੋ ਦਿਸ਼ਾਵਾਂ ਤੋਂ ਕੰਮ ਹੋ ਰਿਹਾ ਹੈ। ਇੱਕ ਪਾਸੇ ਮੋਦੀ ਦੀ ਛਵੀ ਇੱਕ ਨਿਆਂਪਸੰਦ ਭੱਦਰ ਪੁਰਸ਼ ਵਜੋਂ ਉਸਾਰਨ ਦੀ ਜੁਗਤ ਲਾਈ ਗਈ ਹੈ ਤੇ ਦੂਜੇ ਪਾਸੇ ਹਿੰਦੂਆਂ ਵਿੱਚ ਇੱਕ ਕੱਟੜ ਹਿੰਦੂਵਾਦੀ ਦਾ ਅਕਸ ਬਣਾ ਚੁੱਕੇ ਮੋਦੀ ਦੇ ਇਸ ਰੂਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਸ ਦਾ ਪ੍ਰਗਟਾਵਾ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦੀ ਰਿਹਾਈ ਦੇ ਮਾਮਲੇ ਵਿੱਚ ਸਾਹਮਣੇ ਆ ਚੁੱਕਾ ਹੈ।
        ਬਿਲਕਿਸ ਬਾਨੋ ਮਾਮਲੇ ਵਿੱਚ ਦੋਸ਼ੀਆਂ ਨੂੰ ਰਿਹਾਅ ਕਰਨ ਵਿਰੁੱਧ ਭਾਜਪਾ ਵਿੱਚ ਕੁਝ ਅਵਾਜ਼ਾਂ ਉਠੀਆਂ ਸਨ। ਇਨ੍ਹਾਂ ਵਿੱਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ, ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਖੁਸ਼ਬੂ ਸੁੰਦਰ ਤੇ ਪਾਰਟੀ ਦੀ ਬੁਲਾਰੀ ਸ਼ਾਜ਼ੀਆ ਇਲਮੀ ਸ਼ਾਮਲ ਹਨ। ਸ਼ਾਂਤਾ ਕੁਮਾਰ 2002 ਗੁਜਰਾਤ ਦੰਗਿਆਂ ਦੇ ਸ਼ੁਰੂ ਤੋਂ ਅਲੋਚਕ ਰਹੇ ਹਨ, ਪਰ ਨਰਿੰਦਰ ਮੋਦੀ ਪ੍ਰਤੀ ਉਨ੍ਹਾ ਦਾ ਰੁਖ ਹਮੇਸ਼ਾ ਨਰਮ ਰਿਹਾ ਹੈ। ਉਨ੍ਹਾ ਬਿਲਕਿਸ ਬਾਨੋ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਲਈ ਗੁਜਰਾਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਉਲਟ ਮੁਸਲਮਾਨ ਪਿੱਠਭੂਮੀ ਵਾਲੀਆਂ ਸ਼ਾਜ਼ੀਆ ਤੇ ਖੁਸ਼ਬੂ ਨੇ ਆਪਣਾ ਗੁੱਸਾ ਤਾਂ ਜ਼ਾਹਰ ਕੀਤਾ ਹੈ, ਪਰ ਗੁਜਰਾਤ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ। ਸ਼ਾਜ਼ੀਆ ਇਲਮੀ ਨੇ ਤਾਂ ਗੁਜਰਾਤ ਸਰਕਾਰ ਨੂੰ ਬਰੀ ਕਰਦਿਆਂ ਇਥੋਂ ਤੱਕ ਕਿਹਾ ਹੈ ਕਿ ਦੋਸ਼ੀਆਂ ਦੀ ਰਿਹਾਈ ਕਾਨੂੰਨੀ ਪ੍ਰਕਿਰਿਆ ਮੁਤਾਬਕ ਹੋਈ ਹੈ ਤੇ ਇਸ ਵਿੱਚ ਗੁਜਰਾਤ ਸਰਕਾਰ ਦਾ ਕੋਈ ਹੱਥ ਨਹੀਂ ਹੈ। ਇਲਮੀ ਤੇ ਸ਼ਾਂਤਾ ਕੁਮਾਰ ਦੇ ਬਿਆਨਾਂ ਤੋਂ ਸਾਫ਼ ਹੁੰਦਾ ਹੈ ਕਿ ਉਨ੍ਹਾਂ ਨੂੰ ਅਸਲ ਚਿੰਤਾ ਭਾਜਪਾ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਦੀ ਹੈ। ਇਸੇ ਲਈ ਸ਼ਾਂਤਾ ਕੁਮਾਰ ਨੇ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਗੁਜਰਾਤ ਸਰਕਾਰ ਵੱਲੋਂ ਕੀਤੀ ਗਈ ਗਲਤੀ ਨੂੰ ਦਰੁਸਤ ਕਰਨ।
     ਸ਼ਾਜ਼ੀਆ ਇਲਮੀ ਕਿਉਂਕਿ ਪਾਰਟੀ ਦੀ ਅਧਿਕਾਰਤ ਬੁਲਾਰੀ ਹੈ, ਇਸ ਲਈ ਉਸ ਵੱਲੋਂ ਆਣਾਏ ਗਏ ਰੁਖ ਨੂੰ ਭਾਜਪਾ ਤੇ ਸੰਘ ਦੇ ਪੈਂਤੜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੇ ਲੇਖ ਵਿੱਚ ਇਲਮੀ ਨੇ ਕਿਹਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਰਿਹਾਅ ਕੀਤੇ ਗਏ ਦੋਸ਼ੀਆਂ ਦਾ ਸਵਾਗਤ ਕੀਤਾ ਗਿਆ ਸੀ। ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਇਲਮੀ ਮੁਤਾਬਕ ਗੁਜਰਾਤ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਰਵੱਈਆ ਦੁਸ਼ਮਣੀ ਭਰਿਆ ਹੈ।
         ਸ਼ਾਜ਼ੀਆ ਇਲਮੀ ਦੀ ਟਿੱਪਣੀ ’ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਬੁਲਾਰੇ ਪ੍ਰਵੇਸ਼ ਕੁਮਾਰ ਚੌਧਰੀ ਨੇ ਸਖ਼ਤ ਰੁਖ ਅਪਣਾਉਂਦਿਆਂ ਇਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਲਮੀ ਨੇ ਲੇਖ ਵਿੱਚ ਕਿਹਾ ਹੈ ਕਿ ਸਪੱਸ਼ਟ ਤੌਰ ’ਤੇ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੀ ਹੈ ਤੇ ਉਨ੍ਹਾ ਉੱਤੇ ਹਿੰਦੂ ਭੀੜਤੰਤਰੀ ਤਾਕਤ ਨੂੰ ਨਸ਼ਟ ਕਰਨ ਦਾ ਦੋਸ਼ ਲਾ ਰਹੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹ ਕਾਨੂੰਨ ਤੇ ਵਿਵਸਥਾ ਦੇ ਮਾਮਲੇ ਵਿੱਚ ਮੋਦੀ ਦੇ ਕੱਟੜ ਗੈਰ-ਪੱਖਪਾਤੀ ਵਿਹਾਰ ਨੂੰ ਸ਼ਰਧਾਂਜ਼ਲੀ ਦੇ ਰਹੇ ਸਨ। ਇਲਮੀ ਨੇ ਇਹ ਸ਼ਬਦ ਦੋਸ਼ੀਆਂ ਦਾ ਸਵਾਗਤ ਕੀਤੇ ਜਾਣ ਦੇ ਸੰਦਰਭ ਵਿੱਚ ਕਹੇ ਸਨ।
ਸ਼ਾਜ਼ੀਆ ਇਲਮੀ ਦੇ ਉਲਟ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਪਣੇ ਆਪ ਤੇ ਨਰਿੰਦਰ ਮੋਦੀ ਨੂੰ ਇੱਕੋ ਪਾਲ ਵਿੱਚ ਖੜ੍ਹੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖ ਪੱਤਰ ‘‘ਹਿੰਦੂ ਵਿਸ਼ਵ’’ ਵਿੱਚ ਕੌਮੀ ਬੁਲਾਰੇ ਵਿਨੋਦ ਬਾਂਸਲ ਨੇ ਇੱਕ ਲੇਖ ਵਿੱਚ ਲਿਖਿਆ ਹੈ, ‘ਅਸੀਂ ਦੇਖਿਆ ਹੈ ਕਿ ਕਿਵੇਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਧਰਮਨਿਰਪੱਖ ਤੇ ਜੇਹਾਦੀ ਤਾਕਤਾਂ ਦੇ ਹਮਲਿਆਂ ਦਾ ਨਿਸ਼ਾਨਾ ਬਣਦੇ ਰਹੇ ਸਨ।’
        ਇਸ ਸਾਰੇ ਘਟਨਾਕ੍ਰਮ ਨੂੰ ਧਿਆਨ ਨਾਲ ਵਾਚੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਾ ਕੁਮਾਰ, ਸ਼ਾਜ਼ੀਆ ਇਲਮੀ ਤੇ ਖੁਸ਼ਬੂ ਸੁੰਦਰ ਨਰਿੰਦਰ ਮੋਦੀ ਨੂੰ ਅਜਿਹੇ ਭੱਦਰਪੁਰਸ਼ ਵਜੋਂ ਪੇਸ਼ ਕਰ ਰਹੇ ਹਨ, ਜਿਹੜਾ ਵਿਚਾਰਧਾਰਾ ਤੇ ਰਾਜਨੀਤਕ ਸੋਚ ਤੋਂ ਉੱਪਰ ਉਠ ਚੁੱਕਿਆ ਹੈ। ਭਾਜਪਾ ਵੱਲੋਂ ਇਸ ਕੰਮ ਲਈ ਦੋ ਮੁਸਲਮਾਨ ਔਰਤਾਂ ਨੂੰ ਅੱਗੇ ਕਰਨ ਦਾ ਮਤਲਬ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਨੂੰ ਮੁਸਲਮਾਨ ਔਰਤਾਂ ਵਿੱਚ ਅਜਿਹੇ ਦਿਆਲੂ ਵਿਅਕਤੀ ਵਜੋਂ ਪੇਸ਼ ਕਰਨਾ ਹੈ, ਜਿਸ ਤੋਂ ਉਹ ਇਨਸਾਫ਼ ਦੀ ਆਸ ਰੱਖ ਸਕਦੀਆਂ ਹਨ।
       ਇਸ ਦੇ ਉਲਟ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਗੁਜਰਾਤ ਦੰਗਿਆਂ ਦੀ ਯਾਦ ਦਿਵਾ ਕੇ ਉਨ੍ਹਾ ਦੇ ਕੱਟੜ ਹਿੰਦੂਤਵੀ ਅਕਸ ਨੂੰ ਸਥਾਪਤ ਕਰ ਰਹੇ ਹਨ। ਇਸ ਨੂੰ ਇਹ ਸਮਝਣਾ ਕਿ ਭਾਜਪਾ ਜਾਂ ਸੰਘ ਅੰਦਰ ਮੋਦੀ ਦੇ ਸਵਾਲ ਉੱਤੇ ਕੋਈ ਰੱਸਾਕਸ਼ੀ ਚੱਲ ਰਹੀ ਹੈ, ਗਲਤ ਹੋਵੇਗਾ। ਸੱਚਾਈ ਇਹ ਹੈ ਕਿ ਸੰਘ ਇੱਕ ਦਸ ਸਿਰਾਂ ਵਾਲਾ ਰਾਵਣ ਹੈ। ਇਸ ਦਾ ਹਰ ਸਿਰ ਵੱਖਰੇ-ਵੱਖਰੇ ਲੋਕਾਂ ਨੂੰ ਸੰਮੋਹਤ ਕਰਨ ਲਈ ਵੱਖ-ਵੱਖ ਦ੍ਰਿਸ਼ ਦਿਖਾਉਂਦਾ ਰਹਿੰਦਾ ਹੈ। ਇਹੋ ਉਸ ਦਾ ਕਾਰਗਰ ਹਥਿਆਰ ਤੇ ਕਾਮਯਾਬੀ ਦਾ ਰਾਜ਼ ਹੈ।