ਖੋਲ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ ...... - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' 

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਉਸਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ।ਇਹ ਸਮਾਜਿਕ ਦਾਇਰਾ ਹੀ ਉਸਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਆਧੁਨਿਕ ਸਮਾਜ ਵਿੱਚ ਰਹਿੰਦੇ ਹੋਏ ਤੁਸੀਂ ਜੀਵਨ ਸਾਥੀ ਦੀ ਲੋੜ ਤੋਂ ਤਾਂ ਇਨਕਾਰ ਕਰ ਸਕਦੇ ਹੋਂ ਪਰ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਹਿਚਾਣ ਤਾਂ ਜ਼ਿੰਦਗੀ ਦੇ ਇੱਕ ਰਿਸ਼ਤੇ ਵਜੋਂ ਹੀ ਹੁੰਦੀ ਹੈ ਪਰ ਇਸਦਾ ਨਿੱਘ ਸਾਰੇ ਰਿਸ਼ਤਿਆਂ ਦੀ ਵਲਗਣਾ ਤੋਂ ਆਜ਼ਾਦ ਫ਼ਿਜ਼ਾ ਵਰਗਾ ਹੁੰਦਾ ਹੈ। ਦੋਸਤੀ ਦੂਜੇ ਦੀ ਕਾਬਲੀਅਤ ਤੇ ਸਤਿਕਾਰ ਤੋਂ ਉਪਜਦੀ ਹੈ।ਸਮਾਂ ਬੀਤਣ ਨਾਲ ਧਨ-ਦੌਲਤ ਦੀ ਕੀਮਤ ਤਾਂ ਘੱਟਦੀ ਜਾਂਦੀ ਹੈ ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ। ਉੱਚੀ ਸੋਚ ਵਾਲੇ ਬੰਦੇ ਵਿਚਾਰਾਂ 'ਤੇ ਵਿਚਾਰ ਕਰਦੇ ਹਨ। ਜਦੋਂ ਕਿ ਨੀਵ੍ਹੀਂ ਸੋਚ ਵਾਲੇ ਬੰਦੇ ਬੰਦਿਆਂ 'ਤੇ ਵਿਚਾਰ ਕਰਦੇ ਹਨ।ਇਸ ਲਈ ਦੋਸਤਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ।ਤੁਹਾਡੀ ਸੰਗਤ ਹੀ ਤੁਹਾਡੀ ਸ਼ਖ਼ਸੀਅਤ ਬਿਆਨ ਕਰ ਦਿੰਦੀ ਹੈ।
       ਹੈਨਰੀ ਬਰੁਕਸ ਐਡਮਜ਼ ਦਾ ਮਸ਼ਹੂਰ ਕਥਨ ਹੈ, ''ਜ਼ਿੰਦਗੀ ਵਿੱਚ ਇਕ ਹੀ ਦੋਸਤ ਮਿਲ ਜਾਏ ਤਾਂ ਕਾਫ਼ੀ ਹੁੰਦਾ ਹੈ, ਦੋ ਬਹੁਤ ਜ਼ਿਆਦਾ ਹੁੰਦੇ ਹਨ ਤੇ ਤਿੰਨ ਕਦੇ ਮਿਲਦੇ ਹੀ ਨਹੀਂ।'' ਇਹ ਇੱਕ ਸੱਚਾਈ ਹੈ ਕਿ ਅੱਜਕਲ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਅਸੀਂ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਦੇ ਹਾਂ, ''ਮੇਰਾ ਦੁੱਖ ਸਾਂਝਾ ਕਰਨ ਲਈ ਕੋਈ ਨਹੀਂ ਹੈ,'' '' ਮੈਨੂੰ ਤਾਂ ਹੁਣ ਕਿਸੇ 'ਤੇ ਭਰੋਸਾ ਹੀ ਨਹੀਂ ਰਿਹਾ।''  ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਨਿਭਾਉਣਾ ਬੜਾ ਔਖਾ ਕੰਮ ਹੈ।ਮਨੋ-ਚਿਕਤਸ਼ਕਾਂ ਕੋਲ ਮਰੀਜ਼ਾਂ ਦੀ ਵੱਧਦੀ ਗਿਣਤੀ ਤੋਂ ਸਪੱਸ਼ਟ ਹੈ ਕਿ ਲੋਕ ਇਕੱਲੇਪਣ ਦਾ ਸ਼ਿਕਾਰ ਹਨ ਤੇ ਆਪਣੀ ਤਨਹਾਈ ਦਾ ਸਰਾਪ ਭੁਗਤ ਰਹੇ ਹਨ। ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜ੍ਹਪ ਰਹੇ ਹਨ।
    ਮਿੱਤਰਤਾ ਸ਼ਰਤਾਂ ਜਾਂ ਬੰਦਿਸ਼ਾਂ 'ਚ ਨਹੀਂ ਲਪੇਟੀ ਜਾ ਸਕਦੀ।ਇਹ ਇਕ ਦੂਸਰੇ ਦੇ ਪੂਰੀ ਤਰਾਂ ਵਾਕਿਫ਼ ਹੁੰਦਿਆਂ ਵਿਸ਼ਵਾਸ ਦੇ ਮੋਕਲੇ ਦਾਇਰੇ 'ਚ ਪਲਦੀ ਹੈ, ਹਿਤਾਂ ਜਾਂ ਸਵਾਰਥਾਂ ਦੇ ਸੌੜੇ ਵਿਹੜਿਆਂ 'ਚ ਨਹੀਂ। ਆਪਣੇ ਸਵਾਰਥ ਦੀ ਪੂਰਤੀ ਲਈ ਤੁਹਾਡੀ ਸਿਫ਼ਤ ਸਲਾਹੁਤਾ ਕਰਨ ਵਾਲੇ ਨੂੰ ਚਾਪਲੂਸ ਕਹਿਕੇ ਤਾਂ ਸੱਦਿਆ ਜਾਂ ਸਕਦਾ ਪਰ ਮਿੱਤਰ ਸ਼ਬਦ ਦੇ ਪੈਮਾਨੇ ਵਿੱਚ ਉਹ ਫਿੱਟ ਨਹੀਂ ਬੈਠਦਾ। ਮਿੱਤਰ ਤੁਹਾਡੇ ਨਾਲ ਥਾਲੀ ਜਾਂ ਪਿਆਲੀ ਸਾਂਝੀ ਕਰਨ ਮਗਰੋਂ ਤੁਹਾਡੀ ਜਾਤ ਜਾਂ ਗੋਤ ਨਹੀਂ ਪੁੱਛਦੇ।ਦੋਸਤੀ ਦਾ ਰਿਸ਼ਤਾ ਜਾਤ-ਪਾਤ ਅਤੇ ਗ਼ਰੀਬੀ-ਅਮੀਰੀ  ਤੋਂ ਮੁਕਤ ਹੁੰਦਾ ਹੈ ਦੋਸਤ ਨੂੰ ਪਹਿਲਾ ਸਲਾਹਕਾਰ ਮੰਨਿਆ ਜਾ ਸਕਦਾ ਹੈ। ਚੰਗਾ ਦੋਸਤ ਤੁਹਾਡੇ ਫ਼ੈਮੀਲੀ ਡਾਕਟਰ ਵਾਂਗ ਹਮੇਸ਼ਾ ਤੁਹਾਡੇ ਹਿੱਤ ਦੀ ਹੀ ਗੱਲ ਕਰੇਗਾ। ਅਸਲ ਦੋਸਤ ਉਹ ਹੁੰਦੇ ਹਨ ਜਿਹੜੇ ਪਿੱਠ ਪਿੱਛੇ ਵੀ ਕਿਸੇ ਨੂੰ ਆਪਣੇ ਅਜ਼ੀਜ ਬਾਰੇ ਲਾਹ-ਪੱਤ ਕਰਨੋਂ ਰੋਕਣ।ਦੋਸਤੀ ਦਾ ਰਿਸ਼ਤਾ ਹੱਥ ਅਤੇ ਅੱਖ ਦੇ ਰਿਸ਼ਤੇ ਵਾਂਗ ਹੁੰਦਾ ਹੈ। ਜੇ ਹੱਥ 'ਤੇ ਸੱਟ ਲੱਗੇ ਹੈ ਤਾਂ ਅੱਖ ਰੋਂਦੀ ਹੈ ਤੇ ਅੱਖ ਵਿੱਚ ਹੰਝੂ ਆਉਣ ਤੇ ਹੱਥ ਹੰਝੂ ਪੂੰਝਦਾ ਹੈ। ਉੱਚੀ ਸੋਚ ਵਾਲੇ ਦੋਸਤ ਤੁਹਾਡੀ ਸ਼ਾਨ ਅਤੇ ਸਰਮਾਇਆ ਹੁੰਦੇ ਹਨ। ਅਜਿਹੇ ਦੋਸਤਾਂ ਨਾਲ ਬਿਤਾਏ ਪਲ਼ਾਂ ਦਾ ਸੁੱਖ ਜ਼ਿੰਦਗੀ ਦਾ ਮਾਣ ਬਣਦਾ ਹੈ।ਆਪਣੇ ਆਪ ਨੂੰ ਸਤਰੰਗੀ ਪੀਂਘ ਤੇ ਦੌੜਨ ਦਾ ਅਹਿਸਾਸ ਹੁੰਦਾ ਹੈ।ਅਜਿਹੇ ਦੋਸਤ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਵਿੱਚ ਜੁੱਟ ਜਾਂਦੇ ਹਨ।ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਆਪ ਹੀ ਸੁੱਝਣ ਲੱਗਦੇ ਹਨ ਤੇ ਤੁਹਾਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਮਿਲਦੀ ਹੈ।ਜਿਸ ਅਨੁਪਾਤ ਵਿਚ ਤੁਹਾਡੇ ਚੰਗੇ ਦੋਸਤ ਵਧਣਗੇ, ਉਸ ਅਨੁਪਾਤ ਵਿਚ ਹੀ ਤੁਹਾਡੇ ਜੀਵਨ ਦੀ ਬਗ਼ੀਚੀ ਵਿੱਚ ਪ੍ਰਾਪਤੀਆਂ ਦੇ ਫੁੱਲ ਖਿੜਨਗੇ।ਜੇਕਰ ਤੁਹਾਡੀਆਂ ਬੁਨਿਆਦੀ ਲੋੜਾਂ ਵਿਚ ਤੁਹਾਡੇ ਦੋਸਤ ਵੀ ਸ਼ਾਮਿਲ ਹਨ ਤਾਂ ਤੁਸੀਂ ਹਮੇਸ਼ਾ ਚੜਦੀ ਕਲਾ ਵਿਚ ਰਹੋਗੇ ਤੇ ਤੁਹਾਡੀ ਸੋਚ ਵਿਸ਼ਾਲ ਹੋ ਜਾਵੇਗੀ।ਦੋਸਤਾਂ ਨਾਲ ਰਹਿ ਕੇ ਤੁਸੀਂ ਉਹ ਗੱਲਾਂ ਸਿੱਖਦੇ ਹੋਂ ਜੋ ਪਰਿਵਾਰ ਦੇ ਕਿਸੇ ਮੈਂਬਰ ਨਾਲ ਰਹਿ ਕੇ ਨਹੀਂ ਸਿੱਖ ਸਕਦੇ।ਉੱਚੀ ਸੋਚ ਵਾਲੇ ਦੋਸਤਾਂ ਦਾ ਜ਼ਿਕਰ ਕਰਕੇ ਅਸੀਂ ਉੱਚਾ ਮਹਿਸੂਸ ਕਰਦੇ ਹਾਂ।ਚੰਗੇ ਦੋਸਤ ਜੀਵਨ ਦੇ ਸਫ਼ਰ ਵਿੱਚ ਪਿਆਰ ਤੇ ਸਨੇਹ ਦੀਆਂ ਖ਼ੁਸਬੂਆਂ ਖਿਲਾਰ ਕੇ ਜ਼ਿੰਦਗੀ ਦੇ ਸਫ਼ਰ ਨੂੰ ਸੁਹਾਵਣਾ ਬਣਾ ਦਿੰਦੇ ਹਨ। ਆਧੁਨਿਕ ਸਮੇਂ ਵਿੱਚ ਇਨਫਾਰਮੇਸ਼ਨ ਤਕਨਾਲਜ਼ੀ ਵੀ ਸਾਡੇ ਰਿਸ਼ਤਿਆਂ 'ਚ ਘੁਸਪੈਠ ਕਰ ਰਹੀ ਹੈ। ਮੋਬਾਇਲ ਫ਼ੋਨ ਨਾਲ ਤਾਂ ਦਿਨ ਪ੍ਰਤੀ ਦਿਨ ਸਾਡਾ ਮੋਹ ਵੱਧ ਰਿਹਾ ਹੈ ਪਰ ਅਸੀਂ ਸਮਾਜ ਨਾਲੋਂ ਟੁੱਟ ਰਹੇ ਹਾਂ। ਸਾਡੀ ਜਾਣ-ਪਛਾਣ ਤਾਂ ਵੱਧ ਰਹੀ ਹੈ ਪਰ ਦੋਸਤ ਘੱਟ ਰਹੇ ਹਨ। ਆਮ ਹੀ ਦੇਖਿਆ ਜਾ ਸਕਦਾ ਹੈ ਕਿ ਫ਼ੇਸਬੁੱਕ ਤੇ ਵੱਟਸ-ਐੱਪ 'ਤੇ ਤਾਂ ਬੰਦੇ ਦੇ ਹਜ਼ਾਰਾਂ ਦੋਸਤ ਹੁੰਦੇ ਹਨ ਜਦੋਂ ਕਿ ਵਿਵਹਾਰਿਕ ਜ਼ਿੰਦਗੀ ਵਿੱਚ ਉਹ ਇਕੱਲਤਾ ਦਾ ਸੰਤਾਪ ਹੰਢਾ ਰਿਹਾ ਹੁੰਦਾ ਹੈ। ਕਾਰਨ ਸਪੱਸ਼ਟ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਮਹਾਰਾਜਾ ਬੜੌਦਾ ਸਮਝਦਾ ਹੈ ਉਹ ਪਹਿਲਾਂ ਕਿਸੇ ਨਾਲ ਗੱਲ ਕਰਨੀ ਤਾਂ ਦੂਰ 'ਨਮਸਤੇ' ਜਾਂ 'ਸਤਿ ਸ੍ਰੀ ਅਕਾਲ' ਵੀ ਨਹੀਂ ਬੁਲਾਉਂਦਾ। ਇਹੋ ਜਿਹਾ ਰਵੱਈਆ ਹੀ ਦੂਸਰੇ ਵਿਅਕਤੀ ਦਾ ਹੁੰਦਾ ਹੈ। ਜਦੋਂ ਮਨ ਦੀਆਂ ਭਾਵਨਾਵਾਂ ਕਿਸੇ ਨਾਲ ਸਾਂਝਾ ਨਹੀਂ ਕਰਾਂਗੇ ਫਿਰ ਪਰੇਸ਼ਾਨੀ ਤਾਂ ਵੱਧੇਗਾ ਹੀ, ਨਤੀਜਾ ਘੁੱਟਣ ਤੇ ਫਿਰ ਹਾਰਟ ਅਟੈੱਕ। ਹਸਪਤਾਲ 'ਚ ਆਪ੍ਰੈਸ਼ਨ ਕਰਨ ਮਗਰੋਂ ਫਿਰ ਡਾਕਟਰ ਇੱਕ ਗੱਲ ਜ਼ਰੂਰ ਕਹਿੰਦਾ ਹੈ;

  '' ਖੋਲ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ
ਅੱਜ ਖੋਲਣਾ ਨਾ ਪੈਂਦਾ ਇਹ ਔਜ਼ਾਰਾਂ ਦੇ ਨਾਲ।''

ਬਿਨਾ ਸ਼ੱਕ ਚੰਗੇ ਦੋਸਤ ਤੁਹਾਡੇ ਲਈ ਅਲਾਦੀਨ ਦਾ ਚਿਰਾਗ਼ ਹੋ ਨਿਬੜਦੇ ਹਨ। ਪਰ ਘੋਰੀ, ਘਮੰਡੀ, ਘਰ ਘੁਸੜੂ ਅਤੇ ਘਪਲੇਬਾਜ਼ ਵਿਅਕਤੀਆਂ ਤੋਂ ਘੱਟੋ-ਘੱਟ 20 ਫੁੱਟ ਦੀ ਦੂਰੀ ਬਣਾ ਕੇ ਰੱਖੋ, ਜੇ ਤੁਸੀਂ ਇਨ੍ਹਾਂ ਦੀ ਰੇਂਜ਼ ਵਿਚ ਆ ਗਏ ਤਾਂ ਇਹ ਉਤਸ਼ਾਹੀਣਤਾ ਦੇ ਕੀਟਾਣੂ ਤੁਹਾਡੇ ਤੇ ਛੱਡ ਦੇਣਗੇ ਤੇ ਤੁਹਾਡੀ ਜ਼ਿੰਦਗੀ ਦਾ ਪਿਆਨੋ ਕਈ ਦਿਨ ਬੇਸੁਰਾ ਵੱਜੇਗਾ। ਮਾੜੇ ਦੋਸਤਾਂ ਤੋਂ ਚੰਗਾ ਹੈ ਕਿ ਉਹ ਤੁਹਾਡੇ ਦੁਸ਼ਮਣ ਹੀ ਹੋਣ ਕਿਉਂਕਿ ਅਜਿਹੇ ਦੋਸਤ ਤੁਹਾਡਾ ਕੁਝ ਸੰਵਾਰ ਨਹੀਂ ਸਕਦੇ ਸਗੋਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਹੀ ਬਨਣਗੇ ਜੇ ਕੁਝ ਹੋਰ ਨਾ ਕਰ ਸਕੇ ਤਾਂ ਤੁਹਾਡੇ ਤੋਂ ਪੈਸੇ ਹੀ ਉਧਾਰ ਮੰਗ ਲੈਣਗੇ। ਕਈ ਵਾਰ ਮਾੜੇ ਦੋਸਤਾਂ ਦੀ ਸੰਗਤ ਦਾ ਖ਼ਮਿਆਜ਼ਾਂ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਭੁਗਤਣਾ ਪੈਂਦਾ ਹੈ।ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾੜੀ ਸੰਗਤ ਨਾਲੋ ਇਕੱਲਾ ਚੰਗਾ।ਚੰਗੀ ਸੋਚ ਵਾਲੇ ਦੋਸਤ ਭਾਵੇਂ ਘੱਟ ਹੋਣ ਪਰ ਵੱਧ ਗਿਣਤੀ ਮਾੜੀ ਸੋਚ ਵਾਲੇ ਦੋਸਤਾਂ ਤੋਂ ਜ਼ਿਆਦਾ ਮੱਦਦਗਾਰ ਹੁੰਦੇ ਹਨ।ਜਿਵੇਂ    11 ਜ਼ੰਗ ਲੱਗੀਆਂ ਤੋਪਾਂ ਨਾਲੋ ਬੇਹਤਰ ਹੈ ਕਿ ਤੁਹਾਡੇ ਕੋਲ ਚੰਗੀ ਕੰਡੀਸ਼ਨ ਵਾਲੀ ਇੱਕ ਹੀ ਤੋਪ ਹੋਵੇ, ਘੱਟੋ-ਘੱਟ ਲੋੜ ਪੈਣ 'ਤੇ ਤੁਹਾਨੂੰ ਧੋਖਾ ਤਾਂ ਨਹੀਂ ਦੇਵੇਗੀ।ਅੱਜ ਕੱਲ ਜ਼ਿਆਦਾਤਰ ਲੋਕ ਆਪਣੇ ਖੀਸੇ ਪੱਥਰਾਂ ਨਾਲ ਹੀ ਭਰੀ ਰੱਖਦੇ ਹਨ।ਮੇਰਾ ਵਿਚਾਰ ਹੈ ਕਿ ਇੰਨੇ ਪੱਥਰ ਰੱਖਣ ਨਾਲੋਂ ਇਕ ਹੀਰਾ ਹੀ ਆਪਣੇ ਕੋਲ ਰੱਖ ਲਵੋ ਤਾਂ ਬੇਹਤਰ ਹੋਵੇਗਾ।ਕਾਬਲੀਅਤ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਇਸ ਲਈ ਅਸਫ਼ਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਿੱਗਰ ਸੋਚ ਵਾਲੇ ਦੋਸਤ ਨਹੀਂ ਮਿਲੇ ਹੁੰਦੇ।ਦੋਸਤਾਂ ਤੋਂ ਬਿਨਾ੍ਹਂ ਜ਼ਿੰਦਗੀ ਬੇਰੰਗ ਅਤੇ ਬੇਰਸ ਜਿਹੀ ਮਹਿਸੂਸ ਹੁੰਦੀ ਹੈ।
     ਜੀਵਨ ਵਿੱਚ ਘਮੰਡ ਛੱਡ ਕੇ ਆਪਣੇ ਆਲੇ-ਦੁਆਲੇ, ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਪਿਆਰ ਮੁਹੱਬਤ ਨਾਲ ਰਹੋ। ਅੱਜ ਤੋਂ ਹੀ ਆਪਸੀ ਰਿਸ਼ਤਿਆਂ ਵਿੱਚ 'ਕੁੜੱਤਣ ਘਟਾਓ ਤੇ ਮਿਠਾਸ ਵਧਾਓ' ਵਾਲਾ ਸਿਧਾਂਤ ਲਾਗੂ ਕਰ ਦਿਓ। ਸਮੇਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਕੀਹਦੀ ਲੋੜ ਪੈ ਜਾਵੇ। ਜੇਕਰ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਚੰਗੇ ਵਿਚਾਰਾਂ ਵਾਲੇ ਦੋਸਤਾਂ ਦੇ ਸੰਪਰਕ ਵਿਚ ਰਹੋ।ਚੰਗੇ ਦੋਸਤ ਉਹ ਸ਼ੀਸ਼ਾ ਹਨ ਜਿਸ ਵਿਚੋਂ ਦੀ ਤੱਕਿਆਂ ਤੁਹਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬ-ਹੂ ਝਲਕਾਰਾ  ਦਿਸਦਾ ਹੈ।ਸੱਚੇ ਦੋਸਤ ਅਨਮੋਲ ਹਨ।ਜਿਹੋ-ਜਿਹੇ ਤੁਹਾਡੇ ਦੋਸਤ ਹੋਣਗੇ, ਉਸੇ ਤਰਾ੍ਹਂ ਦੀ ਤੁਹਾਡੀ ਜ਼ਿੰਦਗੀ ਹੋਵੇਗੀ। ਜੋ ਲੋਕ ਸਿਰਫ਼ ਆਪਣੇ ਲਈ ਹੀ ਜਿਉਂਦੇ ਹਨ, ਉਹ ਜ਼ਿੰਦਗੀ 'ਚ ਖ਼ੁਸ਼ੀ ਨਹੀਂ ਮਾਣ ਸਕਦੇ ਕਿਉਂਕਿ ਉਨ੍ਹਾਂ ਕੋਲ ਆਪਣੇ ਵਿਚਾਰ ਸਾਂਝੇ ਕਰਨ ਲਈ ਚੰਗੇ ਦੋਸਤ ਹੁੰਦੇ। ਸਾਰਾ ਦਿਨ ਆਪਣੇ ਕੰਮ ਵਿੱਚ ਹੀ ਮਸਰੂਫ਼ ਨਾ ਰਹੋ, ਆਪਣੇ ਦੋਸਤਾਂ ਲਈ ਵੀ ਸਮਾਂ ਜ਼ਰੂਰ ਕੱਢੋ। ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਸੰਪਰਕ ਵਿੱਚ ਹੋਣਗੇ ਉਨ੍ਹੀ ਹੀ ਜ਼ਿੰਦਗੀ ਵਿਚ ਤੁਹਾਨੂੰ ਘੱਟ ਪ੍ਰੇਸ਼ਾਨੀ ਹੋਵੇਗੀ।ਉੱਚੀ ਸੋਚ ਵਾਲੇ ਦੋਸਤਾਂ ਦੀ ਹਾਜ਼ਰੀ ਵਿੱਚ ਤੁਸੀਂ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦੇ ਹੋ, ਤੁਹਾਡੀ ਰੂਹ ਤਰੋਤਾਜ਼ਾ ਹੋ ਜਾਂਦੀ ਹੈ, ਤੁਹਾਡੇ ਅੰਦਰ ਵਿਚਾਰਾਂ ਦੀਆਂ ਤਰੰਗਾਂ ਉਤਪੰਨ ਹੋ ਜਾਦੀਆਂ ਹਨ ਤੇ ਤੁਸੀਂ ਕੁੱਝ ਸਿਰਜਣ ਦੇ ਯੋਗ ਹੋ ਜਾਂਦੇ ਹੋ।

ਲੇਖਕ: ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' 
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)  ਫੋਨ 9814096108

05 Oct. 2018