ਮੁਲਕ ਨਾਲ ਕਦਮ ਤਾਲ ਦਾ ਤਰੱਦਦ - ਅਵਿਜੀਤ ਪਾਠਕ

ਇਸ ਵਕਤ ਜਦੋਂ ਜ਼ਹਿਰੀਲੀ ਤੇ ਕੁਰੱਖਤ ਸਿਆਸਤ ਦਾ ਹਨੇਰ ਫੈਲਿਆ ਹੋਇਆ ਹੈ ਅਤੇ ਸੂਚਨਾ ਦੇ ਪ੍ਰਦੂਸ਼ਣ ਦੇ ਬੋਝ ਨੇ ਹਰ ਸ਼ੈਅ ਉਲਟ ਪੁਲਟ ਕਰ ਦਿੱਤੀ ਹੈ ਤਾਂ ਅਜਿਹੇ ਮਾਹੌਲ ਵਿਚ ਭਾਰਤ ਜੋੜੋ ਯਾਤਰਾ ਦੇ ਸਾਰ ਨੂੰ ਸਮਝਣਾ ਸੌਖਾ ਕੰਮ ਨਹੀਂ ਹੈ। ਸੱਤਾਧਾਰੀ ਪਾਰਟੀ ਅਤੇ ਇਸ ਦੀ ਪ੍ਰਾਪੇਗੰਡਾ ਮਸ਼ੀਨਰੀ ਇਸ ਨੂੰ ਨਿੰਦ ਸਕਦੀ ਹੈ ਤੇ ਮੌਜੂ ਖਿੱਚ ਸਕਦੀ ਹੈ ਅਤੇ ਅਫ਼ਵਾਹਾਂ ਉਡਾ ਸਕਦੀ ਹੈ, ਮਸਲਨ, ਇਹ ਕਿ ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਪਹਿਨੀ ਟੀ-ਸ਼ਰਟ ਦੀ ਕੀਮਤ ਕਿੰਨੀ ਜ਼ਿਆਦਾ ਹੈ, ਜਾਂ ਜਿੱਥੇ ਉਹ ਸੌਂਦੇ ਤੇ ਆਰਾਮ ਕਰਦੇ ਹਨ, ਉਸ ਕੰਟੇਨਰ ਵਿਚ ਕਿਹੋ ਜਿਹੀਆਂ ਸਹੂਲਤਾਂ ਹਨ। ਸਿਮ੍ਰਤੀ ਇਰਾਨੀ ਅਤੇ ਸੰਬਿਤ ਪਾਤਰਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਆਰੰਭੀ ਇਸ ਯਾਤਰਾ ਦੀ ਕਦਰ ਘਟਾਉਣ ਲਈ ਹਰ ਕਿਸਮ ਦੀ ਝੂਠੀ ਤੇ ਭੜਕਾਊ ਬਿਆਨ ਦਾਗ਼ਦੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਕੁਝ ਆਲੋਚਕ ਤੇ ਸਿਆਸੀ ਸਮੀਖਿਅਕ ਵੀ ਹਨ ਜੋ ਯਾਤਰਾ ਨੂੰ ਨਫ਼ੇ ਨੁਕਸਾਨ ਦੇ ਤਰਾਜ਼ੂ ’ਤੇ ਰੱਖ ਕੇ ਹੀ ਤੋਲਦੇ ਹਨ, ਭਾਵ, ਮੋਦੀ ਦੇ ਵਡੇਰੇ ਪ੍ਰਭਾਵ ਜਾਂ ਅਮਿਤ ਸ਼ਾਹ ਦੀ ਅਸ਼ਵਮੇਧ ਚੋਣ ਜਿਤਾਊ ਮਸ਼ੀਨਰੀ ਦੇ ਮੱਦੇਨਜ਼ਰ ਕੀ ਇਸ ਯਾਤਰਾ ਨਾਲ ਕਾਂਗਰਸ ਨੂੰ ਕੋਈ ਚੁਣਾਵੀ ਲਾਭ ਹੋ ਸਕੇਗਾ।
      ਫਿਰ ਵੀ ਇਸ ਸ਼ੋਰ ਸ਼ਰਾਬੇ ਦੌਰਾਨ ਇਸ 3570 ਕਿਲੋਮੀਟਰ ਲੰਮੀ ਯਾਤਰਾ ਦੇ ਮਹੱਤਵ, ਇਸ ਦੇ ਪ੍ਰਤੀਕਵਾਦ ਅਤੇ ਸੰਭਾਵਨਾਵਾਂ ਨੂੰ ਸਮਝਣ ਦੀ ਆਪਣੀ ਅਹਿਮੀਅਤ ਹੈ। ਸਭ ਤੋਂ ਪਹਿਲਾਂ ਤੁਰਨ ਦੇ ਸੁਹਜ ਅਤੇ ਦਰਸ਼ਨ ਦੀ ਚਰਚਾ ਕਰਦੇ ਹਾਂ। ਸਮੁੱਚੇ ਮਨੁੱਖੀ ਇਤਿਹਾਸ ਦੌਰਾਨ ਸੈਲਾਨੀ, ਯਾਤਰੀ, ਸੰਤ, ਫ਼ਕੀਰ ਤੇ ਆਮ ਆਦਮੀ ਪੈਦਲ ਤੁਰਦੇ ਰਹੇ ਹਨ। ਜਿਵੇਂ ਸਾਡਾ ਆਪਣਾ ਸਿਆਸੀ ਇਤਿਹਾਸ ਗਵਾਹ ਹੈ ਕਿ ਮਹਾਤਮਾ ਗਾਂਧੀ ਨੇ ਬਹੁਤ ਸਾਰੀਆਂ ਪੈਦਲ ਯਾਤਰਾਵਾਂ ਕੀਤੀਆਂ ਸਨ। ਇਹ ਅਮੀਰਾਂ ਤੇ ਡਾਢਿਆਂ ਦੀ ਉਸ ਚਾਲ ਢਾਲ ਤੋਂ ਬਿਲਕੁੱਲ ਵੱਖਰਾ ਅਮਲ ਹੁੰਦਾ ਹੈ ਜਿਸ ਵਿਚ ਉਹ ਲੋਕ ਮੇਰੇ ਜਾਂ ਤੁਹਾਡੇ ਜਿਹੇ ਲੋਕਾਂ ਨਾਲ ਮਿਲ ਕੇ ‘ਭਿੱਟੇ’ ਜਾਣ ਤੋਂ ਗੁਰੇਜ਼ ਹੀ ਕਰਦੇ ਹਨ ਅਤੇ ਅਕਸਰ ਚਾਰਟਰਡ ਜਹਾਜ਼ਾਂ ਦੀ ਸਵਾਰੀ ਕਰਦੇ ਹਨ ਜਾਂ ਵਿਧਾਇਕ, ਸੰਸਦ ਮੈਂਬਰ ਤੇ ਮੰਤਰੀ ਰਾਜਕੀ ਸੱਤਾ ਦੀ ਨੁਮਾਇਸ਼ ਕਰਦੇ ਹੋਏ ਕਾਰਾਂ ਜਾਂ ਸਰਕਾਰੀ ਗੱਡੀਆਂ ਦੇ ਕਾਫ਼ਲੇ ਵਿਚ ਗੁਜ਼ਰਦੇ ਹਨ ਤੇ ਇਸ ਦੌਰਾਨ ਪੁਲੀਸ ਕਰਮੀ ਆਮ ਲੋਕਾਂ ਲਈ ਸੜਕਾਂ ਤੇ ਪੁਲ ਡੱਕੀਂ ਰੱਖਦੇ ਹਨ।
      ਬਹਰਹਾਲ, ਧਿਆਨ ਨਾਲ ਤੁਰਨਾ ਸਿਆਸੀ, ਸਭਿਆਚਾਰਕ ਤੇ ਅਧਿਆਤਮਕ ਤੌਰ ’ਤੇ ਚਕਿਤਸਾਕਾਰੀ ਸਾਬਿਤ ਹੋ ਸਕਦਾ ਹੈ। ਇਸ ਨਾਲ ਅੱਖਾਂ ਖੁੱਲ੍ਹਦੀਆਂ ਹਨ ਤੇ ਸਾਡਾ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ ਹੈ ਅਤੇ ਸਾਨੂੰ ਰੋਜ਼ਮੱਰਾ ਜ਼ਿੰਦਗੀ ਦਾ ਰਾਜ਼ ਸਮਝ ਪੈਂਦਾ ਹੈ। ਸੋਚੋ ਕਿ ਤੁਸੀਂ ਮੁੰਬਈ ਵਿਚ ਮੈਰੀਨ ਡ੍ਰਾਈਵ ’ਤੇ ਪੈਦਲ ਤੁਰ ਰਹੇ ਹੋ। ਬਿਨਾ ਸ਼ੱਕ ਤੁਸੀਂ ਅਰਬ ਸਾਗਰ ਦੀਆਂ ਲਹਿਰਾਂ ਦੇਖੋਗੇ, ਤੁਸੀਂ ਭਾਹ ਮਾਰਦੀਆਂ ਮਾਲਾਬਾਰ ਦੀਆਂ ਪਹਾੜੀਆਂ ਨੂੰ ਨਿਹਾਰੋਗੇ, ਤੁਸੀਂ ਗੋਰਖਪੁਰ ਦੇ ਕਿਸੇ ਬੰਦੇ ਨੂੰ ਭੇਲਪੂਰੀ ਵੇਚਦਾ ਦੇਖਣ ਦਾ ਆਨੰਦ ਲਓਗੇ। ਤੁਸੀਂ ਆਪਣੇ ਨਾਲ ਕਿਸੇ ਕਿੰਨਰ ਨੂੰ ਤਾੜੀ ਵਜਾਉਂਦੇ ਹੋਏ, ਮੁਸਕਰਾਉਂਦੇ ਹੱਸਦੇ ਹੋਏ ਪਾਓਗੇ। ਤੁਹਾਡੇ ਆਸੇ ਪਾਸੇ ਘੁੰਮਦੇ, ਹੱਸਦੇ, ਰੋਂਦੇ, ਚੁਟਕਲੇ ਸਾਂਝੇ ਕਰਦੇ ਹੋਏ ਕਾਲਜ ਵਿਦਿਆਰਥੀਆਂ ਨੂੰ ਤੱਕੋਗੇ। ਤੁਸੀਂ ਭਿਖਾਰੀਆਂ ਤੇ ਬਿਨਾ ਕਿਸੇ ਕੰਮ ਤੋਂ ਇਧਰ ਉਧਰ ਘੁੰਮ ਰਹੇ ਨਿਰਾਸੇ ਲੋਕਾਂ ਨੂੰ ਦੇਖੋਗੇ। ਦੂਜੇ ਸ਼ਬਦਾਂ ਵਿਚ ਤੁਸੀਂ ਆਸਾਂ ਤੇ ਸੁਪਨੇ, ਸੰਘਰਸ਼ ਤੇ ਕਸ਼ਟ ਅਤੇ ਇਕ ਪਾਸੇ ਬੇਸ਼ੁਮਾਰ ਦੌਲਤ ਦੇ ਮਿਨਾਰ ਤੇ ਦੂਜੇ ਪਾਸੇ ਜ਼ਿੰਦਾ ਰਹਿਣ ਲਈ ਜੱਦੋਜਹਿਦ ਦੇਖਦੇ ਹੋ। ਪੈਦਲ ਤੁਰਨ ਨਾਲ ਤੁਹਾਡਾ ਦੂਜੇ ਲੋਕਾਂ ਤੇ ਜ਼ਮੀਨ ਨਾਲ ਨਾਤਾ ਜੁੜਦਾ ਹੈ ਅਤੇ ਤੁਸੀਂ ਖ਼ੁਦਪ੍ਰਸਤੀ ਦਾ ਸ਼ਿਕਾਰ ਹੋਣ ਤੋਂ ਬਚਦੇ ਹੋ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਜ਼ਿਆਦਾਤਰ ਸਿਆਸਤਦਾਨ ਤੇ ਨੌਕਰਸ਼ਾਹ ਪੈਦਲ ਤੁਰਨ ਤੋਂ ਗੁਰੇਜ਼ ਕਰਦੇ ਹਨ। ਉਹ ਡਰੇ ਹੋਏ ਤੇ ਅਲੱਗ ਥਲੱਗ ਰਹਿੰਦੇ ਜੀਵ ਹੋਣ ਦੇ ਨਾਤੇ ਸਿਰਫ ਇਕ ਕਿਸਮ ਦੀ ਸੱਤਾ ਦਾ ਲੋਭ ਕਰਦੇ ਰਹਿੰਦੇ ਹਨ ਜੋ ਵਖਰੇਵੇਂ ਤੇ ਦੂਰੀਆਂ ਪੈਦਾ ਕਰਦੀ ਹੈ। ਉਹ ਜੋੜਨ ਦੇ ਯੋਗ ਬਣਾਉਂਦੀ ਕਰੁਣਾ ਦੀ ਸ਼ਕਤੀ ਤੋਂ ਵਿਰਵੇ ਹਨ।
       ਇਸ ਕਿਸਮ ਦੀ ਹੋਸ਼ਮੰਦ ਯਾਤਰਾ ਭਾਵੇਂ ਜਿਸਮਾਨੀ ਹੋਵੇ ਜਾਂ ਅਧਿਆਤਮਕ, ਇਹ ਆਤਮ ਖੋਜ ਦੀ ਨਿਰੰਤਰ ਪ੍ਰਕਿਰਿਆ ਵੱਲ ਲੈ ਕੇ ਜਾਂਦੀ ਹੈ ਜਾਂ ਫਿਰ ਆਚਰਨ ਜਾਂ ਤਹਿਜ਼ੀਬ ਦੀ ਖੋਜ ਦੇ ਦਰਸ਼ਨ ਕਰਵਾਉਂਦੀ ਹੈ। ਦੱਖਣੀ ਅਫ਼ਰੀਕਾ ਤੋਂ ਪਰਤਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਜਿਹੜੀ ਯਾਤਰਾ ਕੀਤੀ ਸੀ, ਉਸ ਤੋਂ ਬਿਨਾ ਉਨ੍ਹਾਂ ਨੂੰ ਇਕ ਹਾਰੇ ਹੋਏ ਤੇ ਬਸਤੀ ਬਣਾਏ ਮੁਲਕ ਦਾ ਦੁੱਖ ਦਰਦ ਸਮਝਣਾ ਤੇ ਉਸ ਵਿਚ ਇਖ਼ਲਾਕੀ ਤੇ ਸਿਆਸੀ ਚੇਤਨਾ ਦੀ ਚਿਣਗ ਜਗਾਉਣਾ ਸੰਭਵ ਨਹੀਂ ਹੋ ਸਕਣਾ ਸੀ। ਇਸ ਤੋਂ ਇਕ ਵੱਖਰੇ ਮਾਰਗ ਰਾਹੀ ਜਵਾਹਰਲਾਲ ਨਹਿਰੂ ਨੇ ਭਾਰਤ ਦੀ ਖੋਜ ਕੀਤੀ ਸੀ ਜਿਸ ਵਿਚ ਪੁਰਾਤਨ ਸਭਿਅਤਾ ਦੀ ਨਵੇਂ ਯੁੱਗ ਨਾਲ ਪਛਾਣ ਕਰਵਾਈ ਗਈ ਸੀ। ਦਰਅਸਲ, ਯਾਤਰਾ ਦੀ ਸੰਭਾਵਨਾ ਤੋਂ ਵਿਨੋਭਾ ਭਾਵੇ ਤੋਂ ਲੈ ਕੇ ਬਾਬਾ ਆਮਟੇ ਤੱਕ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਸੀ।
        ਹੁਣ ਰਤਾ ਉਸ ਦੌਰ ਬਾਰੇ ਸੋਚੋ ਜਿਸ ਵਿਚ ਅਸੀਂ ਰਹਿ ਰਹੇ ਹਾਂ। ਸਾਡੇ ਦਰਮਿਆਨ ਕੋਈ ਭਾਈਚਾਰਕ ਸਾਂਝ ਨਹੀਂ ਹੈ ਕਿਉਂਕਿ ਅਸੀਂ ਜਾਤੀ ਦੀ ਦਰਜਾਬੰਦੀ ਤੇ ਪਿੱਤਰਵਾਦੀ ਹਿੰਸਾ ਨਾਲ ਲੜਨ ਦੇ ਯੋਗ ਨਹੀਂ ਹੋ ਸਕੇ ਹਾਂ। ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਅੰਧ-ਰਾਸ਼ਟਰਵਾਦ ਸਾਡੀਆਂ ਨਸਾਂ ਵਿਚ ਉਤਾਰਨ ਲੱਗੀ ਹੋਈ ਹੈ ਜਿਸ ਨੇ ਸਾਨੂੰ ਜੋੜਨਾ ਤਾਂ ਕੀ ਸੀ ਸਗੋਂ ਸਾਨੂੰ ਖਾਨਿਆਂ ਵਿਚ ਵੰਡ ਕੇ ਸਾਡੀ ਚੇਤਨਾ ਨੂੰ ਸੁੰਨ ਕਰ ਦਿੱਤਾ ਹੈ ਤੇ ਮੁਸਲਮਾਨਾਂ ਤੇ ਹੋਰਨਾਂ ਘੱਟਗਿਣਤੀਆਂ ਨਾਲ ਦੁਜੈਲਾ ਵਿਹਾਰ ਕਰ ਕੇ ਦੇਸ਼ ਦੀ ਮਾਨਸਿਕ ਤੇ ਸਭਿਆਚਾਰ ਵੰਡ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ। ਇਸੇ ਤਰ੍ਹਾਂ ਨਵ-ਉਦਾਰਵਾਦ ਦੇ ਪ੍ਰਵਚਨਾਂ ਨੇ ਗ਼ਰੀਬਾਂ, ਕਿਸਾਨੀ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਹਾਲਾਂਕਿ ਖਪਤਵਾਦੀ ਬਿਰਤਾਂਤ ਅਤੇ ਮੁੱਠੀ ਭਰ ਅਰਬਾਂਪਤੀਆਂ/ ਕ੍ਰਿਕਟ ਤੇ ਫਿਲਮੀ ਸਿਤਾਰਿਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਸੁਣ ਕੇ ਅਤੇ ਮਾੱਲ, ਮਲਟੀਪਲੈਕਸ ਤੇ ਸ਼ਾਨਦਾਰ ਰਿਹਾਇਸ਼ੀ ਇਲਾਕਿਆਂ ਦੇ ਨਿਰਮਾਣ ਨਾਲ ਮੰਤਰ ਮੁਗਧ ਹੁੰਦਾ ਰਹਿੰਦਾ ਹੈ ਪਰ ਦੇਸ਼ ਦੀ ਵੱਡੀ ਆਬਾਦੀ ਝੁੱਗੀਆਂ ਝੌਂਪੜੀਆਂ, ਸਾਫ ਸਫਾਈ ਤੋਂ ਵਿਰਵੀਆਂ ਨੀਵੀਆਂ ਮੱਧ ਵਰਗੀ ਕਾਲੋਨੀਆਂ, ਗਲੀਆਂ ਤੇ ਰੇਲਵੇ ਸਟੇਸ਼ਨਾਂ ’ਤੇ ਜਿਊਣ ਲਈ ਮਜਬੂਰ ਹੈ। ਇਕ ਲਿਹਾਜ ਤੋਂ ਭਾਰਤ ਬਿਨਾ ਸ਼ੱਕ ਫੱਟੜ ਵੀ ਹੈ ਤੇ ਫੁੱਟਾਂ ਦਾ ਸ਼ਿਕਾਰ ਵੀ ਹੈ ਜਿਸ ਕਰ ਕੇ ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਭਾਰਤ ਜੋੜੋ ਯਾਤਰਾ ਨਵੀਂ ਸ਼ੁਰੂਆਤ ਦਾ ਅਹਿਸਾਸ ਕਰਾਉਂਦੀ ਹੈ।
        ਇਸ ਯਾਤਰਾ ਵਿਚ ਹਿੱਸਾ ਲੈ ਰਹੇ ਰਾਹੁਲ ਗਾਂਧੀ ਤੇ ਹੋਰ ਆਗੂ ਜਦੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿਚੋਂ ਲੰਘਦੇ ਹਨ ਤਾਂ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਕਹਾਣੀਆਂ ਸੁਣਦੇ ਹਨ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਇਕ ਸ਼ੁਰੂਆਤ ਹੈ। ਸੰਭਵ ਹੈ ਕਿ ਇਹ ਯਾਤਰਾ ਉਨ੍ਹਾਂ ਨੂੰ ਨਹਿਰੂ-ਗਾਂਧੀ ਖ਼ਾਨਦਾਨ ਦੇ ਵਿਸ਼ੇਸ਼ਾਧਿਕਾਰ ਤੋਂ ਪਰ੍ਹੇ ਦੇਖਣ ਅਤੇ ਉਨ੍ਹਾਂ ਉਪਰ ਇਕ ‘ਜੁਜ਼ਵਕਤੀ ਆਗੂ’ ਦਾ ਲੱਗਿਆ ਧੱਬਾ ਮਿਟਾਉਣ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਕਰੁਣਾ, ਪਿਆਰ ਤੇ ਸੁਣਨ ਦੀ ਸ਼ਕਤੀ ਨੂੰ ਵੀ ਮਹਿਸੂਸ ਕਰਨਗੇ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੇ ਨਾਲ ਚੱਲਣ ਵਾਲੇ ਨਾਗਰਿਕ ਸਮਾਜ ਦੇ ਕਾਰਕੁਨ, ਜਨਤਕ ਬੁੱਧੀਜੀਵੀ ਅਤੇ ਆਮ ਲੋਕ ਸਾਨੂੰ ਉਹ ਚੀਜ਼ ਦੇਣਗੇ ਜਿਸ ਦੀ ਸਾਨੂੰ ਅੱਜ ਘਾਟ ਮਹਿਸੂਸ ਹੋ ਰਹੀ ਹੈ, ਭਾਵ, ਸਾਡੀ ਭੂਮਿਕਾ ਮੁੜ ਹਾਸਲ ਕਰਨ, ਆਪਣੀ ਆਵਾਜ਼ ਸੁਣਾਉਣ ਅਤੇ ਬੁਰੀ ਤਰ੍ਹਾਂ ਵੰਡੇ ਪਏ ਇਸ ਮੁਲਕ ਨੂੰ ਇਕਜੁੱਟ ਕਰਨ ਤੇ ਮੱਲ੍ਹਮ ਲਾਉਣ ਦੀ ਤਾਕਤ। ਯਾਤਰਾ ਦਾ ਕੋਈ ਚੁਣਾਵੀ ਫਾਇਦਾ ਮਿਲੇ ਜਾਂ ਨਾ ਵੀ ਮਿਲ ਸਕੇ ਤਾਂ ਵੀ ਇਹ ਤਬਦੀਲੀ ਦਾ ਇਕ ਸਬੱਬ ਸਾਬਿਤ ਹੋ ਸਕਦੀ ਹੈ ਕਿਉਂਕਿ ਇਹ ਸਾਨੂੰ ਡਰ ਤੋਂ ਮੁਕਤ ਹੋਣ ਦਾ ਸੱਦਾ ਦਿੰਦੀ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।