ਅੱਖੀਆਂ 'ਚੋਂ ਮੀਂਹ ਵੱਸਦਾ... -  ਨਿੰਦਰ ਘੁਗਿਆਣਵੀ

ਇਹ ਗੱਲ ਨਵੰਬਰ ਮਹੀਨਾ, 2007 ਦੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ 'ਬਾਲ ਵਿਸ਼ਵ ਕੋਸ਼' (ਚਾਰ ਜਿਲਦਾਂ) ਵਿਚ ਲਿਖਣ ਲਈ ਮੈਨੂੰ ਚਾਰ ਇੰਦਰਾਜ (ਐਂਟਰੀਜ਼) ਅਲਾਟ ਕੀਤੀਆਂ ਗਈਆਂ। ਆਪਣੀ ਅਮਰ ਆਵਾਜ਼ ਦਾ ਜਾਦੂ ਬਖੇਰ ਕੇ ਤੇ ਨਿਆਣੀ ਉਮਰੇ ਸੰਸਾਰ ਛੱਡ ਗਏ ਗਏ ਮਾਸਟਰ ਮਦਨ ਬਾਰੇ ਬੜਾ ਔਖਾ ਹੋ ਕੇ ਸਮੱਗਰੀ ਲੱਭੀ ਤੇ ਐਂਟਰੀ ਲਿਖੀ।
ਮਦਨ ਤੋਂ ਇਲਾਵਾ ਤਿੰਨ ਹੋਰ ਮਹਾਨ ਹਸਤੀਆਂ ਸਨ, ਲਤਾ ਮੰਗੇਸ਼ਕਰ, ਸ਼ਹਿਨਾਈ ਦੇ ਬਾਬਾ ਬੋਹੜ ਉਸਤਾਦ ਬਿਸਮਿੱਲਾ ਖਾਂ ਤੇ ਨੁਸਰਤ ਫਤਹਿ ਅਲੀ ਖਾਂ ਸਾਹਬ। ਬਿਸਮਿੱਲਾ ਖਾਂ ਤੇ ਲਤਾ ਜੀ ਵਾਲਾ ਕੰਮ ਨਿਪਟਾਉਣ ਬਾਅਦ ਨੁਸਰਤ ਸਾਹਿਬ ਵਾਲਾ ਕੰਮ ਅੱਗੇ-ਅੱਗੇ ਪਾਈ ਜਾ ਰਿਹਾ ਸਾਂ, ਪਤਾ ਨਹੀਂ ਕਿਉਂ? ਯੂਨੀਵਰਸਿਟੀ ਵੱਲੋਂ ਵਾਰ-ਵਾਰ ਰੀਮਾਈਂਡਰ ਆ ਰਹੇ ਸਨ ਕਿ ਦੇਰੀ ਕਿਉਂ ਹੋ ਰਹੀ ਹੈ? ਮੈਂ ਜਦ ਵੀ ਉਨ੍ਹਾਂ ਬਾਬਤ ਲਿਖਣ ਬੈਠਦਾ ਤਾਂ ਕਲਮ ਅੱਗੇ ਤੁਰਦੀ ਹੀ ਨਾ। ਸ਼ਬਦ ਦੌੜ ਜਾਂਦੇ। ਸ਼ਬਦ ਰੁੱਸ ਕੇ ਜਿਵੇਂ ਮੂੰਹ ਮੋਟਾ ਕਰ ਗਏ ਹੋਣ! ਗੱਲ ਬਹੁੜਨੋਂ ਹਟਣ ਵਾਲੀ ਹੋਈ ਪਈ ਸੀ। ਪਤਾ ਨਹੀਂ ਕੀ ਹੋਇਆ ਸੀ! ਆਖ਼ਿਰ ਨੁਸਰਤ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਤੇ ਸੁਣਦਾ ਹੀ ਰਹਿਣ ਲੱਗਿਆ।
ਇਕ ਸਮਾਂ ਅਜਿਹਾ ਸੀ (1997-98-99 ਦੇ ਸਾਲ ਸਨ) ਜਦੋਂ ਸੂਫ਼ੀ ਕਲਾਮ ਦੇ ਮਹਾਨ ਗਵੱਈਏ ਉਸਤਾਦ ਪੂਰਨ ਸ਼ਾਹਕੋਟੀ ਤੇ ਉਸਦੇ ਪੁੱਤਰ ਸਲੀਮ ਦੇ ਬਹੁਤ ਕਰੀਬ ਹੋ ਚੁੱਕਾ ਹੋਇਆ ਸਾਂ। ਸਬੱਬ ਹੀ ਸੀ ਪੂਰਨ ਸ਼ਾਹਕੋਟੀ ਦੇ ਜੀਵਨ ਤੇ ਕਲਾ ਬਾਰੇ ਕਿਤਾਬ 'ਕੁੱਲੀ ਵਾਲਾ ਫ਼ਕੀਰ' ਲਿਖਣ ਦਾ। ਉਦੋਂ ਹੰਸ ਰਾਜ ਹੰਸ ਨਾਲ ਵੀ ਮੇਲ-ਮੁਲਾਕਾਤਾਂ ਰੋਜ਼ਾਨਾ ਵਾਂਗ ਹੁੰਦੀਆਂ ਤੇ ਇਨ੍ਹਾਂ ਦੋਵਾਂ ਪਰਿਵਾਰਾਂ ਵਿੱਚ ਸਾਰਾ ਦਿਨ 'ਨੁਸਰਤ ਸਾਹਬ-ਨੁਸਰਤ ਸਾਹਬ' ਹੁੰਦੀ ਰਹਿੰਦੀ। ਨੁਸਰਤ ਸਾਹਬ ਦੀ ਆਵਾਜ਼ ਬੇਰੋਕ ਗੂੰਜਦੀ, ਇਨਾ੍ਹਂ ਦੇ ਘਰਾਂ ਵਿੱਚ ਵੀ ਤੇ ਇਨ੍ਹਾਂ ਦੀਆਂ ਗੱਡੀਆਂ ਵਿੱਚ ਵੀ। ਇਹ ਲੋਕ ਰੋਟੀ ਖਾਂਦੇ, ਤੁਰਦੇ ਫਿਰਦੇ, ਨਹਾਉਂਦੇ-ਧੋਂਦੇ ਵੀ 'ਨੁਸਰਤ-ਨੁਸਰਤ' ਹੀ ਕਰੀ ਜਾਂਦੇ। ਮੈਨੂੰ ਜਾਪਿਆ ਕਿ ਜਿਵੇਂ ਨੁਸਰਤ ਇਹਨਾਂ ਸਭਨਾਂ ਨੂੰ ਭੂਤ ਬਣ ਕੇ ਚੁੰਬੜ ਗਿਆ ਹੈ। ਪਰ ਇਹ ਉਸਦੇ ਸੰਗੀਤ ਦਾ ਜਾਦੂ ਹੀ ਸੀ, ਜੋ ਇਹਨਾਂ ਸਭਨਾਂ ਉਤੇ ਹਾਵੀ ਹੋਇਆ ਪਿਆ ਸੀ। ਇਹ ਪਤਾ ਲਗਿਆ ਕਿ ਜਦ ਨੁਸਰਤ ਸਾਹਬ ਫੌਤ ਹੋਏ ਤਾਂ ਇਹਨਾਂ ਦੇ ਘਰਾਂ ਵਿੱਚ ਡਾਹਢਾ ਸੋਗ ਪੈ ਗਿਆ ਸੀ। ਇਹ ਸਾਰੇ ਕਈ ਦਿਨ ਨੁਸਰਤ ਸਾਹਬ ਨੂੰ ਸੁਣ-ਸੁਣ ਰੋਂਦੇ ਰਹੇ ਸਨ। ਏਨਾ ਪਿਆਰ ਕਰਦੇ ਸਨ ਉਨ੍ਹਾਂ ਨੂੰ ਏਹ!
"""
ਪਟਿਆਲੇ ਸਾਂ, ਯੂਨੀਵਰਸਿਟੀ ਦੇ ਵਾਰਿਸ ਸ਼ਾਹ ਭਵਨ। ਪੱਕੀ ਧਾਰ ਰੱਖੀ ਸੀ ਕਿ ਨੁਸਰਤ ਸਾਹਬ ਵਾਲੀ ਐਂਟਰੀ ਲਿਖ ਕੇ ਫਿਰ ਹੀ ਇਹ ਕਮਰਾ ਛੱਡਣਾ ਹੈ। ਆਪਣੇ ਲੈਪ-ਟਾਪ ਵਿਚੋਂ ਇੱਕ ਵੀਡੀਓ ਹੱਥ ਲੱਗੀ ਉਸਤਾਦ ਨੁਸਰਤ ਫਤਹਿ ਅਲੀ ਖਾਂ ਦੀ। ਇਹ ਵੀਡੀਓ ਕੁੱਲ ਪੌਣੇਂ ਛੇ ਮਿੰਟ ਦੀ ਹੈ, ਜਿਹਦੇ ਵਿੱਚੋਂ ਢਾਈ ਮਿੰਟ ਦੀ ਵੀਡੀਓ ਇਸ ਤਰਾ੍ਹਂ ਹੈ ਕਿ (ਨੁਸਰਤ ਸਾਹਿਬ ਆਪਣੇ ਘਰ ਬੈਠੇ ਹੋਏ ਹਨ। ਉਹਨਾਂ ਦੇ ਆਸ-ਪਾਸ ਕੁਝ ਵਿਅਕਤੀ ਤੇ ਸਾਜਿੰਦੇ ਵੀ ਬੈਠੇ ਹਨ। ਉਹਨਾਂ ਦੇ ਗੋਦ ਵਿੱਚ ਇੱਕ ਬਾਲੜੀ ਹੈ। ਨੁਸਰਤ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਹਨ ਲੈਂਡ-ਲਾਈਨ ਫ਼ੋਨ ਉਤੇ। ਏਨੀ ਕੁ ਸਮਝ ਆਉਂਦੀ ਹੈ,ਉਹ ਬੋਲਦੇ ਹਨ-''ਏਸ ਵਾਰਾਂ ਮੁਲਾਕਾਤ ਨਹੀਂ ਹੋ ਸਕੀ...।" ਉਹ ਕੁਝ ਹੋਰ ਗੱਲ ਕਰਦੇ ਹਨ ਸੰਖੇਪ ਵਿੱਚ, (ਜੋ ਸਮਝ ਨਹੀਂ ਆਉਂਦੀ) ਤੇ ਫੇਰ ਕੋਈ ਉਹਨਾਂ ਤੋਂ ਫ਼ੋਨ ਦਾ ਚੋਗਾ ਫੜ੍ਹ ਕੇ ਹੇਠਾਂ ਰੱਖਣ ਵਿੱਚ ਉਨਾਂ ਦੀ ਸਹਾਇਤਾ ਕਰਦਾ ਹੈ। ਲਾਲ ਕਪੜਿਆਂ ਵਾਲੀ ਬੱਚੀ ਨੂੰ ਕੁੱਛੜ ਚੁੱਕੀ ਨੁਸਰਤ ਸਾਹਿਬ ਨਿਹਾਰਦੇ ਹਨ ਤੇ ਉਹਦੇ ਨਾਲ ਲਾਡ ਵਿੱਚ ਗੱਲ ਕਰਦੇ ਹਨ-''ਹੈਂ...ਜਾਣਾ ਨਹੀਂ ਹੈ ਤੂੰ...ਹੈਂ? ਨਹੀਂ ਜਾਣਾ ਤੂੰ?" ਹੁਣ ਸਾਜ਼ ਵੱਜਣ ਲੱਗੇ ਹਨ। ਤਬਲਾ, ਢੋਲਕ ਤੇ ਵਾਜਾ। ਨੁਸਰਤ ਸਾਹਿਬ ਦੇ ਨਾਲ ਉਹਨਾਂ ਦਾ ਭਰਾ ਤੇ ਭਤੀਜਾ ਰਾਹਤ ਫ਼ਤਹਿ ਅਲੀ ਖ਼ਾਨ ਵੀ ਬੈਠੇ ਹੋਏ ਹਨ। ਭਤੀਜੇ ਦੇ ਹੱਥਾਂ ਵਿੱਚ ਸੁਰ-ਮੰਡਲ ਹੈ। ਸਭ ਜਣੇ ਮਿਲ ਕੇ ਰਿਆਜ਼ ਕਰਨ ਲੱਗੇ ਹਨ। ਏਨੇ ਨੂੰ ਕੋਈ ਜਣਾ, ਦੋ ਕੁ ਸਾਲਾਂ ਦੇ ਇੱਕ ਬਾਲਕ ਨੂੰ ਲਿਆਣ ਕੇ ਨੁਸਰਤ ਸਾਹਿਬ ਦੇ ਭਰਾ ਦੀ ਗੋਦ ਵਿੱਚ ਬਹਾ ਦਿੰਦਾ ਹੈ। ਭਾਈ ਸਾਹਿਬ ਬਾਲ ਦੇ ਮੂੰਹ ਵਿੱਚੋਂ ਬੁੱਬ੍ਹੀ (ਦੁੱਧ ਚੁੰਗਣ ਵਾਲੀ ਨਿੱਪਲ) ਕੱਢਦੇ ਹਨ।ਉਸਤਾਦ ਜੀ ਅਤੇ ਉਹਨਾਂ ਦੇ ਸਾਥੀ ਤਾਨਾਂ ਮਾਰ ਰਹੇ ਹਨ,ਅਲਾਪ ਲੈ ਰਹੇ ਹਨ,ਉਹ ਦੋ ਢਾਈ ਸਾਲਾ ਬਾਲਕ ਵੀ ਅਲਾਪ ਲੈਣ ਲੱਗਿਆ ਹੈ। ਉਸਤਾਦ ਜੀ ਦੇ ਭਰਾ ਦੀ ਗੋਦੀ ਵਿੱਚ ਬੈਠਾ ਬਾਲਕ ਮੁਸਕ੍ਰਾਂਦਾ ਹੈ,ਆਪਣੇ ਵਡੇਰਿਆਂ ਵੱਲ ਦੇਖ-ਦੇਖ ਕੇ ਅਲਾਪ ਲੈ ਰਿਹੈ।ਉਸਤਾਦ ਜੀ ਦਾ ਭਰਾ ਵੀ ਹੱਥ ਦੇ ਇਸ਼ਾਰੇ ਨਾਲ ਬਾਲ ਨੂੰ ਫੀਲਿੰਗ ਦੇ ਰਿਹਾ ਹੈ ਅਲਾਪ ਲੈਣ ਲਈ,ਅਲਾਪ ਲੈਂਦਾ ਬਾਲ ਪੂਰਾ ਮਸਤ ਗਿਆ ਹੈ। ਫਿਰ ਉਸ ਬਾਲ ਨੂੰ ਉਸਤਾਦ ਨੁਸਰਤ ਸਾਹਿਬ ਚੁੱਕ ਲੈਂਦੇ ਨੇ, ਆਪ ਅਲਾਪ ਲਾਉਂਦੇ ਹਨ ਤੇ ਉਸਨੂੰ ਅਲਾਪ ਲਾਉਣ ਲਈ ਹੱਥ ਹਿਲਾ-ਹਿਲਾ ਕੇ ਆਪਣੀ ਫੀਲਿੰਗ ਦਿੰਦੇ ਹਨ,ਬਾਲ ਅਲਾਪ ਲੈਂਦਾ ਹੈ,ਕਿਲਕਾਰੀ ਮਾਰਦਾ ਹੈ,ਅਜਬ ਸੰਗੀਤਕ ਨਜ਼ਾਰਾ ਤੇ ਬੜਾ ਪਿਆਰਾ ਦੇਖਦਾ-ਦੇਖਦਾ ਮੈਂ ਦੇਰ ਰਾਤ ਸੁੱਤਾ ਸਾਂ। ਮੈਂ ਹੌਲਾ ਫੁੱਲ ਹੋ ਗਿਆ ਸਾਂ।
""'
(ਚਲਦਾ)

30 Jan 2018