ਗਾਥਾ ਇਕ ਦੁਰਲੱਭ ਪੁਸਤਕ ਦੀ - ਜੰਗ ਬਹਾਦੁਰ ਗੋਇਲ

ਗੁਜਰਾਤ ਯੂਨੀਵਰਸਿਟੀ ਦੀ ਪ੍ਰੋਫੈਸਰ ਰੰਜਨਾ ਹਰੀਸ਼ ਦੀ ਪੁਸਤਕ ‘ਇੰਡੀਅਨ ਵਿਮੈਨ’ਜ਼ ਆਟੋਬਾਇਓਗ੍ਰਾਫੀਜ਼’ ਦੀ ਚਰਚਾ ਕੀਤੀ ਸੀ। ਉਸ ਵਿਚ 1921 ਤੋਂ 1991 ਤਕ ਅੰਗਰੇਜ਼ੀ ਵਿਚ ਲਿਖੀਆਂ ਕੁੱਲ 23 ਜੀਵਨੀਆਂ ਦਾ ਵਰਣਨ ਹੈ ਜਿਨ੍ਹਾਂ ਵਿਚ ਭਾਰਤ ਦੀਆਂ ਕਈ ਨਾਮਵਰ ਔਰਤਾਂ ਸ਼ਾਮਲ ਹਨ - ਮਹਾਰਾਣੀ ਗਾਇਤਰੀ ਦੇਵੀ, ਮਹਾਰਾਣੀ ਵਿਜਯ ਰਾਜੇ ਸਿੰਧੀਆ, ਕਪੂਰਥਲੇ ਦੀ ਮਹਾਰਾਣੀ ਬਰਿੰਦਾ, ਵਿਜੈ ਲਕਸ਼ਮੀ ਪੰਡਿਤ, ਨੈਨਤਾਰਾ ਸਹਿਗਲ, ਕਮਲਾ ਦਾਸ ਤੇ ਹੋਰ ਵੀ ਕਈ। ਅਜਿਹੀਆਂ ਉੱਘੀਆਂ ਔਰਤਾਂ ਵਿਚਕਾਰ ਇਕ ਅਤਿ ਸਾਧਾਰਨ ਆਦਿਵਾਸੀ ਲੇਖਿਕਾ ਸੀਤਾ ਰਤਨਾਮਲ ਦੀ ਸਵੈ-ਜੀਵਨੀ ਦਾ ਵੀ ਬਿਰਤਾਂਤ ਦਰਜ ਹੈ ਜਿਸ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਪਛਾਣਦਾ।
      ਦੱਖਣੀ ਭਾਰਤ ਦੇ ਨੀਲਗਿਰੀ ਪਹਾੜਾਂ ਦੇ ਜੰਗਲਾਂ ਦੀ ਜਾਈ ਸੀਤਾ ਰਤਨਾਮਲ ਦੀ ਲਿਖੀ ਪੁਸਤਕ ‘ਬਿਯੌਂਡ ਦਿ ਜੰਗਲ’ ਆਦਿਵਾਸੀ ਸਾਹਿਤ ਦੀ ਪਹਿਲੀ ਸਵੈ-ਜੀਵਨੀ ਹੈ। ਲੇਖਿਕਾ ਭਾਰਤ ਦੇ ਸਭ ਤੋਂ ਪ੍ਰਾਚੀਨ ਆਦਿਵਾਸੀ ਇਰੂਲਾ ਕਬੀਲੇ ਨਾਲ ਸਬੰਧਤ ਹੈ। ਇਰੂਲਾ ਦਾ ਅਰਥ ਹੈ ਕਾਲੀ ਸਿਆਹ ਰਾਤ। ਇਸ ਪੁਸਤਕ ਦਾ ਪ੍ਰਕਾਸ਼ਨ 1968 ਵਿਚ ਲੰਡਨ ਦੇ ਉਸ ਸਮੇਂ ਦੇ ਪ੍ਰਸਿੱਧ ਅਤੇ ਸਨਮਾਨਿਤ ਪ੍ਰਕਾਸ਼ਕ ਵਿਲੀਅਮ ਬਲੈਕਵੁੱਡ ਐਂਡ ਸਨਜ਼ ਨੇ ਕੀਤਾ ਸੀ। ਇਸ ਪੁਸਤਕ ਬਾਰੇ ਦੋ ਹੈਰਾਨਕੁਨ ਗੱਲਾਂ ਹਨ। ਇਕ ਤਾਂ ਇਹ ਕਿ ਇਹ ਕਿਤਾਬ ਹੁਣ ਸਾਹਿਤ ਜਗਤ ਦੀਆਂ ਦੁਰਲੱਭ ਪੁਸਤਕਾਂ ਦੀ ਸ਼੍ਰੇਣੀ ਵਿਚ ਦਰਜ ਹੋ ਚੁੱਕੀ ਹੈ। ਇਸ ਦੀ ਸਿਰਫ਼ ਇਕ ਕਾਪੀ ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਵਿਚ ਪਈ ਹੈ। ਦੂਜੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸੀਤਾ ਰਤਨਾਮਲ ਬਾਰੇ ਕੋਈ ਜਾਣਕਾਰੀ ਕਿਧਰੇ ਵੀ ਉਪਲਬਧ ਨਹੀਂ ਹੈ। ਨਾ ਉਸ ਦੀ ਕੋਈ ਤਸਵੀਰ ਮਿਲਦੀ ਹੈ ਤੇ ਨਾ ਕੋਈ ਜੀਵਨ ਬਿਰਤਾਂਤ। ਕੋਈ ਸਮਕਾਲੀ ਲੇਖਕ ਏਨਾ ਗੁੰਮਨਾਮ ਕਿਵੇਂ ਹੋ ਸਕਦਾ ਹੈ ਕਿ ਉਸ ਦਾ ਕੋਈ ਅਤਾ-ਪਤਾ ਹੀ ਨਾ ਲੱਭੇ, ਉਹ ਵੀ ਅਜੋਕੇ ਸਮਿਆਂ ਵਿਚ ਜਦੋਂਕਿ ਕੰਪਿਊਟਰ/ ਮੋਬਾਈਲ ਦੀ ਸਕਰੀਨ ’ਤੇ ਉਂਗਲ ਰੱਖਦਿਆਂ ਹੀ ਸੂਚਨਾਵਾਂ ਦਾ ਹੜ੍ਹ ਆ ਜਾਂਦਾ ਹੈ।
       ਮੈਨੂੰ ਸੀਤਾ ਰਤਨਾਮਲ ਦੀ ਪੁਸਤਕ ‘ਬਿਯੌਂਡ ਦਿ ਜੰਗਲ’ ਬਾਰੇ ਪਹਿਲੀ ਜਾਣਕਾਰੀ ਬਹੁਤ ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਦੇ ਨਾਗਮਣੀ ਰਸਾਲੇ ’ਚ ਛਪੇ ਉਸ ਦੇ ਲੇਖ ਤੋਂ ਹਾਸਲ ਹੋਈ ਸੀ ਜਿਸ ਵਿਚ ਉਸ ਨੇ ਗੁਜਰਾਤ ਯੂਨੀਵਰਸਿਟੀ ਦੀ ਪ੍ਰੋਫੈਸਰ ਰੰਜਨਾ ਹਰੀਸ਼ ਦੀ ਪੁਸਤਕ ‘ਇੰਡੀਅਨ ਵਿਮੈਨ’ਜ਼ ਆਟੋਬਾਇਓਗ੍ਰਾਫੀਜ਼’ ਦੀ ਚਰਚਾ ਕੀਤੀ ਸੀ। ਉਸ ਵਿਚ 1921 ਤੋਂ 1991 ਤਕ ਅੰਗਰੇਜ਼ੀ ਵਿਚ ਲਿਖੀਆਂ ਕੁੱਲ 23 ਜੀਵਨੀਆਂ ਦਾ ਵਰਣਨ ਹੈ ਜਿਨ੍ਹਾਂ ਵਿਚ ਭਾਰਤ ਦੀਆਂ ਕਈ ਨਾਮਵਰ ਔਰਤਾਂ ਸ਼ਾਮਲ ਹਨ- ਮਹਾਰਾਣੀ ਗਾਇਤਰੀ ਦੇਵੀ, ਮਹਾਰਾਣੀ ਵਿਜਯ ਰਾਜੇ ਸਿੰਧੀਆ, ਕਪੂਰਥਲੇ ਦੀ ਮਹਾਰਾਣੀ ਬਰਿੰਦਾ, ਵਿਜੈ ਲਕਸ਼ਮੀ ਪੰਡਿਤ, ਨੈਨਤਾਰਾ ਸਹਿਗਲ, ਕਮਲਾ ਦਾਸ ਤੇ ਹੋਰ ਵੀ ਕਈ। ਅਜਿਹੀਆਂ ਉੱਘੀਆਂ ਔਰਤਾਂ ਵਿਚਕਾਰ ਇਕ ਅਤਿ ਸਾਧਾਰਨ ਆਦਿਵਾਸੀ ਲੇਖਿਕਾ ਸੀਤਾ ਰਤਨਾਮਲ ਦੀ ਸਵੈ-ਜੀਵਨੀ ਦਾ ਵੀ ਬਿਰਤਾਂਤ ਦਰਜ ਹੈ ਜਿਸ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਪਛਾਣਦਾ। ਮੇਰੇ ਮਨ ਅੰਦਰ ਇਸ ਨਾਯਾਬ ਪੁਸਤਕ ਨੂੰ ਪੜ੍ਹਨ ਦੀ ਜਗਿਆਸਾ ਪੈਦਾ ਹੋਈ ਪਰ ਉਸ ਤਕ ਪਹੁੰਚਣ ਦਾ ਕੋਈ ਵੀ ਹੀਲਾ-ਵਸੀਲਾ ਨਾ ਬਣ ਸਕਿਆ।
        ਕੁਝ ਦਿਨ ਪਹਿਲਾਂ ਸਾਹਨੇਵਾਲ ਰਹਿੰਦੇ ਮੇਰੇ ਪੁਸਤਕ ਪ੍ਰੇਮੀ ਦੋਸਤ ਰਵੀ ਸ਼ਰਮਾ ਦਾ ਡਾਕ ਰਾਹੀਂ ਇਕ ਪਾਰਸਲ ਮੈਨੂੰ ਮਿਲਿਆ। ਖੋਲ੍ਹਿਆ ਤਾਂ ਵੇਖਿਆ- ਇਸ ਵਿਚ ਇਕ ਕਿਤਾਬ ਸੀ ‘ਜੰਗਲ ਸੇ ਆਗੇ’ ਜੋ ਸੀਤਾ ਰਤਨਾਲ ਦੀ ਸਵੈ-ਜੀਵਨੀ ‘ਬਿਯੌਂਡ ਦਿ ਜੰਗਲ’ ਦਾ ਹਿੰਦੀ ਵਿਚ ਸ਼ਾਨਦਾਰ ਅਨੁਵਾਦ ਹੈ। ਅਨੁਵਾਦਕ ਹਨ ਆਦਿਵਾਸੀ ਸਾਹਿਤ ਦੇ ਵਿਦਵਾਨ ਅਸ਼ਵਨੀ ਕੁਮਾਰ ਪੰਕਜ ਤੇ ਇਸ ਦਾ ਪ੍ਰਕਾਸ਼ਨ ਕੀਤਾ ਹੈ ਪਿਆਰਾ ਕੇਰਕੱਟਾ ਫਾਊਂਡੇਸ਼ਨ, ਰਾਂਚੀ ਨੇ। ਖ਼ੁਸ਼ੀ ਦੀ ਗੱਲ ਹੈ ਕਿ ਅੰਗਰੇਜ਼ੀ ਵਿਚ ਛਪੀ ਕਿਤਾਬ ਦੇ ਪੰਜਾਹ ਵਰ੍ਹੇ ਪੂਰੇ ਹੋਣ ’ਤੇ ਇਹ ਦੁਰਲੱਭ ਕਿਤਾਬ 2018 ਵਿਚ ਪਾਠਕਾਂ ਨੂੰ ਹਿੰਦੀ ਵਿਚ ਸੁਲੱਭ ਹੋਈ।
        ਕੁਦਰਤ ਦੀ ਗੋਦ ਵਿਚ ਪਲਦੀ ਮਾਂ-ਵਿਹੂਣੀ ਸੀਤਾ ਆਪਣੇ ‘ਅੱਪਾ’ (ਪਿਤਾ) ਦੀ ਲਾਡਲੀ ਧੀ ਸੀ। ਨਿੱਕੀ ਹੁੰਦੀ ਨੇ ਉਸ ਨੇ ਸਿਰਫ਼ ਇਹ ਜਾਣਿਆ ਸੀ ਕਿ ਇਸ ਜੰਗਲ ਤੋਂ ਪਰ੍ਹਾਂ ਹੋਰ ਕੋਈ ਸੰਸਾਰ ਨਹੀਂ ਅਤੇ ਪਰਬਤ ਦੀ ਸਿਖਰਲੀ ਟੀਸੀ ’ਤੇ ਉਨ੍ਹਾਂ ਦਾ ਦੇਵਤਾ ‘ਰੰਗਾ’ ਨਿਵਾਸ ਕਰਦਾ ਹੈ ਜੋ ਉਨ੍ਹਾਂ ਦਾ ਰੱਖਿਅਕ ਤੇ ਪਾਲਣਹਾਰ ਹੈ। ਜੰਗਲ ਤੋਂ ਬਾਹਰ ਕਿਤੇ ਹੋਰ ਜਾਣ ਦੀ ਦੇਵਤਾ ਰੰਗਾ ਨੇ ਸਖ਼ਤ ਮਨਾਹੀ ਕੀਤੀ ਹੋਈ ਹੈ। ਬਾਲੜੀ ਉਮਰ ’ਚ ਹੀ ਸੀਤਾ ਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਉੱਚੇ-ਉੱਚੇ ਪਹਾੜ ਉਹਨੂੰ ਬੁਲਾਉਂਦੇ ਹਨ ਤੇ ਉਨ੍ਹਾਂ ਤੋਂ ਪਾਰ ਜੋ ਕੁਝ ਹੈ, ਉਹ ਵੇਖਣ ਲਈ ਆਖਦੇ ਹਨ।
       ਇਕ ਵਾਰੀ ਸੀਤਾ ਇਕੱਲੀ ਹੀ ਉਸ ਉੱਚੀ ਪਹਾੜੀ ਵੱਲ ਤੁਰ ਪਈ ਜਿੱਥੇ ਰੰਗਾ ਦਾ ਸਥਾਨ ਸੀ। ਸਫ਼ਰ ਦੌਰਾਨ ਉਸ ਨੇ ਇਕ ਜੰਗ ਖਾਧੇ ਲੋਹੇ ਦੇ ਪਹੀਏ ਨੂੰ ਵੇਖਿਆ, ਉਹ ਉਸ ਲਈ ਇਕ ਅਜੂਬਾ ਸੀ। ਦੂਜੇ ਦਿਨ ਉਹ ਆਪਣੀ ਸਹੇਲੀ ਮੁੰਡੀ ਨੂੰ ਇਹ ਅਦਭੁੱਤ ਚੀਜ਼ ਵਿਖਾਉਣ ਲਈ ਆਪਣੇ ਨਾਲ ਲੈ ਗਈ। ਉੱਥੋਂ ਮੁੜਦਿਆਂ ਸੀਤਾ ਇਕ ਡੂੰਘੇ ਟੋਏ ਵਿਚ ਡਿੱਗ ਪਈ। ਮੁੰਡੀ ਪਿੰਡ ਵੱਲ ਦੌੜੀ ਗਈ ਤੇ ਸੀਤਾ ਦੇ ਅੱਪਾ ਅਤੇ ਹੋਰ ਲੋਕਾਂ ਨੂੰ ਬੁਲਾ ਲਿਆਈ। ਬੜੀ ਮੁਸ਼ਕਲ ਨਾਲ ਸੀਤਾ ਨੂੰ ਟੋਏ ਵਿਚੋਂ ਕੱਢਿਆ ਗਿਆ। ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਤੇ ਅੰਦਰਲਾ ਮਾਸ ਫਟ ਗਿਆ ਸੀ। ਪਿੰਡ ਦੇ ਵੈਦ ਨੇ ਮਿੱਟੀ ਦਾ ਲੇਪ ਕਰ ਕੇ ਪੈਰ ਬੰਨ੍ਹ ਦਿੱਤੇ ਪਰ ਆਰਾਮ ਨਾ ਆਇਆ। ਸੀਤਾ ਦੀ ਹਾਲਤ ਵਿਗੜਦੀ ਗਈ ਤੇ ਉਸ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਬਾਪ ਨੇ ਆਪਣੀ ਧੀ ਨੂੰ ਬਚਾਉਣ ਲਈ ਪਹਿਲੀ ਵੇਰਾਂ ਜੰਗਲ ਤੋਂ ਪਾਰ ਜਾਣ ਦਾ ਹੌਸਲਾ ਕੀਤਾ। ਪਿੰਡ ਦੇ ਲੋਕਾਂ ਨੇ ਉਸ ਦਾ ਡਟਵਾਂ ਵਿਰੋਧ ਕੀਤਾ ਤੇ ਉਸ ਨੂੰ ਬਾਹਰ ਜਾਣ ਤੋਂ ਵਰਜਿਆ ਪਰ ਉਸ ਨੇ ਉਨ੍ਹਾਂ ਦਾ ਕਿਹਾ ਨਹੀਂ ਮੰਨਿਆ। ਉਹ ਸੀਤਾ ਨੂੰ ਗੋਦੀ ਵਿਚ ਚੁੱਕ ਕੇ ਲੰਮਾ ਪੈਂਡਾ ਤੈਅ ਕਰਕੇ ਸ਼ਹਿਰ ਵੱਲ ਜਾਂਦੀ ਸੜਕ ’ਤੇ ਪਹੁੰਚਿਆ। ਇਕ ਰਹਿਮਦਿਲ ਬੈਲ ਗੱਡੀ ਵਾਲੇ ਨੇ ਉਨ੍ਹਾਂ ਨੂੰ ਆਪਣੇ ਨਾਲ ਬਿਠਾ ਲਿਆ ਤੇ ਕੂਨੂਰ ਸ਼ਹਿਰ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਅੱਗੇ ਉਤਾਰ ਦਿੱਤਾ। ਸੀਤਾ ਦੇ ਪਿਤਾ ਨੇ ਹਸਪਤਾਲ ਦਾ ਨਾਂ ਪਹਿਲੀ ਵੇਰਾਂ ਸੁਣਿਆ ਸੀ।
        ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸੀਤਾ ਦਾ ਇਲਾਜ ਸ਼ੁਰੂ ਹੋ ਗਿਆ। ਉਸ ਦੇ ਪੈਰਾਂ ’ਤੇ ਪਲਾਸਟਰ ਚੜ੍ਹਾ ਦਿੱਤਾ ਗਿਆ ਤੇ ਜਨਰਲ ਵਾਰਡ ਵਿਚ ਬੈੱਡ ਅਲਾਟ ਕਰ ਦਿੱਤਾ ਗਿਆ। ਹਾਊਸ ਸਰਜਨ ਡਾਕਟਰ ਕ੍ਰਿਸ਼ਣਾ ਰਾਜਨ ਬਹੁਤ ਹੀ ਮਿੱਠੇ ਤੇ ਮਿਲਾਪੜੇ ਸੁਭਾਅ ਦਾ ਆਦਮੀ ਸੀ। ਜਦੋਂ ਉਹ ਸੀਤਾ ਦੇ ਪਲਾਸਟਰ ਦਾ ਨਿਰੀਖਣ ਕਰਨ ਆਇਆ ਤਾਂ ਉਸ ਨੇ ਹੱਸ ਕੇ ਨਰਸ ਨੂੰ ਕਿਹਾ, ‘‘ਇਹ ਸਾਡੇ ਕੋਲ ਕਈ ਮਹੀਨਿਆਂ ਤੱਕ ਰਹੇਗੀ। ਚਲੋ, ਵੇਖਦੇ ਹਾਂ ਕਿ ਅਸੀਂ ਇਸ ਛੋਟੇ ਜਿਹੇ ਜੰਗਲੀ ਜੀਵ ਨੂੰ ਕੀ ਬਣਾ ਸਕਦੇ ਹਾਂ ਜੋ ਜੰਗਲ ਵਿਚ ਇਕ ਟੋਏ ’ਚ ਡਿੱਗ ਕੇ ਆਪਣੀਆਂ ਦੋਵੇਂ ਲੱਤਾਂ ਤੁੜਵਾ ਬੈਠਾ ਹੈ।’’
       ਸੀਤਾ ਨੂੰ ਡਾ. ਰਾਜਨ ਬਹੁਤ ਪਸੰਦ ਆਇਆ। ਉਹ ਹਰ ਰੋਜ਼ ਸਵੇਰ ਵੇਲੇ ਉਸ ਦੀ ਉਡੀਕ ਕਰਦੀ। ਉਹ ਖ਼ੁਸ਼ੀ-ਖ਼ੁਸ਼ੀ ਉਸ ਨਾਲ ਆਪਣੀ ਬੋਲੀ ਵਿਚ ਗੱਲਾਂ ਕਰਦੀ ਜਦੋਂਕਿ ਡਾ. ਰਾਜਨ ਤਾਮਿਲ ਜਾਂ ਅੰਗਰੇਜ਼ੀ ਵਿਚ। ਉਹ ਦੋਵੇਂ ਇਕ-ਦੂਜੇ ਦੀ ਭਾਸ਼ਾ ਨਹੀਂ ਸਮਝਦੇ ਸਨ ਪਰ ਦੋਵੇਂ ਹੀ ਇਕ-ਦੂਜੇ ਦੀਆਂ ਗੱਲਾਂ ਦੇ ਭਾਵ-ਅਰਥ ਸਮਝ ਜਾਂਦੇ ਸਨ। ਉਹ ਹਰ ਮੁਲਾਕਾਤ ਵਿਚ ਤਾਮਿਲ ਅਤੇ ਅੰਗਰੇਜ਼ੀ ਦੇ ਕੁਝ ਸ਼ਬਦ ਯਾਦ ਕਰ ਲੈਂਦੀ। ਹਸਪਤਾਲ ਵਿਚ ਰਹਿੰਦਿਆਂ ਉਸ ਨੇ ਕੰਮ ਚਲਾਊ ਤਾਮਿਲ ਤੇ ਅੰਗਰੇਜ਼ੀ ਸਿੱਖ ਲਈ ਸੀ। ਉਸ ਦਾ ਪਿਤਾ ਹਸਪਤਾਲ ਦੇ ਨੇੜੇ ਹੀ ਇਕ ਬਾਗ ਵਿਚ ਦਿਹਾੜੀ ’ਤੇ ਕੰਮ ਕਰਨ ਲੱਗਾ। ਲਗਪਗ ਛੇ ਮਹੀਨੇ ਬੀਤ ਗਏ।
      ਹੌਲੀ-ਹੌਲੀ ਸੀਤਾ ਦੇ ਪੈਰਾਂ ਵਿਚ ਜਾਨ ਆਉਣ ਲੱਗੀ। ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਉਸ ਨੂੰ ਹਸਪਤਾਲ ’ਚੋਂ ਛੁੱਟੀ ਮਿਲਣੀ ਸੀ। ਉਸ ਨੇ ਬੜੇ ਅਧਿਕਾਰ ਨਾਲ ਡਾਕਟਰ ਰਾਜਨ ਦੇ ਸਫ਼ੈਦ ਕੋਟ ਨੂੰ ਕਸ ਕੇ ਫੜਿਆ ਅਤੇ ਹੌਲੀ ਜਿਹੀ ਕਿਹਾ, ‘‘ਮੈਂ ਤੁਹਾਨੂੰ ਫੇਰ ਮਿਲਣ ਆਵਾਂਗੀ, ਜ਼ਰੂਰ ਆਵਾਂਗੀ।’’
       ਪਿੰਡ ਜਾ ਕੇ ਸੀਤਾ ਦਿਨ ਵੇਲੇ ਦਰਖਤਾਂ ਹੇਠ ਨਰਮ ਘਾਹ ’ਤੇ ਪਈ ਖ਼ੁਦ ਨਾਲ ਗੱਲਾਂ ਕਰਦੀ ਰਹਿੰਦੀ। ਉਹ ਹਰ ਸਮੇਂ ਡਾ. ਰਾਜਨ ਨੂੰ ਯਾਦ ਕਰਦੀ। ਦਸ ਵਰ੍ਹਿਆਂ ਦੀ ਸੀਤਾ ਅਤੇ ਉਸ ਦੇ ਪਿਤਾ ਨੇ ਜਾਣ ਲਿਆ ਸੀ ਕਿ ਰੰਗਾ ਦੇਵਤਾ ਦੀ ਧਰਤੀ ਤੋਂ ਪਰ੍ਹਾਂ ਵੀ ਹੋਰ ਕੋਈ ਦੁਨੀਆ ਹੈ ਤੇ ਇਹ ਵੀ ਜਾਣ ਲਿਆ ਕਿ ਇਨ੍ਹਾਂ ਪਹਾੜੀਆਂ ਤੋਂ ਪਾਰ ਜਾਣ ’ਤੇ ਰੰਗਾ ਦੇਵਤਾ ਨਾਰਾਜ਼ ਨਹੀਂ ਹੁੰਦਾ...।
      ਹਸਪਤਾਲ ਵਾਲੇ ਡਾਕਟਰ ਰਾਜਨ ਨੇ ਸਰਕਾਰ ਨਾਲ ਲਿਖਾ ਪੜ੍ਹੀ ਕੀਤੀ ਕਿ ਜੰਗਲ ਦੇ ਇਕ ਆਦਿਵਾਸੀ ਇਰੂਲਾ ਕਬੀਲੇ ਦੀ ਕੁੜੀ ਉਸ ਦੇ ਇਲਾਜ ਅਧੀਨ ਰਹੀ ਹੈ। ਇਸ ਕਬੀਲੇ ਦਾ ਇਤਿਹਾਸ ਭਾਰਤ ਦੇ ਇਤਿਹਾਸ ਤੋਂ ਵੀ ਕਿਤੇ ਵੱਧ ਪੁਰਾਣਾ ਹੈ। ਕਬੀਲੇ ਦੇ ਇਸ ਅਣਜਾਣ ਪਿੰਡ ਦੇ ਵਿਕਾਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਖ਼ਤੋ-ਕਿਤਾਬਤ ਦਾ ਅਸਰ ਇਹ ਹੋਇਆ ਕਿ ਸਰਕਾਰ ਨੇ ਇਕ ਵਫ਼ਦ ਸਰਵੇਖਣ ਕਰਨ ਲਈ ਉਸ ਪਿੰਡ ਵਿਚ ਭੇਜਿਆ। ਇਸ ਵਫ਼ਦ ਦਾ ਮੁਖੀਆ ਸੀ ਫ਼ੌਜ ਦਾ ਸੇਵਾਮੁਕਤ ਅਫ਼ਸਰ, ਮੇਜਰ ਗਾਂਗੁਲੀ। ਉਸ ਦੇ ਨਾਲ ਦੋ ਨੌਜਵਾਨ ਪ੍ਰਸ਼ਾਸਨਿਕ ਅਧਿਕਾਰੀ ਸਨ। ਸਾਰੇ ਪਿੰਡ ਵਿਚ ਸਿਰਫ਼ ਸੀਤਾ ਹੀ ਤਾਮਿਲ ਅਤੇ ਅੰਗਰੇਜ਼ੀ ਸਮਝ ਸਕਦੀ ਸੀ। ਉਹ ਆਪਣੇ ਲੋਕਾਂ ਅਤੇ ਵਫ਼ਦ ਦਰਮਿਆਨ ਪੁਲ ਬਣ ਗਈ ਤੇ ਦੁਭਾਸ਼ੀਏ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ। ਮੇਜਰ ਗਾਂਗੁਲੀ ਸੀਤਾ ਦੀ ਲਿਆਕਤ ਅਤੇ ਚੁਸਤੀ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ।
       ਤਿੰਨ-ਚਾਰ ਮਹੀਨਿਆਂ ਬਾਅਦ ਕੂਨੂਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰੋਂ ਇਕ ਖ਼ਾਕੀ ਵਰਦੀ ਵਾਲਾ ਹਰਕਾਰਾ ਸੀਤਾ ਦੇ ਘਰ ਪਾਰਸਲ ਲੈ ਕੇ ਪਹੁੰਚਿਆ। ਹਰਕਾਰੇ ਨੇ ਹੀ ਉਨ੍ਹਾਂ ਨੂੰ ਖ਼ਤ ਪੜ੍ਹ ਕੇ ਸੁਣਾਇਆ। ਮੇਜਰ ਗਾਂਗੁਲੀ ਦੀ ਸਿਫ਼ਾਰਸ਼ ’ਤੇ ਸੀਤਾ ਦੀ ਪੜ੍ਹਾਈ ਲਈ ਗ੍ਰਾਂਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਵਿਚ ਡੋਡਾ ਦੇ ਪਬਲਿਕ ਸਕੂਲ ਵਿਚ ਰਾਖਵੀਂ ਸੀਟ ਤੇ ਮੁਫ਼ਤ ਪੜ੍ਹਾਈ, ਖਾਣਾ-ਪੀਣਾ, ਰਹਿਣਾ-ਸਹਿਣਾ, ਕੱਪੜੇ-ਲਿੱਤੇ, ਬੂਟ-ਜੁਰਾਬਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੁਫ਼ਤ ਸਪਲਾਈ ਸ਼ਾਮਲ ਸੀ। ਜਦੋਂ ਸੀਤਾ ਦੇ ਸਕੂਲ ਜਾਣ ਦਾ ਦਿਨ ਨੇੜੇ ਆਇਆ ਤਾਂ ਸਾਰਾ ਪਿੰਡ ਵਿਰੋਧ ਵਿਚ ਖੜ੍ਹਾ ਹੋ ਗਿਆ। ਸੀਤਾ ਦੇ ਪਿਤਾ ਨੇ ਉਨ੍ਹਾਂ ਦੇ ਵਿਰੋਧ ਨੂੰ ਦਰਕਿਨਾਰ ਕਰ ਦਿੱਤਾ ਕਿਉਂਕਿ ਉਹ ਜੰਗਲ ਤੋਂ ਪਾਰ ਦੀ ਦੁਨੀਆਂ ਵੇਖ ਆਇਆ ਸੀ।
       ਬਾਰਾਂ ਵਰ੍ਹਿਆਂ ਦੀ ਇਸ ਬੱਚੀ ਸੀਤਾ ਵਾਸਤੇ ਸਕੂਲ ਅਤੇ ਹੋਸਟਲ ਦੇ ਮੁੱਢਲੇ ਦਿਨ ਸੌਖੇ ਨਹੀਂ ਸਨ। ਖਾਂਦੇ-ਪੀਂਦੇ ਘਰਾਂ ਦੀਆਂ ਕੁੜੀਆਂ ਵਾਸਤੇ ਉਹ ਬਾਹਰਲੀ ਤੇ ਓਪਰੀ ਸ਼ੈਅ ਸੀ- ਇਕ ਜੰਗਲੀ ਜੀਵ। ਨੰਗੇ ਫਰਸ਼ ’ਤੇ ਸੌਣ ਵਾਲੀ ਕੁੜੀ ਨੂੰ ਗੱਦੇਦਾਰ ਬੈੱਡ ’ਤੇ ਨੀਂਦ ਨਹੀਂ ਸੀ ਆਉਂਦੀ। ਉਸ ਨੂੰ ਟੁੱਥ-ਬਰੁਸ਼ ਨਾਲ ਦੰਦ ਸਾਫ਼ ਕਰਨ ਦਾ ਤੇ ਵਾਲ ਵਾਹੁਣ ਦਾ ਚੱਜ ਨਹੀਂ ਸੀ। ਉਸ ਨੂੰ ਟੇਬਲ ’ਤੇ ਬਹਿ ਕੇ ਕਾਂਟੇ-ਛੁਰੀ ਨਾਲ ਖਾਣਾ ਬਹੁਤ ਔਖਾ ਲੱਗਦਾ ਸੀ। ਉਹ ਸਭ ਤੋਂ ਛੋਟੀ ਕਲਾਸ ਵਿਚ ਸਭ ਤੋਂ ਵੱਡੀ ਕੁੜੀ ਸੀ ਤੇ ਬੜੀ ਮੁਸ਼ਕਿਲ ਨਾਲ ਅੱਖਰ-ਗਿਆਨ ਹਾਸਲ ਕਰ ਰਹੀ ਸੀ। ਇਕ ਕੁਲੀਨ ਤੇ ਧਨਾਢ ਵਰਗ ਦੀ ਕੁੜੀ ਮਾਇਆ ਉਸ ਦੀ ਪੱਕੀ ਸਹੇਲੀ ਬਣ ਗਈ ਜਿਸ ਤੋਂ ਉਸ ਨੇ ਬਹੁਤ ਕੁਝ ਸਿੱਖਿਆ। ਸਕੂਲ ਦੀ ਸਪੋਰਟਸ ਟੀਚਰ ਨੇ ਉਸ ਦੀ ਅੰਤਰ ਸ਼ਕਤੀ ਨੂੰ ਪਛਾਣਿਆ ਤੇ ਉਸ ਨੂੰ ਸਪੋਰਟਸ ਵਾਲੇ ਪਾਸੇ ਪਾ ਕੇ ਸਕੂਲ ਦੀ ਸਭ ਤੋਂ ਤੇਜ਼ ਦੌੜਨ ਵਾਲੀ ਦੌੜਾਕ ਬਣਾਇਆ। ਉਸ ਨੇ ਖੇਡਾਂ ਅਤੇ ਦੌੜਾਂ ਵਿਚ ਕਈ ਮੈਡਲ ਹਾਸਲ ਕੀਤੇ। ਆਪਣੇ ਸਵੈ-ਭਰੋਸੇ ਅਤੇ ਆਤਮ-ਬਲ ਦੇ ਸਹਾਰੇ ਉਸ ਨੇ ਸਕੂਲ ਵਿਚ ਆਪਣੀ ਖ਼ਾਸ ਜਗ੍ਹਾ ਬਣਾਈ। ਜਦੋਂ ਲਿਖਣਾ ਸਿੱਖਿਆ ਤਾਂ ਸਭ ਤੋਂ ਪਹਿਲਾ ਖ਼ਤ ਉਸ ਨੇ ਡਾਕਟਰ ਰਾਜਨ ਨੂੰ ਲਿਖਿਆ- ‘ਮੈਂ ਸਕੂਲ ’ਚ ਹਾਂ। ਮੈਂ ਪੜ੍ਹਨਾ ਜਾਣਦੀ ਹਾਂ। ਮੈਂ ਲਿਖਣਾ ਜਾਣਦੀ ਹਾਂ। ਮੈਂ ਤੁਹਾਨੂੰ ਮਿਲਣ ਤੇ ਤੁਹਾਨੂੰ ਵੇਖਣ ਆ ਸਕਦੀ ਹਾਂ। - ਸੀਤਾ।’
        ਸਾਲ ਬਾਅਦ ਸਕੂਲ ਦਾ ਸੈਸ਼ਨ ਖ਼ਤਮ ਹੋਇਆ ਤਾਂ ਸੀਤਾ ਆਪਣੇ ਪਿੰਡ ਆ ਗਈ। ਕੁਝ ਦਿਨਾਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਕੂਨੂਰ ਜਾ ਕੇ ਡਾਕਟਰ ਰਾਜਨ ਨੂੰ ਮਿਲਣਾ ਚਾਹੁੰਦੀ ਹੈ। ਉਸ ਦੇ ਪਿਤਾ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਬ੍ਰਾਹਮਣ ਜਾਤੀ ਦੇ ਆਦਮੀ ਨਾਲ ਕੋਈ ਮੇਲ ਜੋਲ ਰੱਖੇ, ਪਰ ਆਖ਼ਰਕਾਰ ਉਸ ਨੂੰ ਆਪਣੀ ਲਾਡਲੀ ਧੀ ਦੀ ਜ਼ਿੱਦ ਅੱਗੇ ਝੁਕਣਾ ਪਿਆ। ਤੁਰਨ ਲੱਗੇ ਤਾਂ ਸੀਤਾ ਨੇ ਆਪਣੇ ਪਿਤਾ ਨੂੰ ਡਾਕਟਰ ਰਾਜਨ ਲਈ ਇਕ ਕਟਹਲ ਨਾਲ ਲੈ ਕੇ ਜਾਣ ਲਈ ਕਿਹਾ। ਉਸ ਦੇ ਪਿਤਾ ਨੇ ਕਿਹਾ, ‘‘ਉਸ ਨੇ ਮੇਰੇ ਹੱਥੋਂ ਇਹ ਫਲ ਸਵੀਕਾਰ ਨਹੀਂ ਕਰਨਾ ਕਿਉਂਕਿ ਉਹ ਬ੍ਰਾਹਮਣ ਹੈ। ਫੇਰ ਵੀ ਮੈਂ ਲੈ ਚੱਲਦਾ ਹਾਂ।’’
       ਕੂਨੂਰ ਦੇ ਹਸਪਤਾਲ ’ਚ ਜਦੋਂ ਸੀਤਾ ਰਾਜਨ ਨੂੰ ਮਿਲੀ ਤਾਂ ਉਹ ਉਸ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਹੱਸ ਕੇ ਬੋਲਿਆ, ‘‘ਤਾਂ ਤੂੰ ਉਹ ਸੀਤਾ ਹੈਂ ਜੋ ਇਕ ਛੋਟੇ ਜਿਹੇ ਜੰਗਲੀ ਜੀਵ ਵਾਂਗ ਇੱਥੇ ਆਈ ਸੀ, ਪਰ ਹੁਣ ਤਾਂ ਤੇਰਾ ਕਾਇਆ-ਕਲਪ ਹੋ ਚੁੱਕਾ ਹੈ। ਅੱਜ ਤੂੰ ਸਜੀ ਸੰਵਰੀ ਸਕੂਲੀ ਲੜਕੀ ਹੈਂ। ਵਿਦਿਆ ਵੀ ਕਿੰਨੀ ਕਰਾਮਾਤੀ ਹੁੰਦੀ ਹੈ- ਇਹ ਸਿਖਾਉਂਦੀ ਹੈ ਕਿ ਅਸੀਂ ਆਪਣੇ-ਆਪ ਨੂੰ ਕਿਵੇਂ ਬਦਲ ਸਕਦੇ ਹਾਂ।’’
      ਸੀਤਾ ਦਾ ਅੱਪਾ ਅਚੰਭਤ ਹੋ ਗਿਆ ਜਦੋਂ ਡਾਕਟਰ ਰਾਜਨ ਨੇ ਉਸ ਕੋਲੋਂ ਖ਼ੁਸ਼ੀ-ਖ਼ੁਸ਼ੀ ਤੇ ਧੰਨਵਾਦ ਸਹਿਤ ਕਟਹਲ ਸਵੀਕਾਰ ਕਰ ਲਿਆ।
       ਸੀਤਾ ਲਗਾਤਾਰ ਡਾਕਟਰ ਰਾਜਨ ਨੂੰ ਸਕੂਲ ’ਚੋਂ ਚਿੱਠੀਆਂ ਲਿਖਦੀ ਰਹੀ ਤੇ ਉਹ ਵੀ ਉਸ ਦੀ ਹਰ ਚਿੱਠੀ ਦਾ ਜਵਾਬ ਦਿੰਦਾ ਜਿਸ ਵਿਚ ਇਕ ਪਿਤਾ ਵਰਗੀ ਨਸੀਹਤ ਤੇ ਫ਼ਿਕਰਮੰਦੀ ਹੁੰਦੀ। ਉਹ ਹਰ ਵਰ੍ਹੇ ਛੁੱਟੀਆਂ ਵਿਚ ਰਾਜਨ ਨੂੰ ਮਿਲਣ ਕੂਨੂਰ ਜਾਂਦੀ। ਸਾਲ ਬੀਤਦੇ ਗਏ ਤੇ ਸੀਤਾ ਨੇ ਬਚਪਨ ਦੀ ਦਹਿਲੀਜ਼ ਪਾਰ ਕ ਰਕੇ ਜਵਾਨੀ ’ਚ ਪੈਰ ਧਰ ਲਿਆ ਤੇ ਉਸ ਦੇ ਸਰੀਰ ਵਿਚ ਹੀ ਨਹੀਂ, ਉਸ ਦੀ ਸੋਚ ਵਿਚ ਵੀ ਵੱਡੇ ਪਰਿਵਰਤਨ ਪੈਦਾ ਹੋਣੇ ਸ਼ੁਰੂ ਹੋ ਗਏ। ਉਹ ਕਵਿਤਾਵਾਂ ਲਿਖਣ ਲੱਗ ਪਈ। ਉਸ ਨੇ ਡਿਕਨਜ਼, ਦਾਸਤੋਵਸਕੀ, ਟਾਲਸਟਾਏ ਤੇ ਟੈਗੋਰ ਦੇ ਨਾਵਲ/ਕਹਾਣੀਆਂ ਪੜ੍ਹੀਆਂ। ਡਾਕਟਰ ਰਾਜਨ ਵੱਲ ਉਸ ਦੀ ਸੋਚ ਬਦਲ ਗਈ ਸੀ। ਉਸ ਦੇ ਕਥਨ ਅਨੁਸਾਰ, ‘ਡਾਕਟਰ ਰਾਜਨ ਬਾਰੇ ਮੈਂ ਵੱਖਰੇ ਢੰਗ ਨਾਲ ਸੋਚਣ ਲੱਗੀ ਸੀ, ਇਕ ਸਾਥੀ ਦੇ ਰੂਪ ਵਿਚ ਜਿਸ ਦਾ ਸਾਥ ਮੈਂ ਲੰਮੇ ਸਮੇਂ ਤੱਕ ਚਾਹੁੰਦੀ ਸੀ।’ ਡਾਕਟਰ ਰਾਜਨ ਵੀ ਸੀਤਾ ਦੀ ਸੋਚ ਵਿਚ ਆਏ ਅੰਤਰ ਨੂੰ ਸਮਝ ਰਿਹਾ ਸੀ।
      ਅਗਲੀ ਵੇਰਾਂ ਜਦੋਂ ਸਾਲਾਨਾ ਛੁੱਟੀਆਂ ਵਿਚ ਸੀਤਾ ਪਿੰਡ ਗਈ ਤਾਂ ਉਹ ਇਕ ਦਿਨ ਇਕੱਲੀ ਹੀ ਡਾਕਟਰ ਰਾਜਨ ਨੂੰ ਮਿਲਣ ਲਈ ਕੂਨੂਰ ਗਈ। ਡਾਕਟਰ ਨੇ ਪਹਿਲੀ ਵੇਰਾਂ ਬਰਾਬਰੀ ਦੇ ਪੱਧਰ ’ਤੇ ਉਸ ਦਾ ਸੁਆਗਤ ਕੀਤਾ। ਉਸ ਨੂੰ ਆਪਣੇ ਨਾਲ ਕਾਰ ’ਚ ਬਿਠਾ ਕੇ ਸ਼ਹਿਰ ਦੀ ਸੈਰ ਕਰਵਾਈ। ਉਸ ਨੇ ਸੀਤਾ ਨਾਲ ਆਪਣੇ ਬਾਰੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਉਹ ਉਸ ਦੇ ਬਹੁਤ ਨੇੜੇ ਹੋਵੇ। ਉਸ ਨੇ ਸੀਤਾ ਨੂੰ ਕਿਹਾ, ‘‘ਸਾਡੀ ਬ੍ਰਾਹਮਣ ਜਾਤੀ ਦੇ ਲੋਕ ਆਪਣੇ-ਆਪ ਨੂੰ ਸ੍ਰੇਸ਼ਟ ਸਮਝ ਕੇ ਸਭ ਤੋਂ ਪਰ੍ਹਾਂ ਰਹਿੰਦੇ ਹਨ। ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਵਿਚ ਮੈਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਧਰਮ-ਧ੍ਰੋਹੀ ਬਣ ਚੁੱਕਾ ਹਾਂ। ਮੈਂ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ਼ ਡਾਕਟਰ ਬਣਨ ਦਾ ਰਾਹ ਚੁਣਿਆ ਤਾਂ ਜੋ ਮੈਂ ਸਮੁੱਚੀ ਮਨੁੱਖ ਜਾਤੀ ਨਾਲ ਜੁੜ ਸਕਾਂ ਪਰ ਇਹ ਵੀ ਇਕ ਸੱਚ ਹੈ ਕਿ ਮੈਂ ਆਪਣੇ ਆਦਿਮ ਸੰਸਕਾਰਾਂ ਤੋਂ ਮੁਕਤ ਨਹੀਂ ਹੋ ਸਕਿਆ।’’
       ਡਾਕਟਰ ਰਾਜਨ ਨੇ ਸੀਤਾ ਨੂੰ ਬੜੇ ਉਤਸ਼ਾਹ ਨਾਲ ਸ਼ਹਿਰ ਦੇ ਲਾਗੇ ਇਤਿਹਾਸਕ ਅਤੇ ਧਾਰਮਿਕ ਸਥਾਨ ਵਿਖਾਏ ਤੇ ਰੇਸਤਰਾਂ ਵਿਚ ਖਾਣਾ ਖਿਲਾਇਆ। ਉਨ੍ਹਾਂ ਦੋਹਾਂ ਨੇ ਬੜਾ ਖੁਸ਼ਨੁਮਾ ਸਮਾਂ ਇਕੱਠੇ ਬਿਤਾਇਆ। ਗੱਡੀ ਦਾ ਟਾਈਮ ਹੋਇਆ ਤਾਂ ਉਹ ਸੀਤਾ ਨੂੰ ਸਟੇਸ਼ਨ ’ਤੇ ਛੱਡਣ ਆਇਆ। ਵਿਦਾ ਹੋਣ ਵੇਲੇ ਡਾਕਟਰ ਨੇ ਉਸ ਨੂੰ ਇਕ ਪੈਕਟ ਭੇਟ ਕੀਤਾ। ਗੱਡੀ ਵਿਚ ਸੀਤਾ ਨੇ ਪੈਕਟ ਖੋਲ੍ਹਿਆ ਤਾਂ ਉਸ ਵਿਚ ਸੋਨੇ ਦੀ ਇਕ ਚੂੜੀ ਸੀ ਜਿਸ ’ਤੇ ਉਸ ਦਾ ਨਾਮ ਸੀਤਾ ਉਕਰਿਆ ਹੋਇਆ ਸੀ। ਉਸ ਨੇ ਇਸ ਨਾਯਾਬ ਸੌਗਾਤ ਨੂੰ ਚੁੰਮ ਕੇ ਆਪਣੀ ਕਲਾਈ ਵਿੱਚ ਪਾ ਲਿਆ। ਕੂਨੂਰ ਵਿਖੇ ਸੀਤਾ ਤੇ ਡਾਕਟਰ ਰਾਜਨ ਦੀ ਇਹ ਆਖ਼ਰੀ ਮੁਲਾਕਾਤ ਸੀ ਕਿਉਂਕਿ ਡਾਕਟਰ ਰਾਜਨ ਕੂਨੂਰ ਛੱਡ ਕੇ ਮਦਰਾਸ ਦੇ ਵੱਡੇ ਰਾਏਪੁਰਮ ਹਸਪਤਾਲ ਵਿਚ ਤਬਦੀਲ ਹੋ ਗਿਆ ਸੀ। ਡੋਡੋ ਬੋਰਡਿੰਗ ਸਕੂਲ ’ਚ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸੀਤਾ ਨੇ ਡਾਕਟਰ ਰਾਜਨ ਦੇ ਅੰਗ-ਸੰਗ ਰਹਿਣ ਲਈ ਨਰਸਿੰਗ ਕੋਰਸ ਕਰਨ ਦਾ ਫ਼ੈਸਲਾ ਕੀਤਾ ਤੇ ਮਦਰਾਸ ਦੇ ਇਕ ਵੱਡੇ ਹਸਪਤਾਲ ਵਿਚ ਦਾਖ਼ਲਾ ਲੈ ਲਿਆ। ਉਹ ਜੰਗਲ ਤੋਂ ਪਹਿਲੀ ਵੇਰਾਂ ਇਕ ਵੱਡੇ ਸਾਰੇ ਭੀੜ-ਭੜੱਕੇ ਵਾਲੇ ਸ਼ਹਿਰ ਵਿਚ ਆਈ ਸੀ ਜਿੱਥੇ ਹਰ ਮੌਸਮ ’ਚ ਹੀ ਗਰਮੀ ਰਹਿੰਦੀ ਸੀ। ਬੇਸ਼ੱਕ ਉਸ ਲਈ ਅਜਿਹੇ ਸ਼ਹਿਰ ’ਚ ਰਹਿ ਕੇ ਨਰਸਿੰਗ ਦਾ ਕਠਿਨ ਕੋਰਸ ਪੂਰਾ ਕਰਨਾ ਆਸਾਨ ਨਹੀਂ ਸੀ ਪਰ ਉਸ ਨੇ ਤਾਂ ਦ੍ਰਿੜ੍ਹ ਨਿਸ਼ਚਾ ਕੀਤਾ ਹੋਇਆ ਸੀ। ਉਹ ਹਰ ਐਤਵਾਰ ਵਾਲੇ ਦਿਨ ਡਾਕਟਰ ਰਾਜਨ ਨੂੰ ਮਿਲਦੀ ਤੇ ਉਸ ਨਾਲ ਸ਼ਹਿਰ ਵੇਖਦੀ। ਉਹ ਹਫ਼ਤਾ ਭਰ ਐਤਵਾਰ ਦੀ ਉਡੀਕ ਕਰਦੀ। ਨਾਈਟ ਡਿਊਟੀ ਕਾਰਨ ਸਾਰੀ-ਸਾਰੀ ਰਾਤ ਜਾਗ-ਜਾਗ ਕੇ ਉਸ ਨੂੰ ਉਨੀਂਦਰਾ ਰੋਗ ਹੋ ਗਿਆ। ਉਸ ਦੀ ਸੋਚ ਹਰ ਪਲ ਰਾਜਨ ’ਤੇ ਹੀ ਕੇਂਦਰਿਤ ਰਹਿੰਦੀ। ਉਸ ਨੂੰ ਉਸ ਤੋਂ ਇਲਾਵਾ ਹੋਰ ਕੁਝ ਵਿਖਾਈ ਹੀ ਨਹੀਂ ਸੀ ਦਿੰਦਾ। ਪਰ ਉਹ ਜਦੋਂ ਵੀ ਉਸ ਨੂੰ ਮਿਲਦਾ, ਉਸ ਦੀ ਨੇੜਤਾ ’ਚ ਵੀ ਉਹ ਦੂਰੀ ਮਹਿਸੂਸ ਕਰਦੀ ਜੋ ਉਸ ਨੂੰ ਪਰੇਸ਼ਾਨ ਕਰਦੀ। ਉਹ ਤਾਂ ਰਾਜਨ ਦੀਆਂ ਬਾਹਾਂ ਵਿਚ ਪਿਘਲ ਜਾਣ ਦੇ ਸੁਪਨੇ ਵੇਖਦੀ ਸੀ ਪਰ ਜਦੋਂ ਉਸ ਨੂੰ ਲੱਗਦਾ ਕਿ ਉਸ ਦਾ ਸੁਪਨਾ ਹਕੀਕਤ ਤੋਂ ਕੋਹਾਂ ਦੂਰ ਹੈ ਤਾਂ ਉਹ ਜਾਨਲੇਵਾ ਸਿਰ ਪੀੜ ਨਾਲ ਤੜਪ ਉੱਠਦੀ।
       ਇਕ ਦਿਨ ਸੀਤਾ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਡਾਕਟਰ ਰਾਜਨ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਉਸ ਨੂੰ ਆਪਣੇ ਦੋਸਤ ਡਾਕਟਰ ਰਾਉ ਦੇ ਕਲੀਨਿਕ ਲੈ ਗਿਆ। ਚੈੱਕਅਪ ਕਰਨ ਉਪਰੰਤ ਡਾਕਟਰ ਰਾਵ ਨੇ ਸੀਤਾ ਨੂੰ ਦੱਸਿਆ ਕਿ ਉਹ ਮਾਇਗ੍ਰੇਨ ਤੋਂ ਪੀੜਤ ਹੈ ਤੇ ਉਸ ਦੀ ਬਿਮਾਰੀ ਦੀ ਜੜ੍ਹ ਹੈ ਉਸ ਦੀ ਭਾਵਨਾਤਮਕ ਉਥਲ-ਪੁਥਲ। ਡਾਕਟਰ ਰਾਉ ਨੇ ਉਸ ਨੂੰ ਦਵਾਈ ਲਿਖ ਕੇ ਦੇ ਦਿੱਤੀ ਤੇ ਕਿਹਾ ਕਿ ਉਹ ਕਿਸੇ ਦਿਨ ਇਕੱਲੀ ਆ ਕੇ ਉਸ ਨੂੰ ਮਿਲੇ।
     ਅਗਲੇ ਦਿਨ ਹੀ ਸੀਤਾ ਇਕੱਲੀ ਡਾਕਟਰ ਰਾਉ ਨੂੰ ਮਿਲਣ ਗਈ। ਡਾਕਟਰ ਰਾਉ ਨੇ ਉਸ ਨੂੰ ਬੜੀ ਅਪਣੱਤ ਨਾਲ ਸਮਝਾਇਆ, ‘‘ਡਾਕਟਰ ਰਾਜਨ ਤੇਰੇ ਨਾਲ ਬਹੁਤ ਪਿਆਰ ਕਰਦਾ ਹੈ, ਪਰ ਉਹ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ। ਭਾਵੇਂ ਉਹ ਬੜੀ ਖੁੱਲ੍ਹੀ ਸੋਚ ਦਾ ਤਰਕਸ਼ੀਲ ਆਦਮੀ ਹੈ ਤੇ ਆਪਣੀ ਜਾਤੀ ਦੇ ਲੋਕਾਂ ਦੀ ਧਾਰਮਿਕ ਕੱਟੜਤਾ ਦਾ ਸਖ਼ਤ ਵਿਰੋਧੀ ਹੈ। ਇਸ ਦੇ ਬਾਵਜੂਦ ਉਹ ਆਪਣੇ ਸੰਸਕਾਰਾਂ ਨਾਲ ਬੰਨ੍ਹਿਆ ਹੋਇਆ ਹੈ।’’
      ‘‘ਮੈਂ ਇਹ ਬਹੁਤ ਪਹਿਲਾਂ ਤੋਂ ਹੀ ਜਾਣਦੀ ਹਾਂ।’’ ਇਹ ਕਹਿ ਕੇ ਉਹ ਉੱਠ ਖਲ੍ਹੋਤੀ ਤੇ ਸੁਬਕਦੀ ਹੋਈ ਸੜਕ ’ਤੇ ਤੁਰਨ ਲੱਗੀ। ਉਸ ਦਾ ਸੁੰਦਰ ਸੁਪਨਾ ਟੁੱਟ ਕੇ ਬਿਖਰ ਚੁੱਕਾ ਸੀ। ਉਹ ਸੋਚ ਰਹੀ ਸੀ ਕਿ ਉਸ ਦੇ ਪਿੰਡ ਦੇ ਲੋਕ ਸ਼ਾਇਦ ਠੀਕ ਹੀ ਸੋਚਦੇ ਸਨ ਕਿ ਉਸ ਦੀ ਸ਼ਾਦੀ ਵੀ ਉਸ ਦੀ ਸਹੇਲੀ ਮੁੰਡੀ ਵਾਂਗ ਉਮਰ ਸਿਰ ਹੋ ਜਾਣੀ ਚਾਹੀਦੀ ਸੀ। ‘ਕ੍ਰਿਸ਼ਣਾ ਰਾਜਨ ਅਤੇ ਮੈਂ ਸਰੀਰਕ ਰੂਪ ਵਿਚ ਮਿਲ ਨਹੀਂ ਸਕੇ ਤੇ ਨਾ ਹੀ ਸਾਡੀਆਂ ਦੋਹਾਂ ਦੀਆਂ ਆਤਮਾਵਾਂ ਇਕ ਹੋ ਸਕੀਆਂ! ਮੇਰੀ ਕੁੱਖ ਹਮੇਸ਼ਾ ਖਾਲੀ ਰਹੇਗੀ। ਮੇਰੀ ਜ਼ਿੰਦਗੀ ਦਾ ਮਕਸਦ ਖ਼ਤਮ ਹੋ ਚੁੱਕਾ ਹੈ।’
       ਉਸ ਨੇ ਮਦਰਾਸ ਤੋਂ ਹਮੇਸ਼ਾ ਲਈ ਚਲੇ ਜਾਣ ਦਾ ਫ਼ੈਸਲਾ ਕੀਤਾ ਤੇ ਡਾਕਟਰ ਰਾਜਨ ਨੂੰ ਇਕ ਆਖਰੀ ਖ਼ਤ ਲਿਖਿਆ। ਰਾਜਨ ਨੇ ਉਸ ਨੂੰ ਆਪਣੀ ਯਾਤਰਾ ਸਿਰਫ਼ ਇਕ ਦਿਨ ਲਈ ਮੁਲਤਵੀ ਕਰਨ ਲਈ ਕਿਹਾ ਤਾਂ ਜੋ ਉਹ ਇਕੱਠੇ ਦੀਵਾਲੀ ਦਾ ਤਿਓਹਾਰ ਮਨਾ ਸਕਣ।
      ਡਾਕਟਰ ਰਾਜਨ ਸੀਤਾ ਨੂੰ ਸ਼ਹਿਰ ਦੇ ਲਾਗੇ ਇਕ ਪਿੰਡ ਵਿਚ ਨਦੀ ਦੇ ਕੰਢੇ ਲੈ ਗਿਆ ਤੇ ਕਹਿਣ ਲੱਗਾ, ‘‘ਮੈਂ ਤੈਨੂੰ ਪਿਆਰ ਕਰਦਾ ਹਾਂ, ਸੀਤਾ! ਮੈਂ ਆਪਣੇ ਕੱਟੜ ਖ਼ਿਆਲਾਂ ਦੇ ਮਾਂ-ਬਾਪ ਨਾਲ ਬਗ਼ਾਵਤ ਕੀਤੀ ਸੀ। ਮੇਰੇ ਦਿਮਾਗ਼ ਦੇ ਇਕ ਹਿੱਸੇ ਨੇ ਅਤੀਤ ਦੀਆਂ ਕਈ ਚੀਜ਼ਾਂ ਨੂੰ ਖਾਰਿਜ ਕਰ ਦਿੱਤਾ ਸੀ ਪਰ ਮੇਰੇ ਦਿਮਾਗ਼ ਦਾ ਦੂਜਾ ਹਿੱਸਾ ਅਤੀਤ ਪ੍ਰਤੀ ਅਜੇ ਵੀ ਵਫ਼ਾਦਾਰ ਹੈ। ਮੈਂ ਤੈਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ, ਪਰ...।’’
       ਉਸ ਵੇਲੇ ਦੋਹਾਂ ਨੇ ਨਦੀ ਵਿਚ ਦੋ ਦੀਵੇ ਤਾਰੇ। ਸੀਤਾ ਵਾਲਾ ਦੀਵਾ ਸਿੱਧਾ ਤਰਦਾ ਗਿਆ ਤੇ ਡਾਕਟਰ ਵਾਲਾ ਕਿਤੇ ਅੜ ਕੇ ਘੁੰਮਣਘੇਰੀਆਂ ਖਾਣ ਲੱਗ ਪਿਆ। ਸੀਤਾ ਨੇ ਰੁੱਖ ਦੀ ਡੰਡੀ ਨਾਲ ਡਾਕਟਰ ਵਾਲੇ ਦੀਵੇ ਨੂੰ ਘੁੰਮਣਘੇਰੀ ਵਿਚੋਂ ਕੱਢਣਾ ਚਾਹਿਆ, ਪਰ ਡਾਕਟਰ ਨੇ ਕਿਹਾ, ‘‘ਇਹਨੂੰ ਇਸੇ ਤਰ੍ਹਾਂ ਰਹਿਣ ਦੇ, ਸੀਤਾ! ਇਹ ਮੈਂ ਹਾਂ- ਇਕੋ ਥਾਂ ਖਲੋਤਾ ਘੁੰਮਣਘੇਰੀਆਂ ਖਾ ਰਿਹਾ...।’’
       ਇਹ ਸੀਤਾ ਤੇ ਡਾਕਟਰ ਰਾਜਨ ਦੀ ਆਖ਼ਰੀ ਮੁਲਾਕਾਤ ਸੀ। ਸੀਤਾ ਮੁੜ ਕੇ ਆਪਣੇ ਕਬੀਲੇ ਵਿਚ ਚਲੀ ਗਈ, ਉਸ ਜੰਗਲ ਵਿਚ ਜਿਸ ਦੇ ਪਹਾੜਾਂ ਦੀ ਟੀਸੀ ’ਤੇ ਰੰਗਾ ਨਿਵਾਸ ਕਰਦਾ ਹੈ। ਉਹ ਜੰਗਲ ਤੋਂ ਪਾਰ ਦੀ ਦੁਨੀਆਂ ਵੇਖ ਆਈ ਸੀ। ਅੱਪਾ ਨੇ ਕੋਈ ਸਵਾਲ ਨਹੀਂ ਕੀਤਾ। ਅਗਲੇ ਦਿਨ ਉਹ ਰੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਘਰੋਂ ਤੁਰ ਪਏ।
       ਸੀਤਾ ਰਤਨਾਮਲ ਨੇ ਆਪਣੇ ਪਹਿਲੇ ਪਿਆਰ ਡਾਕਟਰ ਕ੍ਰਿਸ਼ਣਾ ਰਾਜਨ ਤੋਂ ਉਮਰ ਭਰ ਦੇ ਵਿਛੋੜੇ ਨੂੰ ਬੜੀ ਸੰਜੀਦਗੀ ਨਾਲ ਸਵੀਕਾਰ ਕੀਤਾ। ਉਸ ਦੇ ਬੁੱਲ੍ਹਾਂ ’ਤੇ ਕਿਸੇ ਵਿਅਕਤੀ, ਸੰਸਥਾ, ਧਰਮ, ਰੀਤੀ-ਰਿਵਾਜ, ਜਾਤ-ਪਾਤ ਬਾਰੇ ਕੋਈ ਕੁੜੱਤਣ ਭਰਿਆ ਸ਼ਬਦ ਨਹੀਂ ਆਇਆ। ਅਧੂਰੇ ਪਿਆਰ ਦਾ ਦਿਲ-ਟੁੰਬਵਾਂ ਬਿਰਤਾਂਤ ਕਿਸੇ ਸੋਗਮਈ ਗੀਤ ਵਾਂਗ ਜ਼ਿਹਨ ਵਿਚ ਦੇਰ ਤੱਕ ਗੂੰਜਦਾ ਰਹਿੰਦਾ ਹੈ। ਉਸ ਦੇ ਜੀਵਨ-ਨਾਟਕ ਦਾ ਇਕ ਅਹਿਮ ਅੰਕ ਇਸ ਮਰਹਲੇ ’ਤੇ ਖ਼ਤਮ ਹੋ ਜਾਂਦਾ ਹੈ। ਅਗਲੇ ਅੰਕ ਵਿਚ ਉਸ ਨਾਲ ਕੀ ਵਾਪਰਿਆ, ਕਿਸੇ ਨੂੰ ਨਹੀਂ ਪਤਾ। ਇਸ ਧਰਤੀ ਤੇ ਉਸ ਦੀ ਹੋਂਦ ਦਾ ਇਕੋ-ਇਕ ਪ੍ਰਮਾਣ ਹੈ ਉਸ ਦੀ ਸ਼ਾਹਕਾਰ ਪੁਸਤਕ ‘ਬਿਯੌਂਡ ਦਿ ਜੰਗਲ’... ਜੰਗਲ ਤੋਂ ਪਰ੍ਹਾਂ।
ਸੰਪਰਕ : 98151-23499