ਆਪਣੇ ਪਲ - ਨਿੰਦਰ ਘੁਗਿਆਣਵੀ

ਅੱਖੀਆਂ ਨੂੰ ਰੋਣਾ ਪੈ ਗਿਆ-(2)

ਅਜਿਹਾ ਮੇਰੇ ਨਾਲ ਬਹੁਤ ਘੱਟ  ਵਾਰ ਵਾਪਰਿਆ  ਕਿ ਲਿਖਦੇ-ਲਿਖਦੇ ਕੋਈ ਲਿਖਤ ਅੜ ਕੇ ਖੜ ਗਈ ਹੋਵੇ! ਲਿਖਤ ਵੀ ਸਾਧਾਰਨ ਨਹੀਂ ਸੀ। .ਪਾਠਕ ਪਿਛਲੇ ਅੰਕ ਵਿਚ ਪੜ ਚੁੱਕੇ ਨੇ ਕਿ ਨੁਸਰਤ ਸਾਹਿਬ ਦੇ ਜੀਵਨ ਤੇ ਗਾਇਨ ਬਾਰੇ ਯੂਨੀਵਰਸਿਟੀ ਦੇ ਕੋਸ਼ ਵਾਸਤੇ ਐਂਟਰੀ ਸੀ। ਸੋ, ਅਜਿਹੇ ਕੰਮ ਕਾਹਲ ਕੀਤਿਆਂ ਵੀ ਨਹੀਂ ਫੱਬਦੇ। ਨਾ ਆਲਸ ਚੰਗੀ ਲੱਗਦੀ ਹੈ ਕਿਉਂਕਿ ਤਾਰੀਖ ਬੱਧ ਕੰਮ ਹੁੰਦਾ ਹੈ। ਜੇ ਨੁਸਰਤ ਸਾਹਿਬ ਦੀਆਂ ਕੇਵਲ ਯਾਦਾਂ ਹੀ ਇਕੱਠੀਆਂ ਕਰ ਕੇ ਲਿਖਣੀਆਂ ਹੁੰਦੀਆਂ ਤਦ ਵੀ ਇਹ ਕੰਮ ਕਦੋਂ ਨਿੱਬੜ ਗਿਆ ਹੁੰਦਾ, ਇਹ ਤਾਂ ਤਕਨੀਕੀ ਕੰਮ ਸੀ। ਮੈਨੂੰ ਯਾਦ ਆਉਂਦਾ ਹੈ ਕਿ  ਜਦ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਜੀਵਨ ਤੇ ਕਲਾ ਬਾਰੇ ਯੂਨੀਵਰਸਟੀ ਵੱਲੋਂ ਕੰਮ ਕਰ ਰਿਹਾ ਸਾਂ ਤਾਂ ਉਹਨਾਂ ਦੀਆਂ ਯਾਦਾਂ ਲਿਖਣ ਵਾਲਾ ਚੈਪਟਰ ਇੱਕੋ ਹੀ ਦਿਨ ਵਿਚ ਨਿਬੇੜ ਦਿੱਤਾ ਸੀ। ਸਰਦੀਆਂ ਦੇ ਦਿਨ ਸਨ। ਯੂਨੀਵਰਸਿਟੀ ਦੇ ਇੱਕ ਘਾਹ ਦੇ ਮੈਦਾਨ ਵਿਚ ਦੂਰ ਜਾ ਬੈਠਾ। ਇੱਧਰ ਵਿਦਿਆਰਥੀਆਂ ਦੀ ਆਵਾਜਾਈ ਵੀ ਬਹੁਤ ਘੱਟ ਸੀ, ਨਾਂਹ ਦੇ ਬਰਾਬਰ ਹੀ। ਸਗੋਂ ਕੋਈ ਕੋਈ ਜੋੜਾ ਏਧਰ-ਓਧਰ ਬੈਠਾ ਆਪਣੀ ਗੁਫਤਗੂ ਵਿਚ ਮਸਤ ਸੀ। ਮੇਰੇ ਕੋਲ ਸਫੈਦ ਕਾਗਜ਼। ਸਿਆਹੀ ਨਾਲ ਭਰਿਆ ਪੈੱਨ। ਚਾਹ ਦੀ ਕੇਤਲੀ ਤੇ ਪਾਣੀ ਦੀ ਬੋਤਲ ਸੀ। ਧੁੱਪ ਖੂਬ ਨਿੱਖਰੀ। ਊੱਠਣ ਨੂੰ ਦਿਲ ਨਾ ਕਰੇ। ਧੁੱਪ ਸੇਕਦੀ ਕੋਈ ਕੋਈ ਚਿੜੀ ਫਰ-ਫਰ ਕਰਦੀ ਉਡਦੀ ਤੇ ਕੋਈ ਪਿਆਰਾ ਜਿਹਾ ਗੀਤ ਗਾਉਂਦੀ ਤਾਜ਼ਗੀ ਭਰ ਦਿੰਦੀ। ਮੈਂ ਇੱਕ ਸੌ ਪੰਨਾ ਆਥਣ ਤੀਕ ਲਿਖ ਲਿਆ ਸੀ। ਸ਼ਬਦਾਂ ਨੇ ਪੂਰਾ-ਪੂਰਾ ਸਾਥ ਦਿੱਤਾ ਸੀ। ਆਪਣੇ ਕਮਰੇ ਵੱਲ ਆਉਦਿਆਂ ਮੈਂ ਉਸਤਾਦ ਜੀ ਦੇ ਇੱਕ ਗੀਤ ਦੇ ਕੁਝ ਬੋਲ ਗੁਣ-ਗੁਣਾ ਰਿਹਾ ਸਾਂ:
                               ਠੰਢੀ-ਠੰਡੀ ਵਾਅ ਚੰਨਾ ਪੈਂਦੀਆਂ ਫੁਹਾਰਾਂ ਵੇ
                              ਆਜਾ ਮੇਰੇ ਚੰਨਾ, ਜਿੰਦ ਤੇਰੇ ਤੋਂ ਦੀ ਵਾਰਾਂ ਵੇ...
ਕਾਸ਼ ਕਿ ਮੇਰੇ ਨਾਲ ਹੁਣ ਵੀ ਅਜਿਹਾ ਵਾਪਰੇ ਕਿ ਨੁਸਰਤ ਸਾਹਬ ਵਾਲਾ ਕੰਮ ਮੁਕੰਮਲ ਹੋ ਜਾਵੇ! ਮੈਂ ਕਈ ਵਾਰ ਸੋਚਿਆ ਸੀ।
                                         """""'                   """"""
ਚੁੱਪ ਦਾ ਸਖਤ ਪਹਿਰਾ ਸੀ। ਰਾਤ ਅਧੀਓਂ ਵੱਧ ਮੁੱਕਣ 'ਤੇ ਆਈ। ਮੇਰਾ ਹੱਥ ਮੇਜ਼ ਉਤੇ ਪਏ ਛੋਟੇ ਟੇਪ-ਰਿਕਾਰਡਰ ਵੱਲ ਵਧਿਆ। ਸੁਰਾਂ ਛਿੜੀਆਂ। ਬੈੱਡ ਉੱਤੇ ਉਠ ਬੈਠਾ ਤੇ ਧਿਆਨ ਲਗਾਉਣ ਲੱਗਿਆ।ਕਿੰਨਾਂ ਚਿਰ ਸੁਰਾਂ ਆਪਸ-ਵਿੱਚ ਖੇਡਦੀਆ ਰਹੀਆਂ। ਸੁਣ-ਸੁਣ ਕੇ ਕਾਗਜ਼ ਦੀ ਹਿੱਕ ਉੱਤੇ ਨੁਸਰਤ ਸਾਹਬ ਬਾਰੇ ਪਹਿਲਾ ਪੈਰਾ ਉਤਰ ਆਇਆ, ਜੋ ਇਉਂ ਸੀ, ''ਸੱਚਮੁਚ, ਜਿਵੇਂ ਕੋਈ ਸੁਆਣੀ, ਚੁਰ ਉਤੇ ਰੋਟੀਆਂ ਲਾਹੁੰਣ ਲਈ ਚੁਰ ਹੇਠਾਂ ਅੱਗ ਡਾਹੁੰਦੀ ਹੈ, ਤਵੀ ਤਪਣ ਦਾ ਉਡੀਕ ਕਰਦੀ ਹੈ, ਬਾਲਣ ਉੱਤੇ ਕੱਖ-ਕਾਨਾ ਸੁੱਟਦੀ ਹੈ। ਆਟਾ ਗੁੱਧਾ ਹੋਇਆ (ਤੌਣ) ਸਾਹਮਣੇ ਪਈ ਹੈ ਪਰਾਤ ਵਿੱਚ। ਪੇੜਾ ਕਰਦੀ ਹੈ। ਚਕਲਾ-ਵੇਲਣਾ ਲਾਗੇ-ਲਾਗੇ ਪਏ ਹਨ। ਰੋਟੀ ਵੇਲਦੀ ਹੈ ਤੇ ਤਵੀ ਉੱਤੇ ਸੁੱਟ ਦਿੰਦੀ ਹੈ, ਫਿਰ ਬਾਲਣ ਦਾ ਝੁਲਕਾ ਡਾਹੁੰਦੀ ਹੈ। ਰੋਟੀ ਪੱਕਣ ਲੱਗਦੀ ਹੈ...! ਉਸਦੀ ਮਨ-ਮੋਹਣੀ ਖੁਸ਼ਬੂ ਮਨੁੱਖੀ ਮਨ ਨੂੰ ਸੁਆਦ-ਸੁਆਦ ਕਰ ਦੇਂਦੀ  ਹੈ ਤੇ ਬਿਲਕੁਲ ਉਵੇਂ ਦਾ ਅਹਿਸਾਸ ਹੀ ਹੈ ਨੁਸਰਤ ਫਤਹਿ ਅਲੀ ਖਾਂ ਦੀ ਕਿਸੇ ਕੱਵਾਲੀ ਦਾ ਜਦੋਂ ਆਰੰਭ ਹੁੰਦਾ ਹੈ। ਉਹ ਸੱਚਮੁਚ ਹੀ ਕਿਸੇ ਨਿੱਘੇ ਸੁਭਾਅ ਦੀ ਸੁੱਘਣ ਸੁਆਣੀ ਵਰਗਾ ਸੱਚ-ਮੁੱਚ ਹੀ 'ਕਾਮਾ' ਸੰਗੀਤਕਾਰ ਸੀ। ਉਹ ਆਪਣੇ ਸਾਜ਼ਾਂ ਦੀ ਭੱਠੀ ਹੇਠਾਂ ਕੋਲੇ ਮਘਾਉਣ ਲਈ ਸੁਰਾਂ ਦੀਆਂ ਫੂਕਾਂ ਮਾਰਦਾ। ਲੰਬੀ ਜਿਹੀ ਤੇ ਤੜਪਣੀ ਲੈ ਰਹੀ ਕੋਈ ਹੂਕ ਉੱਠਦੀ। ਅਚਾਨਕ ਹੀ ਉਹ ਜਿਵੇਂ ਕੋਈ ਕੂਕ ਮਾਰਨ ਵਰਗਾ ਅਲਾਪ ਲੈਂਦਾ... ਜਿਵੇਂ ਦੂਰ ਜੰਗਲ ਵਿੱਚ ਕਿਸੇ ਰਿਸ਼ੀ ਨੇ ਸੰਖ ਵਜਾਇਆ ਹੋਵੇ ਤੇ ਉਸ ਸੰਖ ਦੀ ਸੁਰ ਨੇ ਦਰੱਖਤਾਂ ਦੇ ਪੱਤੇ ਵੀ ਛੇੜ ਦਿੱਤੇ ਹੋਣ! ਜਾਪਦਾ ਕਿ ਜਿਵੇਂ ਸੁਰਾਂ ਆਪੋ ਵਿੱਚ ਛੇੜਖਾਨੀਆਂ ਕਰਨ ਲੱਗੀਆ ਨੇਂ। ਅਵੱਲੜੀ ਸੁਰੀਲੀ ਭੱਠੀ ਮਘ ਉਠਦੀ। ਉਹ ਸ੍ਰੋਤਿਆਂ ਦੀ ਉਂਗਲੀ ਪਕੜ ਕੇ ਕਿਸੇ ਵਿਲੱਖਣ ਸੰਗੀਤ ਸੰਸਾਰ ਵੱਲ ਲੈ ਤੁਰਦਾ। ਵਿਛੜੇ ਸੱਜਣਾਂ ਦੀਆਂ ਯਾਦਾਂ ਹਾਵੀ ਹੋ ਉਠਦੀਆਂ:-
                              ਯਾਦਾਂ ਵਿਛੜੇ ਸੱਜਣ ਦੀਆਂ ਆਈਆਂ
                               ਤੇ ਅੱਖੀਆਂ 'ਚੋਂ ਮੀਂਹ ਵੱਸਦਾ...
ਵਾਰਿਸ ਸ਼ਾਹ ਭਵਨ ਦੇ ਬਾਹਰ ਹਰੇ-ਭਰੇ ਰੁੱਖਾਂ ਵਿੱਚੋਂ ਚਿੜੀਆਂ ਤੇ ਹੋਰ ਪੰਛੀਆਂ ਨੇ ਚਹਿਕਾ-ਚਹਿਕੀ ਸ਼ੁਰੂ ਕਰ ਦਿੱਤੀ ਸੀ, ਜਦ ਨੂੰ ਬਾਬੇ ਨੁਸਰਤ ਸਾਹਿਬ ਬਾਰੇ ਲੇਖ ਮੁਕੰਮਲ ਹੋ ਗਿਆ ਤੇ ਮੈਂ ਠੰਡੀ ਸਵੇਰ ਦੀ ਮੌਜ ਮਾਨਣ ਲਈ ਕਮਰੇ ਵਿੱਚੋਂ ਬਾਹਰ ਨਿਕਲ ਆਇਆ।---94174-21700

13 Feb. 2018