ਦੀਵਾਲੀਏ ਨੀ ਦੀਨ ਦੀਏ - ਰਵਿੰਦਰ ਸਿੰਘ ਕੁੰਦਰਾ

ਦੀਵਾਲੀਏ ਨੀ ਦੀਨ ਦੀਏ,  ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਕਹਿੰਦੇ ਨੇ ਹਨੇਰਾ ਕਦੀ, ਭਲਾ ਨਹੀਂਓ ਹੋਮਦਾ,
ਚੰਗੇ ਭਲੇ ਬੰਦਿਆਂ ਤੋਂ, ਰਸਤੇ ਹੈ ਖੋਹਮਦਾ।
ਪਰ ਅਕਲਾਂ ਦੇ ਅੰਨ੍ਹਿਆਂ ਨੂੰ, ਰਾਹ ਕੀ ਦਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਚਕਚੌਂਧ ਰੌਸ਼ਨੀ ਵੀ, ਅੰਨ੍ਹਾ ਕਰੇ ਬੰਦਿਆਂ ਨੂੰ,
ਮਾਇਆ ਦੀ ਚਮਕ ਵੀ ਤਾਂ, ਚੌੜ ਕਰੇ ਧੰਦਿਆਂ ਨੂੰ।
ਫੇਰ ਦੱਸ ਕਿਹਦੇ ਲਈ,  ਦੀਵਾ ਕੋਈ ਜਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਭੋਲੇ ਭਾਲੇ ਬੰਦਿਆਂ ਨੂੰ, ਦਿਨ ਜਾਵੇ ਲੁੱਟਦਾ,
ਰਾਤ ਦੇ ਹਨੇਰਿਆਂ 'ਚ, ਗਰੀਬ ਜਾਵੇ ਲੁਕਦਾ।
ਹਨੇਰਿਆਂ ਦੇ ਕਿਹੜੇ ਖੂੰਜੇ, ਗਰੀਬੀ ਜਾ ਲੁਕਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਗਿਆਨ ਵਾਲੀ ਰੌਸ਼ਨੀ ਦਾ, ਚੱਲਦਾ ਨਾ ਜ਼ੋਰ ਇੱਥੇ,
ਸੱਚ ਦੇ ਅਸੂਲਾਂ ਨੂੰ ਵੀ, ਜਾ ਕੇ ਟਿਕਾਈਏ ਕਿੱਥੇ।
ਕਿਹੜੀ ਖੁਸ਼ੀ ਮੁੱਖ ਰੱਖ, ਤੇਰੇ ਗੀਤ ਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਪਟਾਕਿਆਂ ਦੀ ਤਾੜ੍ਹ ਤਾੜ੍ਹ, ਪੁਤਲਿਆਂ ਦੀ ਸਾੜ ਸਾੜ,
ਬਦੀਆਂ ਦੇ ਬੰਦਿਆਂ ਦੀ, ਨਿੱਤ ਨਿੱਤ ਉੱਠੇ ਧਾੜ।
ਨੇਕੀਆਂ ਦੀ ਨਿੱਕੀ ਲੜੀ, ਕਿੱਥੇ ਜਾ ਚਲਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਦੀਵਾਲੀਏ ਨੀ ਦੀਨ ਦੀਏ,  ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ