ਸ਼ਬਦ, ਸਮਾਜ ਤੇ ਸੱਤਾ   - ਸਵਰਾਜਬੀਰ

ਕਿਸੇ ਵੀ ਸਮੇਂ ਦੇ ਹਕੀਕੀ ਹਾਲਾਤ ਉਸ ਵੇਲੇ ਦੇ ਇਤਿਹਾਸਕ-ਸਮਾਜਿਕ ਰਿਸ਼ਤਿਆਂ, ਸਮਾਜ ਵਿਚ ਤਾਕਤਾਂ ਦੇ ਸਮਤੋਲ, ਧਾਰਮਿਕ ਸ਼ਕਤੀਆਂ, ਆਰਥਿਕਤਾ, ਸਿਆਸੀ ਸਮੀਕਰਨਾਂ, ਸਮਾਜ ਵਿਚ ਫੈਲੇ ਹੋਏ ਸੰਸਿਆਂ, ਫ਼ਿਕਰਾਂ, ਡਰਾਂ, ਅਸੁਰੱਖਿਆ, ਪਿਛਲੇ ਤਜਰਬਿਆਂ ਅਤੇ ਹੋਰ ਅਨੇਕ ਤੱਤਾਂ ਦੀ ਪੈਦਾਵਾਰ ਹੁੰਦੇ ਹਨ। ਇਹ ਵਰਤਾਰੇ ਸਮਾਜ ਵਿਚ ਕਈ ਤਰ੍ਹਾਂ ਦੇ ਪ੍ਰਵਚਨ, ਬਿਆਨੀਏ, ਵਿਚਾਰ-ਪ੍ਰਬੰਧ, ਸਿਆਸੀ ਉਥਲ-ਪੁਥਲ ਅਤੇ ਸਮਾਜਿਕ ਤੇ ਧਾਰਮਿਕ ਲਹਿਰਾਂ ਪੈਦਾ ਕਰਦੇ ਹਨ। ਇਨ੍ਹਾਂ ਵਰਤਾਰਿਆਂ ਕਾਰਨ ਸਮਾਜ ਦੇ ਚੇਤਨ ਤੇ ਅਵਚੇਤਨ ਵਿਚ ਪੈਂਦੀਆਂ ਕੜਵੱਲਾਂ ਵਿਚ ਇਤਿਹਾਸ ਤੇ ਮਿਥਿਹਾਸ ਦੀ ਗੂੰਜ ਸੁਣਾਈ ਦਿੰਦੀ ਅਤੇ ਵਰਤਮਾਨ ਤੇ ਭਵਿੱਖ ਦੇ ਡਰ ਜ਼ਾਹਿਰ ਹੁੰਦੇ ਹਨ; ਉਤਸ਼ਾਹ ਤੇ ਹਿੰਮਤ ਦੀਆਂ ਕਾਂਗਾਂ ਉੱਠਦੀਆਂ ਅਤੇ ਅਸੁਰੱਖਿਆ ਅਤੇ ਭੈਅ ਦੀਆਂ ਘੁੰਮਣਘੇਰੀਆਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕਈ ਵਰਤਾਰੇ ਪ੍ਰਤੱਖ ਰੂਪ ਵਿਚ ਵਾਪਰਦੇ ਹਨ ਅਤੇ ਕਈ ਅਪ੍ਰਤੱਖ ਰੂਪ ਵਿਚ ਸਮਾਜਿਕ-ਸਿਆਸੀ-ਇਤਿਹਾਸਕ ਤਾਕਤਾਂ ਬਣਦੇ ਹਨ। ਸਿਆਸੀ ਆਗੂ, ਚਿੰਤਕ ਤੇ ਸਮਾਜਿਕ ਕਾਰਕੁਨ ਇਨ੍ਹਾਂ ਵਰਤਾਰਿਆਂ ਨੂੰ ਬੋਲਾਂ, ਸ਼ਬਦਾਂ ਤੇ ਲਿਖਤਾਂ ਰਾਹੀਂ ਪ੍ਰਗਟ ਕਰਦੇ ਹਨ। ਭਾਸ਼ਾ ਸਭ ਵਰਤਾਰਿਆਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
    ਭਾਸ਼ਾ ਸਮਾਜ ਵਿਚ ਸਾਂਝੀਵਾਲਤਾ, ਸਹਿਜ, ਸਮਾਜਿਕ ਏਕਤਾ ਤੇ ਨਿਆਂ ਦੀ ਵਾਹਕ ਬਣਦੀ ਹੈ; ਮਨੁੱਖਾਂ ਦੇ ਹਿਰਦਿਆਂ ਵਿਚ ਚੰਗੇ ਮਨੁੱਖ ਬਣਨ ਦੀਆਂ ਆਸਾਂ-ਉਮੀਦਾਂ ਪੈਦਾ ਕਰਦੀ ਤੇ ਭਵਿੱਖ ਦੇ ਸੁਪਨੇ ਘੜਦੀ ਹੈ; ਉਨ੍ਹਾਂ ਵਿਚ ਸਮਾਜ, ਧਰਮ, ਇਤਿਹਾਸ, ਆਰਥਿਕਤਾ ਆਦਿ ਬਾਰੇ ਸਮਝ ਪੈਦਾ ਕਰਦੀ ਹੈ। ਭਾਸ਼ਾ ਹਿੰਸਾ ਦੀ ਵਾਹਕ ਵੀ ਬਣਦੀ ਹੈ; ਸਮਾਜਿਕ ਤੇ ਭਾਈਚਾਰਕ ਦੁਫੇੜਾਂ ਪੈਦਾ ਕਰਦੀ ਅਤੇ ਨਫ਼ਰਤ ਤੇ ਕੱਟੜਤਾ ਵਧਾਉਂਦੀ ਹੈ। ਜਿੱਥੇ ਸਮਾਜ ਦੀਆਂ ਸਮੂਹਿਕ ਚੇਤਨ ਤੇ ਅਵਚੇਤਨ ਸ਼ਕਤੀਆਂ, ਧਾਰਮਿਕ ਪ੍ਰਵਿਰਤੀਆਂ, ਗਿਆਨ-ਵਿਗਿਆਨ, ਆਰਥਿਕਤਾ ਆਦਿ ਮਨੁੱਖ ਦੀ ਭਾਸ਼ਾ ਸਿਰਜਦੇ ਹਨ, ਉੱਥੇ ਭਾਸ਼ਾ ਵੀ ਸਮਾਜਿਕ ਨੁਹਾਰ ਘੜਨ ਵਿਚ ਮਹੱਤਵਪੂਰਨ ਅਤੇ ਕਈ ਵਾਰ ਬੁਨਿਆਦੀ ਤੱਤ ਬਣ ਜਾਂਦੀ ਹੈ। ਭਾਸ਼ਾ ਦੀ ਅਥਾਹ ਤਾਕਤ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਿਰੀਰਾਗੁ ਵਿਚ ਕਿਹਾ ਹੈ, ‘‘ਅਸੀਂ ਬੋਲਵਿਗਾੜ ਵਿਗਾੜਹ ਬੋਲ।।’’ ਭਾਵ ਅਸੀਂ ਮੰਦੀ ਜ਼ਬਾਨ ਬੋਲਣ ਵਾਲੇ ਆਪਣੇ ਵਿਚਾਰਹੀਣ ਬੋਲਾਂ ਨਾਲ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ। ਦੂਸਰੇ ਪਾਸੇ ਸੱਚੇ ਸ਼ਬਦਾਂ ਰਾਹੀਂ ਹੀ ਸੱਚ ਦੀ ਕਮਾਈ ਹੋ ਸਕਦੀ ਹੈ, ‘‘ਸਚੈ ਸਬਦਿ ਸਚੁ ਕਮਾਵੈ।।’’
ਮਨੁੱਖ ਕਈ ਸਦੀਆਂ ਤੋਂ ਸੱਤਾ, ਭਾਸ਼ਾ ਅਤੇ ਗਿਆਨ ਦੇ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਲੁਡਵਿਗ ਵਿਟਗਨਸਟਾਈਨ ਨੇ ਕਿਹਾ ਸੀ, ‘‘ਮੇਰੀ ਭਾਸ਼ਾ ਦੀਆਂ ਸੀਮਾਵਾਂ ਹੀ ਮੇਰੇ ਸੰਸਾਰ ਦੀਆਂ ਸੀਮਾਵਾਂ ਹਨ।’’ ਮਨੁੱਖ ਆਪਣੀ ਘੜੀ ਭਾਸ਼ਾ ਰਾਹੀਂ ਹੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਵਿਟਗਨਸਟਾਈਨ ਦੇ ਇਸ ਕਥਨ ’ਤੇ ਅਨੰਤ ਬਹਿਸ-ਮੁਬਾਹਿਸਾ ਹੋਇਆ ਹੈ ਕਿ ਕੀ ਮਨੁੱਖ ਆਪਣੀ ਸਿਰਜੀ ਭਾਸ਼ਾ ਰਾਹੀਂ ਆਪਣੇ ਵਿਚਾਰਾਂ ਜਾਂ ਭਾਵਨਾਵਾਂ ਨੂੰ ਸਹੀ ਰੂਪ ਵਿਚ ਕਹਿਣ ਵਿਚ ਸਫ਼ਲ ਹੁੰਦਾ ਹੈ ਜਾਂ ਭਾਸ਼ਾ ਉਸ ਦੇ ਮੰਤਵਾਂ, ਆਸ਼ਿਆਂ ਤੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੀ ਸਗੋਂ ਉਨ੍ਹਾਂ ਨੂੰ ਲੁਕਾਉਂਦੀ ਹੈ; ਮਨੁੱਖ ਚਾਹੁੰਦਾ ਕੁਝ ਹੋਰ ਹੈ ਤੇ ਬੋਲਦਾ ਕੁਝ ਹੋਰ।
ਸੱਤਾ ਤੇ ਤਾਕਤ ਹਾਸਲ ਕਰਨ ਦਾ ਵਰਤਾਰਾ ਆਦਿ-ਕਾਲ ਤੋਂ ਮਨੁੱਖ ਦੇ ਵੱਖ ਵੱਖ ਕਾਰਜਾਂ ਦਾ ਧਰਾਤਲ ਬਣਦਾ ਰਿਹਾ ਹੈ। ਬਹੁਤ ਪੁਰਾਤਨ ਸਮਿਆਂ ਵਿਚ ਨਿਰੋਲ ਸਰੀਰਕ ਸ਼ਕਤੀ ਕਿਸੇ ਮਨੁੱਖ ਜਾਂ ਮਨੁੱਖੀ ਸਮੂਹ ’ਤੇ ਤਾਕਤ ਹਾਸਲ ਕਰਨ ਦਾ ਜ਼ਰੀਆ ਬਣਦੀ ਸੀ ਪਰ ਜਦੋਂ ਭਾਸ਼ਾ ਨੇ ਮਨੁੱਖ ਦੇ ਵਿਹਾਰਕ ਸੰਸਾਰ ਵਿਚ ਕੇਂਦਰੀ ਸਥਾਨ ਹਾਸਲ ਕੀਤਾ ਤਾਂ ਇਹ ਤਾਕਤ ਹਾਸਲ ਕਰਨ ਦੇ ਯਤਨਾਂ ਵਿਚ ਵੀ ਮਹੱਤਵਪੂਰਨ ਤੱਤ ਬਣ ਕੇ ਉੱਭਰੀ। ਸਦੀਆਂ ਤੋਂ ਆਗੂਆਂ ਨੇ ਮਨੁੱਖੀ ਸਮੂਹਾਂ ਨੂੰ ਇਕ-ਦੂਜੇ ਨਾਲ ਲੜਾਉਣ, ਵੈਰ-ਵਿਰੋਧ ਤੇ ਕੁੜੱਤਣ ਪੈਦਾ ਕਰਨ, ਸੱਤਾ ਹਥਿਆਉਣ ਤੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਭਾਸ਼ਾ ਦੀ ਵਰਤੋਂ ਕੀਤੀ ਹੈ ਪਰ ਇਸ ਦੇ ਨਾਲ ਨਾਲ ਭਾਸ਼ਾ ਰਾਹੀਂ ਹੀ ਜ਼ੋਰ-ਜਬਰ ਵਿਰੁੱਧ ਬੋਲ ਸਿਰਜੇ ਗਏ, ਬਗ਼ਾਵਤਾਂ ਹੋਈਆਂ ਅਤੇ ਪ੍ਰੇਮ, ਸਹਿਜ, ਸਮਾਜਿਕ ਏਕਤਾ, ਬਰਾਬਰੀ ਤੇ ਸਾਂਝੀਵਾਲਤਾ ਦਾ ਸੰਚਾਰ ਹੋਇਆ।
ਪਿਛਲੀ ਸਦੀ ਵਿਚ ਲੂਈ ਅਲਤਿਊਸਰ, ਮਿਸ਼ੈਲ ਫੂਕੋ ਅਤੇ ਹੋਰ ਉੱਘੇ ਚਿੰਤਕਾਂ ਨੇ ਇਹ ਵਿਆਖਿਆ ਕੀਤੀ ਕਿ ਤਾਕਤ ਸਿਰਫ਼ ਸੱਤਾਧਾਰੀਆਂ ਕੋਲ ਨਹੀਂ ਹੁੰਦੀ ਸਗੋਂ ਸਮਾਜ ਵਿਚ ਬਿਖਰੀ ਹੁੰਦੀ ਹੈ। ਇਹ ਘਰ-ਪਰਿਵਾਰ, ਸਮਾਜ, ਵਿੱਦਿਅਕ ਤੇ ਧਾਰਮਿਕ ਅਦਾਰਿਆਂ, ਕਾਨੂੰਨੀ ਸੰਸਥਾਵਾਂ, ਵਿਚਾਰ-ਪ੍ਰਬੰਧਾਂ, ਮਨੁੱਖਾਂ ਦੇ ਆਪਸੀ ਰਿਸ਼ਤਿਆਂ, ਹਰ ਥਾਂ ਮੌਜੂਦ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਜ਼ਿਆਦਾਤਰ ਮਨੁੱਖ ਆਪਣੀ ਜ਼ਿੰਦਗੀ ਸੱਤਾਧਾਰੀ ਤਾਣਿਆਂ-ਬਾਣਿਆਂ ਅਨੁਸਾਰ ਘੱਟ ਅਤੇ ਸਮਾਜਿਕ ਤੇ ਧਾਰਮਿਕ ਨੇਮਾਂ ਤੇ ਬੰਧਨਾਂ ਅਨੁਸਾਰ ਜ਼ਿਆਦਾ ਜਿਊਂਦੇ ਹਨ। ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਤਾਕਤ ਸੱਤਾਮਈ ਸ਼ਕਤੀਆਂ ਦੇ ਹੱਥ ਵਿਚ ਹੁੰਦੀ ਹੈ ਜਿਹੜੀ ਲੋਕਾਂ ’ਤੇ ਦਮਨ ਕਰਨ ਲਈ ਵਰਤੀ ਜਾਂਦੀ ਹੈ; ਇਸ ਦਾ ਆਧਾਰ ਆਰਥਿਕਤਾ ’ਤੇ ਬਣਦਾ ਹੈ। ਮਿਸ਼ੈਲ ਫੂਕੋ ਨੇ ਇਸ ਮੱਤ ਨੂੰ ਹੋਰ ਵਿਸ਼ਾਲਤਾ ਦਿੰਦਿਆਂ ਕਿਹਾ ਕਿ ਤਾਕਤ ਹਰ ਥਾਂ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਅਤੇ ਮਨੁੱਖੀ-ਸਮੂਹਾਂ ਵਿਚ ਵੱਖ ਵੱਖ     ਰੂਪਾਂ ਰਾਹੀਂ ਹਾਜ਼ਰ ਹੁੰਦੀ ਹੈ; ਫੂਕੋ ਅਨੁਸਾਰ, ‘‘ਮਨੁੱਖ ਤਾਕਤ ਦੇ ਸੂਤਰਧਾਰ ਹੁੰਦੇ ਹਨ। ਇਸ ਦੇ ਅਧੀਨ ਪਾਤਰ ਨਹੀਂ।’’ ਹਰ ਮਨੁੱਖੀ ਰਿਸ਼ਤੇ ਤੇ ਵਰਤਾਰੇ ਵਿਚ ਤਾਕਤ ਤੇ ਕਾਮਨਾ ਦੇ ਤੱਤ ਮੌਜੂਦ ਹੁੰਦੇ ਹਨ।
ਹਰ ਮਨੁੱਖ ਵਿਚ ਤਾਕਤ ਦਾ ਕੁਝ ਅੰਸ਼ ਹੁੰਦਾ ਹੈ ਪਰ ਕਈ ਮਨੁੱਖ, ਜਿਹੜੇ ਸਮਾਜ ਵਿਚ ਆਗੂ ਬਣਦੇ ਹਨ, ਤਾਕਤ ਤੇ ਸੱਤਾ ਨੂੰ ਆਪਣੇ ਹੱਥਾਂ ਵਿਚ ਕੇਂਦਰਿਤ ਕਰਨ ਲਈ ਆਰਥਿਕ, ਸਮਾਜਿਕ ਤੇ ਧਾਰਮਿਕ ਤਾਕਤ ਦੀ ਵਰਤੋਂ ਕਰਨ ਦੇ ਨਾਲ ਨਾਲ ਭਾਸ਼ਾ ਦੀ ਅਜਿਹੀ ਸਮਰੱਥਾ ਨਾਲ ਵਰਤੋਂ ਕਰਦੇ ਹਨ ਕਿ ਅਸੀਂ ਉਨ੍ਹਾਂ ਦੇ ਸ਼ਬਦ-ਜਾਲ ਤੋਂ ਮੋਹੇ ਜਾਂਦੇ ਹਾਂ; ਸਾਡੀ ਸੋਚ-ਸਮਝ ਉਨ੍ਹਾਂ ਦੇ ਸ਼ਬਦ-ਜਾਲ ਦੇ ਅਧੀਨ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ’ਤੇ ਮਰਦ-ਪ੍ਰਧਾਨ ਸੋਚ ਨੂੰ ਇਕ ਕੁਦਰਤੀ ਵਰਤਾਰੇ ਵਜੋਂ ਦਿਖਾਉਣ ਵਿਚ ਭਾਸ਼ਾ ਦੀ ਭੂਮਿਕਾ ਬਹੁਤ ਅਹਿਮ ਹੈ; ਔਰਤ ਅਬਲਾ ਹੈ, ਮਰਦ ਉਸ ਦਾ ਰਖਵਾਲਾ ਹੈ। ਕਾਰਪੋਰੇਟ ਤਾਕਤਾਂ ਸਭ ਤੋਂ ਹੁਸ਼ਿਆਰ ਤੇ ਸਮਝਦਾਰ ਵਿਅਕਤੀਆਂ ਨੂੰ ਕਾਰਪੋਰੇਟ ਅਦਾਰਿਆਂ ਵਿਚ ਆਗੂ-ਭੂਮਿਕਾ ਦੇਣ, ਸਮਾਜ ਨੂੰ ਵਿਕਾਸ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਲੈ ਕੇ ਜਾਣ, ਵਧੀਆਂ ਵਸਤਾਂ ਮੁਹੱਈਆ ਕਰਵਾਉਣ ਆਦਿ ਦੇ ਭਰਮ-ਪਾਊ ਤੰਤਰ ਦੀ ਵਿਚਾਰਧਾਰਾ ਵੀ ਭਾਸ਼ਾ ਰਾਹੀਂ ਹੀ ਬੁਣਦੀਆਂ ਹਨ। ਇਸੇ ਤਰ੍ਹਾਂ ਸਮਾਜਿਕ ਵੰਡੀਆਂ ਪਾਉਣ, ਵਿਚਾਰਧਾਰਕ ਤੇ ਧਾਰਮਿਕ ਕੱਟੜਤਾ ਵਧਾਉਣ ਅਤੇ ਸਮਾਜਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰਨ ਦੇ ਵਰਤਾਰੇ ਵੀ ਭਾਸ਼ਾ ਰਾਹੀਂ ਹੀ ਵਾਪਰਦੇ ਹਨ। ਅਜਿਹਾ ਕਰਨ ਵਾਲੇ ਹਿੰਸਾ ਤੇ ਨਫ਼ਰਤ ਦੀ ਭਾਸ਼ਾ ਵਰਤਦੇ ਅਤੇ ਕਈ ਵਰ੍ਹਿਆਂ ਅਤੇ ਦਹਾਕਿਆਂ ਤਕ ਸਮਾਜਿਕ ਚੇਤਨਾ ਨੂੰ ਭਰਮਾਈ ਰੱਖਦੇ ਹਨ।
ਭਰਮੀ ਹੋਈ ਸਮਾਜਿਕ ਚੇਤਨਾ ਵਿਚ ਭਟਕਣ ਦੇ ਅਸੀਮ ਪਸਾਰ ਹੁੰਦੇ ਹਨ। ਆਮ ਲੋਕ ਅਜਿਹੀ ਭਾਸ਼ਾ ਵਰਤਣ ਵਾਲਿਆਂ ਤੋਂ ਬਚ ਨਹੀਂ ਸਕਦੇ। ਸਗੋਂ ਅਜਿਹੀ ਭਾਸ਼ਾ ਉਨ੍ਹਾਂ ਨੂੰ ਮਸਨੂਈ ਤੇ ਹਕੀਕੀ ਤਾਕਤ ‘ਬਖਸ਼ਣ’ ਦਾ ਭਰਮ ਦਿੰਦੀ ਹੈ; ਉਹ ਉਸ ਤਾਕਤ ਨੂੰ ਵਰਤਦੇ ਅਤੇ ਵਕਤੀ ਤੌਰ ’ਤੇ ਤਾਕਤਵਰ ਹੋਣ ਦੀ ਭੂਮਿਕਾ ਵੀ ਨਿਭਾਉਂਦੇ ਹਨ। ਪਿਛਲੇ ਕੁਝ ਵਰ੍ਹਿਆਂ ਵਿਚ ਅਸੀਂ ਭਟਕਣ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਜੂਮੀ ਹਿੰਸਾ ਕਰਦਿਆਂ ਵੇਖਿਆ ਹੈ। ਸਮਾਜ ਵਿਚ ਉਨ੍ਹਾਂ ਨੂੰ ਮਾਣ-ਸਨਮਾਨ ਵੀ ਮਿਲਿਆ ਹੈ।
ਪ੍ਰਮੁੱਖ ਸਵਾਲ ਇਹ ਹੈ ਕਿ ਕੀ ਲੋਕ-ਸਮੂਹ ਸੱਤਾਧਾਰੀਆਂ ਜਾਂ ਸੱਤਾ ਦੀ ਲੋਚਾ ਵਿਚ ਕੁਝ ਵੀ ਕਰ ਗੁਜ਼ਰਨ ਵਾਲਿਆਂ ਦੀ ਭਾਸ਼ਾ ਨੂੰ ਸਮਝ ਨਹੀਂ ਸਕਦੇ। ਤਜਰਬਾ ਦੱਸਦਾ ਹੈ ਕਿ ਲੋਕ-ਸਮੂਹ ਅਸਫ਼ਲ ਹੁੰਦੇ ਹਨ। ਦਹਾਕਿਆਂ ਦੇ ਦਹਾਕੇ ਅਡੋਲਫ ਹਿਟਲਰ ਨੇ ਜਰਮਨੀ ਦੇ ਲੋਕਾਂ ਨੂੰ ਉਨ੍ਹਾਂ ਦੀ ਨਸਲੀ ਸ੍ਰੇਸ਼ਟਤਾ ਦਾ ਪਾਠ ਪੜ੍ਹਾਇਆ ਤੇ ਉਨ੍ਹਾਂ ਦੇ ਮਨਾਂ ’ਤੇ ਕਬਜ਼ਾ ਕਰਦਿਆਂ ਅਜਿਹੀ ਆਪਾ-ਮਾਰੂ ਸਮੂਹਿਕ ਵਿਚਾਰਧਾਰਾ ਪੈਦਾ ਕਰਨ ਵਿਚ ਸਫ਼ਲ ਹੋਇਆ ਜਿਸ ਤਹਿਤ ਜਰਮਨੀ ਦੇ ਲੋਕ ਆਪਣੇ ਆਪ ਨੂੰ ਸਭ ਤੋਂ ਸ਼ੁੱਧ ਆਰੀਆ ਮੰਨਣ ਲੱਗ ਪਏ ਅਤੇ ਯਹੂਦੀਆਂ, ਰੋਮਾ (ਜਿਪਸੀ) ਅਤੇ ਹੋਰ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਦਾ ਘਾਣ ਕੀਤਾ ਗਿਆ। ਅਜਿਹੇ ਆਗੂਆਂ ਨੂੰ ਕੋਈ ਫ਼ਰਕ ਨਹੀਂ ਪੈਦਾ ਕਿ ਸਮਾਜ ਵਿਚ ਨਫ਼ਰਤ ਦਾ ਜ਼ਹਿਰ ਘੁਲ ਰਿਹਾ ਹੈ ਸਗੋਂ ਉਹ ਅਜਿਹੀ ਸੋਚ ਦੇ ਪਨਪਣ ਨੂੰ ਆਪਣੀ ਸਫ਼ਲਤਾ ਸਮਝਦੇ ਹਨ। ਉਨ੍ਹਾਂ ਦੀ ਸੱਤਾ-ਲਾਲਸਾ ਕਦੇ ਖ਼ਤਮ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ।।’’ ਭਾਵ ਇਨਸਾਨ ਦੀ ਖ਼ਾਹਿਸ਼ ਬਹੁਤ ਵਧ ਗਈ ਹੈ ਅਤੇ ਇਹ ਕਿਸੇ ਤਰ੍ਹਾਂ ਨਹੀਂ ਬੁਝਦੀ। ਅਜਿਹੇ ਆਗੂਆਂ ਦਾ ਸ਼ਬਦ-ਜਾਲ ਲੋਕ-ਮਨ ’ਤੇ ਲੰਮੀ ਦੇਰ ਲਈ ਕਬਜ਼ਾ ਬਣਾਈ ਰੱਖਦਾ ਹੈ। ਮਨੁੱਖ ਕੁੜੱਤਣ ਭਰੇ ਇਨ੍ਹਾਂ ਭਾਸ਼ਾਈ ਵਿਚਾਰ-ਪ੍ਰਬੰਧਾਂ ਸਾਹਮਣੇ ਨਿਤਾਣਾ ਹੋ ਜਾਂਦਾ ਹੈ। ਉਹ ਇਨ੍ਹਾਂ ਵਿਚ ਭਟਕਦਾ ਆਪਣੀ ਜ਼ਿੰਦਗੀ ਦੇ ਅਰਥ ਲੱਭਦਾ ਹੈ।
ਸਾਡਾ ਭੂਗੋਲਿਕ ਖ਼ਿੱਤਾ ਪੰਜਾਬ ਸਦੀਆਂ ਤੋਂ ਦੁਖਾਂਤ ਭੋਗਦਾ ਰਿਹਾ ਹੈ। ਇੱਥੇ ਬਾਬਾ ਫ਼ਰੀਦ, ਗੁਰੂ ਨਾਨਕ ਦੇਵ ਜੀ, ਬੁੱਲ੍ਹੇ ਸ਼ਾਹ ਅਤੇ ਹੋਰ ਅਨੇਕ ਭਗਤਾਂ, ਸੂਫ਼ੀਆਂ ਤੇ ਚਿੰਤਕਾਂ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਵਿਚ ਪ੍ਰੋਣ ਵਾਲੀ ਭਾਸ਼ਾ ਤੇ ਚਿੰਤਨ-ਸੰਸਾਰ ਸਿਰਜੇ ਹਨ। ਪੰਜਾਬੀ ਲੋਕ-ਮਨ ਅਜਿਹੇ ਚਿੰਤਨ-ਸੰਸਾਰਾਂ ਵਿਚ ਸਰਸ਼ਾਰ ਵੀ ਹੋਇਆ ਹੈ ਅਤੇ ਕਈ ਵਾਰ ਇਨ੍ਹਾਂ ਤੋਂ ਬਾਹਰ ਜਾ ਕੇ ਭਟਕਿਆ ਵੀ ਹੈ। ਪਿਛਲੀ ਸਦੀ ਵਿਚ ਅਜਿਹੀ ਭਟਕਣ ਦੀ ਸਿਖ਼ਰ 1940ਵਿਆਂ ਤੇ 1980ਵਿਆਂ ਵਿਚ ਦੇਖੀ ਗਈ। ਪੰਜਾਬ ਦੀ ਆਤਮਾ ਨੂੰ ਕੋਹਿਆ, ਲੂਹਿਆ ਤੇ ਵਲੂੰਧਰਿਆ ਗਿਆ। 2020-21 ਵਿਚ ਪੰਜਾਬ ਦੀ ਹਿੰਮਤੀ ਰੂਹ ਨੇ ਕਿਸਾਨ ਅੰਦੋਲਨ ਦੇ ਰੂਪ ਵਿਚ ਇਕ ਅਦੁੱਤੀ ਰਾਗ ਗਾ ਕੇ ਸਾਰੀ ਦੁਨੀਆ ਲਈ ਆਸਾਂ-ਉਮੀਦਾਂ ਦਾ ਮੁਨਾਰਾ ਬਣਨ ਦੀ ਕੋਸ਼ਿਸ਼ ਕੀਤੀ। ਉਸ ਮੁਨਾਰੇ ਦੀ ਲੋਅ ਦੂਰ ਦੂਰ ਤਕ ਗਈ। ਕਿਸਾਨ ਅੰਦੋਲਨ ਤਾਂ ਜੇਤੂ ਹੋਇਆ ਪਰ ਆਸਾਂ-ਉਮੀਦਾਂ ਦਾ ਮੁਨਾਰਾ ਕਾਇਮ ਨਾ ਰਹਿ ਸਕਿਆ। ਪੰਜਾਬ ਦੀ ਰੂਹ ਉਸ ਅੰਦੋਲਨ ਦੌਰਾਨ ਲੱਗੇ ਸਾਂਝੀਵਾਲਤਾ ਦੇ ਜਲੌਅ ਨੂੰ ਲੱਭਣ ਲਈ ਫਿਰ ਭਟਕ ਰਹੀ ਹੈ। ਇਸ ਆਤਮਾ ਦੀ ਪੁਕਾਰ ਕੁਝ ਅਜਿਹੀ ਹੈ, ‘‘ਕੌਣ ਦੁਸ਼ਮਣ ਤੇ ਕੌਣ ਏ ਯਾਰ ਏਥੇ, ਕਿੰਞ ਖਿੱਚਾਂ ਮੈਂ ਐਸੀ ਲੀਕ ਯਾਰੋ/ ਮੈਂ ਤਾਂ ਹੱਸਦੇ ਬੂਹਿਆਂ ਨੂੰ ਚਾਹਿਆ ਸੀ/ ਮੈਨੂੰ ਦਸਤਕਾਂ ਦੀ ਸੀ ਉਡੀਕ ਯਾਰੋ/ ਬੰਦਾ ਬੰਦੇ ਦੇ ਗਲ ਲੱਗ ਰੋ ਸਕਦੈ/ ਰੋਣਾ ਬਣਿਆ ਇਕੱਲ ਦੀ ਚੀਖ਼ ਯਾਰੋ।’’ ਪੰਜਾਬੀਆਂ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਉਹ ਆਪਣੇ ਜਨ-ਅੰਦੋਲਨਾਂ ਨੂੰ ਸਾਂਝੀਵਾਲਤਾ ਦੀ ਵਿਰਾਸਤ ਨਾਲ ਸਮਰੂਪ ਕਿਵੇਂ ਕਰ ਸਕਦੇ ਹਨ।