ਮੇਰੀ ਆਸਟਰੇਲੀਆ ਫੇਰੀ-2 - ਨਿੰਦਰ ਘੁਗਿਆਣਵੀ

ਟਹਿਲਦਾ-ਟਹਿਲਦਾ ਮੈਂ ਇੱਕ ਘਾਹ ਮੈਦਾਨ ਵੱਲ ਚਲਾ ਗਿਆ। ਘਾਹ ਮੈਦਾਨ ਏਨਾ ਸਾਫ਼ ਸੀ ਤੇ ਹਰਾ-ਕਚੂਰ ਘਾਹ ਏਨੇ ਕਰੀਨੇ ਨਾਲ ਘਰੜ ਕੇ ਕੱਟਿਆ ਹੋਇਆ ਸੀ,ਇਵੇਂ ਲਗਦਾ ਸੀ ਜਿਵੇਂ ਇਹ ਘਾਹ ਦਾ ਮੈਦਾਨ ਨਹੀਂ, ਸਗੋਂ ਦੂਰ-ਦੂਰ ਤੀਕ ਕੋਈ ਹਰੇ ਰੰਗ ਦੀ ਦਰੀ ਵਿਛਾ ਗਿਆ ਹੋਵੇ! ਅਜਿਹੀ ਦਰੀ, ਜਿਸ 'ਤੇ ਕੋਈ ਵੱਟ-ਵਲੇਂਵਾਂ ਨਹੀਂ ਸੀ ਦਿਸਦਾ। ਕੋਸੀ-ਕੋਸੀ ਧੁੱਪ ਨੇ ਮੈਨੂੰ ਘਾਹ ਦੀ ਉਸ ਇਕਸਾਰ ਵਿਛੀ ਦਰੀ 'ਤੇ ਕੁਝ ਪਲ ਲੇਟਣ ਲਈ ਮਜਬੂਰ ਕਰ ਦਿੱਤਾ ਸੀ। ਨਾ ਹਵਾ ਵਗਦੀ ਸੀ ਤੇ ਨਾ ਕੋਈ ਸ਼ੋਰ ਸੁਣੀਂਦਾ ਸੀ। ਕੋਈ-ਕੋਈ ਟਾਂਵਾ-ਟਾਂਵਾ ਯਾਤਰੀ ਕਿਸੇ ਨਾਲ ਕੋਈ ਗੱਲ ਵੀ ਕਰਦਾ ਸੀ ਤਾਂ ਉਹ ਸਿਰਫ਼ ਆਪਣੇ ਤੀਕ ਸੁਣਨ-ਸੁਣਾਉਣ ਜੋਗੀ ਆਵਾਜ਼ ਵਿੱਚ ਹੀ ਕਰਦਾ ਸੀ। ਮੈਂ ਕੁਝ ਪਲਾਂ ਦੀ ਸੋਚ ਕੇ ਹੀ ਲੇਟਿਆ ਸੀ ਪਰ ਜਦ ਮੈਂ ਜਾਗਿਆ ਸੀ ਤਾਂ ਦੋ ਘੰਟੇ ਤੋਂ ਵੀ ਵਧੇਰੇ ਦਾ ਸਮਾਂ ਹੋ ਚੱਲਿਆ ਸੀ, ਜਦ ਤੀਕ ਉਸ ਜੰਗਲ ਦੇ ਪੰਛੀ ਵੀ ਗਾਉਣ ਲੱਗ ਪਏ ਸਨ। ਵੰਨ-ਸੁਵੰਨੜੇ ਪੰਛੀਆਂ ਦੀਆਂ ਸੁਰ-ਭਿੱਜੀਆਂ ਆਵਾਜ਼ਾਂ ਮੰਤਰ-ਮੁਗਧ ਕਰਨ ਦੇਣ ਵਾਲੀਆਂ ਸਨ, ਉਹ ਪੰਛੀ ਇਉਂ ਲੱਗੇ, ਜਿਵੇਂ ਰਲ-ਮਿਲਕੇ ਸਮੂਹ-ਗਾਨ ਦਾ ਗਾਇਨ ਕਰ ਰਹੇ ਹੋਣ! ਜਦ ਘਰ ਵੱਲ ਤੁਰੇ ਤਾਂ ਦੂਰ ਤੀਕ ਪਸਰੇ ਪਹਾੜਾਂ ਪਿੱਛੇ ਲਹਿੰਦਾ ਸੂਰਜ ਵੀ ਘਰ ਪਰਤ ਰਿਹਾ ਸੀ।
                        """"'
                                              
ਮੈੱਲਬੌਰਨ ਦੀ ਏਅਰਪੋਰਟ ਤੋਂ ਬਾਹਰ ਆਇਆ ਤਾਂ ਠੰਢਾ ਝੱਖੜ ਝੁੱਲ ਰਿਹਾ ਸੀ। ਸਾਝਰਾ ਹੀ ਸੀ ਪਰ ਫਿਰ ਵੀ ਭੀੜ ਸੀ। ਆਸਮਾਨ ਛੂੰਹਦੀਆਂ ਇਮਾਰਤਾਂ ਦੀਆਂ ਬੱਤੀਆਂ ਹਾਲੇ ਜਗਮਗ-ਜਗਮਗ ਕਰ ਰਹੀਆਂ ਸਨ। ਸਵੇਰ ਹੋਈ ਹੀ ਸੀ ਤੇ ਨਾਲ ਹੀ ਦੁਨੀਆਂ ਦਾ ਮੇਲਾ ਵੀ ਸ਼ੁਰੂ ਹੋ ਗਿਆ ਸੀ। ਕੋਈ ਕਿਸੇ ਨੂੰ ਪੁਛਦਾ ਨਹੀ ਸੀਂ...ਕਿੱਥੋਂ ਦੀ ਜਾਣਾ ਐ? ਕਿੱਥੋਂ ਦੀ ਆਉਣਾ ਐ? ਬੋਰਡ ਜਗ ਰਹੇ ਸਨ ਤੇ ਟਿਮਟਿਮਾਉਂਦੇ ਅੱਖਰ ਦੱਸ ਰਹੇ ਸਨ...ਇੱਧਰੋਂ ਦੀ ਅੰਦਰ ਵੜੋ ਤੇ ਇੱਧਰੋਂ ਦੀ ਬਾਹਰ ਨਿਕਲੋ। ਏਥੋਂ ਕੌਫ਼ੀ ਪੀਓ ਤੇ ਇੱਧਰ ਪਿਸ਼ਾਬ ਕਰੋ। ਪੰਜਾਬੀ ਟੈਕਸੀ ਡਰੈਵਰ ਖੱਟੇ ਰੰਗ ਦੀਆਂ ਟੈਕਸੀਆਂ ਭਜਾਈ ਫਿਰਦੇ ਸਨ। ਨਾ ਕੋਈ ਹੌਰਨ ਮਾਰਦਾ ਸੀ, ਨਾ ਕੋਈ ਵਾਧੂੰ ਦੀਆਂ ਰੇਸਾਂ ਦੇ-ਦੇ ਕੇ ਧੂੜਾਂ ਪਟਦਾ ਸੀ। ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ, ਮਸਤ ਸਨ। ਜਹਾਜ਼ਾਂ 'ਚੋਂ ਉਤਰ੍ਹੇ ਸੂਟਿਡ-ਬੂਟਿਡ ਗੋਰੇ ਵਪਾਰੀ ਹੱਥਾਂ ਵਿੱਚ ਅਟੈਚੀ ਫੜੀ ਤੇ ਗਲਾਂ ਵਿੱਚ ਲੈਪ-ਟੌਪ ਲਟਕਾਈ ਤੇਜ਼ੀ ਨਾਲ ਟੈਕਸੀਆਂ ਪਕੜ ਰਹੇ ਸਨ। ਉਹ ਸਾਡੇ ਵਾਂਗ ਸੁੱਤ-ਉਣੀਂਦੇਂ ਨਹੀ ਸਗੋਂ ਚੁਸਤ-ਫੁਰਤ ਸਨ। ਚਾਲ ਵਿੱਚ ਚੁਸਤੀ ਸੀ...ਕਦਮ ਕਸੇ ਹੋਏ ਸਨ। ਜਿੱਧਰ ਦੇਖੋ, ਲੰਬੇ ਕੱਦਾਂ ਵਾਲੀਆਂ ਤੀਵੀਆਂ ਤੇ ਮਰਦ ਤੇਜ਼-ਤੇਜ਼ ਤੁਰਦੇ ਦਿਖਾਈ ਦਿੰਦੇ। ਤੁਰਿਆ ਜਾਂਦਾ ਕੋਈ-ਕੋਈ ਹਲਕੀ ਜਿਹੀ ਮੁਸਕਾਨ ਬਿਖੇਰਦਾ। ਸਭ ਆਪਣੇ-ਆਪਣੇ ਧਿਆਨ ਸਿਰ ਸਨ। ਤੁਰਦੇ ਜਾਂਦੇ ਗੋਰਿਆਂ ਨੂੰ ਜਿਵੇਂ ਧਰਤੀ ਵੀ ਆਪਣੇ-ਆਪ ਵਿਹਲ ਦੇ ਰਹੀ ਸੀ। ਉਹਨਾਂ ਦੇ ਲੰਬੀਆਂ ਚੁੰਝਾਂ ਵਾਲੇ ਬੂਟ ਲਿਸ਼ਕਦੇ ਤੇ ਲੰਬੇ ਕਾਲੇ ਕੋਟ ਝੂ਼ਲਦੇ। ਕੰਚ ਦੇ ਗੋਲ-ਗੋਲ ਬੰਟਿਆਂ ਜਿਹੀਆਂ ਉਹਨਾਂ ਦੀਆਂ ਬਿੱਲੀਆਂ ਅੱਖੀਆਂ ਚਾਰੇ ਪਾਸੇ ਮਾਰ ਕਰਦੀਆਂ। ਜਹਾਜ਼ੋ ਉਤਰਦਿਆਂ ਆਪਣਿਆਂ ਪਿਆਰਿਆਂ ਨੂੰ ਕੋਈ ਫੁੱਲ ਭੇਟ ਕਰ ਰਿਹਾ ਸੀ। ਕੋਈ ਤਸਵੀਰਾਂ ਖਿੱਚ੍ਹਦਾ ਸੀ। ਕੋਈ ਗਲਵੱਕੜੀ ਪਾਉਂਦਾ ਸੀ। ਕੋਈ ਹਲਕਾ ਜਿਹਾ ਚੁੰਮਣ ਲੈਂਦਾ ਸੀ ਤੇ ਆਪੋ-ਆਪਣਾ ਪਿਆਰ-ਸਤਿਕਾਰ ਪੇਸ਼ ਕਰ ਰਿਹਾ ਸੀ। ਦੋ-ਦੋ ਮੰਜ਼ਿਲੀਆਂ ਬੱਸਾਂ ਭਰੀਆਂ ਆਉਂਦੀਆਂ ਤੇ ਭਰ-ਭਰ ਜਾਈ ਜਾਂਦੀਆਂ। ਟੈਕਸੀ ਇੱਕ ਮਿੰਟ ਤੋਂ ਵੀ ਘੱਟ ਵਕਤ ਲਈ ਰੁਕਦੀ, ਸਵਾਰੀ ਚੁਕਦੀ ਤੇ ਛੂਟ ਵੱਟ ਲੈਂਦੀ...। ਟੈਕਸੀਆਂ ਦੀ ਲਾਮਡੋਰੀ ਲੱਗੀ ਹੋਈ ਸੀ, ਨਾ ਚੜ੍ਹਨ ਵਾਲੇ ਮੁਕਦੇ ਸਨ ਤੇ ਨਾ ਚੁੱਕਣ ਵਾਲੇ। ਜਹਾਜ਼ ਲਿਆ-ਲਿਆ ਉਤਾਰੀ ਜਾਂਦੇ ਸਨ, ਟੈਕਸੀਆਂ ਚੁਕ-ਚੁੱਕ ਲਈ ਜਾਂਦੀਆਂ ਸਨ।
ਮੈਨੂੰ ਠੰਢ ਸਤਾਉਣ ਲੱਗੀ, ਆਪਣਾ ਲੰਬਾ ਕਾਲਾ ਕੋਟ ਮੈਂ ਵੱਡੇ ਅਟੈਚੀ ਵਿੱਚ ਰੱਖ ਚੁੱਕਾ ਸਾਂ, ਜੁ ਉਥੇ ਖਲੋ ਕੇ ਕੱਢਣਾ ਸੌਖਾਲਾ ਨਹੀਂ ਜਾਪਦਾ ਸੀ। ਮੈਨੂੰ ਲੈਣ ਆ ਰਿਹਾ ਮੁਕਤਸਰੀਆ ਦੋਸਤ ਗਿੰਨੀ ਸਾਗੂ ਟਰੈਫਿਕ ਵਿੱਚ ਫਸ ਗਿਆ ਸੀ ਤੇ ਵਾਰ-ਵਾਰ ਫ਼ੋਨ ਕਰ ਰਿਹਾ ਸੀ ਕਿ ਮੈਂ ਹੁਣੇ ਆਇਆ ਕਿ ਆਇਆ!
ਸਿਡਨੀ ਦਾ ਮੌਸਮ ਤਾਂ ਠੀਕ-ਠਾਕ ਸੀ ਤੇ ਏਥੇ ਤਾਂ ਠੰਢ ਪਾਸੇ ਭੰਨੀ ਜਾਂਦੀ ਸੀ। ਮੈਂ ਗੁਲੂਬੰਦ ਗਲੋਂ ਲਾਹ ਕੇ ਗਲ ਵਿੱਚ ਲਪੇਟ ਲਿਆ ਤੇ ਟਰੇਲੀ ਰੋੜ੍ਹਦਾ ਬਾਹਰ ਨੂੰ ਆ ਗਿਆ। ਪੰਜ ਕੁ ਮਿੰਟ ਖਲੋਤਾ ਰਿਹਾ ਤਾਂ ਗਿੰਨੀ ਆ ਗਿਆ, ਆਖਣ ਲੱਗਾ, ''ਸਵੇਰ ਨੂੰ ਤਾਂ ਏਥੇ ਏਹੋ ਮੁਸੀਬਤ ਹੁੰਦੀ ਆ ਟਰੈਫ਼ਿਕ ਦੀ...ਭੋਰਾ ਥਾਂ ਨਹੀਂ ਕਿਤੇ ਕਾਰ ਪਾਰਕਿੰਗ ਲਈ...ਸਾਰੀਆਂ ਰੋਡਾਂ ਜਾਮ ਨੇ...ਆਉਂਦੇ ਨੂੰ ਡੇਢ ਘੰਟਾ ਲੱਗ ਗਿਆ...ਏਨਾ ਟਾਈਮ ਘਰ ਜਾਣ ਨੂੰ ਲੱਗ ਜਾਣਾ।"
ਮੈੱਲਬੌਰਨ ਤਾਂ ਖੁੱਲ੍ਹਮ-ਖੁੱਲ੍ਹਾ ਪਿਆ ਸੀ। ਸਿਡਨੀ ਨਾਲੋਂ ਇਹਦਾ ਬਹੁਤ ਫਰਕ ਸੀ। ਮੈਂ ਏਥੇ ਤਿੰਨ ਹਫ਼ਤੇ ਰੁਕਣਾ ਸੀ ਤੇ ਸਾਰੇ ਦਿਨ ਪਹਿਲਾਂ ਤੋਂ ਹੀ ਪ੍ਰੋਗਰਾਮਾਂ, ਆਪਣੀਆਂ ਸਾਹਿਤਕ-ਸੰਗੀਤਕ ਬੈਠਕਾਂ ਤੇ ਮਿੱਤਰਾਂ ਤੇ ਪਾਠਕਾਂ ਦੇ ਮੇਲ-ਗੇਲ ਲਈ ਮਿਤੀਆਂ ਮੁਤਾਬਕ ਮਿਥੇ ਹੋਏ ਸੀ। ਜੇ ਮੈੱਲਬੌਰਨ ਦੇ ਸਾਊਥ ਤੋਂ ਨੌਰਥ ਪਾਸੇ ਜਾਣਾ ਹੁੰਦਾ ਤਾਂ ਡੇਢ ਤੋਂ ਦੋ ਘੰਟੇ ਸੌਖੇ ਹੀ ਲੱਗ ਜਾਂਦੇ। ਇਵੇਂ ਵੈਸਟ ਤੋਂ ਈਸਟ ਨੂੰ ਵਕਤ ਲਗਦਾ। ਇਹਨਾਂ ਤਿੰਨ  ਹਫਤਿਆਂ ਨੂੰ ਮੈਂ ਚਹੁੰ ਪਾਸਿਆਂ ਵਿੱਚ ਵੰਡ ਲਿਆ ਹੋਇਆ ਸੀ, ਤਾਂ ਕਿ ਮੇਰੇ ਮੇਜ਼ਬਾਨਾਂ ਦਾ ਵਕਤ ਵੀ ਨਾ ਜ਼ਾਇਆ ਨਾ ਹੋਵੇ ਤੇ ਮੈਨੂੰ ਵੀ ਸੌਖਾ ਰਹੇ। ਪਤਾ ਹੀ ਨਾ ਲੱਗਿਆ ਕਿ ਮੈੱਲਬੌਰਨ ਵਿੱਚ ਤਿੰਨ ਹਫ਼ਤੇ ਕਦੋਂ ਤੇ ਕਿਵੇਂ ਬੀਤ ਗਏ! ਆਸਟ੍ਰੇਲੀਆ ਵਿਦਿਆਰਥੀ ਵੀਜ਼ਿਆਂ 'ਤੇ ਗਏ ਹੋਏ ਜਿਹੜੇ ਮੁੰਡੇ-ਕੁੜੀਆਂ ਮੈਨੂੰ ਮਿਲ-ਗਿਲ ਰਹੇ ਸਨ, ਉਹ ਸਾਰੇ ਪਹਿਲਾਂ ਤੋਂ ਭਾਰਤ ਵਿੱਚ ਛਪਦੀਆਂ ਮੇਰੀਆਂ ਲਿਖਤਾਂ ਪੜ੍ਹਦੇ ਰਹੇ ਸਨ, ਇਸ ਗੱਲ ਦਾ ਮੈਨੂੰ ਬਹੁਤ ਹੌਸਲਾ ਹੋਇਆ ਸੀ।
ਗੀਤਕਾਰ ਮਿੱਤਰ ਬੱਬਲ ਟਹਿਣਾ ਦੇ ਘਰ ਜਾ ਕੇ ਜਦ ਡਰਾਇੰਗ ਰੂਮ ਵਿੱਚ ਬੈਠਾ ਤਾਂ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਕਿ ਉਸਨੇ ਬਾਬੇ ਨਾਨਕ ਦੀ ਫੋਟੋ ਤੋਂ ਹੇਠਾਂ ਸੁਰਜੀਤ ਪਾਤਰ ਦੀ ਫੋਟੋ ਲਾਈ ਹੋਈ ਸੀ, ਬਾਕੀ ਹੋਰ ਕੋਈ ਫੋਟੋ ਨਹੀਂ ਸੀ। ਬੱਬਲ ਨੇ ਕਿਹਾ ਕਿ ਬਾਬੇ ਨਾਨਕ ਨੇ ਬਾਣੀ ਵਿੱਚ ਲਿਖਾਰੀਆਂ ਬਾਰੇ ਕਿੰਨਾ ਕਮਾਲ ਦਾ ਲਿਖਿਆ ਹੈ, ''ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ।" ਉਸਨੇ ਦੱਸਿਆ ਕਿ ਪਹਿਲੇ ਨੰਬਰ 'ਤੇ ਬਾਬਾ ਨਾਨਕ ਤੇ ਦੂਜੇ ਨੰਬਰ 'ਤੇ ਪਾਤਰ ਸਾਹਬ ਮੇਰੇ ਮਨ-ਪਸੰਦੀਦਾ ਹਨ। ਉਸਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਉਹ ਪਾਤਰ ਸਾਹਬ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੁੰਦਾ ਹੈ ਪਰ ਝਕਦਾ ਹੈ ਕਿ ਏਡਾ ਵੱਡਾ ਸ਼ਾਇਰ ਉਸ ਨਵੇਂ ਨਾਲ ਗੱਲ ਕਰੇਗਾ ਜਾਂ ਨਾ? ਮੈਂ ਉਸ ਨੂੰ ਆਖਿਆ ਕਿ ਨਹੀਂ...ਅਜਿਹੀ ਕੋਈ ਗੱਲ ਨਹੀਂ ਹੈ...ਪਾਤਰ ਸਾਹਿਬ ਖ਼ੂਦ ਇਨਸਾਨ ਬਹੁਤ ਕੋਮਲ ਤੇ ਨਿਮਰ ਨੇ...ਲੈ ਤੇਰੀ ਹੁਣੇ ਹੀ ਉਹਨਾਂ ਨਾਲ ਗੱਲ ਕਰਵਾਉਂਦਾ ਹਾਂ। ਮੈਂ ਪਾਤਰ ਸਾਹਬ ਦਾ ਮੋਬਾਈਲ 'ਤੇ ਫੋਨ ਮਿਲਾਇਆ ਤੇ ਬੱਬਲ ਦੀ ਗੱਲ ਕਰਵਾਈ। ਉਹ ਬਹੁਤ ਪ੍ਰਸੰਨ ਸੀ ਪਾਤਰ ਸਾਹਬ ਨਾਲ ਗੱਲ ਕਰਕੇ।
                      """"""'
 ਆਥਣ ਹੁੰਦੀ ਸਾਰ ਏਥੇ ਰੌਣਕ ਬਹੁਤ ਵਧ ਜਾਂਦੀ ਹੈ। ਦੇਰ ਤੀਕ ਗਹਿਮਾ-ਗਹਿਮੀ ਲੱਗੀ ਰਹਿੰਦੀ ਹੈ।  ਮੈਂ ਘਰ ਵਿੱਚ ਇਕੱਲਾ ਬੋਰੀਅਤ ਮਹਿਸੂਸ ਕਰ ਰਿਹਾ ਸੀ। ਸੋਚਿਆ ਕਿਉਂ ਨਾ ਮਸਤੀ  ਮਾਰ ਆਵਾਂ! ਮੇਰੇ ਦੋਸਤ ਤੇ ਉਹਦੀ ਪਤਨੀ ਨੇ ਸਵੇਰੇ ਕੰਮ ਤੋਂ ਘਰ ਪਰਤਣਾ ਸੀ। ਮੈਂ ਘਰ ਤੋਂ ਬਾਹਰ ਆਇਆ ਤੇ ਬੱਸ ਵਿੱਚ ਬੈਠ ਗਿਆ। ਦਸ ਮਿੰਟਾਂ ਦੀ ਡਰਾਈਵ ਹੋਣੀ। ਇੱਥੇ ਆ ਕੇ ਸਾਰੀ ਬੱਸ ਖਾਲੀ ਹੋ ਗਈ। ਮੌਸਮ ਖਰਾਬ ਸੀ। ਕੋਈ-ਕੋਈ ਕਣੀ ਡਿਗਦੀ। ਕਾਹਲ ਨਾਲ ਭੀੜ ਹਾਲ ਦੇ ਅੰਦਰ ਜਾ ਰਹੀ ਸੀ।
ਲੰਮੇ ਖੰਭਿਆਂ ਵਿੱਚੋਂ ਅੱਗ ਦੀਆਂ ਲਾਟਾਂ ਉੱਚੀਆਂ ਉੱਠੀਆਂ ਤਾਂ ਨਾਲ ਲਗਦੀ ਬੀਚ ਵੀ ਜਗ-ਮਗ ਜਗ-ਮਗ ਕਰ ਉੱਠੀ ਤੇ ਫਿਰ ਜਲਦੀ ਹੀ ਖੰਭੇ ਸ਼ਾਂਤ ਹੋ ਗਏ, ਜਿਵੇਂ ਸਵੇਰ ਦੇ ਇਉਂ ਹੀ ਖਲੋਤੇ ਹੋਣ! ਗੋਲ ਫੁਹਾਰਿਆਂ ਵਿੱਚੋਂ ਪਾਣੀਆਂ ਦੀਆਂ ਪਤਲੀਆਂ ਧਾਰਾਂ ਕਦੇ ਅੁੱਚੀਆਂ ਤੇ ਕਦੇ ਟੇਢੀਆਂ-ਮੇਢੀਆਂ ਏਧਰ-ਓਧਰ ਹੋ ਡਿੱਗਣ ਲਗਦੀਆਂ। ਪਾਣੀ ਦੇ ਫੁਹਾਰਿਆਂ ਨੂੰ ਸੰਗੀਤ ਚਲਾ ਰਿਹਾ ਸੀ, ਜਿਵੇਂ-ਜਿਵੇਂ ਕਿਸੇ ਸਾਜ਼ ਦੀ ਧੁਨੀਂ ਉੱਚੀ-ਨੀਵੀਂ ਹੋਣ ਲਗਦੀ...ਉਵੇਂ-ਉਵੇਂ ਪਾਣੀ ਦੀਆਂ ਧਾਰਾਂ ਆਪਣੀ ਦਿਸ਼ਾ ਬਦਲਣ ਲਗਦੀਆਂ। ਰੌਸ਼ਨੀਆਂ ਦੀ ਝਿਲਮਿਲਾਹਟ, ਗੋਰਿਆਂ ਦੀਆਂ ਕੂਕਾਂ...ਸਿਗਰਟਾਂ ਦੇ ਲੰਬੇ-ਲੰਬੇ ਕਸ਼ ਖਿਚ੍ਹਦੀਆਂ ਚਹਿ-ਚਹਾ ਰਹੀਆਂ ਗੋਰੀਆਂ। ਬਾਹਰ ਕਿਣਮਿਣ ਹੋਰ ਤੇਜ਼ ਹੋ ਗਈ ਸੀ, ਪਤਾ ਨਹੀਂ ਕਾਹਦੀ ਛੱਤ ਸੀ...ਕਣੀਆਂ ਦਾ ਖੜਕਾ ਪ੍ਰਤੱਖ ਸੁਣਦਾ। ਮੈਂ ਵੱਡੇ ਹਾਲ ਅੰਦਰ ਤੁਰਦਾ ਜਾ ਰਿਹਾ ਸਾਂ। ਆਸਿਓ-ਪਾਸਿਓਂ ਲੱਪਾਂ-ਲੱਪ ਚਾਨਣਾ ਡਿੱਗਦਾ ਤਾਂ ਕੰਕਰੀਟ ਵਿੱਚ ਮੜ੍ਹੀ ਧਰਤੀ ਲਿਸ਼ਕ ਉਠਦੀ। ਲੰਬੇ-ਲੰਬੇ ਗੋਲ ਥਮਲੇ ਵੀ ਚਮਕ ਰਹੇ ਸਨ। ਆਸੇ-ਪਾਸੇ ਕੱਚ ਦੀਆਂ ਕੰਧਾਂ ! ਚਮਕੀਲੇ ਚਿਹਰੇ! ਤੁਰੇ-ਤੁਰੇ ਜਾਂਦੇ ਲੋਕਾਂ ਦੇ ਬੂਟ ਵੀ ਚਮਕ ਰਹੇ ਸਨ। ਕੈਸਾ ਮੁਲਕ, ਕੈਸੀ ਧਰਤੀ, ਕੈਸੇ ਲੋਕ, ਚਾਰੇ ਪਾਸੇ ਚਮਕ ਹੀ ਚਮਕ...! ਸ਼ਾਇਦ ਏਸੇ ਚਮਕ ਦੇ ਪੱਟੇ ਹੋਏ ਹੀ ਅਸੀਂ ਸਾਰੇ ਆਪਣੇ ਦੇਸ਼ ਦੀ ਕਾਲਖ ਛੱਡ ਏਧਰ ਨੂੰ ਆ ਗਏ? ਮੈਂ ਸੋਚਿਆ ਸੀ।
(ਚਲਦਾ)

4 Feb. 2018