ਪੰਜਾਬ ਦੇ ਚੌਗਿਰਦੇ ਨੂੰ ਗੈਸ ਚੈਂਬਰ ਨਾ ਬਣਨ ਦਿਓ - ਗੁਰਚਰਨ ਸਿੰਘ ਨੂਰਪੁਰ

ਸਾਡੀ ਸਾਡੀ ਲੋਕਧਾਰਾ ਵਿਚ ਪੰਜਾਬ ਨੂੰ 'ਛੇ ਰੁੱਤਾਂ ਦਾ ਦੇਸ਼' ਕਿਹਾ ਗਿਆ। ਇੱਥੇ ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ। ਹਰ ਰੁੱਤ ਦੀ ਆਪਣੀ ਮਹੱਤਤਾ ਹੈ। ਬਾਰਹਮਾਹ ਦਾ ਗੁਰਬਾਣੀ ਵਿਚ ਵਿਸ਼ੇਸ਼ ਸਥਾਨ ਹੈ ਅਤੇ ਵੱਖ-ਵੱਖ ਸਮਿਆਂ ਦੌਰਾਨ ਕਈ ਲੇਖਕਾਂ ਤੇ ਕਵੀਆਂ ਨੇ ਵੀ ਬਾਰਹਮਾਹ ਦੀ ਰਚਨਾ ਕਰਦਿਆਂ ਦੇਸ਼ ਪੰਜਾਬ ਦੇ ਬਾਰਾਂ ਮਹੀਨਿਆਂ ਦੀ ਮਹੱਤਤਾ ਅਤੇ ਰੁੱਤਾਂ ਬਾਰੇ ਬੜੀ ਸ਼ਿੱਦਤ ਨਾਲ ਜ਼ਿਕਰ ਕੀਤਾ ਹੈ। ਅੱਸੂ-ਕੱਤਕ ਦੀ ਰੁੱਤ ਅਜਿਹੀ ਰੁੱਤ ਹੈ ਜਦੋਂ ਸਰਦੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਦਿਨ ਨਿੱਕੇ ਤੇ ਰਾਤਾਂ ਵੱਡੀਆਂ ਹੋਣ ਲੱਗਦੀਆਂ ਹਨ। ਹਵਾ ਵਿਚ ਨਮੀ ਵਧਣ ਲੱਗਦੀ ਹੈ। ਹਾੜ੍ਹ, ਸਾਉਣ ਅਤੇ ਭਾਦੋਂ ਦੀ ਤਿੱਖੀ ਤੇ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲਣ ਲੱਗਦੀ ਹੈ। ਇਸ ਮੌਸਮ ਦੌਰਾਨ ਦਿਨ ਵੇਲੇ ਅਜੇ ਕੁਝ ਗਰਮੀ ਹੁੰਦੀ ਹੈ ਤੇ ਰਾਤਾਂ ਠੰਢੀਆਂ ਹੋਣ ਲੱਗਦੀਆਂ ਹਨ।
        ਪਿਛਲੇ ਕੁਝ ਅਰਸੇ ਤੋਂ ਅਸੀਂ ਹਰ ਸਾਲ ਨਵੰਬਰ ਦੇ ਮਹੀਨੇ ਦੌਰਾਨ ਆਪਣੇ ਆਲੇ ਦੁਆਲੇ ਨੂੰ ਗੈਸ ਚੈਂਬਰ ਵਿਚ ਤਬਦੀਲ ਕਰ ਲੈਂਦੇ ਹਾਂ। ਨਮੀ ਨਾਲ ਭਾਰੀ ਹੋਈ ਹਵਾ ਵਿਚ ਜਦੋਂ ਧੂੰਏਂ ਅਤੇ ਧੂੜ ਦੇ ਕਣ ਸੰਘਣੇ ਹੋਣ ਲਗਦੇ ਹਨ ਤਾਂ ਚਾਰ ਚੁਫੇਰੇ ਧੂੰਏਂ ਦੀ ਸੰਘਣੀ ਪਰਤ ਬਣ ਜਾਂਦੀ ਹੈ ਜਿਸ ਵਿਚ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਰਸੇ ਤੋਂ ਹਵਾ ਦਾ ਪ੍ਰਦੂਸ਼ਣ ਸਾਡੇ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਸ਼ਵ ਪੱਧਰ 'ਤੇ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਤ 20 ਸ਼ਹਿਰਾਂ ਦੀ ਜੋ ਸੂਚੀ ਬਣਾਈ ਹੈ, ਉਸ ਵਿਚ 14 ਭਾਰਤ ਦੇ ਸ਼ਹਿਰ ਹਨ। ਇਨ੍ਹਾਂ ਦਿਨਾਂ ਦੌਰਾਨ ਕਾਰਖ਼ਾਨਿਆਂ, ਭੱਠਿਆਂ ਦਾ ਧੂੰਆਂ, ਝੋਨੇ ਦੀ ਪਰਾਲੀ ਦਾ ਸੜਨਾ, ਤਿਉਹਾਰਾਂ ਦੌਰਾਨ ਚਲਾਏ ਜਾਣ ਵਾਲੇ ਪਟਾਕੇ, ਵਾਹਨਾਂ ਚੋਂ ਨਿਕਲਣ ਵਾਲਾ ਧੂੰਆਂ, ਵਿਆਹਾਂ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ 'ਤੇ ਕੀਤੀ ਜਾਂਦੀ ਆਤਿਸ਼ਬਾਜ਼ੀ ਆਦਿ ਸਰਗਰਮੀਆਂ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਹਵਾ ਵਿਚ ਤੈਰਦੇ P$2.5 ਪ੍ਰਦੂਸ਼ਕ ਕਣ ਜੋ 2.5 ਮਾਈਕ੍ਰੋਨ ਤੋਂ ਵੀ ਛੋਟੇ ਧੂੜ ਦੇ ਕਣ ਹੁੰਦੇ ਹਨ ਦੀ ਭਰਮਾਰ ਹਵਾ ਵਿਚ ਵਧ ਜਾਂਦੀ ਹੈ। ਪਲੀਤ ਹੋਏ ਆਲੇ-ਦੁਆਲੇ ਵਿਚ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਪ੍ਰਦੂਸ਼ਿਤ ਕਣ ਫੇਫੜਿਆਂ ਰਾਹੀਂ ਸਾਡੇ ਖ਼ੂਨ ਵਿਚ ਜਾ ਮਿਲਦੇ ਹਨ ਜੋ ਸਾਡੇ ਸੋਚਣ ਸਮਝਣ ਦੀ ਸ਼ਕਤੀ 'ਤੇ ਅਸਰ ਅੰਦਾਜ਼ ਹੁੰਦੇ ਹਨ ਅਤੇ ਸਾਹ ਪ੍ਰਣਾਲੀ ਦੇ ਨਾਲ ਦਿਲ ਦੀ ਕਾਰਜ ਪ੍ਰਣਾਲੀ 'ਤੇ ਵੀ ਇਹ ਬੁਰਾ ਪ੍ਰਭਾਵ ਪਾਉਂਦੇ ਹਨ। ਦਿਲ ਅਤੇ ਛਾਤੀ ਨਾਲ ਸੰਬੰਧਿਤ ਰੋਗੀਆਂ ਦੀ ਮੌਤ ਦਰ ਇਨ੍ਹਾਂ ਦਿਨਾਂ ਵਿਚ ਸਾਲ ਦੇ ਬਾਕੀ ਮਹੀਨਿਆਂ ਨਾਲੋਂ ਵਧ ਜਾਂਦੀ ਹੈ। ਮਰਗ ਦੇ ਭੋਗਾਂ ਦੇ ਸੱਦੇ ਇਨ੍ਹਾਂ ਦਿਨਾਂ ਵਿਚ ਸਭ ਤੋਂ ਵੱਧ ਹੁੰਦੇ ਹਨ। ਜਿੱਥੇ ਇਸ ਅਰਸੇ ਦੌਰਾਨ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ ਉੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਵਰਗ ਦੇ ਲੋਕਾਂ ਦੀ ਸਿਹਤ 'ਤੇ ਇਨ੍ਹਾਂ 'ਮੌਤ ਦੇ ਦਿਨਾਂ' ਵਾਲੇ ਦਿਨਾਂ ਦੇ ਅਰਸੇ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਸ਼ਿਕਾਗੋ ਯੂਨੀਵਰਸਿਟੀ ਦੇ 'ਐਨਰਜੀ ਪਾਲਿਸੀ ਇੰਸਟੀਚਿਊਟ' ਦੀ ਪਿਛਲੇ ਅਰਸੇ ਦੌਰਾਨ ਆਈ ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਉੱਤਰ ਭਾਰਤ ਦੇ ਲੋਕਾਂ ਦੀ ਸੰਘਣੇ ਪ੍ਰਦੂਸ਼ਣ ਵਾਲੀ ਹਵਾ ਵਿਚ ਸਾਹ ਲੈਣ ਕਾਰਨ ਬਾਕੀ ਦੁਨੀਆ ਦੇ ਮੁਕਾਬਲੇ 9 ਤੋਂ 10 ਸਾਲ ਉਮਰ ਘਟ ਸਕਦੀ ਹੈ।
         ਇਹ ਨਹੀਂ ਕਿ ਕੇਵਲ ਭਾਰਤ ਵਿਚ ਹੀ ਪ੍ਰਦੂਸ਼ਣ ਦੀ ਸਮੱਸਿਆ ਹੈ, ਦੁਨੀਆ ਦੇ ਕੁਝ ਹੋਰ ਦੇਸ਼ ਵੀ ਹਨ ਜਿੱਥੇ ਵਿਕਾਸ ਦੇ ਮੰਜ਼ਰ ਨੇ ਜ਼ਿੰਦਗੀ ਆਜਾਬ ਬਣਾ ਦਿੱਤੀ ਹੈ। ਬ੍ਰਾਜ਼ੀਲ ਦੇ ਸ਼ਹਿਰ ਕਿਊਬਟਾਉ ਨੂੰ ਹਵਾ ਦੇ ਪ੍ਰਦੂਸ਼ਣ ਕਰਕੇ 'ਮੌਤ ਦੀ ਵਾਦੀ' ਆਖਿਆ ਜਾਣ ਲੱਗਿਆ ਹੈ। ਇਸੇ ਤਰ੍ਹਾਂ ਪਿਛਲੇ ਅਰਸੇ ਦੌਰਾਨ ਸਵਿਟਜ਼ਰਲੈਂਡ ਵਿਚ ਪਾਰਕਿੰਗ ਵਾਲੀਆਂ ਥਾਵਾਂ ਨੂੰ ਘਟਾਉਣਾ ਪਿਆ ਤਾਂ ਕਿ ਲੋਕ ਕਾਰਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਅਤੇ ਹਵਾ ਸਾਫ਼ ਰਹੇ। ਚੀਨ ਦੇ ਬੀਜਿੰਗ ਵਰਗੇ ਸ਼ਹਿਰਾਂ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾਂਦੇ ਹਨ। । ਇਨ੍ਹਾਂ ਵਿਚ ਦੋ ਸੌ ਫੁੱਟ ਉੱਚਾ ਪਾਣੀ ਦਾ ਛਿੜਕਾਅ ਵਰਗੇ ਢੰਗ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਵਿਗਿਆਨੀ ਮਸਨੂਈ ਬੱਦਲਾਂ ਨਾਲ ਮੀਹ ਪਵਾਉਣ ਦੀ ਕੋਸ਼ਿਸ਼ ਲਈ ਵੀ ਸਿਰਤੋੜ ਯਤਨ ਕਰ ਰਹੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਪਾਕਿਸਤਾਨ ਦਾ ਲਾਹੌਰ ਸ਼ਹਿਰ ਸਭ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਆਉਂਦਾ ਹੈ। ਦਿੱਲੀ ਵਿਚ ਵੀ ਸੜਕਾਂ ਨੇੜਲੇ ਰੁੱਖਾਂ 'ਤੇ ਪਾਣੀ ਦਾ ਛਿੜਕਾਅ ਕਰਕੇ ਹਵਾ ਨੂੰ ਸਾਫ਼ ਕਰਨ ਦੀਆਂ ਅਸਫ਼ਲ ਜਿਹੀਆਂ ਕੋਸ਼ਿਸ਼ਾਂ ਹਰ ਸਾਲ ਹੋਣ ਲੱਗੀਆਂ ਹਨ, ਪਰ ਇਹ ਸਭ ਕੁਝ ਇਸ ਮਸਲੇ ਦਾ ਕੋਈ ਠੋਸ ਜਾਂ ਸਦੀਵੀ ਹੱਲ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਹੈ ਜਿਹੜੇ ਸੋਮਿਆਂ ਤੋਂ ਧੂੜ ਜਾਂ ਮਿੱਟੀ ਘੱਟੇ ਦੇ ਕਣ ਪੈਦਾ ਹੁੰਦੇ ਹਨ ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬੰਦ ਕਰਨ ਲਈ ਠੋਸ ਪ੍ਰੋਗਰਾਮ ਬਣਾਏ ਜਾਣ।
        ਰੂਸ ਦਾ ਇੱਕ ਪ੍ਰਸਿੱਧ ਕਹਾਣੀਕਾਰ ਹੈ ਐਂਤੋਨ ਚੈਖਵ, ਉਸ ਦੀ ਇੱਕ ਪ੍ਰਸਿੱਧ ਕਹਾਣੀ ਹੈ ''ਖੋਲ ਵਿਚ ਰਹਿੰਦਾ ਆਦਮੀ" ਇਸ ਕਹਾਣੀ ਵਿਚ ਉਸ ਨੇ ਦੱਸਿਆ ਕਿ ਅਸੀਂ ਸਾਰੇ ਆਪਣੇ ਆਪਣੇ ਨਿਰਧਾਰਤ ਕੀਤੇ ਵੱਖ-ਵੱਖ ਪ੍ਰਕਾਰ ਦੇ ਖੋਲਾਂ ਵਿਚ ਰਹਿੰਦੇ ਹਾਂ। ਹੁਣ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਖੋਲ ਵਿਚ ਰਹਿੰਦਿਆਂ ਅਸੀਂ ਆਪਣੀ ਧਰਤੀ ਨੂੰ ਇੱਕ ਅਜਿਹਾ ਗੈਸ ਚੈਬਰ ਬਣਾਉਣ ਲਈ ਯਤਨਸ਼ੀਲ ਹਾਂ ਜਿਸ ਦੇ ਸਿਰਜਕ ਅਸੀਂ ਮਨੁੱਖ ਹਾਂ। ਅਤੇ ਇਸ ਚੈਂਬਰ ਵਿਚ ਸਾਡਾ ਹੁਣ ਦਮ ਘੁਟਣ ਲੱਗ ਪਿਆ ਹੈ। ਇਹ ਸਾਡੇ ਸਮਿਆਂ ਦਾ ਸੰਤਾਪ ਨਹੀਂ ਤਾਂ ਹੋਰ ਕੀ ਹੈ? ਅਸੀਂ ਆਪਣੇ ਕੀਤੇ ਨਾਲ ਹਵਾ ਨੂੰ ਏਨਾ ਪਲੀਤ ਕਰ ਦਿੰਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਇਸ ਹਵਾ ਵਿਚ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ। ਸਰਕਾਰਾਂ ਨੂੰ ਇਨ੍ਹਾਂ ਦਿਨਾਂ ਵਿਚ ਛੁੱਟੀਆਂ ਕਰਨੀਆਂ ਪੈਂਦੀਆਂ ਹਨ। ਸਿਹਤ ਮੰਤਰਾਲੇ ਵਲੋਂ ਇਨ੍ਹਾਂ ਮੌਤ ਦੇ ਦਿਨਾਂ ਨੂੰ ਲੈ ਕੇ ਹੁਣ ਹਿਦਾਇਤਾਂ ਜਾਰੀ ਹੋਣ ਲੱਗੀਆਂ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲੋ। ਸਾਹ ਅਤੇ ਦਿਲ ਦੇ ਰੋਗੀ ਕਿਸੇ ਜ਼ਰੂਰੀ ਕੰਮ ਵੀ ਬਾਹਰ ਨਾ ਜਾਣ। ਇਨ੍ਹਾਂ ਮੌਤ ਦੇ ਦਿਨਾਂ ਦੌਰਾਨ ਜਦੋਂ ਚਾਰ ਚੁਫੇਰੇ ਘੱਟੇ-ਮਿੱਟੀ, ਧੂੰਏਂ ਅਤੇ ਅੱਗਾਂ ਦਾ ਆਲਮ ਹੁੰਦਾ ਹੈ ਪੰਛੀ ਇਸ ਪਲੀਤ ਹਵਾ ਵਿਚ ਉੱਡ ਨਹੀਂ ਸਕਦੇ। ਚਾਰ ਚੁਫ਼ੇਰੇ ਧੂਆਂ ਹੋਣ ਕਰਕੇ ਚੋਗਾ ਚੁਗਣ ਤੇ ਪਾਣੀ ਦੇ ਸੋਮੇ ਲੱਭਣ ਵਰਗੀਆਂ ਕਠਿਨਾਈਆਂ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਇਹ ਮਾਲੂਕ ਜਿੰਦਾਂ ਸਹਿਮ ਅਤੇ ਗਹਿਰੇ ਸਦਮੇ ਵਿਚ ਚਲੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਪੰਛੀ ਇਨ੍ਹਾਂ ਦਿਨਾਂ ਦੌਰਾਨ ਮਰ ਜਾਂਦੇ ਹਨ। ਇਹ ਸਭ ਕੁਝ ਵੇਖ ਕੇ ਮਨੁੱਖ ਦੀ ਸੋਚ 'ਤੇ ਤਰਸ ਆਉਂਦਾ ਹੈ।
ਕਿੰਨੀ ਘੁਟਨ ਹੈ ਯਾਰੋ, ਬੁਲਾਓ ਕੁਝ ਹਵਾ ਦੇ ਬੁੱਲੇ,
ਰਾਤਾਂ ਨਿੱਖਰੀਆਂ ਹੋਵਣ, ਦਿਨਾਂ 'ਚੋਂ ਮਹਿਕ ਜਿਹੀ ਆਵੇ।
      ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਡੇ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ। ਸ਼ਾਇਦ ਸਾਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਸਫ਼ਾਈ ਦਾ ਅਰਥ ਘਰ ਦੇ ਕਮਰੇ ਤੇ ਵਿਹੜਾ ਸਾਫ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਜੇਕਰ ਅਸੀਂ ਚੰਗੀ ਜਿੰਦਗੀ ਬਸਰ ਕਰਨੀ ਹੈ ਤਾਂ ਸਾਡਾ ਆਲਾ-ਦੁਆਲਾ ਅਤੇ ਹਵਾ ਮਿੱਟੀ ਪਾਣੀ ਵੀ ਸਾਫ ਸੁਥਰਾ ਹੋਣੇ ਚਾਹੀਦੇ ਹਨ।
      ਪਿਛਲੇ ਕੁਝ ਅਰਸੇ ਤੋਂ ਹਰ ਖੇਤਰ ਵਿਚ ਬੇਅਕਲੀ ਨਾਲ ਹੋਈ ਤਰੱਕੀ ਨਾਲ ਸਾਡਾ ਵਾਤਾਵਰਨ ਬਿਮਾਰ ਹੋ ਗਿਆ ਹੈ। ਬਿਮਾਰ ਵਾਤਾਵਰਨ ਵਿਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਦੀਆਂ ਪਹਿਲਾਂ ਮਨੁੱਖ ਕੋਲ ਸਾਧਨ ਬੇਸ਼ੱਕ ਥੋੜ੍ਹੇ ਸਨ ਪਰ ਸਬਰ ਸੀ, ਸੰਤੋਖ ਸੀ। ਵਿਕਾਸ ਤੇ ਤਰੱਕੀ ਦੇ ਦੌਰ ਵਿਚ ਜ਼ਿੰਦਗੀ ਦੇ ਅਰਥ ਗਵਾਚ ਗਏ ਅਤੇ ਸਾਡੇ ਜ਼ਿਹਨ 'ਤੇ ਦਿਖਾਵੇ ਦੀ ਮਨੋਬਿਰਤੀ ਭਾਰੂ ਹੋ ਗਈ। ਹੁਣ ਤਾਂ ਧਾਰਮਿਕ ਸਰਗਰਮੀਆਂ ਵਿਚ ਵੀ ਦਿਖਾਵੇ ਦੀ ਪ੍ਰਵਿਰਤੀ ਪ੍ਰਵੇਸ਼ ਕਰ ਗਈ ਹੈ। ਧਰਮਿਕ ਸਮਾਗਮਾਂ ਦੌਰਾਨ ਸੜਕਾਂ 'ਤੇ ਵੱਧ ਤੋਂ ਵੱਧ ਪਟਾਕੇ ਚਲਾ ਕੇ ਵਿਖਾਉਣਾ ਜਿਵੇਂ ਸਮਾਗਮਾਂ ਦਾ ਹਿੱਸਾ ਬਣ ਗਿਆ ਹੈ। ਹੁਣ ਪ੍ਰਭਾਤ ਫੇਰੀਆਂ ਦੌਰਾਨ ਵੀ ਹਵਾ ਵਿਚ ਉੱਚੇ ਜਾ ਕੇ ਬਲਾਸਟ ਕਰਨ ਵਾਲੇ ਵੱਡੇ ਬੰਬ ਚਲਾਏ ਜਾਂਦੇ ਹਨ, ਉਸ ਮਹਾਨ ਗੁਰੂ ਦੇ ਨਾਮ 'ਤੇ ਵੀ ਜਿਸ ਨੇ ਹਵਾ ਪਾਣੀ ਅਤੇ ਮਿੱਟੀ ਸਾਫ਼ ਰੱਖਣ ਦੀ ਸਾਨੂੰ ਤਾਕੀਦ ਕੀਤੀ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲੀ ਦੌਰਾਨ ਚਲਾਈ ਜਾਂਦੀ ਆਤਿਸ਼ਬਾਜ਼ੀ ਵਿਚ ਪਰਿਕਰਮਾਂ ਵਿਚ ਏਨਾ ਧੂੰਆਂ ਹੋ ਜਾਂਦਾ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਇੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ, ਆਤਿਸ਼ਬਾਜੀ ਚਲਾਉਣ ਦਾ ਸਮਾਂ ਕੁੱਝ ਘੱਟ ਕਰ ਦਿੱਤਾ ਗਿਆ ਹੈ। ਪਰ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬਾਨ ਇੱਥੋਂ ਤੱਕ ਕਿ ਪਿੰਡਾਂ ਦੇ ਗੁਰਦੁਆਰਿਆਂ ਵਿਚ ਵੀ ਇਸ ਦਾ ਚਲਣ ਭਾਰੂ ਹੋ ਰਿਹਾ ਹੈ। ਇਹ ਸਭ ਸਾਨੂੰ ਸਾਡੇ ਧਰਮ ਸਾਡੀ ਸੰਸਕ੍ਰਿਤੀ ਜਾਂ ਸੱਭਿਆਚਾਰ ਨੇ ਨਹੀਂ ਦਿੱਤਾ ਬਲਕਿ ਬਾਜ਼ਾਰ ਨੇ ਸਾਡੇ ਅੱਗੇ ਪਰੋਸਿਆ ਹੈ। ਸਾਨੂੰ ਬਾਜ਼ਾਰੂ ਮਨੋਬਿਰਤੀ ਤਿਆਗ ਕੇ ਕੁਦਰਤ ਨਾਲ ਸਾਂਝ ਪਾਉਣ ਦੀ ਲੋੜ ਹੈ। ਮਨੁੱਖ ਰੂਹਾਨੀ ਸਬਰ ਸ਼ਾਂਤੀ ਤੋਂ ਤੋੜ ਵਿਛੋੜਾ ਕਰਕੇ ਵਿਖਾਵਾ ਕਰਕੇ ਆਪਣੇ ਅੰਦਰਲੇ ਖਾਲੀਪਣ ਨੂੰ ਭਰਨ ਦੀ ਕੋਸ਼ਿਸ਼ ਕਰਨ ਲੱਗਾ ਹੈ। ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਧਰਤੀ ਦੇ ਹਵਾ ਪਾਣੀ ਨੂੰ ਬਚਾਈਏ ਫਜ਼ੂਲ ਖਰਚੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਰਾਹ ਤੁਰੀਏ। ਪੰਜਾਬ ਦੀ ਧਰਤੀ ਹਰੇ ਭਰੇ ਰੁੱਖਾਂ ਨਾਲ ਭਰਪੂਰ ਹੋਵੇ ਇਸ ਦੇ ਅਸਮਾਨ 'ਤੇ ਕਾਲਾ ਧੂੰਆਂ ਨਹੀਂ ਬਲਕਿ ਨੀਲੇ ਅਸਮਾਨ 'ਤੇ ਚਿੱਟੇ ਬੱਦਲਾਂ ਦੀ ਕਾਮਨਾ ਕਰੀਏ। ਜਿੱਥੇ ਅਸੀਂ ਅਤੇ ਸਾਡੇ ਮਾਸੂਮ ਬੱਚਿਆਂ ਨੇ ਸਾਹ ਲੈਣਾ ਹੈ। ਉਸ ਹਵਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦਾ ਅਹਿਦ ਕਰੀਏ।
        ਆਓ, ਇਸ ਵਾਰ ਆਪਣੇ ਰੰਗਲੇ ਪੰਜਾਬ ਨੂੰ ਜ਼ਹਿਰੀਲੀ ਹਵਾ ਦਾ ਚੈਂਬਰ ਨਾ ਬਣਨ ਦੇਈਏ। ਆਪਣੀ ਸਮਝ ਤੇ ਵਿਵੇਕ ਤੋਂ ਕੰਮ ਲਈਏ। ਹਰ ਤਰ੍ਹਾਂ ਪ੍ਰਦੂਸ਼ਣ ਅਤੇ ਹਵਾ ਵਿਚ ਧੂੰਏਂ ਦਾ ਜ਼ਹਿਰ ਘੋਲਣ ਤੋਂ ਗੁਰੇਜ ਕਰੀਏ। ਸਾਡੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਕੁਦਰਤ ਦੇ ਸਤਿਕਾਰ ਲਈ ਹੋਣੀਆਂ ਚਾਹੀਦੀਆਂ ਹਨ। ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਦੇ ਮੋੜ 'ਤੇ ਖੜ੍ਹਾ ਹੈ। ਇਹ ਧਰਤੀ ਜੋ ਸਾਨੂੰ ਮਾਂ ਬਣ ਕੇ ਪਾਲਦੀ ਹੈ, ਦਾ ਮਾਣ ਸਤਿਕਾਰ ਕਰਨ ਦਾ ਹੁਨਰ ਸਿੱਖੀਏ।
- ਜ਼ੀਰਾ/ ਮੋ: 9855051099