ਪਿੰਡ ਦੇ ਬੱਚਿਆਂ ਤੋਂ ਸਿੱਖੇ ਸਬਕ  - ਅਵਿਜੀਤ ਪਾਠਕ

ਇਹ ਲੇਖ ਮੈਂ ਬਿਹਾਰ ਦੇ ਛੋਟੇ ਜਿਹੇ ਪਿੰਡ ਮਾਧੋਪੁਰ ਵਿਚ ਬੈਠ ਕੇ ਲਿਖ ਰਿਹਾ ਹਾਂ। ਨਵੀਂ ਦਿੱਲੀ ਦੀਆਂ ਉਚ ਦੁਮਾਲੜੀਆਂ ਅਕਾਦਮਿਕ ਸਫ਼ਾਂ ਤੋਂ ਦੂਰ ਇਸ ਪਿੰਡ ਤੱਕ ਦਾ ਇਹ ਸਫ਼ਰ ਵੀ ਆਪਣੇ ਆਪ ਵਿਚ ਕਹਾਣੀ ਹੈ। ਯੁਵਾ ਆਦਰਸ਼ਵਾਦੀ ਵਿਕਾਸ ਸ਼ਰਮਾ ਦੀ ਅਗਵਾਈ ਵਾਲੇ ਵਾਲੰਟਰੀ ਗਰੁਪ ‘ਸਿਖਸ਼ਾ ਸਵਰਾਜ’ ਨੇ ਮੈਨੂੰ ਦਿਹਾਤੀ ਖੇਤਰ ਦੇ ਬੱਚਿਆਂ ਨਾਲ ਮਿਲਣ ਦਾ ਮੌਕਾ ਮੁਹੱਈਆ ਕਰਵਾਇਆ ਹੈ। ‘ਸਿਖਸ਼ਾ ਸਵਰਾਜ’ ਬਾਲ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀ ਵਾਲੰਟੀਅਰ ਜਥੇਬੰਦੀ ਹੈ। ਇਨ੍ਹਾਂ ਬੱਚਿਆਂ ਨਾਲ ਘੁਲ ਮਿਲ ਕੇ ਮੈਂ ਮਹਿਸੂਸ ਕੀਤਾ ਹੈ ਕਿ ਪ੍ਰਮੁੱਖ ਕੇਂਦਰੀ ਯੂਨੀਵਰਸਿਟੀ ਵਿਚ 31 ਸਾਲ ਅਧਿਆਪਨ ਕਰਵਾਉਣ ਤੋਂ ਬਾਅਦ ਅਜੇ ਵੀ ਮੈਨੂੰ ਨਿਰੰਤਰ ਸਿੱਖਣ ਅਤੇ ਸਿੱਖਿਆ ਹੋਇਆ ਬਹੁਤ ਕੁਝ ਭੁੱਲਣ ਦਾ ਸਿਲਸਿਲਾ ਜਾਰੀ ਰੱਖਣ ਦੀ ਲੋੜ ਹੈ। ਯੂਨੀਵਰਸਿਟੀ ਦਾ ਪ੍ਰੋਫੈਸਰ ਹੋਣ ਦੇ ਨਾਤੇ ਸਿੱਖਿਆ ਬਾਰੇ ਮੈਂ ਮਹਾਨ ਕਿਤਾਬਾਂ ਪੜ੍ਹੀਆਂ ਹਨ, ਮੈਂ ਆਸਾਨੀ ਨਾਲ ਇਵਾਨ ਇਲਿਚ ਅਤੇ ਪਾਓਲੋ ਫਰੇਰੇ ਜਿਹੇ ਵਿਦਵਾਨਾਂ ਦੇ ਕਥਨ ਬਿਆਨ ਕਰ ਸਕਦਾ ਹਾਂ ਤੇ ਮੈਂ ਅਕਾਦਮਿਕ ਪੇਪਰ ਲਿਖ ਤੇ ਪੇਸ਼ ਕਰ ਸਕਦਾ ਹਾਂ ਪਰ ਇਸ ਪਿੰਡ ਦੇ ਗਰੀਬ ਅਤੇ ਮਹਿਰੂਮ ਬੱਚਿਆਂ ਨਾਲ ਵਿਚਰ ਕੇ ਜੋ ਤਿੰਨ ਸਬਕ ਮੈਂ ਸਿੱਖੇ ਹਨ, ਉਹ ਬਹੁਤ ਅਹਿਮ ਹਨ।
       ਪਹਿਲਾ, ਮੈਂ ਦੇਖਿਆ ਹੈ ਕਿ ਮਹਾਨਗਰਾਂ ਵਿਚ ਪੜ੍ਹੇ ਲਿਖੇ ਸਾਡੇ ਵਰਗੇ ਬੁੱਧੀਜੀਵੀਆਂ ਨੇ ਆਪਣੇ ਬਾਰੇ ਵਿਅਰਥ ਹਉਮੈ ਪਾਲ਼ ਰੱਖੀ ਹੈ। ਸੋਚਦੇ ਹਾਂ ਕਿ ਅਸੀਂ ਵਿਦਵਤਾ ਭਰਪੂਰ ਪੇਪਰ ਲਿਖ ਸਕਦੇ ਹਾਂ ਤੇ ਖੋਜੀ ਵਿਦਿਆਰਥੀ ਦੀ ਅਗਵਾਈ ਕਰਦੇ ਹਾਂ ਜਿਸ ਕਰ ਕੇ ਅਸੀਂ ਬੌਧਿਕਤਾ ਦੇ ਲਿਹਾਜ਼ ਤੋਂ ਹੋਰਨਾਂ ਤੋਂ ਉਤਮ ਹਾਂ। ਤੇ ਬੱਚਿਆਂ ਨੂੰ ‘ਏ ਫਾਰ ਐਪਲ’ ਜਾਂ 19 ਗੁਣਾ 19=361 ਦਾ ਪਹਾੜਾ ਪੜ੍ਹਾਉਣ ਜਾਂ ਪਹਾੜੀਆਂ ਤੋਂ ਢਲਦੇ ਸੂਰਜ ਦੀਆਂ ਰੇਖਾਵਾਂ ਵਾਹੁਣ ਤੋਂ ਇਲਾਵਾ ਹੋਰ ਕੁਝ ਸਿਖਾਉਣ ਦੀ ਲੋੜ ਵੀ ਕੀ ਹੈ। ਬਹਰਹਾਲ, ਇਸ ਫੇਰੀ ਨੇ ਮੈਨੂੰ ਅਹਿਸਾਸ ਕਰਵਾਇਆ ਹੈ ਕਿ ਇਸ ਤਰ੍ਹਾਂ ਦੀ ਦਰਜਾਬੰਦੀ ਦੀ ਕੋਈ ਤੁਕ ਨਹੀਂ ਹੁੰਦੀ। ਉਨ੍ਹਾਂ ਕੋਲ ਬੈਠ ਕੇ, ਸੰਗ ਚੱਲ ਕੇ, ਭੁੱਲ ਕੇ, ਖੋਜ ਕੇ ਤੇ ਤਲਾਸ਼ ਕਰ ਕੇ ਮਹਿਸੂਸ ਕੀਤਾ ਕਿ ਮੈਂ ਮਾਨਸਿਕ, ਬੌਧਿਕ ਤੇ ਰੂਹਾਨੀ ਤੌਰ ’ਤੇ ਅਜੇ ਜ਼ਿੰਦਾ ਹਾਂ, ਤੇ ਮੈਂ ਸਨੇਹ, ਸਹਿਣਸ਼ੀਲਤਾ ਅਤੇ ਸੁਣਨ ਦੀ ਸ਼ਕਤੀ ਨੂੰ ਸਿੱਖਣ ਦਾ ਅਭਿਆਸ ਸ਼ੁਰੂ ਕੀਤਾ। ਇਕ ਲੇਖੇ ਇੰਝ ਮੈਂ ਆਪਣਾ ਬਚਪਨ ਮੁੜ ਤਲਾਸ਼ ਲਿਆ। ਗੱਲ ਨੂੰ ਸਰਲ ਤਰੀਕੇ ਨਾਲ ਸਮਝਾਉਂਦਾ ਹਾਂ। ਮੈਂ ਇਕ ਛੇ ਕੁ ਸਾਲ ਦੀ ਲੜਕੀ ਨਾਲ ਮਿਲ ਕੇ ਕੰਮ ਕਰ ਰਿਹਾ ਸਾਂ। ਅਸੀਂ ਆਪਣੇ ਆਸ ਪਾਸ ਦੀ ਦੁਨੀਆ ਅੰਦਰ ਗਣਿਤ ਦੀ ਮੌਜੂਦਗੀ, ਮਨੁੱਖੀ ਸਰੀਰ ਜਾਂ ਬਾਗ਼ ਵਿਚ ਤਾਜ਼ੇ ਤਾਜ਼ੇ ਖਿੜੇ ਫੁੱਲਾਂ ਵਿਚਲੇ ਅੰਕੜਿਆਂ ਅਤੇ ਰੇਖਾ-ਗਣਿਤ ਆਕਾਰ ਅਤੇ ਡਿਜ਼ਾਈਨ ਦੀ ਤਲਾਸ਼ ਕਰ ਰਹੇ ਸਾਂ। ਗਣਿਤ ਦੇ ਇਸ ਚਾਲੀ ਕੁ ਮਿੰਟ ਦੇ ਅਭਿਆਸ ਤੋਂ ਬਾਅਦ ਮੈਂ ਉਸ ਨਾਲ ਜਦੋਂ ਬਾਗ਼ ਵਿਚੋਂ ਲੰਘਿਆ ਤਾਂ ਛੋਟੇ ਛੋਟੇ ਸੁਰਖ ਫੁੱਲਾਂ ਤੇ ਹਰੇ ਕਚੂਰ ਪੱਤਿਆਂ ਨੂੰ ਤੱਕ ਕੇ ਹੈਰਾਨ ਸਾਂ। ਮੈਂ ਉਸ ਬੱਚੀ ਨੂੰ ਆਪਣੇ ਮਨ ਇਨ੍ਹਾਂ ਦੀ ਤਸਵੀਰ ਵਸਾਉਣ ਤੇ ਫਿਰ ਆਪਣੀ ਕਾਪੀ ਵਿਚ ਇਸ ਨੂੰ ਉਤਾਰਨ ਲਈ ਆਖਿਆ। ਜਦੋਂ ਉਸ ਨੇ ਗਣਿਤ ਅਤੇ ਸੁਹਜ ਸ਼ਾਸਤਰ ਦੇ ਇਸ ਮਿਸ਼ਰਨ ਨੂੰ ਅਨੁਭਵ ਕੀਤਾ ਤਾਂ ਮੈਂ ਉਸ ਦੀਆਂ ਅੱਖਾਂ ਵਿਚ ਅਜਬ ਚਮਕ ਤੱਕੀ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਵੀ ਹੁਣੇ ਹੁਣੇ ਸਿੱਖਣਾ ਸ਼ੁਰੂ ਕੀਤਾ ਹੈ।
       ਦੂਜਾ, ਮੈਂ ਮਹਿਸੂਸ ਕੀਤਾ ਕਿ ਭਾਵੇਂ ਕੋਈ ਵੀ ਜਾਤ, ਜਮਾਤ ਜਾਂ ਲਿੰਗ ਹੋਵੇ ਪਰ ਹਰ ਬੱਚੇ ਅੰਦਰ ਅਥਾਹ ਸੰਭਾਵਨਾ ਭਰੀ ਹੁੰਦੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਦਰਜਾਬੰਦੀ ਤੇ ਹਿੰਸਾ ਨਾਲ ਗ੍ਰਸੀ ਇਸ ਦੁਨੀਆ ਅੰਦਰ ਅਸੀਂ ਅਣਗਿਣਤ ਲੋਕਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੇ ਹਾਂ। ਆਪਣੇ ਜਾਤ ਜਾਂ ਜਮਾਤ ਦੇ ਵਿਸ਼ੇਸ਼ਾਧਿਕਾਰ ਕਰ ਕੇ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਕੁਲੀਨ ਸਕੂਲਾਂ ਵਿਚ ਪੜ੍ਹਨ ਵਾਲੇ ਸਿਰਫ਼ ਸਾਡੇ ਬੱਚੇ ਹੀ ਵਿਗਿਆਨ ਤੇ ਕਵਿਤਾ ਜਾਂ ਗਣਿਤ ਤੇ ਭੂਗੋਲ ਸਿੱਖਣ ਦੇ ਕਾਬਿਲ ਹਨ। ‘ਬਦਲ’ ਦੇ ਜ਼ਾਵੀਏ ਤੋਂ ਸੋਚਣ ਵਾਲੇ ਸਾਡੇ ਵਰਗੇ ਉਹ ਲੋਕ ਵੀ ਇਹੀ ਸੋਚਦੇ ਹਨ ਕਿ ‘ਸੰਸਕਾਰੀ ਕੁਲੀਨਾਂ’ ਦੇ ਬੱਚੇ ਹੀ ਰਾਬਿੰਦਰਨਾਥ ਟੈਗੋਰ ਤੇ ਜਿਡੂ ਕ੍ਰਿਸ਼ਨਾਮੂਰਤੀ ਦੀਆਂ ਸਿਖਿਆਵਾਂ ਦੀਆਂ ਤਹਿਆਂ ਤੱਕ ਅੱਪੜ ਸਕਦੇ ਹਨ। ਪਿੰਡਾਂ ਦੇ ਇਨ੍ਹਾਂ ਬੱਚਿਆਂ ਨਾਲ ਮਿਲ ਕੇ ਮੈਂ ਮਾਨਸਿਕ ਤਬਦੀਲੀ ਦੇ ਗੇੜ ਵਿਚੋਂ ਲੰਘਿਆ ਹਾਂ ਤੇ ਮੇਰੀ ਵਿਸ਼ਵ ਦ੍ਰਿਸ਼ਟੀ ਬਦਲਣੀ ਸ਼ੁਰੂ ਹੋਈ ਹੈ। ਮੈਂ ਉਨ੍ਹਾਂ ਦੀਆਂ ਜਗਿਆਸੂ ਅੱਖਾਂ ਵਿਚ ਉਨ੍ਹਾਂ ਦੇ ਊਰਜਾਵਾਨ ਪੁੰਜ ਦੀਆਂ ਤਰਬਾਂ ਮਹਿਸੂਸ ਕੀਤੀਆਂ ਹਨ ਅਤੇ ਉਨ੍ਹਾਂ ਦੀ ਹੈਰਤਅੰਗੇਜ਼ ਸਾਦਗੀ ਦਾ ਅਨੁਭਵ ਕੀਤਾ ਹੈ। ਮੈਂ ਅਹਿਸਾਸ ਕੀਤਾ ਹੈ ਕਿ ਇਕੇਰਾ ਜਦੋਂ ਤੁਸੀਂ ਉਨ੍ਹਾਂ ਦੀਆਂ ਰੂਹਾਂ ਨੂੰ ਛੂਹ ਲੈਂਦੇ ਹੋ, ਉਨ੍ਹਾਂ ਤੇ ਭਰੋਸਾ ਕਰਦੇ ਹੋ ਤੇ ਜਾਤ ਤੇ ਜਮਾਤ ਦੀਆਂ ਹੱਦਬੰਦੀਆਂ ਤੋੜ ਦਿੰਦੇ ਹੋ ਤਾਂ ਕਰਾਮਾਤ ਹੋਣ ਲੱਗ ਪੈਂਦੀ ਹੈ। ਉਹ ਤੁਹਾਨੂੰ ਸੁਣਦੇ ਤੇ ਸਮਝਦੇ ਹਨ ਅਤੇ ਫਿਰ ਅੰਤਰ-ਕਿਰਿਆ ਕਰਨ ਲੱਗ ਪੈਂਦੇ ਹਨ।
        ਇਕ ਹੋਰ ਮਿਸਾਲ ਲੈਂਦੇ ਹਾਂ ਜਿਸ ਵਿਚ ਵੱਡੇ ਬੱਚਿਆਂ ਦੇ ਇਕ ਸਮੂਹ ਵਿਚ ਮੈਂ ਜਾਤ ਅਤੇ ਪਿੱਤਰਸੱਤਾ ਦੇ ਸਵਾਲ ’ਤੇ ਗੱਲ ਛੇੜਦਾ ਹਾਂ। ਭਾਵੇਂ ਸਹਿਜੇ ਹੀ ਸਹੀ, ਉਹ ਆਪਣੀ ਆਵਾਜ਼ ਉਠਾਉਣ ਲਗਦੇ ਹਨ ਅਤੇ ਜਾਤ ਤੇ ਪਿੱਤਰਸੱਤਾ ਦੀ ਜਕੜ ਵਿਚ ਘਿਰੇ ਕਿਸੇ ਪਿੰਡ ਵਿਚ ਉਨ੍ਹਾਂ ਦੀ ਇਹ ਆਵਾਜ਼ ਬਹੁਤ ਅਹਿਮ ਹੈ ਜਿੱਥੇ ਇਨ੍ਹਾਂ ’ਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਪਮਾਨਤ ਹੋਣਾ ਪੈਂਦਾ, ਚੁੱਪ ਕਰਾ ਦਿੱਤਾ ਜਾਂਦਾ ਹੈ ਤੇ ਦਬਾ ਕੇ ਰੱਖਿਆ ਜਾਂਦਾ ਹੈ। ਸੰਭਵ ਹੈ ਕਿ ਇਸ ਤਰ੍ਹਾਂ ਦੇ ਸੰਵਾਦ ਦੀ ਲੜੀ (ਜਿੱਥੇ ਇਕਪਾਸੜ ਤਕਰੀਰ ਨਹੀਂ ਹੁੰਦੀ, ਕੋਈ ਰੱਟਾ ਨਹੀਂ ਲਾਇਆ ਜਾਂਦਾ ਤੇ ਨਾ ਹੀ ਕਿਸੇ ਪ੍ਰੀਖਿਆ ਦਾ ਡਰ ਹੁੰਦਾ ਹੈ) ਉਨ੍ਹਾਂ ਨੂੰ ਉਸ ਗੱਲ ਦੀ ਵੁੱਕਤ ਦਾ ਅਹਿਸਾਸ ਕਰਵਾਏਗੀ ਜਿਸ ਨੂੰ ਸਾਡੇ ਜਿਹੇ ਯੂਨੀਵਰਸਿਟੀ ਪ੍ਰੋਫੈਸਰ ਸਮਾਜ ਦੀਆਂ ਵਿਸੰਗਤੀਆ ’ਤੇ ਉਂਗਲ ਧਰਨ ਵਾਲੀ ਸਿੱਖਿਆ (ਕ੍ਰਿਟੀਕਲ ਪੈਡਾਗੋਜੀ) ਕਹਿੰਦੇ ਹਨ। ਇਸੇ ਤਰ੍ਹਾਂ ਦੀ ਇਕ ਹੋਰ ਖੁੱਲ੍ਹੀ ਵਿਚਾਰ ਚਰਚਾ ਵਿਚ ਮੈਂ ਉਨ੍ਹਾਂ ਨੂੰ ਬੋਧੀ ਭਿਖਸ਼ੂ ਥਿਕ ਨਾਤ ਹਾਨ੍ਹ ਖ਼ਾਸਕਰ ਉਸ ਦੇ ‘ਤੁਰਦੇ ਫਿਰਦੇ ਧਿਆਨ’ (ਵਾਕਿੰਗ ਮੈਡੀਟੇਸ਼ਨ) ਵਿਚਾਰ ਬਾਰੇ ਦੱਸਿਆ। ਉਨ੍ਹਾਂ ਇਸ ਬਾਰੇ ਪਹਿਲੀ ਵਾਰ ਸੁਣਿਆ ਸੀ। ਫਿਰ ਵੀ ਮੈਂ ਉਨ੍ਹਾਂ ਨਾਲ ਆਪਣੇ ਸੰਵਾਦ ਨੂੰ ਸਰਲ ਤੇ ਲੈਅਬੱਧ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਸਾਡੇ ਦਰਮਿਆਨ ਸਾਂਝ ਪੈਦਾ ਹੋ ਗਈ। ਫਿਰ ਅਸੀਂ ਹੌਲੀ ਹੌਲੀ ਤੇ ਹੋਸ਼ ਨਾਲ ਤੁਰਨਾ ਸ਼ੁਰੂ ਕੀਤਾ। ਅਸੀਂ ਆਮ ਤੌਰ ’ਤੇ ਤੇਜ਼ ਤੁਰਦੇ ਹਾਂ ਪਰ ਉਨ੍ਹਾਂ ਨੇ ਇਸ ਵਿਚ ਫਰਕ ਕਰਨਾ ਸ਼ੁਰੂ ਕਰ ਦਿੱਤਾ। ਕੌਣ ਕਹਿੰਦਾ ਹੈ ਕਿ ਸਿਰਫ ਸ਼ਾਂਤੀਨਿਕੇਤਨ ਅਤੇ ਰਿਸ਼ੀ ਵੈਲੀ ਸਕੂਲ ਦੇ ਬੱਚੇ ਹੀ ‘ਮੁਤਬਾਦਲ ਸਿੱਖਿਆ’ ਦੀ ਪਰਵਾਜ਼ ਭਰ ਸਕਦੇ ਹਨ? ਜੇ ਅਸੀਂ ਇਸ ਬਿਖਰੇ ਹੋਏ, ਹਿੰਸਕ ਅਤੇ ਵੰਡੇ ਹੋਏ ਸਮਾਜ ਦੇ ਜ਼ਖ਼ਮ ਭਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਦਰਅਸਲ ਹਰ ਬੱਚਾ ਇਹ ਕਰਨ ਦੀ ਸਮੱਰਥਾ ਰੱਖਦਾ ਹੈ। ਉਨ੍ਹਾਂ ਮੈਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਕੁਝ ਅਧਿਆਪਕ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਦੰਡ ਦਿੰਦੇ ਰਹਿੰਦੇ ਹਨ ਜਾਂ ਫਿਰ ਜਿਵੇਂ ਰੋਜ਼ਮੱਰਾ ਦੀਆਂ ਔਕੜਾਂ (ਗ਼ਰੀਬੀ ਢਾਂਚਾਗਤ ਹਿੰਸਾ ਦਾ ਸਭ ਤੋਂ ਘਿਨਾਉਣਾ ਰੂਪ ਹੈ) ਨਾਲ ਉਨ੍ਹਾਂ ਨੂੰ ਜੂਝਣਾ ਪੈਂਦਾ, ਉਸ ਨਾਲ ਉਹ ਨਿਰਾਸ਼ ਹੋ ਜਾਂਦੇ ਹਨ। ਤੇ ਫਿਰ ‘ਉੱਚ ਜਾਤ’ ਦੇ ਕੁਲੀਨ ਦੀ ਨਜ਼ਰ ਉਨ੍ਹਾਂ ਨੂੰ ਦਾਗੀ ਬਣਾ ਦੇਣ ਲਈ ਕਾਫ਼ੀ ਹੁੰਦੀ ਹੈ ਪਰ ਜਦੋਂ ਉਹ ਤੁਹਾਡੇ ’ਤੇ ਵਿਸ਼ਵਾਸ ਕਰਨ ਲੱਗ ਪੈਣ ਤੇ ਇਹ ਮਹਿਸੂਸ ਕਰਨ ਕਿ ਤੁਸੀਂ ਉਨ੍ਹਾਂ ਦਾ ਅਪਮਾਨ ਨਹੀਂ ਕਰ ਰਹੇ ਹੋ ਜਾਂ ਆਪਣੀ ਜਿਸਮਾਨੀ ਤਾਕਤ ਜ਼ਰੀਏ ਉਨ੍ਹਾਂ ਨੂੰ ਅਨੁਸ਼ਾਸਨ ਨਹੀਂ ਸਿਖਾ ਰਹੇ ਹੋ ਸਗੋਂ ਉਨ੍ਹਾਂ ਦੀ ਗੱਲ ਸੁਣ ਰਹੇ ਹੋ, ਛੂਹ ਰਹੇ ਹੋ ਤੇ ਉਨ੍ਹਾਂ ਨਾਲ ਤੁਰ ਰਹੇ ਹੋ ਤਾਂ ਤੁਸੀਂ ਆਪਣੀ ਅੰਦਰਲੀ ਮੈਲ ਸਾਫ਼ ਹੋਣ ਦੇ ਅਮਲ (ਕਥਾਰਸਿਸ) ਦਾ ਅਨੁਭਵ ਕਰਦੇ ਹੋ। ਸ਼ਾਇਦ ਇਹ ਬੱਚੇ ਮੇਰੇ ਨਵੇਂ ਦੋਸਤ ਬਣ ਗਏ ਹਨ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਿੱਖਿਆ ਦੇ ਦਾਇਰੇ ਅੰਦਰ ਪਿਆਰ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ।
       ਤੋਹਮਤਬਾਜ਼ੀ ਅਤੇ ਨਾਉਮੀਦੀ ਦੇ ਇਸ ਮਾਹੌਲ ਵਿਚ ਇਹ ਤਿੰਨ ਸਬਕ ਵਾਕਈ ਮਰ੍ਹਮ ਦਾ ਕੰਮ ਦੇ ਸਕਦੇ ਹਨ।
* ਲੇਖਕ ਸਮਾਜ ਸ਼ਾਸਤਰੀ ਹੈ।