ਦੋ ਗੀਤਾਂ ਦੀ ਗੱਲ ਕਰਦਿਆਂ - ਨਿੰਦਰ ਘੁਗਿਆਣਵੀ

ਅਜੋਕੀ ਗਾਇਕੀ - ਗੀਤਕਾਰੀ ਹਨੇਰੀਆਂ ਤੂਫਾਨਾਂ ਨਾਲ ਜੂਝ ਰਹੀ ਹੈ। ਕਲਾਕਾਰਾਂ ਦੀ ਅਣਗਿਣਤ ਫੌਜ ਹੈ ਤੇ ਜੋ, ਜਦੋਂ, ਜਿਸਦੇ ਮਨ ਵਿਚ ਆਉਂਦਾ ਹੈ, ਉਹ ਰਿਕਾਰਡ ਹੋ ਕੇ ਤੇ ਵੀਡੀਓ ਬਣ ਕੇ ਲੋਕਾਂ ਵਿਚ ਪਲੋ-ਪਲੀ ਆਈ ਜਾ ਰਿਹਾ ਹੈ। ਪਰ ਉਸ ਸਭ ਦੇ ਸਮਾਜਿਕ ਅਰਥ ਕੀ ਹਨ, ਜਾਂ ਸਮਾਜ ਨੂੰ ਉਸ ਸਭ ਦਾ ਕੀ ਸੁਨੇਹਾ ਜਾ ਰਿਹਾ ਹੈ, ਇਸ ਬਾਬਤ ਕਿਸੇ ਦੀ ਕੋਈ ਖਾਸ ਤਵੱਜੋਂ ਨਹੀਂ ਹੈ। ਦਬੜੂ ਘੁਸੜੂ ਜਾਰੀ ਹੈ। 'ਚੱਕ ਦਿਓ', 'ਲਾਹ ਦਿਓ' ਵਰਗੇ ਦਿਨ ਚੱਲ ਰਹੇ ਹਨ ਗੀਤ-ਸੰਗੀਤ ਦੀ ਦੁਨੀਆਂ ਵਿਚ। ਕੁੱਲ ਮਿਲਾ ਕੇ ਸਿੱਟੇ ਨਿਰਸ਼ਾਜਨਕ ਨਿਕਲ ਰਹੇ ਹਨ।  ਪਰ ਇਸ ਸਭ ਕਾਸੇ ਦੇ ਬਾਵਜੂਦ ਵੀ  ਮਾਂਵਾਂ ਦੇ ਕੁਛ ਪੁੱਤ ਅਜਿਹੇ ਵੀ ਹਨ, ਜੋ ਸਮਾਜ ਦੀ ਨਬਜ਼ ਟੋਹਣ ਵਾਲੇ ਹਨ ਤੇ ਪੰਜਾਬ ਦੇ ਅਸਿਹ ਦਰਦ ਨੂੰ ਮਹਿਸੂਸ ਕਰਨ ਵਾਲੇ ਵੀ ਹਨ। ਅੁਹ ਇਸ ਸੰਕਟਮਈ ਸਮੇਂ ਵਿਚ ਕੋਈ ਚੱਜ ਦੀ ਗੱਲ ਕਰਨਾ ਆਪਣਾ ਅਹਿਮ ਫਰਜ਼ ਸਮਝਦੇ ਹਨ। ਬੱਬੂ ਮਾਨ ਦਾ ਗਾਇਆ ਸੁਣ ਕੇ ਅੱਜ ਵੀ ਮਨ ਪਸੀਜ ਜਾਦਾ ਹੈ:
                              ਜੱਟ ਦੀ ਜੂਨ ਬੁਰੀ
                              ਰਿੜਕ-ਰਿੜਕ ਮਰ ਜਾਣਾ...
ਇਹ ਗੀਤ ਕਈ ਸਾਲਾਂ ਤੋਂ ਬੁੱਢਾ ਜਾਂ ਬੇਹਾ ਨਹੀਂ ਹੋਇਆ। ਜੱਟ ਦੀ ਬਿਆਨੀ ਹਾਲਤ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ। ਭੋਰਾ ਫਰਕ ਨਹੀਂ ਪਿਆ। ਕਿਸਾਨਾਂ ਦੀਆਂ ਆਤਮ ਹਤਿਆਵਾਂ ਹੋਰ ਵਧ ਗਈਆਂ ਤੇ ਗੀ ਸਾਰਥਕਿਤਾ ਹੋਰ ਅਹਿਮ ਹੋਈ ਹੈ। ਰਾਜ ਬਰਾੜ ਦਾ ਗਾਇਆ:
                           ਪੁੱਤ ਵਰਗਾ ਫੋਹੜ ਟਰੈਕਟਰ
                           ਜੱਟ ਨੇ ਵੇਚਿਆ ਰੋ-ਰੋ ਕੇ
ਸੁਣਦਿਆਂ ਦਿਲ ਨੂੰ ਧੂਹੀ ਪੈ ਜਾਂਦੀ ਹੈ। ਹੁਣੇ ਜਿਹੇ ਹਰਮਨ ਪਿਆਰੇ ਗਾਇਕ ਰਵਿੰਦਰ ਗਰੇਵਾਲ ਦੇ ਗਾਏ ਤੇ ਫਿਲਮਾਏ ਗੀਤ ਨੇ ਸ੍ਰੋਤਿਆਂ ਦਾ ਧਿਆਨ ਆਪਣੀ ਤਰਫ ਖਿੱਿਚ੍ਹਆ ਹੈ। ਗੀਤ ਦਾ ਵੀਡੀਓ ਦੇਖਦੇ ਸਮੇਂ ਮੈਂ ਵਾਰ-ਵਾਰ ਉਦਾਸ ਹੁੰਦਾ ਰਿਹਾ ਹਾਂ। ਗੀਤ ਦਾ ਸਿਰਲੇਖ ਕਿਸਾਨ ਭਜਨ ਸਿੰਘ ਹੈ। ਪੱਕੀ ਫਸਲ ਦੀ ਭਿਆਨਕ ਤਬਾਹੀ ਸਹਿ ਨਹੀਂ ਹੁੰਦੀ ਉਸਤੋਂ। ਕੁਦਰਤ ਕਰੋਪੀ ਅੱਗੇ ਬੇਵੱਸ ਹੋ ਕੇ ਆਤਮ-ਹੱਤਿਆ ਕਰਦਾ ਹੈ। ਇਸ ਸਮੇਂ ਦੀ ਇਹ ਅਸਲ ਤਸਵੀਰ ਹੈ। ਇਸ ਵਾਰ ਕਣਕ ਦੀ ਵਾਢੀ ਦੇ ਦਿਨਾਂ ਤੇ ਖਰਾਬ ਮੌਸਮ ਸਮੇਂ ਨਿੱਤ ਦੀਆਂ ਹੀ ਖਬਰਾਂ ਸਨ, ਪੱਕੀ ਫਸਲ 'ਤੇ ਪਏ ਗੜਿਆਂ ਕਾਰਨ ਕਿਸਾਨ ਨੇ ਮੌਤ ਗਲੇ ਲਾਈ।  ਰਵਿੰਦਰ ਨੇ ਇਸਦਾ ਗਾਇਨ ਪ੍ਰੰਪਰਾਗਤ ਧੁਨੀ ਨਾਲ ਉੱਘੇ ਹੋਏ ਗੀਤ-'ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ' ਨਾਲ ਕੀਤਾ ਹੈ। ਜਿਸ ਵਿਚ ਉਹ ਪੂਰਾ ਸਫਲ ਰਿਹਾ ਹੈ। ਇਸਦੇ ਫਿਲਮਾਂਕਣ ਵਿਚ ਵੀ ਕੋਈ ਕਮੀਂ ਨਹੀਂ ਦਿਸੀ। ਗੀਤ ਮੰਗਲ ਹਠੂਰ ਦਾ ਹੈ ਤੇ ਸੰਗੀਤ ਸੰਨੀ ਸਿੰਘ ਦਾ ਤੇ ਵੀਡੀਓ ਕੰਟੈਂਟ ਕੰਪਨੀ ਦੀ।
ਇਹਨੀਂ ਦਿਨੀਂ ਹੀ ਇੱਕ ਹੋਰ ਗੀਤ ਸਾਡੇ ਸਾਹਮਣੇ ਹੈ, ਜੋ ਟੁੱਟ ਰਹੇ ਸਮਾਜਿਕ ਸਰੋਕਾਰਾਂ  ਦੀ ਬਾਤ ਬੜੀ ਸ਼ਿੱਦਤ ਨਾਲ ਪਾਉਂਦਾ ਹੈ।  ਇਸਦਾ ਗਾਇਕ ਪਰਵਾਸੀ ਗਾਇਕ ਰੂਪ ਬਾਪਲਾ ਹੈ, ਜੋ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਰਹਿੰਦਾ ਹੈ। ਇਸਨੇ 'ਬਟਵਾਰਾ' ਨਾਂ ਹੇਠ ਗੀਤ ਦੀ ਵੀਡੀਓ ਕੀਤੀ ਹੈ। ਭੇਡ ਪੇਕੀਂ ਆਉਂਦੀ ਹੈ। ਦੋਵੇਂ ਵੀਰ ਲੜ ਕੇ ਵਿਹੜੇ ਵਿਚ ਕੰਧ ਉਸਾਰੀ ਜਾ ਰਹੇ ਹਨ। ਭੈਣ ਕਿਸਨੂੰ ਛੱਡੇ ਤੇ ਕਿਸਦੇ ਜਾਵੇ! ਉਸਨੂੰ ਦੋਵੇਂ ਵੀਰੇ ਇੱਕੋ ਜਿਹੇ ਹਨ। ਬੜੀ ਤ੍ਰਾਸਦਿਕ ਸਥਿਤੀ ਬਿਆਨੀ ਹੈ। ਗੀਤ ਸ਼ੇਰੋ ਮੱਟ ਵਾਲੇ ਨੇ ਲਿਖਿਆ ਹੈ। ਆਰ ਗੁਰੂ ਦਾ ਸੰਗੀਤ ਹੈ। ਪੇਸ਼ਕਸ਼ ਜਤਿੰਦਰ ਧਾਲੀਵਾਲ ਦੀ ਹੈ ਤੇ ਵੀਡੀਓ ਜੱਸ ਰਿਕਾਰਡਜ਼ ਦੀ ਹੈ। ਇਹਨਾਂ ਦੋਵਾਂ ਗੀਤਾਂ ਦੇ ਵੀਡੀਓ ਦੇਖਣ ਬਾਅਦ ਮੇਰੀ ਧਾਰਨਾ ਬਣਦੀ ਹੈ ਕਿ  ਜੇ ਅਸੀਂ ਸਮਾਜਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣ ਵਾਲੀ ਕਲਾ(?) ਦੀ ਆਲੋਚਨਾ ਕਰਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਸਾਨੂੰ ਅਜਿਹੇ ਲੋਕਾਂ ਦੇ ਚੰਗੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਗੀਤ-ਸੰਗੀਤ ਸਾਡੇ ਜੀਵਨ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ। ਸੰਗੀਤ ਬਿਨਾਂ ਸਾਡੀ ਜ਼ਿੰਦਗੀ ਨੀਰਸ ਤੇ ਬੋਝਲ ਹੈ ਪਰ ਸੰਗੀਤ ਹੀ ਹੈ, ਜੋ ਸਾਡੇ ਰਹਿਣ-ਸਹਿਣ ਤੇ ਸਮੁੱਚੀ ਜੀਵਨ ਜਾਚ ਉਤੇ ਆਪਣਾ ਅਮਿੱਟ ਪ੍ਰਭਾਵ ਪਾਉਂਦਾ ਹੈ। ਇੱਥੇ ਇਹ ਗੱਲ ਰਤਾ ਵੀ  ਸੁੱਟ੍ਹ ਪਾਉਣ ਵਾਲੀ ਨਹੀਂ ਹੈ ਕਿ ਸਾਡੀ ਅਜੋਕੀ ਪੀੜ੍ਹੀ ਗੀਤ-ਸੰਗਤਿ ਦੇ ਪ੍ਰਭਾਵ ਤੋਂ ਬਿਨਾਂ ਜ਼ਿੰਦਗੀ ਬਸਰ ਕਰ ਰਹੀ ਹੈ! ਜੇ ਅਸੀਂ ਪੁੱਖਤਾ ਭਰਪੂਰ ਤੇ ਸਮਾਜਿਕ ਸੇਧ ਵਾਲੀ ਕਲਾ ਸਮਾਜ ਨੂੰ ਦੇਵਾਂਗੇ ਤਾਂ ਸਮਾਜ ਦਾ ਕੁਝ ਨਾ ਕੁਝ ਭਲਾ ਕਰਨ ਵਿਚ ਆਪਣਾ ਯੋਗਦਾਨ ਦੇ ਰਹੇ ਹੋਵਾਂਗੇ। ਇਸ ਸਮੇਂ ਰਵਿੰਦਰ ਗਰੇਵਾਲ ਤੇ ਰੂਪ ਬਾਪਲਾ ਨੇ ਸਮਾਜ ਦੀ ਅਸਲ ਤਸਵੀਰ ਆਪਣੇ ਗੀਤਾਂ ਵਿਚ ਪੇਸ਼ ਕਰ ਕੇ ਚੰਗਾ ਯਤਨ ਕੀਤਾ ਹੈ।
94174-21700

30 April 2018