ਨਵਾਂ ਪ੍ਰਧਾਨ ਮੰਤਰੀ  - ਸਵਰਾਜਬੀਰ

ਰਿਸ਼ੀ ਸੂਨਕ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣਨ ’ਤੇ ਪੰਜਾਬੀ ਕਾਫ਼ੀ ਭਾਵੁਕ ਹੋਏ ਹਨ ਕਿ ਪੰਜਾਬੀ ਮੂਲ ਦਾ ਸ਼ਖ਼ਸ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ। ਇਹ ਭਾਵੁਕਤਾ ਸੁਭਾਵਿਕ ਹੈ। ਉਸ ਦਾ ਪੜਦਾਦਾ ਰਾਮਦਾਸ ਸੂਨਕ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ’ਚ ਜੰਮਿਆ ਅਤੇ 1935 ਵਿਚ ਕੀਨੀਆ ਦੇ ਨੈਰੋਬੀ ਸ਼ਹਿਰ ਵਿਚ ਨੌਕਰੀ ਕਰਨ ਗਿਆ। ਉਸ ਦਾ ਪੜਨਾਨਾ ਰਘੁਬੀਰ ਬੈਰੀ ਤਨਜ਼ਾਨੀਆ ਦੇ ਇਕ ਹਿੱਸੇ ਤੰਗਨਈਕਾ ਜੋ 1916 ਤੋਂ 1961 ਤਕ ਅੰਗਰੇਜ਼ ਸਾਮਰਾਜ ਦੀ ਬਸਤੀ ਸੀ, ਵਿਚ ਸਰਕਾਰੀ ਅਧਿਕਾਰੀ ਸੀ। ਇਹ ਪਰਿਵਾਰ 1960ਵਿਆਂ ਵਿਚ ਇੰਗਲੈਂਡ ਆਏ। ਸੂਨਕ ਦਾ ਪਿਤਾ ਯਸ਼ਵੀਰ ਸੂਨਕ ਡਾਕਟਰ ਸੀ ਅਤੇ ਮਾਂ ਊਸ਼ਾ ਸੂਨਕ ਫਾਰਮਾਸਿਸਟ। ਕਈ ਹੋਰ ਵਿਦਵਾਨ ਇਸ ਇਤਫ਼ਾਕ ਬਾਰੇ ਵੀ ਉਪਭਾਵੁਕ ਹਨ ਕਿ 1799 ਵਿਚ ਗੁੱਜਰਾਂਵਾਲਾ ਇਲਾਕੇ ਦੀ ਸ਼ੁੱਕਰਚੱਕੀਆ ਮਿਸਲ ਦੇ ਨੌਜਵਾਨ ਆਗੂ ਰਣਜੀਤ ਸਿੰਘ ਨੇ ਲਾਹੌਰ ਫ਼ਤਿਹ ਕੀਤਾ ਸੀ ਅਤੇ ਹੁਣ 2022 ਵਿਚ ਇਕ ਵਿਅਕਤੀ ਜਿਸ ਦੇ ਪੁਰਖੇ ਇਸ ਸ਼ਹਿਰ ਵਿਚ ਜਨਮੇ, ਇੰਗਲੈਂਡ ਦੀ ਅਗਵਾਈ ਕਰੇਗਾ। ਇਹ ਵੀ ਯਾਦ ਕੀਤਾ ਜਾ ਰਿਹਾ ਹੈ ਕਿ ਲਾਹੌਰ ਦੇ ਹਿੰਦੂ ਤੇ ਮੁਸਲਮਾਨ ਵਾਸੀਆਂ ਅਤੇ ਮੋਹਤਬਰਾਂ ਨੇ ਜੋ ਲਾਹੌਰ ’ਤੇ ਭੰਗੀ ਮਿਸਲ ਦੇ ਰਾਜ ਤੋਂ ਦੁਖੀ ਸਨ, ਨੇ ਰਣਜੀਤ ਸਿੰਘ ਤਕ ਪਹੁੰਚ ਕੀਤੀ ਸੀ ਕਿ ਉਹ ਲਾਹੌਰ ’ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਭੰਗੀ ਮਿਸਲ ਦੇ ਸਰਦਾਰਾਂ ਤੋਂ ਨਿਜਾਤ ਦਿਵਾਏ, ਉਨ੍ਹਾਂ ਨੇ ਰਾਤ ਵੇਲੇ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਰਣਜੀਤ ਸਿੰਘ ਅਤੇ ਉਸ ਦੀ ਸੱਸ ਸਦਾ ਕੌਰ ਜੋ ਕਨ੍ਹੱਈਆ ਮਿਸਲ ਦੀ ਆਗੂ ਸੀ, ਨੇ ਬਿਨਾ ਲੜਾਈ ਕੀਤਿਆਂ ਲਾਹੌਰ ਫ਼ਤਿਹ ਕਰ ਲਿਆ ਸੀ। ਹੁਣ ਇੰਗਲੈਂਡ ਦੀ ਕੰਜ਼ਰਵੇਟਿਵ ਪਾਰਟੀ ਕੋਲ ਰਿਸ਼ੀ ਸੂਨਕ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਬਿਨਾ ਕੋਈ ਬਦਲ ਨਹੀਂ ਸੀ ਬਚਿਆ।
       ਸਾਰੇ ਭਾਈਚਾਰੇ ਆਪਣੇ ਮੈਂਬਰਾਂ ਨੂੰ ਸੱਤਾ ਮਿਲਣ ’ਤੇ ਗੌਰਵ ਮਹਿਸੂਸ ਕਰਦੇ ਹਨ, ਇਹ ਵੱਖਰੀ ਗੱਲ ਹੈ ਕਿ ਸ਼ਾਸਕਾਂ ਨੂੰ ਆਪਣੀ ਸਥਾਨਿਕਤਾ ’ਤੇ ਗੌਰਵ ਹੋਵੇ ਜਾਂ ਨਾ ਹੋਵੇ, ਕਈਆਂ ਵਿਚ ਇਹ ਭਾਵਨਾ ਹੁੰਦੀ ਹੈ ਅਤੇ ਕਈਆਂ ਵਿਚ ਨਹੀਂ ਕਿਉਂਕਿ ਉਨ੍ਹਾਂ ਦਾ ਟੀਚਾ ਸੱਤਾ ਹਾਸਲ ਕਰਨਾ ਅਤੇ ਉਸ ’ਤੇ ਕਾਬਜ਼ ਰਹਿਣਾ ਹੁੰਦਾ ਹੈ। ਸੂਨਕ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿਚ ਪੜ੍ਹਿਆ। ਉਸ ਦਾ ਵਿਆਹ ਭਾਰਤੀ ਕੰਪਨੀ ਇੰਫੋਸਿਸ (Infosys) ਦੇ ਬਾਨੀ ਐੱਚਆਰ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਇਆ। 2015 ਵਿਚ ਉਹ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ ਰਿਚਮੰਡ ਹਲਕੇ ਤੋਂ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਦਾ ਮੈਂਬਰ ਚੁਣਿਆ ਗਿਆ। ਉਸ ਨੇ 2017 ਅਤੇ 2019 ਦੀਆਂ ਚੋਣਾਂ ਵਿਚ ਵੀ ਇਸੇ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। 2017 ਵਿਚ ਉਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਿਚ ਥਾਂ ਮਿਲੀ। 2020 ਵਿਚ ਉਹ ਵਿੱਤ ਮੰਤਰੀ ਬਣਿਆ ਅਤੇ 5 ਜੁਲਾਈ 2022 ਤਕ ਇਸ ਅਹੁਦੇ ’ਤੇ ਰਿਹਾ। ਕਰੋਨਾ ਮਹਾਮਾਰੀ ਦੌਰਾਨ ਉਸ ਨੇ ਇੰਗਲੈਂਡ ਦੇ ਅਰਥਚਾਰੇ ਨੂੰ ਸਥਿਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। 2021 ਦੇ ਬਜਟ ਵਿਚ ਉਸ ਨੇ ਕਾਰਪੋਰੇਟ ਅਦਾਰਿਆਂ ’ਤੇ ਟੈਕਸ 19 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿੱਤਾ। 1974 ਤੋਂ ਬਾਅਦ ਉਹ ਇਸ ਟੈਕਸ ਵਿਚ ਵਾਧਾ ਕਰਨ ਵਾਲਾ ਪਹਿਲਾ ਵਿੱਤ ਮੰਤਰੀ ਸੀ। ਜੂਨ-ਜੁਲਾਈ 2022 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਕਰੋਨਾ ਮਹਾਮਾਰੀਆਂ ਦੌਰਾਨ ਦਿੱਤੀਆਂ ਪਾਰਟੀਆਂ ਅਤੇ ਕਰਿਸ਼ ਪਿੰਚਰ ਜਿਸ ’ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਸਨ, ਦੀ ਨਿਯੁਕਤੀ ਕਰਨ ਬਾਰੇ ਵਿਵਾਦ ਭਖਿਆ ਅਤੇ ਜੌਹਨਸਨ ਨੂੰ ਵੀ ਅਸਤੀਫ਼ਾ ਦੇਣਾ ਪਿਆ। ਸੂਨਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਿਆ ਪਰ ਕੰਜ਼ਰਵੇਟਿਵ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿਚ ਉਹ ਲਿਜ਼ ਟਰੱਸ ਤੋਂ ਹਾਰ ਗਿਆ। ਲਿਜ਼ ਟਰੱਸ ਸਰਕਾਰ ਚਲਾਉਣ ਵਿਚ ਅਸਫ਼ਲ ਰਹੀ ਅਤੇ ਸੂਨਕ ਬਿਨਾ ਮੁਕਾਬਲਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ।
     ਨਸਲਵਾਦ ਵਿਰੋਧੀ ਦ੍ਰਿਸ਼ਟੀਕੋਣ ਤੋਂ ਸੂਨਕ ਦਾ ਪ੍ਰਧਾਨ ਮੰਤਰੀ ਬਣਨਾ ਮਹੱਤਵਪੂਰਨ ਹੈ। ਉਹ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਗੋਰੀ ਨਸਲ ’ਚੋਂ ਨਹੀਂ। ਕਈ ਵਿਦਵਾਨਾਂ, ਚਿੰਤਕਾਂ ਤੇ ਸਮਾਜਿਕ ਕਾਰਕੁਨਾਂ ਨੇ ਅੰਗਰੇਜ਼ ਨਸਲਵਾਦੀਆਂ ਦੀਆਂ ਲਿਖ਼ਤਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਵਿਚ ਏਸ਼ੀਆ ਅਤੇ ਅਫ਼ਰੀਕਾ ਦੇ ਲੋਕਾਂ ਨੂੰ ਅਸੱਭਿਆ, ਜਾਹਲ, ਪੱਛੜੇ ਹੋਏ ਅਤੇ ਆਪਣੇ ਦੇਸ਼ਾਂ ’ਤੇ ਰਾਜ ਕਰਨ ਦੇ ਅਯੋਗ ਦੱਸਿਆ ਗਿਆ ਸੀ। ਅੰਗਰੇਜ਼ੀ ਦੇ ਨੋਬੇਲ ਇਨਾਮ ਜੇਤੂ ਲੇਖਕ ਰੁਡਿਆਰਡ ਕਿਪਲਿੰਗ ਨੇ ਏਸ਼ੀਆ ਤੇ ਅਫ਼ਰੀਕਾ ਦੇ ਲੋਕਾਂ ਨੂੰ ਕਾਬੂ ਵਿਚ ਰੱਖਣ (ਅਸਲ ਵਿਚ ਉਨ੍ਹਾਂ ’ਤੇ ਰਾਜ ਕਰਨ) ਨੂੰ ਗੋਰੇ ਲੋਕਾਂ ’ਤੇ ‘ਬੋਝ/ਜ਼ਿੰਮੇਵਾਰੀ’ ਕਿਹਾ ਸੀ। ਜੋਸੇਫ ਕੋਨਾਰਡ ਨੇ ਅਫ਼ਰੀਕੀ ਲੋਕਾਂ ਦੇ ਸੱਭਿਆਚਾਰ ਦੀ ਹਨੇਰੇ ਦੀਆਂ ਤਾਕਤਾਂ ਨਾਲ ਤੁਲਨਾ ਕੀਤੀ। ਹੁਣ ਇੰਗਲੈਂਡ ਦਾ ਮੀਡੀਆ ਤੇ ਵਿਦਵਾਨ ਇਹ ਪ੍ਰਚਾਰ ਕਰ ਰਹੇ ਹਨ ਕਿ ਉੱਥੇ ਕਿਸੇ ਵੀ ਅਹੁਦੇ ’ਤੇ ਪਹੁੰਚਣ ਲਈ ਨਸਲ, ਧਰਮ, ਰੰਗ ਆਦਿ ਦੇ ਆਧਾਰ ’ਤੇ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ ਪਰ ਇਤਿਹਾਸਕ ਸੱਚਾਈ ਇਹ ਹੈ ਕਿ ਨਸਲਵਾਦੀ ਸੋਚ ਅੰਗਰੇਜ਼ ਸ਼ਾਸਕਾਂ ਤੇ ਲੋਕਾਂ ਦੇ ਮਨਾਂ ਵਿਚ ਹਾਵੀ ਰਹੀ ਹੈ ਜਿਸ ਤਹਿਤ ਏਸ਼ੀਆ ਤੇ ਅਫ਼ਰੀਕਾ ਦੀਆਂ ਬਸਤੀਆਂ ਵਿਚ ਅਕਹਿ ਜ਼ੁਲਮ ਕੀਤੇ ਗਏ ਅਤੇ ਇੰਗਲੈਂਡ ਵਿਚ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੱਡੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ।
     ਸੂਨਕ ਨੂੰ ਵਧ ਰਹੀ ਮਹਿੰਗਾਈ, ਤੇਲ ਤੇ ਗੈਸ ਦੀਆਂ ਵਧਦੀਆਂ ਕੀਮਤਾਂ ਅਤੇ ਹੋਰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਉਸ ਦਾ ਸਿਆਸੀ ਤਜਰਬਾ ਕੋਈ ਜ਼ਿਆਦਾ ਨਹੀਂ ਹੈ। ਉਹ ਸਿਰਫ਼ ਸੱਤ ਸਾਲ ਹੀ ਐੱਮਪੀ ਰਿਹਾ ਹੈ।
       ਨਸਲਵਾਦ-ਵਿਰੋਧੀ ਪ੍ਰਸੰਗ ਤੋਂ ਉਸ ਦੇ ਪ੍ਰਧਾਨ ਮੰਤਰੀ ਬਣਨ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜਮਾਤੀ ਪੱਖ ਤੋਂ ਇਸ ਦੀ ਅਹਿਮੀਅਤ ਕਾਫ਼ੀ ਸੀਮਤ ਹੈ। ਉਹ ਇੰਗਲੈਂਡ ਦੀ ਸੱਜੇ-ਪੱਖੀ ਹਾਕਮ ਜਮਾਤ ਦਾ ਨੁਮਾਇੰਦਾ ਹੈ। ਉਸ ਨੇ ਇਸ ਹਾਕਮ ਜਮਾਤ ਦੇ ਹਿੱਤਾਂ ਦੀ ਰਾਖੀ ਕਰਨੀ ਹੈ, ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਅਤੇ ਆਗੂ ਹੋਣਾ ਉਸ ਦੇ ਆਪਣੇ ਨਿੱਜੀ ਹਿੱਤਾਂ ਨੂੰ ਸੁਰੱਖਿਅਤ ਕਰਦਾ ਹੈ। ਉਹ ਆਪਣੇ ਆਪ ਨੂੰ ਭਾਰਤੀ ਮੂਲ ਦਾ ਦੱਸ ਕੇ ਭਾਰਤੀ ਮੂਲ ਦੇ ਲੋਕਾਂ ਦੀਆਂ ਵੋਟਾਂ ਤਾਂ ਹਾਸਲ ਕਰੇਗਾ ਪਰ ਉਸ ਨੇ ਪਰਵਾਸੀਆਂ, ਭਾਰਤੀ ਲੋਕਾਂ ਜਾਂ ਭਾਰਤ ਦੇ ਹਿੱਤਾਂ ਦਾ ਰਖਵਾਲਾ ਨਹੀਂ ਬਣਨਾ। ਇਸ ਪ੍ਰਸੰਗ ਵਿਚ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਆਗੂ ਬੌਬੀ ਜਿੰਦਲ ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਉਹ ਦੋ ਵਾਰ ਅਮਰੀਕਾ ਦੇ ਨਿਊ ਔਰਲੀਨਜ਼ ਸੂਬੇ ਦਾ ਰਾਜਪਾਲ ਰਿਹਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਿਆ ਪਰ ਉਸ ਦੇ ਵਿਚਾਰ ਰਿਪਬਲਿਕਨ ਪਾਰਟੀ ਦੀ ਪਰਵਾਸੀ ਵਿਰੋਧੀ ਵਿਚਾਰਧਾਰਾ ਦੇ ਹੀ ਅਨੁਸਾਰੀ ਹਨ।
      ਇਤਿਹਾਸ ਦੀ ਜਟਿਲਤਾ ਦਾ ਆਰ-ਪਾਰ ਨਹੀਂ ਪਾਇਆ ਜਾ ਸਕਦਾ। ਪੰਜਾਬੀਆਂ ਅਤੇ ਭਾਰਤੀਆਂ ਨੂੰ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਜਸ਼ਨ ਮਨਾਉਣ ਦਾ ਪੂਰਾ ਅਧਿਕਾਰ ਹੈ ਪਰ ਨਾਲ ਹੀ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੰਗਲੈਂਡ ਦਾ ਨਾਗਰਿਕ ਹੈ, ਉਸ ਨੇ ਇੰਗਲੈਂਡ ਨਾਲ ਵਫ਼ਾ ਨਿਭਾਉਣੀ ਹੈ। ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਪੱਖਾਂ ਤੋਂ ਉਸ ਦਾ ਪ੍ਰਧਾਨ ਮੰਤਰੀ ਬਣਨਾ ਇੰਗਲੈਂਡ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਇਹ ਇੰਗਲੈਂਡ ਵਿਚ ਵੱਸਦੇ ਏਸ਼ਿਆਈ ਤੇ ਅਫ਼ਰੀਕੀ ਲੋਕਾਂ ਦੇ ਹੱਕਾਂ ਦੇ ਹਿੱਤ ਵਿਚ ਹੈ, ਉਨ੍ਹਾਂ ਲਈ ਇਸ ਦਾ ਪ੍ਰਤੀਕਾਤਮਕ (symbolic) ਮਹੱਤਵ ਬਹੁਤ ਜ਼ਿਆਦਾ ਹੈ। ਇਹ ਤੱਥ ਵੀ ਯਾਦ ਰੱਖਣ ਯੋਗ ਹੈ ਕਿ ਇੰਗਲੈਂਡ ਦੀ ਸੱਜੇ-ਪੱਖੀ ਪਾਰਟੀ ਅਤੇ ਲੋਕਾਂ ਨੇ ਵਿਦੇਸ਼ੀ ਮੂਲ ਦੇ ਆਗੂ ਨੂੰ ਆਪਣੇ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕੀਤਾ ਹੈ, ਇਹ ਇੰਗਲੈਂਡ ਵਿਚ ਪਨਪੀ ਜਮਹੂਰੀ ਪ੍ਰਕਿਰਿਆ ਕਾਰਨ ਹੀ ਸੰਭਵ ਹੋ ਸਕਿਆ ਹੈ।