ਐੱਮਬੀਬੀਐੱਸ ਦੀ ਪੜ੍ਹਾਈ ਅਤੇ ਭਾਸ਼ਾ ਦਾ ਮਸਲਾ -  ਦਿਨੇਸ਼ ਸੀ. ਸ਼ਰਮਾ

ਭੋਪਾਲ ਵਿਚ ਅੰਗਰੇਜ਼ੀ ਤੋਂ ਹਿੰਦੀ ਵਿਚ ਉਲਥਾਈਆਂ ਤਿੰਨ ਮੈਡੀਕਲ ਪਾਠ ਪੁਸਤਕਾਂ ਧੂਮ-ਧੜੱਕੇ ਨਾਲ ਰਿਲੀਜ਼ ਕੀਤੀਆਂ ਗਈਆਂ। ਇਹ ਕਿਤਾਬਾਂ ਮੱਧ ਪ੍ਰਦੇਸ਼ ਵਿਚ ਐੱਮਬੀਬੀਐੱਸ ਕੋਰਸ ਵਿਚ ਹਿੰਦੀ ਭਾਸ਼ਾ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕਰਨ ਦੀਆਂ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ। ਇਹ ਕਦਮ ਕੇਂਦਰ ਸਰਕਾਰ ਦੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਸੰਕਲਪ ਤੋਂ ਬਾਅਦ ਚੁੱਕਿਆ ਗਿਆ ਹੈ। ਨਵੀਂ ਸਿੱਖਿਆ ਨੀਤੀ ਵਿਚ ਹੋਰ ਚੀਜ਼ਾਂ ਦੇ ਨਾਲ ਨਾਲ ਤਕਨੀਕੀ ਤੇ ਮੈਡੀਕਲ ਕੋਰਸਾਂ ਦੀ ਪੜ੍ਹਾਈ ਭਾਰਤੀ ਭਾਸ਼ਾਵਾਂ ਵਿਚ ਦੇਣ ਉਤੇ ਜ਼ੋਰ ਦਿੱਤਾ ਗਿਆ ਹੈ।
      ਪੇਸ਼ੇਵਰ ਕੋਰਸਾਂ ਲਈ ਸੰਯੁਕਤ ਦਾਖ਼ਲਾ ਟੈਸਟ (ਜੇਈਈ) ਸਮੇਤ ਸਾਰੇ ਅਹਿਮ ਮੁਕਾਬਲਾ ਇਮਤਿਹਾਨ ਅੰਗਰੇਜ਼ੀ ਤੋਂ ਇਲਾਵਾ ਦਰਜਨ ਭਰ ਭਾਰਤੀ ਜ਼ਬਾਨਾਂ ਵਿਚ ਕਰਵਾਏ ਜਾਂਦੇ ਹਨ। ਇਹੋ ਹਾਲਤ ਯੂਨੀਵਰਸਿਟੀਆਂ ਵਿਚ ਗਰੈਜੂਏਟ ਕੋਰਸਾਂ ਵਿਚ ਦਾਖ਼ਲਿਆਂ ਲਈ ਹਾਲ ਹੀ ਵਿਚ ਸ਼ੁਰੂ ਕੀਤੇ ਸਾਂਝੇ ਯੂਨੀਵਰਸਿਟੀ ਦਾਖ਼ਲਾ ਟੈਸਟ (ਸੀਯੂਈਟੀ) ਦੀ ਹੈ।
        ਉਚੇਰੀ ਸਿੱਖਿਆ ਦੇ ਪੱਧਰ ’ਤੇ ਪੜ੍ਹਾਈ ਭਾਰਤੀ ਭਾਸ਼ਾਵਾਂ ਵਿਚ ਕਰਾਉਣਾ ਆਪਣੇ ਆਪ ਵਿਚ ਨਵੀਂ ਨਿਵੇਕਲੀ ਗੱਲ ਨਹੀਂ ਹੈ। ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵੱਲੋਂ ਪੀਐੱਚਡੀ ਪੱਧਰ ਤੱਕ ਕੋਰਸਾਂ ਦੀ ਪੜ੍ਹਾਈ ਵੱਖੋ-ਵੱਖ ਭਾਰਤੀ ਭਾਸ਼ਾਵਾਂ ਵਿਚ ਕਰਵਾਈ ਜਾਂਦੀ ਹੈ। ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਕੋਰਸ ਵੀ ਹਿੰਦੀ ਤੇ ਦੂਜੀਆਂ ਭਾਰਤੀ ਭਾਸ਼ਾਵਾਂ ਵਿਚ ਕਰਵਾਏ ਜਾਂਦੇ ਹਨ। ਕੁਝ ਸਾਲ ਪਹਿਲਾਂ ਤਾਮਿਲਨਾਡੂ ਨੇ ਮੈਡੀਕਲ ਦੀ ਪੜ੍ਹਾਈ ਤਾਮਿਲ ਭਾਸ਼ਾ ਵਿਚ ਕਰਾਉਣ ਦਾ ਵਿਚਾਰ ਲਿਆਂਦਾ ਸੀ। ਅਤੀਤ ਵਿਚ ਉਸਮਾਨੀਆ ਯੂਨੀਵਰਸਿਟੀ ਵੀ 1918 ਤੋਂ 1948 ਤੱਕ ਮੈਡੀਸਨ ਤੇ ਇੰਜਨੀਅਰਿੰਗ ਦੇ ਕੋਰਸਾਂ ਦੀ ਪੜ੍ਹਾਈ ਉਰਦੂ ਜ਼ਬਾਨ ਵਿਚ ਕਰਾਉਂਦੀ ਰਹੀ ਹੈ। ਭੋਪਾਲ ਵਿਚ ਕਿਤਾਬਾਂ ਰਿਲੀਜ਼ ਕਰਨ ਦੀ ਰਸਮ ਨਿਭਾਉਣ ਵਾਲੇ ਕੇਂਦਰੀ ਮੰਤਰੀ ਵੱਲੋਂ ਐੱਮਬੀਬੀਐੱਸ ਕੋਰਸ ਹਿੰਦੀ ਵਿਚ ਕਰਾਉਣ ਪਿੱਛੇ ਇਹ ਤਰਕ ਦਿੱਤਾ ਹੈ ਕਿ ਅੰਗਰੇਜ਼ੀ ਦੀ ਥਾਂ ਮਾਤ-ਭਾਸ਼ਾ ਵਿਚ ਪੜ੍ਹਾਈ ਕਰਵਾਏ ਜਾਣ ਦੀ ਸੂਰਤ ਵਿਚ ਵਿਦਿਆਰਥੀ ਸੋਚ, ਨਜ਼ਰਸਾਨੀ, ਖੋਜ, ਤਰਕ, ਵਿਸ਼ਲੇਸ਼ਣ ਅਤੇ ਫ਼ੈਸਲੇ ਲੈਣ ਵਰਗੇ ਬੋਧਾਤਮਕ ਹੁਨਰਾਂ ਨੂੰ ਵਿਕਸਿਤ ਕਰਨ ਦੇ ਮਾਮਲੇ ਵਿਚ ਬਿਹਤਰ ਸਥਿਤੀ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਸਿੱਖਿਅਤ ਡਾਕਟਰਾਂ ਲਈ ਮਰੀਜ਼ਾਂ ਨਾਲ ਗੱਲਬਾਤ/ਸੰਚਾਰ ਕਰਨਾ ਵੀ ਆਸਾਨ ਹੋਵੇਗਾ।
       ਕੁਝ ਸੰਭਾਵੀ ਫ਼ਾਇਦਿਆਂ ਦੇ ਬਾਵਜੂਦ ਜਾਪਦਾ ਹੈ ਕਿ ਇਹ ਤਬਦੀਲੀ ਕਾਹਲੀ ਨਾਲ ਲਾਗੂ ਕੀਤੀ ਜਾ ਰਹੀ ਹੈ। ਤਕਨੀਤੀ ਤੇ ਵਿਗਿਆਨਕ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਦੇ ਤਰਜਮੇ ਵਿਚ ਸਭ ਤੋਂ ਵੱਡੀ ਚੁਣੌਤੀ ਵਿਗਿਆਨਕ ਸ਼ਬਦਾਵਲੀ ਦੀ ਵਰਤੋਂ ਪੱਖੋਂ ਹੁੰਦੀ ਹੈ। ਕੀ ਅੰਗਰੇਜ਼ੀ ਭਾਸ਼ਾ ਵਿਚਲੀ ਮੂਲ ਸ਼ਬਦਾਵਲੀ ਨੂੰ ਇਸੇ ਤਰ੍ਹਾਂ ਵਰਤਿਆ ਜਾਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ? ਭੋਪਾਲ ਵਿਚ ਜਿਹੜੀਆਂ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਹਨ - ਐਨਾਟੋਮੀ, ਬਾਇਓਕੈਮਿਸਟਰੀ ਅਤੇ ਫਿਜ਼ੀਓਲੋਜੀ- ਉਨ੍ਹਾਂ ਦੇ ਸਰਵਰਕ ਦੇਖ ਕੇ ਤਾਂ ਇਹੋ ਭਾਸਦਾ ਹੈ ਕਿ ਅੰਗਰੇਜ਼ੀ ਵਿਚਲੀ ਜਾਣੀ-ਪਛਾਣੀ ਮੈਡੀਕਲ ਸ਼ਬਦਾਵਲੀ ਨੂੰ ਉਲਥਾਈਆਂ ਗਈਆਂ ਕਿਤਾਬਾਂ ਵਿਚ ਜਿਉਂ ਦਾ ਤਿਉਂ ਰੱਖਿਆ ਗਿਆ ਹੈ। ਇਸ ਤਰ੍ਹਾਂ ਅਸਲ ਵਿਚ ਪਾਠ ਪੁਸਤਕਾਂ ਵਿਚ ਵਿਆਖਿਆਤਮਕ ਸਮੱਗਰੀ ਹਿੰਦੀ ਵਿਚ ਮੁਹੱਈਆ ਕਰਵਾਈ ਜਾਵੇਗੀ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਨੁਵਾਦਿਤ ਕਿਤਾਬਾਂ ਵਿਚ ਭਾਸ਼ਾ ਸੌਖੀ ਵਰਤੀ ਜਾਵੇਗੀ, ਭਾਵ, ਆਮ ਬੋਲ-ਚਾਲ ਦੀ ਹਿੰਦੀ, ਨਾ ਕਿ ਵੱਡੇ ਪੱਧਰ ’ਤੇ ਸੰਸਕ੍ਰਿਤ ਦੇ ਪ੍ਰਭਾਵ ਵਾਲੀ ਹਿੰਦੀ ਜਿਵੇਂ ਬਹੁਤੇ ਲੋਕਾਂ ਨੂੰ ਖ਼ਦਸ਼ਾ ਹੈ।
     ਉਂਝ ਜੋ ਵੀ ਹੋਵੇ, ਮੈਡੀਕਲ ਪਾਠ ਪੁਸਤਕਾਂ ਦਾ ਤਰਜਮਾ ਕਰਨਾ ਬਹੁਤ ਹੀ ਔਖਾ ਕੰਮ ਹੈ ਅਤੇ ਇਹ ਕੰਮ ਬਹੁਤ ਹੀ ਧਿਆਨ ਨਾਲ ਕਰਨ ਦੀ ਲੋੜ ਹੁੰਦੀ ਹੈ। ਇਸ ਅਮਲ ਵਿਚ ਦੋਵਾਂ ਭਾਸ਼ਾ ਤੇ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਭਵਿੱਖ ਦੇ ਡਾਕਟਰਾਂ ਲਈ ਕੋਰਸ ਨਾਲ ਸਬੰਧਿਤ ਗੁਣਵੱਤਾ ਦੇ ਪੱਖ ਤੋਂ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਥੇ ਪੜ੍ਹਨ ਵਾਲੇ ਗਰੈਜੂਏਟਾਂ ਨੇ ਬਾਅਦ ਵਿਚ ਇਨਸਾਨੀ ਜ਼ਿੰਦਗੀਆਂ ਨਾਲ ਨਜਿੱਠਣਾ ਹੈ। ਫਿਰ ਪਾਠ ਪੁਸਤਕਾਂ ਤਾਂ ਮੈਡੀਕਲ ਕੋਰਸਾਂ ਦਾ ਮਹਿਜ਼ ਇਕ ਹਿੱਸਾ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੈਂਕੜੇ ਹਵਾਲਾ ਕਿਤਾਬਾਂ, ਮੈਨੂਅਲ ਅਤੇ ਮੈਡੀਕਲ ਪ੍ਰੋਟੋਕੋਲਜ਼ ਨੂੰ ਵੀ ਪੜ੍ਹਨਾ ਪੈਂਦਾ ਹੈ ਜੋ ਬਹੁਤਾ ਕਰ ਕੇ ਅੰਗਰੇਜ਼ੀ ਵਿਚ ਹੀ ਹੁੰਦੇ ਹਨ ਅਤੇ ਇਹ ਕਿਸੇ ਡਾਕਟਰ ਦੀ ਟਰੇਨਿੰਗ ਅਤੇ ਉਸ ਦੇ ਕੰਮ-ਕਾਜ ਲਈ ਬਹੁਤ ਜ਼ਰੂਰੀ ਹਨ।
      ਹਿੰਦੀ ਤੇ ਦੂਜੀਆਂ ਭਾਰਤੀ ਭਾਸ਼ਾਵਾਂ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਡਾਕਟਰਾਂ ਲਈ ਅਗਲੇਰੀ ਪੜ੍ਹਾਈ ਕਰਨਾ ਅਤੇ ਉਨ੍ਹਾਂ ਦੀਆਂ ਕਰੀਅਰ ਸੰਭਾਵਨਾਵਾਂ ਵੀ ਚੁਣੌਤੀਪੂਰਨ ਹੋ ਸਕਦੀਆਂ ਹਨ ਕਿਉਂਕਿ ਪੋਸਟ-ਗਰੈਜੂਏਸ਼ਨ ਦੀ ਪੜ੍ਹਾਈ, ਸੁਪਰ-ਸਪੈਸ਼ਲਿਟੀਆਂ ਦੀ ਪੜ੍ਹਾਈ, ਮੈਡੀਕਲ ਖੋਜ ਆਦਿ ਸਾਰਾ ਕੁਝ ਹਾਲੇ ਵੀ ਅੰਗਰੇਜ਼ੀ ਵਿਚ ਹੀ ਚੱਲਦਾ ਹੈ। ਅਜੇ ਇਹ ਸਾਫ਼ ਨਹੀਂ ਹੈ ਕਿ ਮੈਡੀਕਲ ਪੜ੍ਹਾਈ ਭਾਰਤੀ ਭਾਸ਼ਾਵਾਂ ਵਿਚ ਕਰਾਉਣ ਲਈ ਜਿਹੜਾ ਅੱਜ ਕੱਲ੍ਹ ਜ਼ੋਰ ਦਿੱਤਾ ਜਾ ਰਿਹਾ ਹੈ, ਕੀ ਉਸ ਵਿਚ ਮੈਡੀਕਲ ਦੀ ਪੋਸਟ-ਗਰੈਜੂਏਸ਼ਨ ਤੇ ਹੋਰ ਉਚੇਰੀ ਸਿੱਖਿਆ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਾਂ ਨਹੀਂ ਅਤੇ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਕਿਵੇਂ ਕੀਤਾ ਜਾਵੇਗਾ। ਪਾਠ ਪੁਸਤਕਾਂ ਅਤੇ ਅਜਿਹੀ ਹੋਰ ਸਮੱਗਰੀ ਦੇ ਨਾਲ ਹੀ ਸਾਨੂੰ ਸਿੱਖਿਆਯਾਫ਼ਤਾ ਅਧਿਆਪਕਾਂ, ਇਮਤਿਹਾਨ ਮਸ਼ੀਨਰੀ ਅਤੇ ਬਹੁ-ਭਾਸ਼ਾਈ ਖੋਜ ਰਸਾਲਿਆਂ ਦੀ ਉਪਲਬਧਤਾ ਅਤੇ ਅਜਿਹੇ ਹੋਰ ਬਹੁਤ ਕਾਸੇ ਦੀ ਵੀ ਲੋੜ ਹੁੰਦੀ ਹੈ। ਇਸ ਸਬੰਧ ਵਿਚ ਕੌਮੀ ਮੈਡੀਕਲ ਕਮਿਸ਼ਨ ਜਾਂ ਸੂਬਾਈ ਮੈਡੀਕਲ ਸਿੱਖਿਆ ਵਿਭਾਗਾਂ ਨੇ ਜੇ ਕੋਈ ਯੋਜਨਾ ਬਣਾਈ ਹੈ ਤੇ ਕੋਈ ਖ਼ਾਕਾ ਉਲੀਕਿਆ ਹੈ ਤਾਂ ਉਸ ਨੂੰ ਜੱਗ-ਜ਼ਾਹਿਰ ਕੀਤਾ ਜਾਣਾ ਚਾਹੀਦਾ ਹੈ।
       ਇਸ ਸਮੇਂ ਭਾਰਤ ਵਿਚ ਕਰੀਬ 600 ਮੈਡੀਕਲ ਕਾਲਜ ਹਨ ਅਤੇ ਵਿਦਿਆਰਥੀਆਂ ਨੂੰ ਆਪਣੇ ਸੂਬੇ ਤੋਂ ਬਾਹਰਲੇ ਕਾਲਜਾਂ ਵਿਚ ਵੀ ਦਾਖ਼ਲੇ ਲੈਣ ਦੀ ਪੂਰੀ ਆਜ਼ਾਦੀ ਹੈ। ਅਜਿਹੀ ਸੂਰਤ ਵਿਚ ਮੈਡੀਕਲ ਪੜ੍ਹਾਈ ਵਿਚ ਅੰਗਰੇਜ਼ੀ ਦੀ ਵਰਤੋਂ ਨੂੰ ਛੱਡਣਾ, ਅਜਿਹੇ ਬਦਲਾਂ ਨੂੰ ਮੁਸ਼ਕਿਲ ਹੀ ਬਣਾਵੇਗਾ। ਮਸਲਨ, ਮੱਧ ਪ੍ਰਦੇਸ਼ ਵਿਚੋਂ ਹਿੰਦੀ ਮਾਧਿਅਮ ਵਿਚ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਲਈ ਅਗਲੇਰੀ ਪੜ੍ਹਾਈ ਕਰਨਾਟਕ ਜਾਂ ਮਹਾਰਾਸ਼ਟਰ ਵਰਗੇ ਕਿਸੇ ਸੂਬੇ ਦੇ ਕਾਲਜਾਂ ਵਿਚੋਂ ਕਰਨੀ ਮੁਸ਼ਕਿਲ ਹੋਵੇਗੀ ਜਿਥੇ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਜਾਂ ਸਬੰਧਿਤ ਸੂਬੇ ਦੀ ਮੁਕਾਮੀ ਭਾਸ਼ਾ ਹੋ ਸਕਦੀ ਹੈ। ਅਜਿਹੇ ਵਿਦਿਆਰਥੀਆਂ ਲਈ ਪੋਸਟ-ਗਰੈਜੂਏਸ਼ਨ ਦੀ ਪੜ੍ਹਾਈ ਵਿਦੇਸ਼ ਜਾ ਕੇ ਕਰਨੀ ਤਾਂ ਹੋਰ ਵੀ ਔਖੀ ਹੋ ਜਾਵੇਗੀ।
      ਉਸਮਾਨੀਆ ਯੂਨੀਵਰਸਿਟੀ ਵਿਚ ਭਾਵੇਂ ਕੋਰਸਾਂ ਦੀ ਪੜ੍ਹਾਈ ਉਰਦੂ ਵਿਚ ਕਰਵਾਈ ਜਾਂਦੀ ਸੀ ਪਰ ਸਾਰੇ ਵਿਦਿਆਰਥੀਆਂ ਲਈ ਅੰਗਰੇਜ਼ੀ ਵਿਚ ਮੁਹਾਰਤ ਲਾਜ਼ਮੀ ਸੀ ਅਤੇ ਉਨ੍ਹਾਂ ਦੀਆਂ ਪਾਠ ਪੁਸਤਕਾਂ ਵੀ ਅੰਗਰੇਜ਼ੀ ਵਿਚ ਹੀ ਸਨ। ਇਹੀ ਨਹੀਂ, ਉਰਦੂ ਵਿਚ ਪੜ੍ਹਾਈ ਦੀ ਸ਼ੁਰੂਆਤ ਤੋਂ ਪਹਿਲਾਂ ਤਰਜਮਾ ਬਿਊਰੋ ਕਾਇਮ ਕੀਤੀ ਗਈ ਅਤੇ ਵਿਗਿਆਨਕ ਸ਼ਬਦਾਵਲੀ ਨਾਲ ਸਿੱਝਣ ਲਈ ਅਨੁਵਾਦ ਪ੍ਰਣਾਲੀ ਵਿਕਸਤ ਕੀਤੀ ਗਈ ਸੀ। ਇਸ ਮੁਤੱਲਕ ਰਵਿੰਦਰ ਨਾਥ ਟੈਗੋਰ ਸਣੇ ਭਾਰਤ ਭਰ ਦੇ ਸਿੱਖਿਆ ਮਾਹਿਰਾਂ ਦੀ ਸਲਾਹ ਲਈ ਗਈ ਸੀ ਪਰ ਮੌਜੂਦਾ ਮਾਮਲੇ ਵਿਚ ਅਜਿਹੀ ਯੋਜਨਾਬੰਦੀ ਦੀ ਕਮੀ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਸਾਰੀਆਂ ਸਬੰਧਿਤ ਧਿਰਾਂ ਸਮੇਤ ਵਿਦਿਆਰਥੀ ਭਾਈਚਾਰੇ ਨਾਲ ਵਿਆਪਕ ਸਲਾਹ-ਮਸ਼ਵਰੇ ਦੀ ਅਣਹੋਂਦ ਹੈ। ਜੇ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚ ਪਾਠ ਪੁਸਤਕਾਂ ਦਾ ਅਨੁਵਾਦ ਕੀਤਾ ਜਾਣ ਵਾਲਾ ਹੈ ਤਾਂ ਤਕਨੀਕੀ ਸ਼ਬਦਾਵਲੀ ਦਾ ਮਿਆਰੀਕਰਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸੁਮੇਲ/ਅਨੁਕੂਲਨ ਯਕੀਨੀ ਬਣਾਇਆ ਜਾ ਸਕੇ।
       ਤਕਨੀਕੀ ਕੋਰਸਾਂ ਦੀ ਪੜ੍ਹਾਈ ਮਾਤ-ਭਾਸ਼ਾ ਵਿਚ ਕਰਾਉਣ ਦੇ ਹਮਾਇਤੀਆਂ ਵੱਲੋਂ ਇਸ ਸਬੰਧ ਵਿਚ ਜਪਾਨ ਦੀ ਮਿਸਾਲ ਦਿੱਤੀ ਜਾਂਦੀ ਹੈ ਜਿਸ ਨੇ ਜਪਾਨੀ ਭਾਸ਼ਾ ਵਿਚ ਪੜ੍ਹਾਈ ਕਰਵਾਉਂਦਿਆਂ ਵੀ ਲਾਸਾਨੀ ਵਿਗਿਆਨਕ ਤੇ ਸਨਅਤੀ ਤਰੱਕੀ ਕੀਤੀ ਹੈ। ਉਸਮਾਨੀਆ ਯੂਨੀਵਰਸਿਟੀ ਨੇ ਵੀ ਅਜਿਹੀ ਪ੍ਰੇਰਨਾ ਜਪਾਨ ਤੋਂ ਹੀ ਲਈ ਸੀ। ਇਸੇ ਲਈ 1920ਵਿਆਂ ਵਿਚ ਹੈਦਰਾਬਾਦ ਦੇ ਡਾਇਰੈਕਟਰ ਪਲਬਿਲਕ ਇੰਸਟਰਕਸ਼ਨ (ਡੀਪੀਆਈ) ਸਈਦ ਰੌਸ ਮਸੂਦ ਨੂੰ ਤਕਨੀਕੀ ਸਿੱਖਿਆ ਦੇ ਜਪਾਨੀ ਮਾਡਲ ਦਾ ਅਧਿਐਨ ਕਰਨ ਲਈ ਜਪਾਨ ਭੇਜਿਆ ਗਿਆ ਸੀ। ਇਸੇ ਤਰ੍ਹਾਂ ਚੀਨ, ਰੂਸ, ਜਰਮਨੀ ਆਦਿ ਮੁਲਕਾਂ ਵਿਚ ਵੀ ਤਕਨੀਕੀ ਕੋਰਸ ਉਥੋਂ ਦੀਆਂ ਆਪੋ-ਆਪਣੀਆਂ ਭਾਸ਼ਾਵਾਂ ਵਿਚ ਪੜ੍ਹਾਏ ਜਾਂਦੇ ਹਨ ਅਤੇ ਉਨ੍ਹਾਂ ਨੇ ਦਹਾਕਿਆਂ ਦੌਰਾਨ ਆਪਣੀ ਵਿਗਿਆਨਕ ਸ਼ਬਦਾਵਲੀ ਵੀ ਵਿਕਸਤ ਕਰ ਲਈ ਹੈ। ਇਨ੍ਹਾਂ ਮੁਲਕਾਂ ਤੇ ਭਾਰਤ ਦਰਮਿਆਨ ਸਭ ਤੋਂ ਅਹਿਮ ਵਖਰੇਵਾਂ ਇਹ ਹੈ ਕਿ ਉਹ ਕੁੱਲ ਮਿਲਾ ਕੇ ਸਮਰੂਪਤਾ ਵਾਲੇ (ਇਕੋ ਜਿਹੇ) ਸਮਾਜ ਹਨ, ਜਦੋਂਕਿ ਭਾਰਤ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਤੇ ਸੱਭਿਆਚਾਰ ਹਨ।
      ਗ੍ਰਹਿ ਮੰਤਰੀ ਨੇ ਆਈਆਈਟੀਜ਼ ਅਤੇ ਆਈਆਈਐੱਮਜ਼ ਵਿਚ ਵੀ ਭਾਰਤੀ ਭਾਸ਼ਾਵਾਂ ਲਾਗੂ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਭੋਪਾਲ ਵਿਚ ਸਮਾਗਮ ਦੌਰਾਨ ਕਿਹਾ ਕਿ 10 ਸੂਬਿਆਂ ਵੱਲੋਂ ਪਾਠ ਪੁਸਤਕਾਂ ਦਾ ਤਾਮਿਲ, ਤੈਲਗੂ, ਮਰਾਠੀ, ਬੰਗਾਲੀ, ਮਲਿਆਲਮ ਤੇ ਗੁਜਰਾਤੀ ਭਾਸ਼ਾਵਾਂ ਵਿਚ ਤਰਜਮਾ ਕਰ ਕੇ ਇੰਜਨੀਅਰਿੰਗ ਦੀ ਸਿੱਖਿਆ ਖੇਤਰੀ ਭਾਸ਼ਾਵਾਂ ਵਿਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਭਾਰਤੀ ਭਾਸ਼ਾਵਾਂ ਵਿਚ ਤਕਨੀਕੀ ਸਿੱਖਿਆ ਦੇਣ ਉਤੇ ਸ਼ਬਦਾਵਲੀ ਤੇ ਇਸ ਨਾਲ ਜੁੜੇ ਹੋਰ ਮੁੱਦਿਆਂ ਤੋਂ ਇਲਾਵਾ ਅਹਿਮ ਖੇਤਰਾਂ ਵਿਚ ਭਾਰਤ ਦੇ ਮੁਕਾਬਲੇ ਦੀ ਸਮਰੱਥਾ ਨੂੰ ਵੀ ਸੱਟ ਵੱਜੇਗੀ, ਖ਼ਾਸਕਰ ਆਊਟਸੋਰਸਿੰਗ ਸਨਅਤ ਵਿਚ ਜਿਸ ’ਚ ਭਾਰਤ ਦਾ ਹੱਥ ਕਾਫ਼ੀ ਉੱਚਾ ਹੈ। ਭਾਰਤ ਨੇ ਜਿਨ੍ਹਾਂ ਕਾਰਨਾਂ ਸਦਕਾ ਸਾਫਟਵੇਅਰ ਅਤੇ ਆਈਟੀ ਆਧਾਰਿਤ ਸੇਵਾਵਾਂ ਵਿਚ ਕਾਮਯਾਬੀ ਹਾਸਲ ਕੀਤੀ ਹੈ, ਉਸ ਨੂੰ ਹੁਲਾਰਾ ਦੇਣ ਵਿਚ ਅਜਿਹੀ ਇੰਜਨੀਅਰਿੰਗ ਕਿਰਤ ਸ਼ਕਤੀ ਦਾ ਵੀ ਅਹਿਮ ਰੋਲ ਸੀ ਜਿਸ ਨੂੰ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਸੀ। ਭਾਰਤ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਇਸ ਦੀ ਇਸ ਬਾਜ਼ਾਰ ਵਿਚਲੀ ਸਥਿਤੀ ਨੂੰ ਨੁਕਸਾਨ ਪੁੱਜਦਾ ਹੋਵੇ, ਖ਼ਾਸਕਰ ਅਜਿਹੇ ਮੌਕੇ ਉਤੇ ਜਦੋਂ ਹੋਰ ਮੁਲਕ ਵੀ ਸਾਡੇ ਨਾਲ ਰਲਣ ਲਈ ਤੇਜ਼ ਦੌੜ ਲਗਾ ਰਹੇ ਹਨ ਤੇ ਨਾਲ ਹੀ ਆਟੋਮੇਸ਼ਨ ਵੀ ਤੇਜ਼ੀ ਨਾਲ ਆਮ ਨੌਕਰੀਆਂ ਨੂੰ ਖਾ ਰਿਹਾ ਹੈ।
       ਹਿੰਦੀ ’ਚ ਮੈਡੀਕਲ ਪਾਠ ਪੁਸਤਕਾਂ ਦੀ ਸ਼ੁਰੂਆਤ ਨੂੰ ਸਿੱਖਿਆ ਖੇਤਰ ਦਾ ‘ਪੁਨਰ ਜਾਗਰਨ ਤੇ ਪੁਨਰ ਨਿਰਮਾਣ’ ਆਖ ਕੇ ਵਡਿਆਇਆ ਜਾ ਰਿਹਾ ਹੈ ਪਰ ਅਸਲੀ ਪੁਨਰ ਜਾਗਰਨ ਤਾਂ ਭਾਰਤੀ ਭਾਸ਼ਾਵਾਂ ’ਚ ਨਵੇਂ ਤੇ ਅਸਲੀ ਗਿਆਨ ਦੀ ਸਿਰਜਣਾ ਕਰਨ ਅਤੇ ਨਾਲ ਹੀ ਭਾਰਤ ’ਚ ਬੋਲੀਆਂ ਜਾਂਦੀਆਂ ਭਾਸ਼ਾਵਾਂ ’ਚ ਸਿੱਖਿਆਯਾਫ਼ਤਾ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਨਾਲ ਹੋਵੇਗਾ।
*  ਲੇਖਕ ਵਿਗਿਆਨਕ ਵਿਸ਼ਲੇਸ਼ਕ ਹੈ।