ਹਿੰਦੂਤਵ ਦਾ ਯੂਰਪੀ ਸੰਬੰਧ ਅਤੇ ਬੌਧਿਕ ਵਿਕਾਸ ਯਾਤਰਾ  - ਕਰਮ ਬਰਸਟ

ਅਜ਼ਾਦ ਭਾਰਤ ਦੇ ਪਹਿਲੇ ਪੰਜਾਹ ਸਾਲਾਂ ਦੌਰਾਨ ਭਾਰਤੀ ਹਾਕਮਾਂ ਨੇ ਜਮਹੂਰੀਅਤ ਅਤੇ ਧਰਮ ਨਿਰਪੱਖਤਾ ਪ੍ਰਤੀ ਆਪਣੀ ਸੰਵਿਧਾਨਕ ਵਚਨਬੱਧਤਾ ਬਣਾਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ । ਐਮਰਜੈਂਸੀ ਦੇ ਕਾਲੇ ਦੌਰ ਨੂੰ ਅਪਵਾਦ ਮੰਨ ਲਿਆ ਜਾਵੇ ਤਾਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੌਰ ਵਿੱਚ ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਬਹੁਤੀ ਆਂਚ ਨਹੀਂ ਆਈ । ਪਰ ਰੱਥ ਯਾਤਰਾ ਅਤੇ ਬਾਬਰੀ ਮਸਜਿਦ ਦੀ ਘਟਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਮੁਸਲਿਮ ਅਤੇ ਇਸਾਈ ਧਾਰਮਿਕ ਘੱਟ ਗਿਣਤੀਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਹ ਵਿਤਕਰੇ ਅਤੇ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ।
       ਇਸ ਦੌਰਾਨ ਹਿੰਦੂਤਵੀ ਜਥੇਬੰਦੀਆਂ ਨੇ ਆਪਣੇ ਸਿਆਸੀ-ਸਮਾਜਿਕ ਪ੍ਰਭਾਵ ਖੇਤਰਾਂ ਵਿੱਚ ਬੇਸ਼ੁਮਾਰ ਵਾਧਾ ਕੀਤਾ ਹੈ । ਨਿੱਤ ਵਧਵੇਂ ਰੂਪ ਵਿੱਚ ਸਮਾਜ ਅੰਦਰ ਹਿੰਦੁਤਵਾ, ਭਗਵੇਂਕਰਨ ਅਤੇ ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਦਿਖਾਈ ਦਿੰਦੀ ਹੈ । ਥੋੜਾ ਜਿਹਾ ਸੰਸਾਰ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਜਨਤਾ ਪਾਰਟੀ ਅਤੇ ਇਸਦੇ ਅਧਿਆਤਮਿਕ ਉਸਤਾਦ ਰਾਸ਼ਟਰੀ ਸਵੈਸੇਵਕ ਸੰਘ ਦਾ ਸਮਾਜਿਕ ਤੇ ਰਾਜਨੀਤਕ ਉਭਾਰ ਉੱਨੀਵੀਂ ਸਦੀ ਦੇ ਯੂਰਪ ਨਾਲ ਨਾ ਸਿਰਫ ਸਿਧਾਂਤਕ ਤੌਰ ਤੇ ਸਗੋਂ ਸੁਖਾਵੇਂ ਰਿਸ਼ਤਿਆਂ ਦੇ ਰੂਪ ਵਿੱਚ ਵੀ ਦਿਖਾਈ ਦੇਵੇਗਾ ।
       ਭਾਰਤ ਅੰਦਰ ਹਿੰਦੂਤਵ ਦੀ ਬੌਧਿਕ ਯਾਤਰਾ ਬਸਤੀਵਾਦ ਵਿਰੋਧੀ ਲਹਿਰ ਦੇ ਸਮਾਂਤਰ ਹੀ ਉਭਰ ਕੇ ਸਾਹਮਣੇ ਆ ਜਾਂਦੀ ਹੈ ।1906 ਵਿਚ ਮੁਸਲਿਮ ਲੀਗ ਦੀ ਸਥਾਪਨਾ ਅਤੇ 1909 ਦੇ ਮਿੰਟੋ-ਮਾਰਲੇ ਸੁਧਾਰਾਂ ਤਹਿਤ ਧਾਰਮਿਕ ਅਧਾਰ ਤੇ ਚੋਣ ਨੁਮਾਇੰਦਗੀ ਮਿਲਣ ਨਾਲ ਹਿੰਦੂ-ਮੁਸਲਿਮ ਪਾੜ ਸ਼ੁਰੂ ਹੋ ਜਾਂਦਾ ਹੈ । ਹਿੰਦੂਆਂ ਦੀ ਸੁਰੱਖਿਆ ਦੀ ਆੜ ਹੇਠਾਂ ਦੇਸ਼ ਭਰ ਵਿੱਚ ਹਿੰਦੂ ਕੁਲੀਨ ਵਰਗ ਨੇ ਸਥਾਨਕ ਪੱਧਰਾਂ ਤੇ ਹਿੰਦੂ ਸਭਾਵਾਂ ਦਾ ਗਠਨ ਕਰਨਾ ਸੁਰੂ ਕਰ ਦਿੱਤਾ ਸੀ ਜਿਸਦਾ ਸਿੱਟਾ ਸਭ ਤੋਂ ਪਹਿਲਾਂ 1909 ਵਿਚ “ਪੰਜਾਬ ਹਿੰਦੂ ਸਭਾ” ਬਣਨ ਅਤੇ ਹਿੰਦੂਆਂ ਨੂੰ ਇਕ ਵੱਖਰੀ ਕੌਮ ਮੰਨਕੇ ਕਾਂਗਰਸ ਪਾਰਟੀ ਨਾਲ਼ੋਂ ਵੱਖਰੇ ਤੌਰ ਤੇ ਜਥੇਬੰਦ ਕਰਨ ਦਾ ਮੁੱਢ ਬੰਨ੍ਹਿਆ ਗਿਆ । ਇਹ ਮੁਹਿੰਮ ਹਰਦਵਾਰ ਵਿਖੇ ਅਪਰੈਲ 1915 ਦੇ ਕੁੰਭ ਮੇਲੇ ਦੌਰਾਨ “ਸਰਬ ਭਾਰਤੀ ਹਿੰਦੂ ਸਭਾ” ਦੇ ਗਠਨ ਦੇ ਰੂਪ ਵਿੱਚ ਸਮਾਪਤ ਹੋਈ । ਅਖੀਰ 1921 ਵਿਚ ਸਾਰੀਆਂ ਸੂਬਾਈ ਸਭਾਵਾਂ ਨੂੰ ਇਕਜੁਟ ਕਰਕੇ ਇਸਨੂੰ ‘ਅਖਿਲ ਭਾਰਤ ਹਿੰਦੂ ਮਹਾਂਸਭਾ’ ਦਾ ਰੂਪ ਦੇ ਦਿੱਤਾ ਗਿਆ ।
       ਹਿੰਦੂ ਮਹਾਂਸਭਾ ਦੇ ਪ੍ਰੋਗਰਾਮਾਂ ਵਿੱਚ ਐਲਾਨੀਆ ਤੌਰ ਤੇ ਬਰਤਾਨਵੀ ਸਾਮਰਾਜ ਨੂੰ ਬਾਹਰੀ ਅਤੇ ਮੁਸਲਮਾਨਾਂ ਨੂੰ ਅੰਦਰੂਨੀ ਦੁਸ਼ਮਣ ਮੰਨ ਲਿਆ ਗਿਆ । ਕੁੱਝ ਸਾਲਾਂ ਮਗਰੋਂ ਹੀ ਇਸਦੀ ਅਗਵਾਈ ਬਾਲਾਕ੍ਰਿਸ਼ਨਾ ਮੂੰਜੇ ਅਤੇ ਵਿਨਾਇਕ ਦਮੋਦਰ ਸਾਵਰਕਰ ਵਰਗੇ ਕੱਟੜ ਆਗੂਆਂ ਦੇ ਹੱਥ ਆ ਗਈ ਜੋ ਮਹਾਤਮਾ ਗਾਂਧੀ ਦੀ ਸਰਬ ਧਰਮ ਫ਼ਿਲਾਸਫੀ ਦਾ ਵਿਰੋਧ ਕਰਨ ਦੇ ਨਾਲ ਨਾਲ ਮੁਸਲਮਾਨਾਂ ਵਿਰੁੱਧ ਵੀ ਨਫ਼ਰਤ ਭੜਕਾਉਣ ਵਿੱਚ ਮੋਹਰੀ ਸਨ । ਸਾਵਰਕਰ ਨੇ ਕਿਹਾ ਹੈ, 'ਹਿੰਦੂਤਵਾ ਹਿੰਦੂ ਧਰਮ ਨਹੀਂ ਸਗੋਂ ਪ੍ਰਕਿਰਤੀ ਹੈ। ਇਹ ਸਵੈ-ਰਚੀ ਹੈ, ਆਦਿ ਅਤੇ ਸਦੀਵੀ ਹੈ, ਹਿੰਦੂ ਧਰਮ ਵੀ ਆਦਿ ਅਤੇ ਅਨਾਦਿ ਹੈ। ਦੂਜੇ ਧਰਮਾਂ ਵਾਂਗ ਇਸ ਦੀ ਸਥਾਪਨਾ ਕਿਸੇ ਨੇ ਨਹੀਂ ਕੀਤੀ, ਪਰ ਹਿੰਦੂਤਵ ਸਾਰੇ ਧਰਮਾਂ ਦੀ ਜੜ੍ਹ ਹੈ । ਦੂਜੇ ਸ਼ਬਦਾਂ ਵਿਚ ਕੁਦਰਤ ਦਾ ਦੂਜਾ ਨਾਮ ਹੀ ਹਿੰਦੂਤਵ ਹੈ। ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਿੰਦੂਤਵ ਕੋਈ ਧਰਮ ਨਹੀਂ ਹੈ, ਸਗੋਂ ਇਹ ਇੱਕ ਵਿਚਾਰਧਾਰਾ ਹੈ, ਜੀਵਨ ਜਾਚ ਹੈ। ਅਸੀਂ ਹਿੰਦੂ ਨਾ ਸਿਰਫ਼ ਇੱਕ ਸਾਂਝੀ ਮਾਤ-ਭੂਮੀ ਲਈ ਪਿਆਰ ਅਤੇ ਸਾਂਝੇ ਖੂਨ ਨਾਲ ਬੰਨ੍ਹੇ ਹੋਏ ਹਾਂ । ਅਸੀਂ ਸਾਰੇ ਮਿਲਕੇ ਆਪਣੀ ਮਹਾਨ ਸਭਿਅਤਾ - ਸਾਡੀ ਹਿੰਦੂ ਸੰਸਕ੍ਰਿਤੀ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹਾਂ । ਹਿੰਦੂਤਵ ਬਾਰੇ ਉਸਦੇ ਵਿਚਾਰ ਨੇ ਉਹਨਾਂ ਲੋਕਾਂ ਨੂੰ ਰਾਸ਼ਟਰ ਦੀ ਪ੍ਰੀਭਾਸ਼ਾ ਤੋਂ ਬਾਹਰ ਕਰ ਦਿੱਤਾ ਜਿਨ੍ਹਾਂ ਦੇ ਪੂਰਵਜ ਕਿਸੇ ਹੋਰ ਥਾਂ ਤੋਂ ਆਏ ਸਨ । ਇਸ ਤਰ੍ਹਾਂ ਭਾਰਤ ਦੀਆਂ ਦੋ ਸਭ ਤੋਂ ਮਹੱਤਵਪੂਰਨ ਘੱਟ ਗਿਣਤੀਆਂ ਮੁਸਲਮਾਨਾਂ ਅਤੇ ਈਸਾਈਆਂ ਨੂੰ ਆਪਣੇ ਚਿੰਤਨ-ਚੌਖਟੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਉਹ ਦੂਜੇ ਦਰਜੇ ਦੇ ਸ਼ਹਿਰੀ ਬਣਕੇ ਕੇ ਹੀ ਭਾਰਤ ਵਿਚ ਰਹਿ ਸਕਦੇ ਸਨ ।
    ਕਾਂਗਰਸ ਪਾਰਟੀ, ਬਰਤਾਨਵੀ ਹਕੂਮਤ ਤੇ ਮੁਸਲਮਾਨਾਂ ਪ੍ਰਤੀ ਮਹਾਂਸਭਾ ਦਾ ਕੀ ਰਵੱਈਆ ਹੋਵੇ, ਨੂੰ ਲੈਕੇ ਹਿੰਦੂ ਮਹਾਸਭਾ ਵਿੱਚ ਫੁੱਟ ਪੈ ਗਈ ਅਤੇ 27 ਸਤੰਬਰ 1925 ਨੂੰ ਕੇਸ਼ਵ ਬਲੀਰਾਮ ਹੈਡਗੇਵਾਰ ਦੀ ਅਗਵਾਈ ਵਿੱਚ ਰਾਸ਼ਟਰੀ ਸੇਵਕ ਸੰਘ (ਆਰ.ਐਸ. ਐਸ.) ਹੋਂਦ ਵਿੱਚ ਆ ਗਿਆ। ਬੇਸ਼ਕ ਦੋਵੇਂ ਜਥੇਬੰਦੀਆਂ ਦੀ ਸਿਧਾਂਤਕ ਵਿਚਾਰਧਾਰਾ ਵਿੱਚ ਕੋਈ ਫਰਕ ਨਹੀਂ ਸੀ ਪਰ ਅਮਲ ਦੇ ਪੱਧਰ ਤੇ ਆਰ.ਐਸ.ਐਸ. ਸਿਰਫ ਹਿੰਦੂਆਂ ਨੂੰ ਮੁਸਲਮਾਨਾਂ ਵਿਰੁਧ ਭੜਕਾਉਣ ਵਿੱਚ ਲੱਗ ਗਈ ਅਤੇ ਖੁਦ ਨੂੰ ਭਾਰਤ ਦੀ ਬਰਤਾਨਵੀ ਹਕੂਮਤ ਦੀ ਸੇਵਾ ਵਿੱਚ ਝੋਕ ਲਿਆ। ਇਸੇ ਲਈ ਅਜ਼ਾਦੀ ਦੀ ਲੜਾਈ ਅੰਦਰ ਆਰ.ਐਸ. ਐਸ. ਪੂਰੀ ਤਰਾਂ ਗੈਰ ਹਾਜ਼ਰ ਦਿਖਾਈ ਦਿੰਦੀ ਹੈ ।
      ਅੰਦੋਲਨ ਦੀ ਸ਼ੁਰੂਆਤ ਤੋਂ ਹੀ, ਹਿੰਦੂਤਵੀ ਚਿੰਤਕਾਂ ਨੇ ਫਾਸ਼ੀਵਾਦੀ ਇਟਲੀ ਨਾਲ ਸਬੰਧ ਬਨਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ । 1920 ਦੇ ਦਹਾਕੇ ਦੌਰਾਨ, ਮੁਸੋਲਿਨੀ ਦੇ ਸ਼ਾਸਨ ਦਾ ਉਹਨਾਂ ਉੱਤੇ ਤਕੜਾ ਪ੍ਰਭਾਵ ਸੀ ਕਿਉਂਕਿ ਉਸ ਵੇਲੇ ਦੀਆਂ ਭਾਰਤ ਵਿਚਲੀਆਂ ਸਥਾਨਕ ਭਾਸ਼ਾਈ ਅਖਬਾਰਾਂ ਨੇ ਇਤਾਲਵੀ ਸਮਾਜ ਵਿਚ ਆ ਰਹੇ ਫਾਸੀਵਾਦੀ ਬਦਲਾਅ ਦੀ ਪ੍ਰਸੰਸਾ ਸ਼ੁਰੂ ਕਰ ਦਿੱਤੀ ਸੀ । ਇਸੇ ਸ਼ਰਧਾ ਵਿਚੋਂ ਹੀ ਹੈਡਗੇਵਾਰ ਦੇ ਸਿਆਸੀ ਉਸਤਾਦ ਮੂੰਜੇ ਨੇ 1931 ਦਰਮਿਆਨ ਯੂਰਪ ਦਾ ਭਰਵਾਂ ਦੌਰਾ ਕੀਤਾ ਅਤੇ ਆਪਣੇ ਇਟਲੀ ਵਿਚਲੇ ਲੰਬੇ ਪੜਾਅ ਦੌਰਾਨ ਮੁਸੋਲਨੀ ਨਾਲ ਕਈ ਮੁਲਾਕਾਤਾਂ ਕੀਤੀਆਂ । ਉਸ ਵੇਲੇ ਇਟਲੀ ਅੰਦਰ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਲਈ ਉਤਸਾਹਤ ਕਰਨ ਲਈ ਵੱਡੀ ਪੱਧਰ ਤੇ ਹਫਤਾਵਾਰੀ ਮੀਟਿੰਗਾਂ ਹੁੰਦੀਆਂ ਸਨ ਜਿਹਨਾ ਵਿੱਚ ਸਰੀਰਕ ਕਸਰਤ ਅਤੇ ਫ਼ੌਜੀ ਕਰਤੱਬ ਸਿਖਾਏ ਜਾਂਦੇ ਸਨ । ਇੱਥੋਂ ਹੀ ਆਰ. ਐਸ. ਐਸ. ਨੇ ਭਾਰਤ ਅੰਦਰ ਸਾਖਾਵਾਂ ਜਥੇਬੰਦ ਦਾ ਵਿਚਾਰ ਉਧਾਰਾ ਲਿਆ ਜੋ ਕਿ ਹੁਣ ਤੱਕ ਵੀ ਜਾਰੀ ਹੈ ।
       1930 ਦੇ ਦਹਾਕੇ ਦੇ ਅੰਤ ਤੱਕ, ਭਾਰਤ ਅੰਦਰ ਬੰਬਈ ਵਿਚਲੀ ਇਤਾਲਵੀ ਕੌਂਸਲੇਟ ਦੇ ਅਧਿਕਾਰੀਆਂ ਨੇ ਹਿੰਦੂਤਵੀ ਸਵੈਸੇਵਕਾਂ ਨਾਲ ਸਬੰਧ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ । ਮੀਟਿੰਗਾਂ ਵਿਚ ਨੌਜਵਾਨਾਂ ਨੂੰ ਇਤਾਲਵੀ ਸਿੱਖਣ ਅਤੇ ਫਾਸ਼ੀਵਾਦੀ ਪ੍ਰਚਾਰ ਨੂੰ ਗ੍ਰਹਿਣ ਕਰਨ ਲਈ ਵਿਸ਼ੇਸ ਧਿਆਨ ਦਿੱਤਾ ਜਾਣ ਲੱਗਿਆ । ਇਹ ਅੰਤਰ-ਰਾਸ਼ਟਰੀ ਵਿਚਾਰਧਾਰਕ ਅਤੇ ਜਥੇਬੰਦਕ ਸਬੰਧ ਜਰਮਨੀ ਵਿੱਚ ਨਾਜ਼ੀਵਾਦ ਦੇ ਉਭਾਰ ਦੌਰਾਨ ਵੀ ਜਾਰੀ ਰਹੇ। ਹਿੰਦੂ ਮਹਾਸਭਾ ਨੇ ਨਾਜ਼ੀਵਾਦ ਅਤੇ ਹਿੰਦੂਤਵ ਦੇ ਵਿਚਕਾਰ ਸਾਂਝੇ ਆਰੀਅਨ ਸਬੰਧਾਂ ਨੂੰ ਵਧਾਉਣ ਲਈ ਤੀਜੀ ਸਲਤਨਤ (Third Reich) ਦਾ ਖੁੱਲ੍ਹ ਕੇ ਸਮਰਥਨ ਕੀਤਾ । ਹਿੰਦੂ ਮਹਾਸਭਾ ਦੇ ਉਸ ਸਮੇਂ ਦੇ ਪ੍ਰਧਾਨ ਅਤੇ ਸੰਘ ਦੇ ਨਜ਼ਦੀਕੀ ਸਹਿਯੋਗੀ ਸਾਵਰਕਰ ਨੇ ਆਪਣੀਆਂ ਲਿਖਤਾਂ ਤੇ ਭਾਸ਼ਣਾਂ ਵਿੱਚ ਭਾਰਤ ਦੀ ਮੁਸਲਿਮ 'ਸਮੱਸਿਆ' ਦਾ ਹੱਲ ਕਰਨ ਲਈ ਜਰਮਨੀ ਦੇ ਯਹੂਦੀ ਨਮੂਨੇ ਦੀ ਵਾਰ ਵਾਰ ਮਿਸਾਲ ਦਿੱਤੀ ।
      ਆਰ. ਐਸ. ਐਸ. ਦੇ ਪ੍ਰਮੁਖ ਆਗੂ ਨੇਤਾ ਮਾਧਵ ਸਦਾਸ਼ਿਵ ਗੋਲਵਲਕਰ ਨੇ ਹੋਰ ਵੱਧ ਕੱਟੜ ਪਹੁੰਚ ਅਖਤਿਆਰ ਕਰਦੇ ਹੋਏ ਦਲੀਲ ਦਿੱਤੀ ਕਿ “ਹਿੰਦੂ ਹੋਣਾ ਇਕ ਸੱਭਿਆਚਾਰ ਦਾ ਮਾਮਲਾ ਨਹੀਂ ਹੈ, ਬਲਕਿ ਨਸਲ ਅਤੇ ਖੂਨ ਦਾ ਮਾਮਲਾ ਹੈ ।” ਗੋਲਵਲਕਰ ਨੇ 1939 ਦੀ ਆਪਣੀ ਮਸ਼ਹੂਰ ਲਿਖਤ “ਅਸੀਂ ਜਾਂ ਸਾਡੇ ਰਾਸ਼ਟਰ ਦੀ ਪ੍ਰੀਭਾਸ਼ਾ” ਵਿੱਚ ਹੋਰ ਸਪਸ਼ਟ ਕੀਤਾ ਕਿ “ ਹਿੰਦੁਸਤਾਨ ਵਿੱਚ ਵਸਦੀਆਂ ਵਿਦੇਸ਼ੀ ਨਸਲਾਂ ਨੂੰ ਹਿੰਦੂ ਸੰਸਕ੍ਰਿਤੀ ਅਤੇ ਭਾਸ਼ਾ ਨੂੰ ਅਪਣਾਉਣਾ ਚਾਹੀਦਾ ਹੈ, ਉਹਨਾਂ ਨੂੰ ਹੋਰ ਕਿਸੇ ਵੀ ਵਿਚਾਰ ਨੂੰ ਗ੍ਰਹਿਣ ਕਰਨ ਦੀ ਥਾਂ ਹਿੰਦੂ ਨਸਲ ਤੇ ਸਭਿਆਚਾਰ ਅਰਥਾਤ ਹਿੰਦੂ ਰਾਸ਼ਟਰ ਦਾ ਮਹਿਮਾ-ਗਾਣ ਕਰਨਾ ਸਿੱਖਣਾ ਚਾਹੀਦਾ ਹੈ । ਉਹਨਾਂ ਨੂੰ ਹਿੰਦੂ ਨਸਲ ਵਿੱਚ ਇਕਮਿਕ ਹੋਣ ਲਈ ਆਪਣੀ ਵੱਖਰੀ ਹੋਂਦ ਨੂੰ ਤਿਆਗਣਾ ਹੋਵੇਗਾ। ਜੇ ਫੇਰ ਵੀ ਉਹ ਦੇਸ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪੂਰੀ ਤਰਾਂ ਹਿੰਦੂ ਰਾਸ਼ਟਰ ਦੀ ਅਧੀਨਗੀ ਸਵੀਕਾਰ ਕਰਨੀ ਹੋਵੇਗੀ, ਉਹ ਕਿਸੇ ਵੀ ਵਿਸ਼ੇਸ਼ ਅਧਿਕਾਰ ਦੀ ਮੰਗ ਨਹੀਂ ਕਰਨਗੇ, ਉਹਨਾਂ ਨਾਲ ਸਮੇਤ ਨਾਗਰਿਕ ਅਧਿਕਾਰਾਂ ਦੇ ਕਿਸੇ ਵੀ ਤਰਾਂ ਦਾ ਤਰਜੀਹੀ ਵਰਤਾਓ ਨਹੀਂ ਕੀਤਾ ਜਾਵੇਗਾ । ਉਹਨਾਂ ਲਈ ਇਹ ਗੱਲਾਂ ਸਵੀਕਾਰ ਕਰਨ ਤੋਂ ਇਲਾਵਾ ਇਸ ਦੇਸ ਵਿੱਚ ਰਹਿਣ ਲਈ ਹੋਰ ਕੋਈ ਮਾਰਗ ਨਹੀਂ ਹੋਵੇਗਾ ।” ਗੋਲਵਾਲਕਰ ਨੇ ਹਿਟਲਰ ਤੋਂ ਪ੍ਰੇਰਨਾ ਲੈੰਦੇ ਹੋਏ ਇਕ “ਅਸਲੀ ਰਾਸ਼ਟਰੀ ਸੰਕਲਪ” ਵਾਸਤੇ ਹਿੰਦੂ ਰਾਸ਼ਟਰ ਲਈ ਸ਼ੁੱਧ ਆਰੀਆ ਨਸਲ ਨੂੰ ਬੁਨਿਆਦੀ ਅਧਾਰ ਸਥਾਪਤ ਕਰ ਦਿੱਤਾ ।
      ਇਤਾਲਵੀਆਂ ਵਾਂਗ ਹੀ ਜਰਮਨ ਅਧਿਕਾਰੀ ਹਿੰਦੂਤਵੀ ਕਾਰਕੁਨਾਂ ਨਾਲ ਨੇੜਲੇ ਸਬੰਧ ਬਨਾਉਣ ਵਿਚ ਲੱਗੇ ਹੋਏ ਸਨ । ਨਾਜ਼ੀ ਏਜੰਟਾਂ ਨੇ ਹਿਟਲਰ ਦੀ ਸਵੈ-ਜੀਵਨੀ “ਮੇਰਾ ਸੰਘਰਸ਼” (Mein Kampf) ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ, ਖੁਫੀਆ ਕਾਰਵਾਈਆਂ ਅਤੇ ਰੇਡੀਓ ਪ੍ਰਸਾਰਣ ਕੀਤੇ ਅਤੇ ਭਾਰਤ ਵਿੱਚ ਆਪਣੀਆਂ ਹਮਦਰਦ ਪ੍ਰੈਸ/ਏਜੰਸੀਆਂ ਨੂੰ ਨਾਜ਼ੀ ਪੱਖੀ ਪ੍ਰਚਾਰ ਸਮੱਗਰੀ ਵੰਡੀ ਗਈ । ਕਲਕੱਤੇ ਵਿੱਚ ਨਾਜ਼ੀ ਸੈੱਲਾਂ ਦੀ ਸਥਾਪਨਾ ਕੀਤੀ ਗਈ ਸੀ ਜੋ “ਤੀਜੀ ਸਲਤਨਤ” ਦੇ ਦੌਰਾਨ ਨਾਜ਼ੀ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਸਨ । ਇਸ ਦੇ ਨਾਲ ਹੀ, ਯੂਰਪ ਵਿਚਲੇ ਭਾਰਤੀ ਜਲਾਵਤਨੀਆਂ ਵਲੋਂ ਜਰਮਨ ਸਰਕਾਰ ਨਾਲ ਸਾਜ਼ਿਸ਼ ਰਚ ਕੇ ਭਾਰਤ ਵਿਚਲੇ ਮੁਖਬਰਾਂ ਨੂੰ ਨਿੱਜੀ ਪੱਤਰ-ਵਿਹਾਰ ਦੇ ਨਾਲ-ਨਾਲ ਅਖਬਾਰਾਂ ਦੇ ਲੇਖਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਰਹੀ । ਇਤਾਲਵੀ ਫਾਸ਼ੀਵਾਦੀਆਂ ਦੀ ਹਮਲਾਵਰ ਪ੍ਰਚਾਰਕ ਪਹੁੰਚ ਨੇ ਭਾਰਤ ਵਿੱਚ ਵਧੇਰੇ ਰੰਗਰੂਟਾਂ ਨੂੰ ਆਕਰਸ਼ਿਤ ਕੀਤਾ । ਭਾਰਤੀ ਬੁੱਧੀਜੀਵੀਆਂ ਅਤੇ ਨਾਜ਼ੀ ਵਿਚਾਰਧਾਰਕਾਂ ਵਿਚਕਾਰ ਭਾਰਤ-ਜਰਮਨ ਸਬੰਧ ਬਣ ਗਏ। ਬੇਨੋਏ ਕੁਮਾਰ ਸਰਕਾਰ ਇੱਕ ਅਜਿਹੀ ਹੀ ਸ਼ਖਸੀਅਤ ਸੀ । ਉਹ ਵਿਦਵਾਨਾਂ, ਵਿਚਾਰਧਾਰਕਾਂ ਅਤੇ ਰਾਜਨੀਤਿਕਾਂ ਦੇ ਬਣੇ ਇਕ ਪੂਰੇ ਸੂਰੇ ਸੱਜੇ-ਪੱਖੀ ਨੈਟਵਰਕ ਦਾ ਬੁਲਾਰਾ ਬਣ ਗਿਆ । ਇਸਤੋਂ ਇਲਾਵਾ ਯੂਨਾਨੀ ਮੂਲ ਦੀ ਫਾਸੀਵਾਦੀ ਫ਼ਰਾਂਸੀਸੀ ਨਾਗਰਿਕ ਮੈਕਸੀਮਾਨੀਅ ਜੂਲੀਆ ਪੋਰਟਸ ਜੋਕਿ ਨਾਜ਼ੀ ਹਮਦਰਦ ਅਤੇ ਜਸੂਸ ਸੀ, ਭਾਰਤ ਵਿੱਚ ਸਾਵਿਤਰੀ ਦੇਵੀ ਮੁਖਰਜੀ ਦੇ ਨਾਮ ਹੇਠ 1941-45 ਦੌਰਾਨ ਸਰਗਰਮ ਰਹੀ । ਕਿਹਾ ਜਾਂਦਾ ਹੈ ਕਿ ਉਸਨੇ ਭਾਰਤੀ ਫੌਜ ਵਿੱਚ ਜਸੂਸੀ ਕਰਕੇ ਬਰਤਾਨੀਆ ਵਿਰੋਧੀ “ਧੁਰੀ ਸ਼ਕਤੀਆਂ” ਦੀ ਮਦਦ ਕੀਤੀ ਸੀ ।
      1947 ਦੀ ਸੱਤਾ ਬਦਲੀ ਵਿੱਚੋਂ ਭਾਰਤੀ ਉਪਮਹਾਂਦੀਪ ਭਾਰਤ ਅਤੇ ਪਾਕਿਸਤਾਨ ਦੇ ਰੂਪ ਇੱਕ ਹਿੰਦੂ-ਬਹੁਗਿਣਤੀ ਰਾਸ਼ਟਰ ਅਤੇ ਇੱਕ ਮੁਸਲਿਮ-ਬਹੁਗਿਣਤੀ ਰਾਸ਼ਟਰ ਵਿੱਚ ਵੰਡਿਆ ਗਿਆ । ਬੇਸ਼ਕ ਆਰਐਸਐਸ ਨੇ ਆਪਣੀ ਸਮੁੱਚੀ ਹੋਂਦ ਦੌਰਾਨ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਤੋਂ ਪਰਹੇਜ਼ ਹੀ ਰੱਖਿਆ ਸੀ, ਲੇਕਿਨ ਵੰਡ ਦੇ ਸਿੱਟੇ ਵਜੋਂ ਹੋਏ ਫ਼ਿਰਕੂ ਫ਼ਸਾਦਾਂ ਵਿੱਚ ਇਸਦੀ ਭਰਪੂਰ ਸ਼ਮੂਲੀਅਤ ਰਹੀ । ਇਸਦਾ ਕੇਂਦਰੀ ਨਿਸ਼ਾਨਾ ਹਿੰਦੂ ਰਾਸ਼ਟਰੀ ਰਾਜ ਦੀ ਸਥਾਪਨਾ ਕਰਨਾ ਸੀ, ਪਰ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਹਨਾਂ ਦੀਆਂ ਖੁਲੀਆਂ ਸਰਗਰਮੀਆਂ ਨੂੰ ਜ਼ਬਰਦਸਤ ਧੱਕਾ ਸਹਿਣਾ ਪਿਆ । ਪਰ ਇਸਦੀਆਂ ਗੁਪਤ ਕਾਰਵਾਈਆਂ ਨਿਰੰਤਰ ਜਾਰੀ ਰਹੀਆਂ । ਆਖ਼ਰ ਦੇਸ ਵੰਡ ਤੋਂ ਪੂਰੇ 52 ਸਾਲਾਂ ਬਾਅਦ ਸੰਘ ਦੀ ਮੋਹਰੀ ਜਥੇਬੰਦੀ ਭਾਜਪਾ ਸਾਂਝੀ ਸਰਕਾਰ ਬਨਾਉਣ ਵਿੱਚ ਸਫਲ ਹੋ ਹੀ ਗਈ ।
ਇਕ ਨਿੱਕੀ ਜਿਹੀ ਕਿਨਾਰੀ ਤੋਂ ਉੱਭਰਕੇ ਹਿੰਦੁਤਵੀ ਸਜ-ਪਿਛਾਖੜ ਵਲੋਂ ਸਿਆਸੀ ਮੁਖਧਾਰਾ ਵਜੋਂ ਸਥਾਪਤ ਹੋ ਜਾਣ ਦੀ ਪ੍ਰਕਿਰਿਆ ਦਰਸਾਉਂਦੀ ਹੈ ਕਿ ਭਾਰਤ ਵਿੱਚ ਅਪਣਾਈ ਗਈ ਸੰਵਿਧਾਨਕ ਧਰਮਨਿਰਪਖਤਾ ਪ੍ਰਤੀ ਕਾਂਗਰਸ ਸਮੇਤ ਬਾਕੀ ਸਿਆਸੀ ਪਾਰਟੀਆਂ ਵੱਲੋਂ ਮੌਲਿਕ ਵਫ਼ਾਦਾਰੀ ਦੀ ਘਾਟ ਰਹੀ ਹੈ । ਖੱਬੀਆਂ ਧਿਰਾਂ ਨੂੰ ਛੱਡਕੇ ਹਰੇਕ ਸਿਆਸੀ ਧਾਰਾ ਨੇ ਹਿੰਦੂ ਸਮਾਜ ਦੇ ਤੁਸ਼ਟੀਕਰਨ ਦਾ ਸਹਾਰਾ ਲਿਆ ਹੈ । ਇਸ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਹਿੰਦੂਤਵ ਦੀ ਅਧਿਕਾਰਤ ਵਿਚਾਰਧਾਰਾ ਦੇ ਰੂਪ ਵਿੱਚ ਇੱਕੋ-ਇੱਕ ਸਿਆਸੀ ਪਾਰਟੀ ਵਜੋਂ ਸਥਾਪਤ ਹੋ ਜਾਣਾ ਅਲੋਕਾਰੀ ਗੱਲ ਨਹੀਂ ਹੈ । ਕਾਂਗਰਸ ਪਾਰਟੀ ਅਤੇ ਬਾਕੀਆਂ ਵੱਲੋਂ ਦੇਸ ਵਿੱਚ ਸੁਰੂ ਕੀਤੀਆਂ ਨਵੀਆਂ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਗਰੀਬੀ ਤੇ ਅਮੀਰੀ ਵਿਚਕਾਰ ਭਿਆਨਕ ਖਾਈ ਪੈਦਾ ਹੋ ਜਾਣ ਨਾਲ ਜਨਤਾ ਦਾ ਕਾਂਗਰਸ ਅਤੇ ਅਖੌਤੀ ਧਰਮ ਨਿਰਪੱਖਤਾ ਚੋਂ ਬੁਰੀ ਤਰਾਂ ਮੋਹ ਭੰਗ ਹੋਇਆ ਹੈ ।
       ਭਾਜਪਾ ਵੱਲੋਂ ਆਪਣੇ ਆਪ ਨੂੰ ਹਾਲਤਾਂ ਮੁਤਾਬਕ ਢਾਲ ਲੈਣ ਦੇ ਪੈਂਤੜੇ ਨੇ ਅਤੇ ਨਾਲ ਹੀ ਘਟਗਿਣਤੀਆਂ ਵਿਰੁੱਧ ਕੀਤੀ ਜਾਂਦੀ ਰਾਜਕੀ-ਗੱਠਜੋੜ ਵਾਲੀ ਹਿੰਸਾ ਨੇ ਅਣਐਲਾਨੇ “ ਹਿੰਦੂਤਵੀ ਰਾਸ਼ਟਰਵਾਦ” ਦੇ ਨਿਰਮਾਣ ਵਿੱਚ ਯੋਗਦਾਨ ਪਾਇਆ ਹੈ। ਸੰਘ ਪਰਿਵਾਰ ਨੇ ਮੁਸਲਮਾਨਾਂ ਨੂੰ ਹਿੰਦੂ ਬਹੁਗਿਣਤੀ ਲਈ ਖ਼ਤਰੇ ਵਜੋਂ ਪੇਸ਼ ਕਰਕੇ “ਸੱਭਿਆਚਾਰਕ ਸੁਰੱਖਿਆਵਾਦ” ਦਾ ਬਿਰਤਾਂਤ ਸਿਰਜਣ ਵਿੱਚ ਵੀ ਸਫਲਤਾ ਹਾਸਲ ਕਰ ਲਈ ਹੈ । ਇਸ ਵੱਲੋਂ ਸਮਾਜਿਕ- ਧਾਰਮਿਕ ਸਫਬੰਦੀ ਕਰਨ ਲਈ ਯੂਰਪ ਦੀਆਂ ਸੱਜੇ-ਪੱਖੀ ਪਾਰਟੀਆਂ ਵਲੋਂ ਵਰਤੇ ਗਏ ਬਿਰਤਾਂਤਾਂ ਦਾ ਹੀ ਸਹਾਰਾ ਲਿਆ ਗਿਆ ਹੈ। ਇਸ ਲਈ ਹਿੰਦੁਤਵ ਦੀ ਫ਼ਿਲਾਸਫ਼ੀ ਵੱਲੋਂ ਭਾਰਤੀ ਰਾਸ਼ਟਰਵਾਦ ਦੇ ਸਮਾਨਅਰਥੀ ਸੰਕਲਪ ਵਜੋਂ ਸਥਾਪਤ ਹੋ ਜਾਣ ਨਾਲ ਦੇਸ ਦੀ ਸਿਆਸੀ-ਸਮਾਜਿਕ ਸਥਿਤੀ ਲੰਬੇ ਸਮੇ ਤੱਕ ਪ੍ਰਭਾਵਿਤ ਹੁੰਦੀ ਰਹੇਗੀ ।
      ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣਾ ਸਮਾਜ ਦੇ ਸਾਰੇ ਵਰਗਾਂ ਦੀ ਜ਼ਿੰਮੇਵਾਰੀ ਹੈ ਤਾਂ ਜੋ ਦੇਸ਼ ਦਾ ਤੇਜ਼ੀ ਨਾਲ ਸਰਬਪੱਖੀ ਵਿਕਾਸ ਹੋ ਸਕੇ । ਹਰ ਤਰਾਂ ਦੀ ਫਿਰਕਾਪਰਸਤੀ ਨੂੰ ਖ਼ਤਮ ਕਰਨਾ ਹੀ ਸਾਡੀ ਪਹਿਲੀ ਅਤੇ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ । ਸਾਰੇ ਭਾਰਤ ਦੀਆਂ ਸਮੁੱਚੀਆਂ ਜਮਹੂਰੀ ਸ਼ਕਤੀਆਂ ਨੂੰ ਫਿਰਕਾਪ੍ਰਸਤੀ ਦੀਆਂ ਤਾਕਤਾਂ ਨਾਲ ਲੜਨ ਲਈ ਅਣਥੱਕ ਯਤਨ ਕਰਨੇ ਹੋਣਗੇ ਤਦ ਹੀ ਹਿੰਦੁਤਵੀ ਅਤੇ ਮੁਸਲਿਮ ਜਿਹਾਦੀ ਤਾਕਤਾਂ ਨੂੰ ਪਛਾੜਿਆ ਜਾ ਸਕਦਾ ਹੈ । ਅਜਿਹਾ ਕਰਨ ਨਾਲ ਹੀ ਖਰੇ ਜਮਹੂਰੀ ਭਾਰਤ ਦੀ ਸਿਰਜਣਾ ਹੋ ਸਕਦੀ ਹੈ ।