ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

31 ਅਕਤੂਬਰ 2022

ਬੀਬੀ ਜਗੀਰ ਕੌਰ ਵਲੋਂ ਖੁੱਲ੍ਹੇ-ਆਮ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਮੰਗਣ ਨਾਲ ਸੁਖਬੀਰ ਦੀ ਚਿੰਤਾ ਵਧੀ- ਇਕ ਖ਼ਬਰ    

ਹੀਰਾ ਨਾ ਮੋਤੀ ਮਾਂਗੂੰ, ਨਾ ਕੰਗਨੋਂ ਕੀ ਜੋੜੀ ਮਾਗੂੰ, ਮੈਂ ਤੋਂ ਮਾਂਗੂੰ ਪ੍ਰਧਾਨਗੀ, ਬਸ ਪ੍ਰਧਾਨਗੀ।

ਪੰਥਕ ਇਕਜੁੱਟਤਾ ਲਈ ਸਿਰਫ਼ ਸਿਆਸੀ ਏਕਤਾ ਅਹਿਮ ਨਹੀਂ- ਜਥੇਦਾਰ ਹਰਪ੍ਰੀਤ ਸਿੰਘ

ਗੋਲਕਾਂ ਦੀ ਏਕਤਾ ਵੀ ਉਤਨੀ ਹੀ ਜ਼ਰੂਰੀ ਹੈ ਜਥੇਦਾਰ ਜੀ।

ਰਿਸ਼ੀ ਸੂਨਕ ਬਾਰੇ ਭਾਜਪਾ ਤੇ ਵਿਰੋਧੀ ਧਿਰਾਂ ਵਿਚਾਲੇ ਸ਼ਬਦੀ ਜੰਗ- ਇਕ ਖ਼ਬਰ

ਬੇਗਾਨੀ ਸ਼ਾਦੀ ਮੈਂ ਅਬਦੁੱਲੇ ਦੀਵਾਨੇ।

ਕੇਜਰੀਵਾਲ ਵਲੋਂ ਕਰੰਸੀ ਨੋਟਾਂ ‘ਤੇ ਲਕਸ਼ਮੀ ਅਤੇ ਗਣੇਸ਼ ਦੀ ਤਸਵੀਰ ਲਾਉਣ ਦੀ ਮੋਦੀ ਨੂੰ ਅਪੀਲ- ਇਕ ਖ਼ਬਰ

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ- (ਗੁਰਬਾਣੀ)

ਅਮੀਰਾਂ ਦਾ ਪੱਖ ਪੂਰਦੀ ਹੈ ਮੋਦੀ ਦੀ ਭਾਜਪਾ ਸਰਕਾਰ –ਰਾਹੁਲ ਗਾਂਧੀ

ਸੀਤਾ ਦੇ ਛਲਣੇ ਨੂੰ, ਸੋਨੇ ਦਾ ਮਿਰਗ ਬਣਾਇਆ।

ਸੌਦਾ ਸਾਧ ਅਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਜੇਹਲ ਭੇਜਿਆ ਜਾਵੇ- ਸਵਾਤੀ ਮਾਲੀਵਾਲ

ਵਾਹ ਨੀ! ਸ਼ੇਰ ਬੱਚੀਏ।

ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਅਸ਼ੁੱਧ ਪ੍ਰਸਾਰਣ ਕਿਉਂ?- ਬੀਰ ਦਵਿੰਦਰ ਸਿੰਘ

ਪ੍ਰਬੰਧਕ ਵਿਚਾਰੇ ਬਾਦਲਾਂ ਦੀ ਪ੍ਰਧਾਨਗੀ ਬਚਾਉਣ ਕਿ ਗੁਰਬਾਣੀ ਦੀ ਸ਼ੁੱਧਤਾ ਅਸ਼ੁੱਧਤਾ ਪਰਖਣ !

ਕਰੰਸੀ ਨੋਟਾਂ ‘ਤੇ ਲਕਸ਼ਮੀ ਤੇ ਗਣੇਸ਼ ਦੀ ਤਸਵੀਰ ਲਗਾਉਣ ਨਾਲ ਦੇਸ਼ ਦਾ ਅਰਥਚਾਰਾ ਸੁਧਰੇਗਾ- ਕੇਜਰੀਵਾਲ

ਕੇਜਰੀਵਾਲ ਜੀ ਇਹ ਵੀ ਦੱਸ ਦਿੰਦੇ ਕਿ ਆਈ.ਆਈ.ਟੀ. ਦੇ ਸਿਲੇਬਸ ‘ਚ ਕਿਸ ਚੈਪਟਰ ‘ਚ ਦਰਜ ਹੈ ਇਹ ਨੁਸਖਾ।

ਸ਼ਸ਼ੀ ਥਰੂਰ ਵਲੋਂ ਖੜਗੇ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਵਾਅਦਾ- ਇਕ ਖ਼ਬਰ

ਜਿੱਥੇ ਚਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।

ਰਾਜਸਥਾਨ ‘ਚ ਕੁੜੀਆਂ ਦੀ ਸ਼ਰੇਆਮ ‘ਨੀਲਾਮੀ’, ਕੌਮੀ ਮਹਿਲਾ ਕਮਿਸ਼ਨ ਨੇ ਜਾਂਚ ਲਈ ਬਣਾਈ ਟੀਮ- ਇਕ ਖ਼ਬਰ

ਬੇਟੀ ਬਚਾਉ, ਬੇਟੀ ਪੜ੍ਹਾਉ ਵਾਲ਼ੇ ਕਿਧਰ ਗਏ ਬਈ।

ਭਗਵੰਤ ਮਾਨ ਨੇ ਕੇਂਦਰ ਅੱਗੇ ਗੋਡੇ ਟੇਕੇ- ਅਕਾਲੀ ਦਲ

ਤੁਸੀਂ ਵੀ ਤਾਂ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇ ਕੇ ਗੋਡੇ ਟੇਕਦੇ ਰਹੇ ਹੋ।

ਰੂਸ ਦੇ ਭਾਰਤ ਨਾਲ ਰਿਸ਼ਤੇ ਬਹੁਤ ਅਹਿਮ ਤੇ ਖ਼ਾਸ- ਪੂਤਿਨ

ਡੋਰ ਵੱਟ ਕੇ ਗਲੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ

ਨਿਤੀਸ਼ ਕੁਮਾਰ ਨੇ ਗ੍ਰਹਿ ਮੰਤਰਾਲੇ ਵਲੋਂ ਸੱਦੀ ਮੀਟਿੰਗ ਤੋਂ ਬਣਾਈ ਦੂਰੀ- ਇਕ ਖ਼ਬਰ

ਟੁੱਟ ਜਾਊਗਾ ਬਿਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।

ਸ਼੍ਰੋਮਣੀ ਕਮੇਟੀ ‘ਤੇ ਕੌਮ ਦਾ ਕਬਜ਼ਾ, ਕਿਸੇ ਦਾ ਨਿਜੀ ਨਹੀਂ-ਸੁਖਬੀਰ ਬਾਦਲ

ਕਾਹਨੂੰ ਛੱਡਦੈਂ ਗਪੌੜੇ ਏਡੇ, ਸਭ ਕੁਝ ਜਾਣੇ ਦੁਨੀਆਂ।

ਸਿਆਸੀ ਸਿੱਖ ਜਥੇਬੰਦੀਆਂ ਸੱਤਾ ਦਾ ਲਾਲਚ ਛੱਡਣ- ਜਥੇਦਾਰ ਅਕਾਲ ਤਖ਼ਤ

ਤੇਲੀ ਕਰ ਕੇ ਰੁੱਖਾ ਖਾਈਏ, ਇਹ ਨਾ ਪੁੱਗਦਾ ਸਾਨੂੰ।