ਇਕ ਉਦਾਸ ਆਦਮੀ ਦੇ ਝਰੋਖੇ ’ਚੋਂ - ਸੁਕੀਰਤ

ਤਿੰਨ ਮਾਰਚ 2002 ਨੂੰ ਗੁਜਰਾਤ ਦੇ ਇਕ ਪਿੰਡ ਵਿਚ 11 ਆਦਮੀਆਂ ਨੇ ਬਿਲਕੀਸ ਬਾਨੋ ਦੇ ਘਰ ਵਿਚ ਵੜ ਕੇ ਉਸ ਦੇ ਸਾਹਮਣੇ ਉਸ ਦੇ ਘਰ ਦੇ 14 ਜੀਆਂ ਨੂੰ ਕਤਲ ਕੀਤਾ, ਜਿਨ੍ਹਾਂ ਵਿਚ ਉਸ ਦੀ 3 ਸਾਲਾਂ ਦੀ ਬਾਲੜੀ ਸਾਲੇਹਾ ਵੀ ਸ਼ਾਮਲ ਸੀ। ਤੇ ਜੇਕਰ ਫੇਰ ਵੀ ਵਹਿਸ਼ੀਪਣ ਦੀ ਕੋਈ ਕਸਰ ਬਾਕੀ ਸੀ ਤਾਂ ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਗਰਭਵਤੀ ਬਿਲਕੀਸ ਬਾਨੋ ਨਾਲ ਬਲਾਤਕਾਰ ਕੀਤਾ। ਇਹ ਘਿਨਾਉਣੇ ਤੱਥ ਮੇਰੇ ਘੜੇ ਹੋਏ ਨਹੀਂ, ਅਦਾਲਤ ਵਿਚ ਸਾਬਿਤ ਕੀਤੇ ਜਾ ਚੁੱਕੇ ਤੱਥ ਹਨ ਜਿਨ੍ਹਾਂ ਦੇ ਆਧਾਰ ’ਤੇ ਇਨ੍ਹਾਂ ਜਰਵਾਣਿਆਂ (ਮੈਨੂੰ ਹੋਰ ਕੋਈ ਲਫ਼ਜ਼ ਹੀ ਨਹੀਂ ਅਹੁੜਦਾ ਇਹੋ ਜਿਹੇ ਕਰਤੂਤਕਾਰਾਂ ਲਈ) ਨੂੰ 14-14 ਸਾਲ ਦੀ ਸਜ਼ਾ ਸੁਣਾਈ ਗਈ। ਇਹ ਵੱਖਰੀ ਗੱਲ ਹੈ ਕਿ ਬਿਲਕੀਸ ਬਾਨੋ ਨੂੰ ਨਿਆਂ (ਜੇ ਇਹੋ ਜਿਹੇ ਵਹਿਸ਼ੀਪਣ ਲਈ ਕੋਈ ਨਿਆਂ ਸੰਭਵ ਵੀ ਹੈ) ਦਿਵਾਉਣ ਲਈ ਸੁਪਰੀਮ ਕੋਰਟ ਨੂੰ ਦਖ਼ਲਅੰਦਾਜ਼ੀ ਕਰ ਕੇ ਮਾਮਲਾ ਗੁਜਰਾਤ ਤੋਂ ਮਹਾਰਾਸ਼ਟਰ ਦੀ ਅਦਾਲਤ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦੇਣੇ ਪਏ ਸਨ, ਕਿਉਂਕਿ ਮਾਮਲਾ ਗੁਜਰਾਤ ਦੀ ਅਦਾਲਤ ਵਿਚ ਕਿਸੇ ਬੰਨੇ ਨਹੀਂ ਸੀ ਲੱਗ ਰਿਹਾ। ਸਾਡੇ ਅਜੋਕੇ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ।
      15 ਅਗਸਤ 2022 ਨੂੰ, ਆਜ਼ਾਦੀ ਦੇ ‘ਅੰਮ੍ਰਿਤ ਮਹਾਉਤਸਵ’ ਵਾਲੇ ਦਿਹਾੜੇ ਇਹ ਕੈਦੀ ਰਿਹਾਅ ਕਰ ਦਿੱਤੇ ਗਏ। ਸਿਰਫ਼ ਰਿਹਾਅ ਹੀ ਨਹੀਂ ਨਾ ਕੀਤੇ ਗਏ ਸਗੋਂ ਜੇਲ੍ਹ ਤੋਂ ਬਾਹਰ ਆਉਣ ’ਤੇ ਉਨ੍ਹਾਂ ਦਾ ਇਹੋ ਜਿਹਾ ਜਸ਼ਨੀ ਸੁਆਗਤ ਕੀਤਾ ਗਿਆ ਜਿਵੇਂ ਯੋਧੇ ਜੰਗ ਜਿੱਤ ਕੇ ਮੁੜੇ ਹੋਣ। ਇਹ ਉਹੀ ਦਿਨ ਸੀ ਜਦੋਂ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਨਾਰੀ ਨੂੰ ‘ਸਨਮਾਨ’ ਦੇਣ ਦੀ ਨਸੀਹਤ ਵੀ ਦੇ ਰਹੇ ਸਨ। ਸਿਆਸਤਦਾਨਾਂ ਦੀਆਂ ਗੱਲਾਂ ਵਿਚਲੇ ਭੇਤ ਸਿਆਸਤਦਾਨ ਜਾਨਣ, ਪਰ ਸਜ਼ਾਯਾਫ਼ਤਾ ਬਲਾਤਕਾਰੀਆਂ ਦੇ ਇਹੋ ਜਿਹੇ ‘ਸਨਮਾਨ’ ’ਤੇ ਦੇਸ਼ ਭਰ ਵਿਚ ਰੋਹ ਦਾ ਇਜ਼ਹਾਰ ਹੋਇਆ, ਘੱਟੋ-ਘੱਟ ਉਨ੍ਹਾਂ ਲੋਕਾਂ ਰਾਹੀਂ ਜੋ ਕਿਸੇ ਨਾਰੀ ਦੇ ਸਨਮਾਨ ਜਾਂ ਅਪਮਾਨ ਨੂੰ ਜੋਖਣ ਲਈ ਧਾਰਮਿਕ ਵਖਰੇਵੇਂ ਦੀਆਂ ਐਨਕਾਂ ਨਹੀਂ ਵਰਤਦੇ। ਇਸ ਰੋਹ ਨੂੰ ਦੇਖਦਿਆਂ ਇਕ ਵਾਰ ਫੇਰ ਸੁਪਰੀਮ ਕੋਰਟ ਨੂੰ ਦਖ਼ਲਅੰਦਾਜ਼ੀ ਕਰਨੀ ਪਈ ਤੇ ਗੁਜਰਾਤ ਸਰਕਾਰ ਨੂੰ ਪੁੱਛਿਆ ਗਿਆ ਕਿ ਇਹ ਰਿਹਾਈ ਕਿਸ ਆਧਾਰ ’ਤੇ ਹੋਈ ਜਦੋਂਕਿ ਪੁਲੀਸ ਦੇ ਸੁਪਰਿਟੈਂਡੈਂਟ, ਸੀ.ਬੀ.ਆਈ. ਤੇ ਸੀ.ਬੀ.ਆਈ ਅਦਾਲਤ ਨੇ ਦੋਸ਼ੀਆਂ ਨੂੰ ਰਿਹਾਅ ਨਾ ਕਰਨ ਦੀ ਨਸੀਹਤ ਦਿੱਤੀ ਸੀ। ਪਿਛਲੇ ਦਿਨੀਂ, 17 ਅਕਤੂਬਰ ਨੂੰ ਗੁਜਰਾਤ ਸਰਕਾਰ ਨੇ ਜਵਾਬ ਵਿਚ ਸੁਪਰੀਮ ਕੋਰਟ ਦਾਖ਼ਲ ਕਰਾਏ ਹਲਫ਼ਨਾਮੇ ਵਿਚ ਇੰਕਸ਼ਾਫ਼ ਕੀਤਾ ਕਿ ਕੇਂਦਰ ਸਰਕਾਰ ਨੇ ਹੀ ਇਸ ਰਿਹਾਈ ਦੀ ਮਨਜ਼ੂਰੀ ਦਿੱਤੀ ਸੀ। ਇਹ ਸਬੱਬ ਚੇਤੇ ਕਰਾਉਣ ਦੀ ਸ਼ਾਇਦ ਲੋੜ ਨਹੀਂ ਕਿ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਇਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਹਨ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਇਸ ਵੇਲੇ ਦੇਸ ਦੇ ਪ੍ਰਧਾਨ ਮੰਤਰੀ। ਕੇਂਦਰੀ ਕਾਨੂੰਨ ਮੰਤਰੀ ਦਾ ਬਿਆਨ ਵੀ ਆ ਗਿਆ ਹੈ ਕਿ ਸਾਰਾ ਕੁਝ ਕਾਨੂੰਨ ਤਹਿਤ ਹੋਇਆ ਹੈ, ਦੋਸ਼ੀ 14 ਸਾਲ ਦੀ ਸਜ਼ਾ ਕੱਟ ਚੁੱਕੇ ਹਨ ਤੇ ਉਨ੍ਹਾਂ ਦੇ ‘ਚੰਗੇ ਆਚਾਰ-ਵਿਹਾਰ’ ਨੂੰ ਦੇਖਦਿਆਂ ਕਾਨੂੰਨ ਉਨ੍ਹਾਂ ਨੂੰ ਰਿਹਾਈ ਦੇ ਸਕਦਾ ਹੈ। ਇਸ ਚੰਗੇ ਆਚਾਰ-ਵਿਹਾਰ ਦੀ ਕੀ ਕਸੌਟੀ ਹੈ, ਕੇਂਦਰੀ ਕਾਨੂੰਨ ਮੰਤਰੀ ਜਾਨਣ, ਪਰ ਇਸ ਗੱਲ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਕਿ ਇਨ੍ਹਾਂ ਵਿਚੋਂ ਹਰ ਦੋਸ਼ੀ ਨੇ ਵਾਰ ਵਾਰ ਮਨਜ਼ੂਰ ਹੋ ਜਾਣ ਵਾਲੀ ਫਰਲੋ ਜਾਂ ਪੈਰੋਲ ਦੇ ਆਧਾਰ ’ਤੇ, ਸਜ਼ਾ ਦੇ ਇਨ੍ਹਾਂ ਸਾਲਾਂ ਵਿਚੋਂ 1000 ਤੋਂ ਲੈ ਕੇ 1576 ਦਿਨ ਤਕ ਜੇਲ੍ਹ ਤੋਂ ਬਾਹਰ ਹੀ ਗੁਜ਼ਾਰੇ, ਯਾਨੀ ਪੌਣੇ ਤਿੰਨ ਸਾਲ ਤੋਂ ਲੈ ਕੇ ਤਕਰੀਬਨ ਸਾਢੇ ਚਾਰ ਸਾਲ ਤਕ ਉਹ ਆਜ਼ਾਦ ਪੌਣਾਂ ਵਿਚ ਹੀ ਵਿਚਰਦੇ ਰਹੇ।
        ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ, ਜੋ ਬਲਾਤਕਾਰ ਅਤੇ ਕਤਲ ਵਿਉਂਤਣ ਦੇ ਦੋਸ਼ ਸਿੱਧ ਹੋ ਜਾਣ ਕਾਰਨ ਜੇਲ੍ਹ ਵਿਚ ਹੈ, 40 ਦਿਨ ਦੀ ਵਕਤੀ ਰਿਹਾਈ ’ਤੇ ਬਾਹਰ ਭੇਜ ਦਿੱਤਾ ਗਿਆ ਹੈ। ਇਹ ਪੈਰੋਲ ਉਸ ਨੂੰ ਪਹਿਲੀ ਵਾਰ ਨਹੀਂ ਮਿਲੀ, ਕਿਸੇ ਵੀ ਕਿਸਮ ਦੀਆਂ ਚੋਣਾਂ ਦੇ ਨੇੜੇ ਤੇੜੇ ਉਸ ਨੂੰ ਸ਼ਰਧਾਲੂਆਂ ਨਾਲ ਸਤਸੰਗ ਰਚਾਉਣ ਲਈ ਆਜ਼ਾਦ ਕਰ ਦਿੱਤਾ ਜਾਂਦਾ ਹੈ। ਇਸ ਵੇਲੇ ਵੀ ਹਰਿਆਣੇ ਵਿਚ ਪੰਚਾਇਤੀ ਚੋਣਾਂ ਤੇ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਹੋਣ ਵਾਲੀਆਂ ਹਨ।
         ਦੂਜੇ ਪਾਸੇ, 18 ਅਕਤੂਬਰ ਨੂੰ ਉਮਰ ਖ਼ਾਲਿਦ ਦੀ ਜ਼ਮਾਨਤ ਦੀ ਅਰਜ਼ੀ ਫੇਰ ਨਾਮਨਜ਼ੂਰ ਹੋ ਗਈ ਹੈ। ਉਹ ਨੌਜਵਾਨ, ਜਿਸ ਦੇ ਖ਼ਿਲਾਫ਼ ਅਜੇ ਤਕ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ, ਪਿਛਲੇ 765 ਦਿਨਾਂ, ਯਾਨੀ ਦੋ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹੈ। ਉਸ ਦੀ ਜ਼ਮਾਨਤ ਦੀ ਅਰਜ਼ੀ ਵਾਰ ਵਾਰ ਨਾਮਨਜ਼ੂਰ ਹੋ ਜਾਂਦੀ ਹੈ ਤੇ ਹਰ ਵਾਰ ਆਲਿਮ-ਫ਼ਾਜ਼ਿਲ ਜੱਜ ਨਵੇਂ ਕਿਸਮ ਦੀਆਂ ਦਲੀਲਾਂ ਪੇਸ਼ ਕਰਦੇ ਹਨ। ਇਸ ਵੇਰ ਉਨ੍ਹਾਂ ਦੱਸਿਆ ਹੈ ਕਿ ਉਮਰ ਖ਼ਾਲਿਦ ਇਸ ਲਈ ਖ਼ਤਰਨਾਕ ਹੈ ਕਿ ਉਸ ਨੇ ਆਪਣੇ ਭਾਸ਼ਣ ਵਿਚ ‘ਇਨਕਲਾਬੀ ਸਲਾਮ’ ਵਰਗੇ ਸ਼ਾਂਤੀ ਭੰਗ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਸ਼ਬਦ, ਯਾਨੀ ‘ਇਨਕਲਾਬ’ ਵਿਚ ਲੁਕੇ ਖ਼ਤਰੇ ਨੂੰ ਉਜਾਗਰ ਕਰਨ ਲਈ ਅਦਾਲਤ ਨੇ ਜਵਾਹਰਲਾਲ ਨਹਿਰੂ ਦੇ ਕਿਸੇ ਭਾਸ਼ਣ ਦਾ ਹਵਾਲਾ ਦਿੱਤਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਮਗਰੋਂ, ਲੋਕਰਾਜ ਸਥਾਪਤੀ ਤੋਂ ਬਾਅਦ ਇਨਕਲਾਬ ਦੀ ਲੋੜ ਨਹੀਂ ਰਹੀ। ਤਬਦੀਲੀ ਬਿਨਾ ਖ਼ੂਨ ਵਹਾਏ ਵੀ ਆ ਸਕਦੀ ਹੈ। ਇਸ ਟੂਕ ਤੋਂ ਮਾਣ ਯੋਗ ਜੱਜਾਂ ਨੇ ਇਹ ਸਿੱਟਾ ਕੱਢਿਆ ਹੈ ਕਿ ‘ਇਨਕਲਾਬੀ ਸਲਾਮ’ ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਲੋਕਾਂ ਨੂੰ ਖ਼ੂਨ ਵਹਾਉਣ ਦਾ ਸੱਦਾ ਦੇਣ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਮਰ ਖ਼ਾਲਿਦ ਕਈ ਵਟਸਐਪ ਗਰੁੱਪਾਂ ਦਾ ਮੈਂਬਰ ਸੀ ਜਿਨ੍ਹਾਂ ਰਾਹੀਂ ਦਿੱਲੀ ਦੇ ਕਈ ਇਲਾਕਿਆਂ ਵਿਚ ‘ਸਭ ਠੱਪ ਕਰੂ ਚੱਕਾ ਜਾਮ’ ਅਤੇ ‘ਵਿਉਂਤਬੱਧ ਮੁਜ਼ਾਹਰਿਆਂ’ ਨੂੰ ਵਿਉਂਤਣ ਦਾ ਹੋਕਾ ਦਿੱਤਾ ਜਾ ਰਿਹਾ ਸੀ ਤੇ ਇਸ ਤੋਂ ਕੁਝ ਚਿਰ ਬਾਅਦ ਦਿੱਲੀ ਵਿਚ ਫ਼ਸਾਦ ਹੋਏ ਵੀ। ਇਹ ਵੱਖਰੀ ਗੱਲ ਹੈ ਕਿ ਫ਼ਸਾਦਾਂ ਸਮੇਂ ਉਮਰ ਖ਼ਾਲਿਦ ਮੌਕੇ ’ਤੇ ਮੌਜੂਦ ਨਹੀਂ ਸੀ, ਪਰ ਅਜਿਹੇ ਇਨਕਲਾਬੀ ਭਾਸ਼ਣ ਉਹ ਹੋਰ ਥਾਵਾਂ ’ਤੇ ਵੀ ਦਿੰਦਾ ਰਿਹਾ ਹੈ, ਸੋ ਇਹੋ ਜਿਹੇ ਖ਼ਤਰਨਾਕ ਬੰਦੇ ਨੂੰ ਜ਼ਮਾਨਤ ’ਤੇ ਵੀ ਰਿਹਾਅ ਨਹੀਂ ਕੀਤਾ ਜਾ ਸਕਦਾ ।
       ਓਧਰ, ਉਸੇ ਦਿਨ ਦਿੱਲੀ ਵਿਚ ਅੰਤਰ-ਰਾਸ਼ਟਰੀ ਸੰਸਥਾ ਇੰਟਰਪੋਲ ਦੇ 90ਵੇਂ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟ, ਦਹਿਸ਼ਤਗਰਦ, ਡਰੱਗ ਮਾਫ਼ੀਆ, ਵਿਉਂਤਬੱਧ ਜੁਰਮਾਂ ਨਾਲ ਸਬੰਧਿਤ ਲੋਕਾਂ ਨੂੰ ਠਾਹਰ ਦੇਣ ਲਈ ਕੋਈ ਸੁਰੱਖਿਅਤ ਖੇਤਰ ਨਹੀਂ ਹੋਣ ਦੇਣੇ ਚਾਹੀਦੇ। ਸਾਰੀ ਦੁਨੀਆ ਵਿਚ ਕਿਤੇ ਵੀ ਨਹੀਂ।
        ਮੈਂ ਪ੍ਰਧਾਨ ਮੰਤਰੀ ਨਾਲ ਪੂਰਨ ਸਹਿਮਤ ਹਾਂ, ਪਰ ਮੈਨੂੰ ਸਮਝ ਨਹੀਂ ਪੈ ਰਹੀ ਕਿ ਕੌਣ ਦਹਿਸ਼ਤਗਰਦ ਹੈ, ਤੇ ਵਿਉਂਤਬੱਧ ਢੰਗ ਨਾਲ ਜੁਰਮ ਕਰਨ ਵਾਲੇ ਲੋਕ ਕੌਣ ਹਨ? ਚੰਗੇ ਆਚਾਰ-ਵਿਹਾਰ ਦੀ ਕਸੌਟੀ ਕੀ ਹੁੰਦੀ ਹੈ, ਤੇ ਖ਼ਤਰਨਾਕ ਬੰਦਾ ਕਿਸੇ ਨੂੰ ਕਿਸ ਆਧਾਰ ’ਤੇ ਕਿਹਾ ਜਾਂਦਾ ਹੈ? ਸਮੇਤ ਤਿੰਨ ਸਾਲਾਂ ਦੀ ਬਾਲੜੀ ਦੇ ਇਕੋ ਘਰ ਦੇ 14 ਜੀਆਂ ਨੂੰ ਕਤਲ ਕਰਨਾ ਦਹਿਸ਼ਤਗਰਦੀ ਹੁੰਦੀ ਹੈ, ਜਾਂ ਇਨਕਲਾਬੀ ਸਲਾਮ ਵਰਗੇ ਸ਼ਬਦਾਂ ਦੀ ਵਰਤੋਂ ? ਵਟਸਐਪ ਰਾਹੀਂ ਚੱਕਾ ਜਾਮ ਕਰਨ ਦਾ ਸੱਦਾ ਦੇਣਾ ਵੱਡਾ ਜੁਰਮ ਹੈ ਜਾਂ ਗਰਭਵਤੀ ਔਰਤ ਨਾਲ ਬਲਾਤਕਾਰ ਕਰਨਾ? ਉਸ ਉਮਰ ਖ਼ਾਲਿਦ ਨੂੰ ਜ਼ਮਾਨਤ ਕਿਉਂ ਨਹੀਂ ਮਿਲ ਸਕਦੀ ਜਿਸ ਦਾ ਕੋਈ ਵੀ ਦੋਸ਼ ਅਜੇ ਤੀਕ ਸਾਬਤ ਨਹੀਂ ਹੋ ਸਕਿਆ, ਤੇ 11 ਅਜਿਹੇ ਅਪਰਾਧੀਆਂ ਨੂੰ ਵਾਰ ਵਾਰ ਲੰਮੀਆਂ ਪੈਰੋਲਾਂ ਕਿਵੇਂ ਮਿਲਦੀਆਂ ਰਹੀਆਂ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ? ਗੁਰਮੀਤ ਰਾਮ ਰਹੀਮ ਸਿੰਘ ਨੂੰ ਵਾਰ ਵਾਰ ਪੈਰੋਲ ਕਿਵੇਂ ਮਿਲ ਜਾਂਦੀ ਹੈ, ਜਿਸ ਦੇ ਨਾਲ ਨਾਲ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਵੀ ਹਰ ਵਾਰ ਆ ਜਾਂਦਾ ਹੈ ਕਿ ਇਹ ਤਾਂ ਹਰ ਕੈਦੀ ਦਾ ਵਾਜਬ ਹੱਕ ਹੁੰਦਾ ਹੈ। ਕੈਦੀਆਂ ਦੀ ਕਿਹੜੀ ਕਿਸਮ ਹੈ ਜਿਸ ਦੇ ਹੱਕਾਂ ਦੀ ਰਾਖੀ ਕਰਨ ਨੂੰ ਸਰਕਾਰ ਪਹਿਲ ਦਿੰਦੀ ਹੈ, ਤੇ ਉਹ ਕੌਣ ਲੋਕ ਹਨ ਜਿਨ੍ਹਾਂ ਨੂੰ ਇਕ ਵਾਰ ਬਿਨਾ ਸਬੂਤ ਸਾਬਤ ਕੀਤੇ ਅੰਦਰ ਡੱਕ ਲਓ ਤਾਂ ਫੇਰ ਸਾਲਾਂ ਬੱਧੀ ਡੱਕੀ ਹੀ ਰੱਖੋ? ਕੌਣ ਦੋਸ਼ੀ ਹੈ ਤੇ ਕੌਣ ਮੁਨਸਿਫ਼, ਮੈਨੂੰ ਤੇ ਇਹ ਵੀ ਸਮਝ ਆਉਣਾ ਬੰਦ ਹੋ ਗਿਆ ਹੈ।
         ਮੈਨੂੰ ਜਾਪਦਾ ਹੈ ਮੈਂ ਬਿਮਾਰ ਹੋ ਗਿਆ ਹਾਂ। ਸ਼ਾਇਦ ਮੈਂ ਐਲਿਸ ਇਨ ਵੰਡਰਲੈਂਡ ਸਿੰਡਰੋਮ ਦਾ ਸ਼ਿਕਾਰ ਹਾਂ ਜਿਸ ਨੂੰ ਡਾਕਟਰੀ ਭਾਸ਼ਾ ਵਿਚ ਟੌਡਜ਼ ਸਿੰਡਰੋਮ (Todd’s syndrome) ਵੀ ਆਖਦੇ ਹਨ। ਇਸ ਮਾਨਸਿਕ ਬਿਮਾਰੀ ਦੇ ਸ਼ਿਕਾਰ ਲੋਕਾਂ ਦੀ ਸੋਝੀ ਪੁੱਠੀ-ਸਿੱਧੀ ਹੋ ਜਾਂਦੀ ਹੈ, ਉਨ੍ਹਾਂ ਦੇ ਅਨੁਭਵ ਅਤੇ ਗ੍ਰਹਿਣ ਸ਼ਕਤੀ ਵਿਚ ਵਿਗਾੜ ਆ ਜਾਂਦਾ ਹੈ। ਛੋਟੀਆਂ ਚੀਜ਼ਾਂ ਵੱਡੀਆਂ ਦਿਸਦੀਆਂ ਹਨ, ਵੱਡੀਆਂ ਚੀਜ਼ਾਂ ਨਿੱਕੀਆਂ ਜਾਪਣ ਲੱਗ ਪੈਂਦੀਆਂ ਹਨ। ਦੂਰ ਦੀਆਂ ਚੀਜ਼ਾਂ ਨੇੜੇ ਲੱਗਣ ਲੱਗ ਪੈਂਦੀਆਂ ਹਨ, ਤੇ ਕੋਲ ਪਈ ਵਸਤ ਮੀਲਾਂ ਪਰ੍ਹੇ ਰੱਖੀ ਜਾਪਦੀ ਹੈ। ਮੈਨੂੰ ਕੋਈ ਇਹੋ ਜਿਹੀ ਬਿਮਾਰੀ ਹੋ ਗਈ ਕਿ ਸਰਕਾਰ ਜਿਸ ਗੱਲ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਮੈਨੂੰ ਝੂਠ ਜਾਪਦਾ ਹੈ। ਤੇ ਜੋ ਕੁਝ ਮੈਨੂੰ ਕੁਫ਼ਰ ਲੱਗਦਾ ਹੈ, ਬਹੁਤੇ ਲੋਕਾਂ ਨੂੰ ਉਸ ਵਿਚੋਂ ਕਿਸੇ ਝੂਠ ਦੀ ਬੋਅ ਵੀ ਨਹੀਂ ਆਉਂਦੀ। ਇਹ ਵਿਗਾੜ ਮੇਰੇ ਅੰਦਰ ਆ ਗਿਆ ਹੈ ਜਾਂ ਮੇਰੇ ਆਲੇ-ਦੁਆਲੇ ਵਿਚ ਹੀ ਕੋਈ ਨੁਕਸ ਪੈ ਗਿਆ ਹੈ, ਮੈਨੂੰ ਬਿਲਕੁਲ ਸਮਝ ਨਹੀਂ ਆ ਰਹੀ।
      ਜਾਂ ਇਹ ਦੁਨੀਆ ਪੁੱਠੀ ਹੋ ਗਈ ਹੈ, ਤੇ ਜਾਂ ਸ਼ਾਇਦ ਮੈਂ ਹੀ ਛੱਤ ’ਤੇ ਪੁੱਠੇ ਲਟਕ ਰਹੇ ਚਮਗਿਦੜ ਵਾਂਗ ਇਸ ਦੁਨੀਆ ਨੂੰ ਦੇਖ ਰਿਹਾ ਹਾਂ। ਸਭ ਕੁਝ ਮੇਰੀ ਸਮਝ ਤੋਂ ਬਾਹਰਾ ਕਿਉਂ ਹੋ ਗਿਆ ਹੈ?
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ
ਬੁੱਲ੍ਹੇ ਸ਼ਾਹ
ਮੈਂ ਪਾ ਪੜ੍ਹਿਆਂ1 ਤੋਂ ਨੱਸਨਾ ਹਾਂ।
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ।
ਕੋਈ ਮੁਨਸੱਫ2 ਹੋ ਨਿਰਵਾਰੇ3 ਤਾਂ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ।
ਆਲਮ-ਫਾਜ਼ਲ4 ਮੇਰੇ ਭਾਈ
ਪਾ ਪੜ੍ਹਿਆਂ ਮੇਰੀ ਅਕਲ ਗਵਾਈ,
ਦੇ ਇਸ਼ਕ ਦੇ ਹੁਲਾਰੇ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ।
ਔਖੇ ਸ਼ਬਦਾਂ ਦੇ ਅਰਥ : 1. ਅੱਧਪੜ੍ਹ/ ਅਗਿਆਨੀ, 2. ਨਿਆਂ-ਅਧਿਕਾਰੀ, 3. ਸੂਝਵਾਨ, 4. ਵਿਦਵਾਨ ।