ਝੂਠ ਕਹਿੰਦਾ ਝੂਠ ਨਾ ਬੋਲੋ  - ਚੰਦ ਫਤਿਹਪੁਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਢੰਗ ਰਾਹੀਂ ਰਾਜਾਂ ਦੇ ਗ੍ਰਹਿ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਫੇਕ ਨਿਊਜ਼ ਯਾਨਿ ਮਨਘੜਤ ਖ਼ਬਰਾਂ ‘ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾ ਅੰਦਰੂਨੀ ਸੁਰੱਖਿਆ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਲੋਕਾਂ ਨੂੰ ਇਹ ਦੱਸਦੇ ਰਹਿਣਾ ਪਵੇਗਾ ਕਿ ਕੋਈ ਵੀ ਖ਼ਬਰ ਆਉਂਦੀ ਹੈ ਤਾਂ ਉਸ ਨੂੰ ਮੰਨਣ ਤੇ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਸੱਚਾਈ ਬਾਰੇ ਜ਼ਰੂਰ ਪਤਾ ਲਗਾ ਲੈਣ । ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਸੂਚਨਾ ਨੂੰ ਅੱਗੇ ਭੇਜਣ ਤੋਂ ਪਹਿਲਾਂ ਦਸ ਵਾਰ ਸੋਚਣਾ ਚਾਹੀਦਾ ਹੈ ਤੇ ਉਸ ਉੱਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੀ ਹਕੀਕਤ ਨੂੰ ਤਸਦੀਕ ਕਰ ਲੈਣਾ ਚਾਹੀਦਾ ਹੈ ।
      ਉਨ੍ਹਾ ਕਿਹਾ ਕਿ ਅਪਰਾਧਿਕ ਦੁਨੀਆ ਦਾ ਵਿਸ਼ਵੀਕਰਨ ਹੋ ਗਿਆ ਹੈ । ਸਾਨੂੰ ਅਜਿਹੇ ਅਪਰਾਧੀਆਂ ਤੋਂ ਦਸ ਕਦਮ ਅੱਗੇ ਰਹਿਣਾ ਹੋਵੇਗਾ । 5 ਜੀ ਦੀ ਮਦਦ ਨਾਲ ਚਿਹਰੇ ਦੀ ਪਛਾਣ ਬਾਰੇ ਤਕਨੀਕ, ਆਟੋਮੈਟਿਕ ਨੰਬਰ ਪਲੇਟ ਪਛਾਣਨ ਦੀ ਤਕਨੀਕ, ਡਰੋਨ ਤੇ ਸੀ ਸੀ ਟੀ ਵੀ ਨਾਲ ਜੁੜੀਆਂ ਤਕਨੀਕਾਂ ਵਿੱਚ ਕਈ ਗੁਣਾ ਸੁਧਾਰ ਹੋਣ ਵਾਲਾ ਹੈ । ਇਸ ਲਈ ਪੁਲਸ ਪ੍ਰਬੰਧ ਵਿੱਚ ਸੁਧਾਰ ਕਰਨਾ ਜ਼ਰੂਰੀ ਹੋ ਗਿਆ ਹੈ ।
       ਅਸਲ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੋ ਕਹਿ ਰਹੇ ਸਨ, ਉਸ ਬਾਰੇ ਸਾਰਾ ਦੇਸ਼ ਜਾਣਦਾ ਹੈ ਕਿ ਮਨਘੜਤ ਖ਼ਬਰਾਂ ਫੈਲਾਉਣ ਦਾ ਸਭ ਤੋਂ ਵੱਧ ਕੰਮ ਭਾਜਪਾ ਤੇ ਉਸ ਦਾ ਸੋਸ਼ਲ ਮੀਡੀਆ ਵਿੰਗ ਕਰਦਾ ਹੈ । ਪ੍ਰਧਾਨ ਮੰਤਰੀ ਦੀ ਖੁਦ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੋਈ ਮਿਸਾਲ ਹੀ ਨਹੀਂ ਮਿਲਦੀ । ਸਿਕੰਦਰ ਬਿਹਾਰ ਆਇਆ ਸੀ ਤੇ ਜਵਾਹਰ ਲਾਲ ਨਹਿਰੂ ਸ਼ਹੀਦ ਭਗਤ ਸਿੰਘ ਨੂੰ ਮਿਲੇ ਹੀ ਨਹੀਂ, ਸਮੇਤ ਮੋਦੀ ਦੇ ਅਜਿਹੇ ਸੈਂਕੜੇ ਬਿਆਨਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਹੜੇ ਨਿਰੋਲ ਝੂਠ ‘ਤੇ ਅਧਾਰਤ ਸਨ । ਇਸੇ ਕਾਰਨ ਹੀ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਫੇਕੂ ਕਹਿਣਾ ਸ਼ੁਰੂ ਕਰ ਦਿੱਤਾ ਸੀ । ਹਾਲਾਂਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਤਿਆਰ ਕਰਨ ਲਈ ਅਧਿਕਾਰੀਆਂ ਦੀ ਲੰਮੀ-ਚੌੜੀ ਫੌਜ ਹੁੰਦੀ ਹੈ, ਪਰ ਫਿਰ ਵੀ ਉਹ ਝੂਠੇ ਤੱਥ ਫੇਕ ਦਿੰਦੇ ਹਨ, ਕਿਉਂ ? ਇਸ ਪਿੱਛੇ ਉਨ੍ਹਾਂ ਦੀ ਕਿਹੜੀ ਰਾਜਨੀਤੀ ਜਾਂ ਪ੍ਰਾਪੇਗੰਡੇ ਦੀ ਚਾਲ ਹੁੰਦੀ ਹੈ, ਇਹ ਤਾਂ ਮੋਦੀ ਸਾਹਿਬ ਹੀ ਦੱਸ ਸਕਦੇ ਹਨ । ਪ੍ਰਧਾਨ ਮੰਤਰੀ ਸੂਬਿਆਂ ਦੇ ਗ੍ਰਹਿ ਮੰਤਰੀਆਂ ਨੂੰ ਤਾਂ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਚੌਕਸ ਰਹਿਣ ਦੀ ਤਾਕੀਦ ਕਰਦੇ ਹਨ, ਪਰ ਉਨ੍ਹਾ ਦੇ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਸਥਾਨ ਵਿੱਚ ਭਾਜਪਾ ਦੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਸਾਡੇ ਕੋਲ ਏਨੀ ਵੱਡੀ ਸੋਸ਼ਲ ਮੀਡੀਆ ਆਰਮੀ ਹੈ, ਜਿਸ ਰਾਹੀਂ ਅਸੀਂ ਇੱਕ ਅਫ਼ਵਾਹ ਨੂੰ ਮਿੰਟਾਂ ਅੰਦਰ ਹੀ ਲੱਖਾਂ ਲੋਕਾਂ ਤੱਕ ਪੁਚਾ ਸਕਦੇ ਹਾਂ । ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਕਥਨ ਪਿੱਛੇ ਕੋਈ ਨਵੀਂ ਰਣਨੀਤੀ ਜ਼ਰੂਰ ਹੋਵੇਗੀ |
       ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੇਕ ਨਿਊਜ਼ ਵਾਲੇ ਬਿਆਨ ਬਾਰੇ ਵੈੱਬ ਨਿਊਜ਼ ਏਜੰਸੀ ‘ਜਨਜਵਾਰ’ ਨੇ ਆਪਣੇ ਪਾਠਕਾਂ ਤੇ ਦਰਸ਼ਕਾਂ ਤੋਂ ਵਿਚਾਰ ਮੰਗੇ ਸਨ । ਇੱਥੇ ਅਸੀਂ ਕੁਝ ਚੋਣਵੇਂ ਵਿਅਕਤੀਆਂ ਦੀਆਂ ਟਿੱਪਣੀਆਂ ਪੇਸ਼ ਕਰ ਰਹੇ ਹਾਂ :
      ਮਨੋਜ ਵਰਮਾ ਲਿਖਦੇ ਹਨ, ‘ਇਸ ਦੇ ਮਾਸਟਰ ਤਾਂ ਆਪ ਹੋ ਮੋਦੀ ਜੀ ।’ ਆਨੰਦ ਰਾਜ ਦੀ ਟਿੱਪਣੀ ਹੈ, ‘ਪਹਿਲਾਂ ਆਪ ਫੇਕਨਾ ਬੰਦ ਕਰੋ । ਵਿਸ਼ਵ ਰਿਕਾਰਡ ਬਣਾ ਚੁੱਕੇ ਹੋ ਝੂਠ ਬੋਲਣ ਵਿੱਚ । ਕਿੰਨਾ ਬੁਰਾ ਲਗਦਾ ਹੈ, ਜਦੋਂ ਲੋਕ ਤੁਹਾਨੂੰ ਫੇਕੂ ਕਹਿੰਦੇ ਹਨ, ਪਰ ਆਪ ਹੋ ਕਿ ਝੂਠ ਉੱਤੇ ਝੂਠ ਪੇਲੀ ਜਾ ਰਹੇ ਹੋ ।’ ਏਜਾਜ਼ ਅਲੀ ਖਾਨ ਲਿਖਦੇ ਹਨ, ‘ਅੱਛਾ ਹੁਣ ਸਮਝ ਆਇਆ ਕਿ ਭਾਜਪਾ ਆਈ ਟੀ ਸੈੱਲ ਜੋ ਕੰਮ ਸਾਲਾਂ ਤੋਂ ਫੇਕ ਨਿਊਜ਼ ਤੇ ਅਫ਼ਵਾਹਾਂ ਫੈਲਾ ਕੇ ਕਰਦਾ ਆ ਰਿਹਾ ਸੀ, ਉਹ ਹੁਣ ਕਾਰਗਰ ਨਹੀਂ ਹੋ ਰਿਹਾ । ਦੂਜੇ ਜਦੋਂ ਅਸਰਦਾਰ ਤਰੀਕੇ ਨਾਲ ਇਹੀ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਉੱਤੇ ਕਾਰਵਾਈ ਕਰਨ ਦੀ ਗੱਲ ਸੁਝ ਪੈਂਦੀ ਹੈ । ਭਾਜਪਾ ਆਈ ਟੀ ਸੈੱਲ ਦੀ ਇਸ ਨੀਤੀ ਨੇ ਦੇਸ਼ ਨੂੰ ਜਿਹੜਾ ਨੁਕਸਾਨ ਪੁਚਾਇਆ ਹੈ, ਉਸ ਨੂੰ ਕਿਸ ਖਾਤੇ ਵਿੱਚ ਪਾਵਾਂਗੇ ?’ ਦੀਪਕ ਕੁਮਾਰ ਨਾਂਅ ਦੇ ਵਿਅਕਤੀ ਨੇ ਲਿਖਿਆ ਹੈ, ‘ਉਹ ਏਨਾ ਝੂਠ ਬੋਲ ਚੁੱਕੇ ਹਨ ਕਿ ਉਨ੍ਹਾ ਨੂੰ ਪਤਾ ਹੀ ਨਹੀਂ ਕਿ ਕਦੋਂ, ਕਿੱਥੇ ਤੇ ਕੀ ਬੋਲ ਚੁੱਕੇ ਹਨ । 2013 ਤੋਂ ਮੋਦੀ ਜੀ ਦੇ ਹੁਣ ਤੱਕ ਦੇ ਬਿਆਨਾਂ ਨੂੰ ਦੇਖੋ, ਜਦੋਂ ਉਨ੍ਹਾਂ ਦਾ ਡੂੰਘਾਈ ਨਾਲ ਅਧਿਐਨ ਕਰੋਗੇ ਤਾਂ ਪਤਾ ਲੱਗੇਗਾ ।’ ਰਾਜ ਕੁਮਾਰ ਗੌਤਮ ਲਿਖਦੇ ਹਨ, ‘ਅਜਿਹਾ ਲੱਗ ਰਿਹਾ ਹੈ, ਜਿਵੇਂ ਨਾਰੀ ਸਨਮਾਨ ਬਾਰੇ ਆਸਾਰਾਮ ਬਾਪੂ ਪ੍ਰਵਚਨ ਕਰ ਰਹੇ ਹੋਣ ।’ ਹਿਰਦੇਪਾਲ ਸਿੰਘ ਨੇ ਲਿਖਿਆ ਹੈ, ‘ਮਾਨਯੋਗ ਜੀ ਨੂੰ ਆਪਣੇ 2012 ਤੋਂ ਹੁਣ ਤੱਕ ਦੇ ਪੁਰਾਣੇ ਵਾਅਦਿਆਂ ਤੇ ਲਾਲਚਾਈ ਭਾਸ਼ਣਾਂ ਬਾਰੇ ਮੁੱਖ ਮੰਤਰੀਆਂ, ਗ੍ਰਹਿ ਮੰਤਰੀਆਂ ਤੇ ਜਨਤਾ ਤੋਂ ਪੁੱਛਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਮੈਂ ਕੀ ਫੇਕਿਆ ਹੈ । ਭਲਾ ਫੇਕ ਨਿਊਜ਼ ਕੈਮਰਿਆਂ ਨੂੰ ਮਨਾਹੀ ਵਾਲੇ ਸਥਾਨਾਂ ‘ਤੇ ਜਾਣ ਦੀ ਇਜਾਜ਼ਤ ਕਿਵੇਂ ਮਿਲ ਜਾਂਦੀ ਹੈ ?’ ਹਰਪ੍ਰੀਤ ਸਿੰਘ ਲਿਖਦੇ ਹਨ, ‘2014 ਤੋਂ ਹੁਣ ਤੱਕ ਕਿੰਨਾ ਝੂਠ ਬੋਲਿਆ ਗਿਆ ਹੈ, ਪੜਤਾਲ ਕਰਨੀ ਮੁਸ਼ਕਲ ਹੈ ।’