ਪਾਕਿ ਸਿਆਸਤ ’ਚ ਮਹਾਸ਼ਕਤੀਆਂ ਦਾ ਦਖ਼ਲ  - ਜੀ ਪਾਰਥਾਸਾਰਥੀ


ਇਮਰਾਨ ਖ਼ਾਨ ਸ਼ੁਰੂ ਤੋਂ ਹੀ ਤੁਣਕ ਮਿਜ਼ਾਜ ਤੇ ਵਿਵਾਦ ਵਾਲੀ ਸ਼ਖਸੀਅਤ ਦੇ ਮਾਲਕ ਰਹੇ ਹਨ। ਇਹ ਭਾਵੇਂ ਉਨ੍ਹਾਂ ਦੇ ਕ੍ਰਿਕਟ ਕਰੀਅਰ ਵਿਚ ਸਫ਼ਲ ਕਪਤਾਨ ਦਾ ਸਵਾਲ ਹੋਵੇ ਜਾਂ ਫਿਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਦਾ। ਉਨ੍ਹਾਂ ਦੀ ਪਹਿਲੀ ਸ਼ਾਦੀ ਧਨਾਢ ਯਹੂਦੀ ਮੁਟਿਆਰ ਜਮਾਇਮਾ ਗੋਲਡਸਮਿਥ ਨਾਲ ਹੋਈ ਜੋ ਨੌਂ ਸਾਲ ਚੱਲੀ। ਜਮਾਇਮਾ ਤੋਂ ਵੱਖ ਹੋਣ ਮਗਰੋਂ ਉਨ੍ਹਾਂ ਪਾਕਿਸਤਾਨੀ ਪੱਤਰਕਾਰ ਰਹਿਮ ਖ਼ਾਨ ਨਾਲ ਸ਼ਾਦੀ ਰਚਾਈ। ਇਹ ਸ਼ਾਦੀ ਸਿਰਫ਼ ਨੌਂ ਮਹੀਨੇ ਚੱਲ ਸਕੀ ਜਿਸ ਤੋਂ ਬਾਅਦ ਉਨ੍ਹਾਂ ਤਾਂਤਰਿਕ ਬੀਬੀ ਬੁਸ਼ਰਾ ਮੇਨਕਾ ਨਾਲ ਵਿਆਹ ਕਰਵਾਇਆ। ਕਿਹਾ ਜਾਂਦਾ ਹੈ ਕਿ ਬੁਸ਼ਰਾ ਦਾ ਇਮਰਾਨ ਉਪਰ ਕਾਫ਼ੀ ‘ਅਧਿਆਤਮਕ ਪ੍ਰਭਾਵ’ ਰਿਹਾ ਹੈ। ਬਹਰਹਾਲ, ਜਦੋਂ ਬੀਬੀ ਬੁਸ਼ਰਾ ਦੇ ਬੇਸ਼ਕੀਮਤੀ ਜ਼ੇਵਰਾਤ ਦੇ ਸ਼ੌਕ ਬਾਰੇ ਸਵਾਲ ਉੱਠਦੇ ਹਨ ਤਾਂ ਇਹ ਵੱਖਰਾ ਮਾਮਲਾ ਬਣ ਜਾਂਦਾ ਹੈ। ਕ੍ਰਿਕਟ ਹੋਵੇ ਜਾਂ ਸਿਆਸਤ, ਇਮਰਾਨ ਖ਼ਾਨ ਦੇ ਮਨ ਵਿਚ ਭਾਰਤ ਪ੍ਰਤੀ ਬਹੁਤਾ ਤਿਹੁ ਨਹੀਂ ਹੈ। ਉਨ੍ਹਾਂ ਦੇ ਸਿਆਸੀ ਜੀਵਨ ’ਤੇ ਕੱਟੜ ਇਸਲਾਮਿਕ ਸੋਚ ਦੀ ਪੁੱਠ ਚੜ੍ਹੀ ਹੋਈ ਹੈ। ਇਮਰਾਨ ਦੀ ਕ੍ਰਿਸ਼ਮਈ ਸ਼ਖ਼ਸੀਅਤ ਅਤੇ ਕ੍ਰਿਕਟ ਦੇ ਸ਼ਾਨਦਾਰ ਰਿਕਾਰਡ ਕਰ ਕੇ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋਈ ਸੀ। 2019 ਵਿਚ ਜੈਸ਼-ਏ-ਮੁਹੰਮਦ ਦੇ ਪੁਲਵਾਮਾ ਹਮਲੇ ਅਤੇ ਉਸ ਤੋਂ ਬਾਅਦ ਦੋਵੇਂ ਮੁਲਕਾਂ ਦਰਮਿਆਨ ਵਧੀ ਤਲਖ਼ੀ ਨੇ ਵੀ ਜਹਾਦੀ ਸੰਗਠਨਾਂ ਪ੍ਰਤੀ ਇਮਰਾਨ ਖ਼ਾਨ ਦੀ ਚਾਹਤ ਵਿਚ ਯੋਗਦਾਨ ਪਾਇਆ ਸੀ।
       ਇਮਰਾਨ ਦਾ ਮੰਨਣਾ ਹੈ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਸੱਤਾ ਤੋਂ ਲਾਹੁਣ ਦੀ ਸਾਜਿ਼ਸ਼ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਘੜੀ ਤੇ ਅਮਰੀਕਾ ਨੇ ਪ੍ਰੋੜਤਾ ਕੀਤੀ ਸੀ। ਉਂਝ, ਜਦੋਂ ਉਨ੍ਹਾਂ ਤੁਰਕੀ ਤੇ ਮਲੇਸ਼ੀਆ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸਾਊਦੀ ਅਰਬ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦੀ ਨਾਰਾਜ਼ਗੀ ਸਹੇੜ ਕੇ ਆਪਣੇ ਦੇਸ਼ ਲਈ ਚੰਗਾ ਨਹੀਂ ਕੀਤਾ ਸੀ। ਸਾਊਦੀ ਸ਼ਾਹੀ ਪਰਿਵਾਰ ਦੇ ਇਮਰਾਨ ਖ਼ਾਨ ਦੇ ਕੱਟੜ ਵਿਰੋਧੀ ਸ਼ਰੀਫ਼ ਪਰਿਵਾਰ ਨਾਲ ਕਾਫ਼ੀ ਕਰੀਬੀ ਸਬੰਧ ਰਹੇ ਹਨ। ਉਨ੍ਹਾਂ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਥਾਪੇ ਜਾਣ ਦਾ ਸਵਾਗਤ ਕੀਤਾ ਸੀ ਤੇ ਪਾਕਿਸਤਾਨ ਦੀ ਵਿੱਤੀ ਮਦਦ ਵੀ ਬਹਾਲ ਕਰ ਦਿੱਤੀ ਸੀ। ਦੂਜੇ ਪਾਸੇ, ਇਮਰਾਨ ਖ਼ਾਨ ਨੇ ਬਾਇਡਨ ਪ੍ਰਸ਼ਾਸਨ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਜਨਰਲ ਬਾਜਵਾ ਰਾਹੀਂ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਸਾਜਿ਼ਸ਼ ਘੜੀ ਸੀ। ਉਂਝ, ਇਹ ਪੁਖ਼ਤਾ ਰਿਪੋਰਟਾਂ ਆਈਆਂ ਸਨ ਕਿ ਇਮਰਾਨ ਖ਼ਾਨ ਸਰਕਾਰ ਦਾ ਇਕਬਾਲ ਘੱਟੇ ਰੋਲਣ ਲਈ ਆਈਐੱਸਆਈ ਨੇ ਸਰਗਰਮ ਭੂਮਿਕਾ ਨਿਭਾਈ ਸੀ। ਜਦੋਂ ਆਈਐੱਸਆਈ ਚਾਹਵੇ ਤਾਂ ਸਿਆਸੀ ਪਾਰਟੀਆਂ ਚੁਣੀ ਹੋਈ ਸਰਕਾਰ ਦੀ ਹੈਸੀਅਤ ਨੂੰ ਵੰਗਾਰਨ ਲਈ ਝੱਟ ਤਿਆਰ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਦੋਸ਼ਾਂ ’ਤੇ ਕੋਈ ਸੰਦੇਹ ਨਹੀਂ ਕੀਤਾ ਜਾ ਸਕਦਾ ਕਿ ਆਈਐੱਸਆਈ ਦੇ ਦਬਾਅ ਕਰ ਕੇ ਕੌਮੀ ਅਸੈਂਬਲੀ ਦੇ ਕਈ ਮੈਂਬਰਾਂ ਨੇ ਪਾਸਾ ਬਦਲ ਲਿਆ ਸੀ ਜਿਸ ਕਰ ਕੇ ਇਮਰਾਨ ਸਰਕਾਰ ਡਿੱਗ ਪਈ ਸੀ।
       ਪਾਕਿਸਤਾਨ ਵਿਚ ਇਹ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਇਮਰਾਨ ਖ਼ਾਨ ਦੇ ਹਮਾਇਤੀਆਂ ਦੀ ਭੰਨ-ਤੋੜ ਕਰ ਕੇ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠ ਬਣੀ ਸਰਕਾਰ ਪਿੱਛੇ ਅਮਰੀਕਾ ਦਾ ਹੱਥ ਕੰਮ ਕਰ ਰਿਹਾ ਹੈ। ਇਸ ਗੱਲ ਵਿਚ ਵੀ ਕੋਈ ਸੰਦੇਹ ਨਹੀਂ ਜਾਪਦਾ ਕਿ ਇਮਰਾਨ ਖ਼ਾਨ ਨੂੰ ਸੱਤਾ ਤੋਂ ਹਟਾਉਣ ਦੀ ਹਰੀ ਝੰਡੀ ਅਮਰੀਕਾ ਨੇ ਹੀ ਦਿੱਤੀ ਹੋਵੇਗੀ। ਇਮਰਾਨ ਖ਼ਾਨ ਨੇ ਖ਼ੁਦ ਜੋਅ ਬਾਇਡਨ ਸਰਕਾਰ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਸਾਜਿ਼ਸ਼ ਘੜੀ ਗਈ ਹੈ। ਸਾਜਿ਼ਸ਼ ਨੂੰ ਅੰਜਾਮ ਦੇਣ ਲਈ ਪਾਰਲੀਮੈਂਟ ਦੇ ਕੁਝ ਮੈਂਬਰਾਂ ਦੀ ਵਫ਼ਾਦਾਰੀ ਖਰੀਦਣ ਦੀ ਲੋੜ ਪੈਂਦੀ ਹੈ। ਇਹ ‘ਸਿਆਸੀ ਜੁਗਾੜਬਾਜ਼ੀ’ ਆਈਐੱਸਆਈ ਵਲੋਂ ਬਾਖੂਬੀ ਨਿਭਾਈ ਗਈ ਜਿਸ ਸਦਕਾ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠ ਇਕ ਹੋਰ ਕੁਲੀਸ਼ਨ ਸਰਕਾਰ ਹੋਂਦ ਵਿਚ ਆ ਗਈ। ਇਸ ਕੁਲੀਸ਼ਨ ਵਿਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਉਸ ਦੀ ਕੱਟੜ ਵਿਰੋਧੀ ਰਹੀ ਭੁੱਟੋ ਖ਼ਾਨਦਾਨ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਮੁੱਖ ਤੌਰ ’ਤੇ ਸ਼ਾਮਲ ਹਨ। ਇਸ ਤੋਂ ਬਾਅਦ ਕੁਝ ਮਹੀਨੇ ਨਵਾਜ਼ ਸ਼ਰੀਫ਼ ਦੀ ਲੰਡਨ ਤੋਂ ਵਤਨ ਵਾਪਸੀ ਦਾ ਰਾਹ ਸਾਫ਼ ਕਰਾਉਣ ਲਈ ਉਨ੍ਹਾਂ ਖਿਲਾਫ਼ ਲੱਗੇ ਦੋਸ਼ ਰਫ਼ਾ-ਦਫ਼ਾ ਕਰਾਉਣ ਦੀ ਕਵਾਇਦ ਚਲਦੀ ਰਹੀ ਜਿਸ ਦੇ ਜਲਦੀ ਮੁਕੰਮਲ ਹੋਣ ਦੀ ਆਸ ਹੈ ਪਰ ਪਾਕਿਸਤਾਨ ਦੇ ਲੋਕਾਂ ਅੰਦਰ ਇਹ ਭਾਵਨਾ ਘਰ ਕਰਦੀ ਜਾ ਰਹੀ ਹੈ ਕਿ ਇਮਰਾਨ ਖ਼ਾਨ ਨੂੰ ਜਿਵੇਂ ਸੱਤਾ ਤੋਂ ਹਟਾਇਆ ਗਿਆ ਹੈ, ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਇਮਰਾਨ ਖ਼ਾਨ ਨੂੰ ਜਿਸ ਤਰ੍ਹਾਂ ਦੀ ਭਰਵੀਂ ਹਮਾਇਤ ਹਾਸਲ ਹੋਈ ਹੈ, ਉਸ ਤੋਂ ਵੀ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਨੂੰ ਇਹ ਗੱਲ ਹਜ਼ਮ ਨਹੀ ਹੋ ਰਹੀ। ਇਸ ਵਰਤਾਰੇ ਨੂੰ ਨਾ ਜਨਰਲ ਬਾਜਵਾ ਤੇ ਨਾ ਹੀ ਕੁਲੀਸ਼ਨ ਸਰਕਾਰ ਹਲਕੇ ਢੰਗ ਨਾਲ ਲੈ ਸਕਦੀ ਹੈ।
           ਜਨਰਲ ਬਾਜਵਾ ਨੇ ਅਮਰੀਕਾ ਅਤੇ ਉਸ ਦੇ ਸੰਗੀ ਮੁਲਕਾਂ ਦਾ ਦਿਲ ਜਿੱਤ ਲਿਆ ਹੈ। ਇਮਰਾਨ ਖ਼ਾਨ ਦਾ ਅਸਤੀਫ਼ਾ ਇਸ ਦਿਸ਼ਾ ਵਿਚ ਮਹਿਜ਼ ਇਕ ਕਦਮ ਸੀ। ਲੰਘੀ 22 ਅਗਸਤ ਨੂੰ ਕਾਬੁਲ ਨੇੜੇ ਅਮਰੀਕਾ ਵਲੋਂ ਕੀਤੇ ਡਰੋਨ ਹਮਲੇ ਜਿਸ ਵਿਚ ਅਲ-ਕਾਇਦਾ ਦੇ ਮੁਖੀ ਆਇਮਨ ਅਲ-ਜ਼ਵਾਹਰੀ ਦੀ ਮੌਤ ਹੋ ਗਈ ਸੀ, ਲਈ ਜ਼ਾਹਿਰਾ ਤੌਰ ’ਤੇ ਪਾਕਿਸਤਾਨ ਵਲੋਂ ਮਦਦ ਕੀਤੀ ਗਈ ਹੋਵੇਗੀ। ਇਸੇ ਸਦਕਾ ਰਾਸ਼ਟਰਪਤੀ ਬਾਇਡਨ ਨੂੰ ਇਹ ਐਲਾਨ ਕਰਨ ਦਾ ਬਲ ਮਿਲਿਆ ਕਿ “ਅਸੀਂ ਸਮੁੱਚੇ ਦੂਰ ਪਾਰ ਦਹਿਸ਼ਤਗਰਦੀ ਵਿਰੋਧੀ ਸਮੱਰਥਾ ਦਾ ਵਿਕਾਸ ਕਰ ਰਹੇ ਹਾਂ ਜਿਸ ਨਾਲ ਅਸੀਂ ਖਿੱਤੇ ਅੰਦਰ ਅਮਰੀਕਾ ਲਈ ਬਣਨ ਵਾਲੇ ਕਿਸੇ ਵੀ ਖ਼ਤਰੇ ’ਤੇ ਆਪਣੀ ਕਰੀਬੀ ਨਜ਼ਰ ਰੱਖ ਸਕਦੇ ਹਾਂ ਤੇ ਤੇਜ਼ੀ ਨਾਲ ਫ਼ੈਸਲਾਕੁਨ ਕਾਰਵਾਈ ਵੀ ਕਰ ਸਕਾਂਗੇ।” ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਆਈਐੱਸਆਈ ਕੋਲ ਅਫ਼ਗਾਨਿਸਤਾਨ ਵਿਚ ਅਲ-ਕਾਇਦਾ ਆਗੂਆਂ ਦੀਆਂ ਛੁਪਣਗਾਹਾਂ ਦੀ ਪੁਖ਼ਤਾ ਜਾਣਕਾਰੀ ਹੈ। ਉਨ੍ਹਾਂ ਦਿਨਾਂ ਵਿਚ ਬਾਜਵਾ ਤੇ ਅਮਰੀਕਾ ਦਰਮਿਆਨ ਕਾਫੀ ਖਿੱਚੜੀ ਪੱਕ ਰਹੀ ਸੀ। ਸਮਾਂ ਬੀਤਣ ਨਾਲ ਇਸ ਮੁਤੱਲਕ ਹੋਰ ਜਾਣਕਾਰੀਆਂ ਸਾਹਮਣੇ ਆਉਣਗੀਆਂ ਕਿ ਜਨਰਲ ਬਾਜਵਾ ਇਸ ਵੇਲੇ ਯੂਕਰੇਨ ਵਿਚ ਅਮਰੀਕਾ ਤੇ ਬਰਤਾਨੀਆ ਦੇ ਗੱਠਜੋੜ ਲਈ ਕਰੀਬੀ ਸਹਿਯੋਗੀ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ, ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਇਸ ਵੇਲੇ ਦੀਵਾਲੀਆਪਣ ਦੇ ਕੰਢੇ ’ਤੇ ਪਹੁੰਚ ਗਿਆ ਹੈ ਜਿਸ ਕਰ ਕੇ ਇਹ ਅਮਰੀਕਾ, ਯੂਰੋਪੀਅਨ ਯੂਨੀਅਨ, ਆਈਐੱਮਐੱਫ ਅਤੇ ਸੰਸਾਰ ਬੈਂਕ ਤੋਂ ਮਦਦ ’ਤੇ ਨਿਰਭਰ ਹੈ।
         ਇਕ ਪਾਸੇ, ਰਾਸ਼ਟਰਪਤੀ ਬਾਇਡਨ ਨੇ ਪਾਕਿਸਤਾਨ ਲਈ 45 ਕਰੋੜ ਡਾਲਰ ਦੀ ਫ਼ੌਜੀ ਇਮਦਾਦ ਜਾਰੀ ਕਰ ਦਿੱਤੀ ਜੋ ਐੱਫ-16 ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਲਈ ਖਰਚ ਕੀਤੀ ਜਾਵੇਗੀ, ਦੂਜੇ ਪਾਸੇ ਉਨ੍ਹਾਂ ਵਲੋਂ ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚ ਸ਼ੁਮਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਪਾਕਿਸਤਾਨ ਕੋਲ ਮੌਜੂਦ ਪਰਮਾਣੂ ਹਥਿਆਰਾਂ ਤੋਂ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਫੌਰੀ ਬਾਅਦ ਅਮਰੀਕਾ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਅਮਰੀਕਾ ਤੇ ਬਰਤਾਨੀਆ ਦੇ ਹਿੱਤਾਂ ਦੀ ਪੂਰਤੀ ਕਰਨ ਬਦਲੇ ਪਾਕਿਸਤਾਨੀਆਂ ਦੀ ਖੂਬ ਪਿੱਠ ਥਾਪੜੀ। ਇਸ ਕਰ ਕੇ ਬਰਤਾਨੀਆ ਨੇ ਜਨਰਲ ਬਾਜਵਾ ਨੂੰ ਸੈਂਡਹਰਸਟ ਮਿਲਟਰੀ ਅਕੈਡਮੀ ਵਿਚ ਮਹਿਮਾਨ ਵਜੋਂ ਬੁਲਾਇਆ। ਇਸ ਦੇ ਨਾਲ ਹੀ ਰਾਵਲਪਿੰਡੀ ਵਿਚ ਨੂਰ ਖ਼ਾਨ ਏਅਰਬੇਸ ਤੋਂ ਬੋਇੰਗ ਸੀ-17 ਹਵਾਈ ਜਹਾਜ਼ ਰਾਹੀ ਰੁਮਾਨੀਆ ਲਿਜਾਇਆ ਗਿਆ ਜਿੱਥੋਂ ਇਹ ਯੂਕਰੇਨ ਪਹੁੰਚਾਇਆ। ਇਸ ਬਦਲੇ ਪੂਤਿਨ ਪਾਕਿਸਤਾਨ ਨੂੰ ਛੇਤੀ ਕੀਤਿਆਂ ਮੁਆਫ਼ ਨਹੀਂ ਕਰਨਗੇ।
        ਉਧਰ, ਚੋਣ ਕਮਿਸ਼ਨ ਨੇ ਇਮਰਾਨ ਖਿਲਾਫ਼ ਬੇਨੇਮੀਆ ਦੀਆਂ ਸ਼ਿਕਾਇਤਾਂ ਨੂੰ ਸਹੀ ਮੰਨ ਕੇ ਉਨ੍ਹਾਂ ਦੀ ਪਾਰਲੀਮਾਨੀ ਚੋਣ ਰੱਦ ਕਰ ਦਿੱਤੀ। ਇਹ ਸਭ ਕੁਝ ਇਮਰਾਨ ਨੂੰ ਆਉਣ ਵਾਲੀਆਂ ਚੋਣਾਂ ਤੋਂ ਲਾਂਭੇ ਕਰਨ ਦੇ ਕਦਮਾਂ ਦੀ ਕੜੀ ਹੈ, ਇਸ ਨੂੰ ਲੈ ਕੇ ਲੰਮੀ ਕਾਨੂੰਨੀ ਲੜਾਈ ਸ਼ੁਰੂ ਹੋ ਸਕਦੀ ਹੈ। ਉਂਝ, ਸਰਕਾਰ ਦੇ ਇਸ ਕਦਮ ਨਾਲ ਵੱਡੇ ਪੱਧਰ ’ਤੇ ਜਨਤਕ ਰੋਸ ਮੁਜ਼ਾਹਰੇ ਹੋਣ ਦਾ ਖ਼ਤਰਾ ਹੈ। ਆਈਐੱਸਆਈ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਇਮਰਾਨ ਖ਼ਾਨ ਨੂੰ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ ਲੜਨ ਤੋਂ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਣਗੀਆਂ। ਅਮਰੀਕਾ ਤੇ ਸਾਊਦੀ ਅਰਬ ਦੋਵਾਂ ਵਲੋਂ ਇਮਰਾਨ ਖ਼ਾਨ ਨੂੰ ਪਸੰਦ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਉਹ 2023 ਦੇ ਅਖੀਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਦਰਜ ਕਰ ਸਕਦੇ ਹਨ, ਬਸ਼ਰਤੇ ਚੋਣਾਂ ਲੜਨ ਲਈ ਉਨ੍ਹਾਂ ਦੇ ਰਾਹ ਵਿਚ ਕੋਈ ਕਾਨੂੰਨੀ ਬਖੇੜਾ ਖੜ੍ਹਾ ਨਾ ਹੋਵੇ।
       29 ਨਵੰਬਰ ਨੂੰ ਫ਼ੌਜ ਦੇ ਮੁਖੀ ਜਨਰਲ ਬਾਜਵਾ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਉਨ੍ਹਾਂ ਦੇ ਸੇਵਾਕਾਲ ਵਿਚ ਇਕ ਵਾਰ ਫਿਰ ਦੋ ਸਾਲਾਂ ਦਾ ਵਾਧਾ ਹੋ ਸਕਦਾ ਹੈ ਪਰ ਸ਼ਰੀਫ਼ ਸਰਕਾਰ ’ਤੇ ਇਹ ਦਬਾਓ ਹੈ ਕਿ ਜਨਰਲ ਬਾਜਵਾ ਦੇ ਕਾਰਜਕਾਲ ਵਿਚ ਹੋਰ ਵਾਧਾ ਨਾ ਕੀਤਾ ਜਾਵੇ। ਅਮਰੀਕਾ ਅਤੇ ਇਸ ਦੇ ਸੰਗੀ ਮੁਲਕ ਬਿਨਾ ਸ਼ੱਕ ਚਾਹੁਣਗੇ ਕਿ ਪਾਕਿਸਤਾਨ ਦੇ ਫ਼ੌਜੀ ਮਾਮਲਿਆਂ ਵਿਚ ਜਨਰਲ ਬਾਜਵਾ ਦੀ ਮੌਜੂਦਗੀ ਬਣੀ ਰਹੇ ਤਾਂ ਕਿ ਯੂਕਰੇਨ ਲਈ ਪਾਕਿਸਤਾਨ ਤੋਂ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਬੇਰੋਕ ਜਾਰੀ ਰਹੇ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।