ਕੀ ਸਿੱਖ ਕੌਮ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਪ੍ਰਤਿਭਾਸ਼ਾਲੀ ਨੇਤਾ ਮਿਲੇਗਾ ? - ਉਜਾਗਰ ਸਿੰਘ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀਆਂ 9 ਨਵੰਬਰ 2022 ਨੂੰ ਹੋ ਰਹੀਆਂ ਚੋਣਾਂ ਸੰਬੰਧੀ ਬਾਦਲ ਪਰਿਵਾਰ ਵਿਰੁੱਧ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਪਹਿਲੀ ਵਾਰ ਜ਼ਬਰਦਸਤ ਬਗਾਬਤ ਹੋਣ ਦੀ ਸੰਭਾਵਨਾ ਹੈ। ਭਾਵੇਂ ਜਥੇਦਾਰ ਟੌਹੜਾ ਵੀ ਸਫਲ ਨਹੀਂ ਹੋਏ ਸਨ ਪਰੰਤੂ ਇਸ ਵਾਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੀਬੀ ਜਾਗੀਰ ਕੌਰ ਬਾਦਲ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦਾ ਪ੍ਰਧਾਨਗੀ ਦੀ ਚੋਣ ਲਈ ਲਿਫ਼ਾਫ਼ਾ ਕਲਚਰ ਚਲ ਰਿਹਾ ਹੈ। ਕਦੀ ਵੀ ਕੋਈ ਤਿੱਖਾ ਵਿਰੋਧ ਨਹੀਂ ਹੋਇਆ। ਆਮ ਤੌਰ 'ਤੇ ਇਹ ਚੋਣ ਦਸੰਬਰ ਦੇ ਅਖ਼ੀਰ ਵਿੱਚ ਹੁੰਦੀ ਸੀ ਪਰੰਤੂ ਇਸ ਵਾਰ ਅਕਾਲੀ ਦਲ ਬਾਦਲ ਦੀ ਸਥਿਤੀ ਡਾਵਾਂਡੋਲ ਹੋਣ ਕਰਕੇ ਅਕਾਲੀ ਦਲ ਬਾਦਲ ਨੇ ਸਿਚਤ ਸਮੇਂ ਤੋਂ ਲਗਪਗ ਦੋ ਮਹੀਨੇ ਪਹਿਲਾਂ ਚੋਣ ਕਰਵਾਉਣ ਦਾ ਫ਼ੈਸਲਾ ਕਰਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਸਿਆਸੀ ਪੜਚੋਲਕਾਰਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਬੜੀ ਦਿਲਚਸਪ ਅਤੇ ਗਹਿਗੱਚ ਮੁਕਾਬਲੇ ਵਾਲੀ ਰਹਿਣ ਦੀ ਉਮੀਦ ਹੈ। ਅਕਾਲੀ ਦਲ ਬਾਦਲ ਵਿੱਚ ਬਗ਼ਾਬਤੀ ਸੁਰਾਂ ਉਠਣ ਲੱਗ ਗਈਆਂ ਹਨ। ਇਸ ਤੋਂ ਪਹਿਲਾਂ ਇਹ ਚੋਣ ਇਕ ਕਿਸਮ ਨਾਲ ਕਾਗਜ਼ੀ ਕਾਰਵਾਈ ਹੀ ਹੁੰਦੀ ਸੀ ਕਿਉਂਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਭਾਵ ਬਾਦਲ ਪਰਿਵਾਰ ਵੱਲੋਂ ਜੋ ਫ਼ੈਸਲਾ ਕੀਤਾ ਹੁੰਦਾ ਸੀ, ਉਸ ਦਾ ਸਿਰਫ਼ ਐਲਾਨ ਹੀ ਹੁੰਦਾ ਸੀ। ਅਕਾਲੀ ਦਲ ਬਾਦਲ ਦਾ ਕੋਈ ਵੀ ਮੈਂਬਰ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸੀ, ਸਗੋਂ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡ ਦਿੱਤਾ ਜਾਂਦਾ ਸੀ। ਅਕਾਲੀ ਦਲ ਦੇ ਬਾਕੀ ਧੜਿਆਂ ਕੋਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੈਂਬਰ ਨਹੀਂ ਹਨ, ਜਿਨ੍ਹਾਂ ਕਰਕੇ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ ਖੜ੍ਹੀ ਹੋ ਸਕੇ। ਵੈਸੇ ਤਾਂ ਬਾਦਲ ਧੜੇ ਵਿੱਚ ਹਰ ਸਾਲ ਪ੍ਰਧਾਨਗੀ ਦੇ ਕਈ ਇੱਛਕ ਹੁੰਦੇ ਹਨ ਪਰੰਤੂ ਇਸ ਵਾਰ ਬਾਦਲ ਪਰਿਵਾਰ ਦੇ ਵਿਸ਼ਵਾਸ ਪਾਤਰ ਰਹੇ ਅਕਾਲੀ ਦਲ ਬਾਦਲ ਦੇ ਸ਼ਰੋਮਣੀ ਕਮੇਟੀ ਮੈਂਬਰਾਂ ਵਿੱਚੋਂ ਬਗ਼ਾਬਤ ਦੀ ਕਨਸੋਅ ਆ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਕੁਝ ਤਕਨੀਕੀ ਕਾਰਨਾ ਕਰਕੇ ਲੰਬੇ ਸਮੇਂ ਤੋਂ ਨਹੀਂ ਹੋਈਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਪ੍ਰਤਿਭਾਸ਼ਵਾਨ ਨੇਤਾ ਸਨ। ਉਨ੍ਹਾਂ ਦਾ ਮੁਕਾਬਲਾ ਕਰਨ ਦੀ ਛੇਤੀ ਕੀਤਿਆਂ ਕੋਈ ਹਿੰਮਤ ਨਹੀਂ ਕਰਦਾ ਸੀ ਬਸ਼ਰਤੇ ਬਾਦਲ ਪਰਿਵਾਰ ਪੰਗਾ ਨਾ ਪਾਵੇ। ਗੁਰਚਰਨ ਸਿੰਘ ਟੌਹੜਾ ਵਿੱਚ ਸਹੀ ਅਤੇ ਸੱਚ ਨੂੰ ਸੱਚ ਕਹਿਣ ਦੀ ਸਮਰੱਥਾ ਸੀ। ਛੇਤੀ ਕੀਤਿਆਂ ਪਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਸਾਹਮਣੇ ਕੁਸਕਦੇ ਨਹੀਂ ਸਨ। ਉਹ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਹਰ ਵੰਗਾਰ ਨੂੰ ਸੁਚੱਜੇ ਢੰਗ ਨਾਲ ਨਿਪਟਦੇ ਸਨ। 2004 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਵਰਗਵਾਸ ਹੋਣ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤਾਂ ਹਰ ਸਾਲ ਹੁੰਦੀ ਹੈ ਪਰੰਤੂ ਪ੍ਰਧਾਨ ਦੀ ਚੋਣ ਪਾਰਟੀ ਦੇ ਅੰਦਰੂਨੀ ਪਰਜਾਤੰਤਰਕ ਢੰਗ ਨਾਲ ਨਹੀਂ ਹੋ ਰਹੀ। ਬਾਦਲ ਪਰਿਵਾਰ ਦੀ ਮਰਜ਼ੀ ਅਨੁਸਾਰ ਹੀ ਪ੍ਰਧਾਨ ਬਣਦਾ ਰਿਹਾ ਹੈ। ਇਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਦਾ ਲਿਫ਼ਾਫ਼ਾ ਬਾਦਲ ਪਰਿਵਾਰ ਦੀ ਜੇਬ ਵਿੱਚੋਂ ਨਿਕਲਦਾ ਸੀ, ਇਸ ਵਿੱਚ ਸ਼ੱਕ ਦੀ ਗੁੰਜਾਇਸ਼ ਵੀ ਨਹੀਂ ਹੈ।
     ਸ੍ਰ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਰਾਮ ਰਹੀਮ ਨੂੰ ਤੱਤ ਭੜੱਤ ਵਿੱਚ ਪੰਥ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਲੋਕਾਂ ਅਤੇ ਪੰਥ ਦੇ ਪ੍ਰਚਾਰਕਾਂ ਵੱਲੋਂ ਰੋਸ ਵਿੱਚ ਬਰਗਾੜੀ ਵਿਖੇ ਕੀਤੇ ਜਾ ਰਹੇ ਸ਼ਾਂਤਮਈ ਧਰਨੇ 'ਤੇ ਪੁਲਿਸ ਨੇ ਅਚਾਨਕ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਦੋ ਸਿੰਘ ਸ਼ਹੀਦ ਹੋ ਗਏ। ਇਸ ਘਟਨਾ ਨੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ। ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸਗੋਂ ਉਲਟਾ ਧਰਨਾਕਾਰੀ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਹੋ ਗਈਆਂ। ਇਨ੍ਹਾਂ ਘਟਨਾਵਾਂ ਦੇ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਹੀ ਗਰਦਾਨਿਆਂ ਗਿਆ ਕਿਉਂਕਿ ਸਰਕਾਰ ਦੇ ਮੁੱਖੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਇਸ ਦੇ ਸਿੱਟੇ ਵਜੋਂ ਸਿੱਖ ਜਗਤ, ਸ਼ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਵਰਕਰ ਬਾਦਲ ਪਰਿਵਾਰ ਤੋਂ ਨਰਾਜ਼ ਹੋ ਗਏ। ਇਥੋਂ ਤੱਕ ਕਿ ਸਰਕਾਰ ਦਾ ਘਰੋਂ ਬਾਹਰ ਨਿਕਲਣਾ ਵੀ ਕੁਝ ਸਮੇਂ ਲਈ ਬੰਦ ਹੋ ਗਿਆ ਸੀ ਕਿਉਂਕਿ ਲੋਕਾਂ ਦਾ ਗੁੱਸਾ ਸੱਤ ਅਸਮਾਨ ਚੜ੍ਹ ਗਿਆ ਸੀ। ਇਸ ਨਰਾਜ਼ਗੀ ਦੇ ਸਿੱਟੇ ਵਜੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਨਕਾਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸਿਰਫ ਤਿੰਨ ਵਿਧਾਨਕਾਰ ਆਪੋ ਆਪਣੇ ਅਸਰ ਰਸੂਖ ਕਰਕੇ ਹੀ ਚੋਣ ਜਿੱਤ ਸਕੇ। ਸਿੱਖ ਜਗਤ ਵਿੱਚ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਨੇਤਾ ਤਾਂ ਆਪਣੇ ਆਪ ਨੂੰ ਬਿਹਤਰੀਨ ਕਹਾਉਣ ਵਾਲੇ ਬਹੁਤ ਹਨ। ਉਨ੍ਹਾਂ ਦੇ ਸਮਰਥਕ ਵੀ ਆਪੋ ਆਪਣੇ ਨੇਤਾਵਾਂ ਨੂੰ ਸਰਵੋਤਮ ਕਹਿ ਰਹੇ ਹਨ। ਆਪਣੇ ਨੇਤਾਵਾਂ ਦੀ ਚਾਪਲੂਸੀ ਕਰਨ ਦੀ ਦੌੜ ਲੱਗੀ ਹੋਈ ਹੈ। ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਧੜਿਆਂ ਵਿੱਚ ਵੰਡੀ ਹੋਈ ਹੈ। ਸਾਰੇ ਧੜੇ ਇਕ ਦੂਜੇ ਦੀ ਨਿੰਦਿਆ ਕਰ ਰਹੇ ਹਨ। ਪਰੰਤੂ ਕੋਈ ਵੀ ਇਹ ਨਹੀਂ ਸੋਚ ਰਿਹਾ ਕਿ ਸਿੱਖ ਲੀਡਰਸ਼ਿਪ ਦੀ ਨਿੰਦਿਆ ਪੰਥਕ ਸੋਚ ਦਾ ਨੁਕਸਾਨ ਕਰ ਰਹੀ ਹੈ। ਨੇਤਾ ਇਕ ਦੂਜੇ ਨੂੰ ਚਕਮਾ ਦੇ ਕੇ ਮੋਹਰੀ ਬਣਨਾ ਲੋਚਦੇ ਹਨ। ਸਿੱਖ ਜਗਤ ਦੀ ਖ਼ਾਨਾਜੰਗੀ ਕਰਕੇ ਸਿੱਖੀ ਸੋਚ ਨੂੰ ਖੋਰਾ ਲੱਗ ਰਿਹਾ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇਕੋ-ਇਕ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ, ਜਿਨ੍ਹਾਂ ਨੇ ਪੰਥਕ ਸੋਚ ਨੂੰ ਨੁਕਸਾਨ ਨਹੀਂ ਹੋਣ ਦਿੱਤਾ। ਜੇ ਇਹ ਕਹਿ ਲਿਆ ਜਾਵੇ ਕਿ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਤੋਂ ਬਾਅਦ ਸਿੱਖੀ ਸੋਚ 'ਤੇ ਸਹੀ ਅਰਥਾਂ ਵਿੱਚ ਪਹਿਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਸਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਹ ਸਿੱਖੀ ਨੂੰ ਪ੍ਰਣਾਏ ਹੋਏ ਪੰਥਕ ਸੋਚ ਦੇ ਧਾਰਨੀ ਸਨ। ਸਿੱਖ ਪੰਥ ਵਿੱਚ ਜਦੋਂ ਵੀ ਕੋਈ ਵਾਦਵਿਵਾਦ ਹੋਇਆ ਤਾਂ ਉਸ ਨੂੰ ਨਿਪਟਾਉਣ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਇਥੋਂ ਤੱਕ ਕਿ ਅਕਾਲੀ ਦਲ ਦੇ ਹੋਰ ਧੜਿਆਂ ਦੇ ਨੇਤਾ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਤਿਕਾਰ ਕਰਦੇ ਸਨ। ਜਥੇਦਾਰ ਟੌਹੜਾ ਨੂੰ ਆਪਣੀ ਕਾਬਲੀਅਤ ਨਾਲ ਸਿੱਖਾਂ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦਾ ਵਲ ਆਉਂਦਾ ਸੀ। ਉਨ੍ਹਾਂ ਵਿੱਚ ਹਓਮੈ ਨਾ ਦੀ ਕੋਈ ਗੱਲ ਨਹੀਂ ਸੀ। ਉਚੇ ਸੁੱਚੇ ਕਿਰਦਾਰ ਦੇ ਮਾਲਕ ਸਨ। ਗੁਰਬਾਣੀ ਦੇ ਗਿਆਤਾ ਸਨ। ਜ਼ਿੰਦਗੀ ਦਾ ਲੰਬਾ ਪ੍ਰਬੰਧਕੀ ਤਜ਼ਰਬਾ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਦਾ ਸੀ। ਇਥੋਂ ਤੱਕ ਕਿ ਪਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੀ ਕਾਬਲੀਅਤ ਤੋਂ ਭਲੀ ਪ੍ਰਕਾਰ ਜਾਣੂ ਹੋਣ ਕਰਕੇ ਭੈ ਖਾਂਦੇ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਹਰ ਵਰਗ ਦੇ ਲੋਕ ਜਥੇਦਾਰ ਟੌਹੜਾ ਨੂੰ ਆਪਣਾ ਸਮਝਦੇ ਸਨ। ਸਿੱਖ ਗਰਮਦਲ ਵਾਲੇ ਉਨ੍ਹਾਂ ਨੂੰ ਆਪਣਾ ਹਮਦਰਦ ਮੰਨਦੇ ਸਨ। ਨਰਮਦਲੀਏ ਆਪਣਾ ਕਹਿੰਦੇ ਸਨ, ਧਰਮ ਨਿਰਪੱਖ ਲੋਕ ਉਨ੍ਹਾਂ ਨੂੰ ਧਰਮ ਨਿਰਪੱਖ ਸਮਝਦੇ ਹਨ, ਇਸੇ ਤਰ੍ਹਾਂ ਕਾਮਰੇਡ ਉਨ੍ਹਾਂ ਨੂੰ ਖੱਬੀ ਪੱਖੀ ਸੋਚ ਦੇ ਨੇਤਾ ਕਹਿੰਦੇ ਸਨ। ਇਹ ਟੌਹੜਾ ਸਾਹਿਬ ਦੇ ਵਿਅਕਤਿਵ ਦਾ ਵਿਲੱਖਣ ਹਾਸਲ ਸੀ। ਅਪ੍ਰੈਲ 2004 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਲੀਡਰਸ਼ਿਪ ਦੀ ਪੰਥਕ ਸੋਚ ਵਿੱਚ ਗਿਰਾਵਟ ਆਈ ਹੈ। ਸਿੱਖ ਧਰਮ ਦੀ ਵਿਚਾਰਧਾਰਾ ਅਤੇ ਪਰੰਪਰਾਵਾਂ 'ਤੇ ਪਹਿਰਾ ਦੇਣ ਦੀ ਥਾਂ ਰਾਜ ਭਾਗ ਨੂੰ ਬਰਕਰਾਰ ਰੱਖਣ ਨੂੰ ਤਰਜ਼ੀਹ ਦਿੱਤੀ ਜਾਣ ਲੱਗ ਪਈ। ਪੰਥ ਸਰਕਾਰ ਤੋਂ ਬਾਅਦ ਦੂਜੇ ਸਥਾਨ 'ਤੇ ਆ ਗਿਆ। ਸਿੱਖ ਸੰਸਥਾਵਾਂ ਜਿਹੜੀਆਂ ਧਾਰਮਿਕ ਵਿਚਾਰਧਾਰਾ 'ਤੇ ਪਹਿਰਾ ਦੇਣ ਲਈ ਅਗਲੀ ਪਨੀਰੀ ਤਿਆਰ ਕਰਦੀਆਂ ਸਨ, ਉਨ੍ਹਾਂ ਦੀ ਅਣਵੇਖੀ ਕਰਨੀ ਸ਼ੁਰੂ ਕਰ ਦਿੱਤੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਢਾਹ ਲਗਾਈ ਜਾਣ ਲੱਗ ਪਈ, ਜਿਸ ਕਰਕੇ ਗੁਰਮਤਿ ਅਤੇ ਪਾਰਟੀ ਦੀ ਫਿਲਾਸਫੀ ਅਣਡਿਠ ਹੋਣ ਲੱਗ ਪਈ। ਜਥੇਦਾਰ ਅਕਾਲ ਤਖ਼ਤ ਸਥਾਈ ਤੌਰ 'ਤੇ ਨਿਯੁਕਤ ਹੀ ਨਹੀਂ ਕੀਤੇ ਜਾ ਰਹੇ। ਕਾਰਜਵਾਹਕ ਜਥੇਦਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਰੈਗੂਲਰ ਨਹੀਂ ਲਗਾਇਆ ਜਾ ਰਿਹਾ ਤਾਂ ਜੋ ਅਕਾਲੀ ਦਲ ਬਾਦਲ ਆਪਣੀ ਮਰਜ਼ੀ ਦੇ ਫ਼ੈਸਲੇ ਕਰਵਾ ਸਕੇ। ਵੋਟ ਦੀ ਰਾਜਨੀਤੀ ਲਈ 'ਸਿੱਖ ਸਟੂਡੈਂਟ ਫ਼ੈਡਰੇਸ਼ਨ' ਜਿਸ ਨੂੰ ਸਿੱਖੀ ਦੀ ਪਨੀਰੀ ਕਿਹਾ ਜਾਂਦਾ ਸੀ, ਨੂੰ ਅਣਡਿਠ ਕਰਨ ਲਈ 'ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ' ਬਣਾ ਲਈ ਹੈ। ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਨੂੰ ਖ਼ੋਰਾ ਲੱਗਣ ਲੱਗ ਪਿਆ। ਨੇਤਾਵਾਂ ਵਿੱਚ ਪੰਥ ਨਾਲੋਂ ਕੁਰਸੀ ਦਾ ਮੋਹ ਭਾਰੂ ਹੋ ਗਿਆ। ਨੇਤਾਵਾਂ ਦੀ ਕਾਬਲੀਅਤ ਦੀ ਥਾਂ ਚਮਚਾਗਿਰੀ ਪ੍ਰਧਾਨ ਹੋ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਬਾਦਲ ਅਕਾਲੀ ਦਲ ਵਿੱਚੋਂ ਹੀ ਬਗ਼ਾਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਫ਼ਾਫ਼ਾ ਕਲਚਰ ਦਾ ਵਿਰੋਧ ਤਿੰਨ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਬਾਦਲ ਪਰਿਵਾਰ ਦੀ ਵਫ਼ਦਾਰ ਬੀਬੀ ਜਾਗੀਰ ਕੌਰ ਨੇ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਦੀ ਤਿੰਨ ਵਾਰ ਲਿਫ਼ਾਫ਼ਾ ਕਲਚਰ ਨਾਲ ਹੀ ਚੋਣ ਹੋਈ ਸੀ। ਉਨ੍ਹਾਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਧੜੇ ਨੇ ਬਾਦਲ ਦਲ ਵਿੱਚ ਸੰਨ੍ਹ ਲਗਾ ਲਈ ਹੈ। ਬੀਬੀ ਜਾਗੀਰ ਕੌਰ ਨੂੰ ਮਨਾਉਣ ਲਈ ਬਾਦਲ ਪਰਿਵਾਰ ਪੱਬਾਂ ਭਾਰ ਹੋਇਆ ਪਿਆ ਹੈ। ਕਿਹਾ ਜਾਂਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇਕ ਧੜਾ ਜਿਹੜਾ ਬਾਦਲ ਪਰਿਵਾਰ ਤੋਂ ਦੁਖੀ ਹੈ, ਉਹ ਬੀਬੀ ਜਾਗੀਰ ਕੌਰ ਦੀ ਸਪੋਰਟ ਕਰ ਰਿਹਾ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਧੜੇ ਵੀ ਬੀਬੀ ਜਾਗੀਰ ਕੌਰ ਨੂੰ ਅੰਦਰਖਾਤੇ ਹਵਾ ਦੇ ਰਹੇ ਹਨ। ਵੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਉਹ ਲੋਕ ਜਿਹੜੇ ਬੀਬੀ ਜਾਗੀਰ ਕੌਰ 'ਤੇ ਅਜੀਬ ਤਰ੍ਹਾਂ ਦੇ ਦੋਸ਼ ਲਗਾ ਰਹੇ ਸਨ , ਕੀ ਉਹ ਹੁਣ ਬੀਬੀ ਜਾਗੀਰ ਕੌਰ ਨੂੰ ਵੋਟਾਂ ਪਾ ਸਕਣਗੇ? ਇਹ ਬੁਝਾਰਤ ਬਣੀ ਹੋਈ ਹੈ। ਇਹ ਬੁਝਾਰਤ 9 ਨਵੰਬਰ ਨੂੰ ਹੀ ਖੁਲ੍ਹੇਗੀ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
 ujagarsingh48@yahoo.com