ਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ / ਕਵਿਤਾ - ਮਹਿੰਦਰ ਸਿੰਘ ਮਾਨ

ਤੂੰ ਜਿਸ ਪਾਸੇ ਲਾਣਾ ਚਾਹੁੰਦਾ ਸੀ,
ਉਸ ਪਾਸੇ ਨਾ ਲੱਗਿਆ ਮਨੁੱਖ ਬਾਬਾ।
ਇਹ ਬਣ ਕੇ ਵਾਰਿਸ ਮਾਲਕ ਭਾਗੋ ਦਾ,
ਹੱਕ ਦੀ ਖਾਣ ਵਾਲਿਆਂ ਨੂੰ ਦੇਵੇ ਦੁੱਖ ਬਾਬਾ।
ਇਹ ਆਪਣੇ ਭਰਾਵਾਂ ਨੂੰ ਹੀ ਮਾਰੀ ਜਾਵੇ,
ਇਦ੍ਹੀ ਵੱਧ ਗਈ ਏਨੀ ਪੈਸੇ ਦੀ ਭੁੱਖ ਬਾਬਾ।
ਇਹ ਪੁੱਤਰ ਮੋਹ ਦੇ ਵਿੱਚ ਫਸਿਆ ਏਨਾ,
ਕਿ ਸੁੰਨੀ ਕਰੀ ਜਾਵੇ ਨਾਰੀ ਦੀ ਕੁੱਖ ਬਾਬਾ।
ਇਹ ਆਪਣੇ ਮਾਂ-ਪਿਉ ਨੂੰ ਹੀ ਨਾ ਪੁੱਛੇ,
ਹੋਰ ਕਿਸੇ ਨੂੰ ਇਸ ਨੇ ਦੇਣਾ ਕੀ ਸੁੱਖ ਬਾਬਾ।
ਕਿਸੇ ਦਾ ਭਲਾ ਕਰਨਾ ਇਸ ਨੂੰ ਆਉਂਦਾ ਨ੍ਹੀ,
ਇਹ ਆਪਣੀ ਗਰਜ਼ ਰੱਖੇ ਸਦਾ ਮੁੱਖ ਬਾਬਾ।
ਇਹ ਖ਼ੁਦ ਹੀ ਜੀਣਾ ਚਾਹੁੰਦਾ ਨਹੀਂ,
ਤਾਂ ਹੀ ਵੱਢ ਵੱਢ ਕੇ ਸੁੱਟੀ ਜਾਵੇ ਰੁੱਖ ਬਾਬਾ।
ਹਵਾ ਤੇ ਪਾਣੀ ਇਸ ਨੇ ਪ੍ਰਦੂਸ਼ਿਤ ਕੀਤੇ,
ਖ਼ਬਰੇ ਹੋਰ ਕਿੱਧਰ ਕਰਨਾ ਇਸ ਨੇ ਰੁੱਖ ਬਾਬਾ।
ਮੂੰਹੋਂ ਤਾਂ ਬਥੇਰੀ ਉਚਾਰੀ ਜਾਵੇ ਤੇਰੀ ਬਾਣੀ,
ਪਰ ਇਸ ਤੇ ਅਮਲ ਨਾ ਕਰਕੇ ਪਾਵੇ ਦੁੱਖ ਬਾਬਾ।
ਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ,
ਨਹੀਂ ਤਾਂ ਇਸ ਨੇ ਦਈ ਜਾਣਾ ਸਭ ਨੂੰ ਦੁੱਖ ਬਾਬਾ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554