ਪੁਸਤਕ ਚਰਚਾ :  ਤਿੰਨ ਦਹਾਕਿਆਂ ਦਾ ਪੰਜਾਬੀ ਸਾਹਿਤ !   - ਅਵਤਾਰ ਸਿੰਘ ਬਿਲਿੰਗ

ਨਾਮਵਰ ਆਲੋਚਕ ਡਾਕਟਰ ਜਸਪਾਲ ਸਿੰਘ ਦੀ ਅੰਗਰੇਜ਼ੀ ਵਿਚ ਪ੍ਰਕਾਸ਼ਤ ‘Readings in Punjabi Literature’ (ਅਭਿਸ਼ੇਕ ਪਬਲੀਕੇਸ਼ਨ, ਚੰਡੀਗੜ੍ਹ) ਇਕ ਵੱਡ-ਆਕਾਰੀ ਪੁਸਤਕ ਹੈ। ਪਿਛਲੇ ਤਿੰਨ ਦਹਾਕਿਆਂ ਦੇ ਪੰਜਾਬੀ ਸਾਹਿਤ ਨਾਲ ਸਾਂਝ ਪੁਆਉਣ ਵਾਲੀ ਇਹ ਵਿਲੱਖਣ ਵਿਸ਼ਵਕੋਸ਼ੀ ਭਾਂਤ ਦੀ ਕਿਤਾਬ ਹੈ ਜਿਹੜੀ ਅੰਗਰੇਜ਼ੀ ਪਾਠਕਾਂ ਲਈ ਪੰਜਾਬੀ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੇ ਨਮੂਨੇ ਰੌਚਿਕ ਢੰਗ ਨਾਲ ਪੇਸ਼ ਕਰਦੀ ਹੈ। ਇਹ ਹਿੰਦੀ ਪੰਜਾਬੀ ਦੇ ਖੇਤਰ ਵਿਚ ਨਵੇਂ ਉੱਭਰ ਰਹੇ ਆਲੋਚਕਾਂ ਨੂੰ ਵੀ ਸੇਧ ਦੇਵੇਗੀ।
        ਡਾ. ਜਸਪਾਲ ਸਿੰਘ ਨੇ ਇੰਗਲਿਸ਼ ਨਾਵਲਕਾਰ ਅਰਨੈਸਟ ਹੈਮਿੰਗਵੇ ਉਪਰ ਪੀਐੱਚ.ਡੀ. ਕੀਤੀ। ਲੇਖਕ ਅਨੁਸਾਰ, ‘ਇਹ ਪੁਸਤਕ ਪਿਛਲੇ ਤੀਹ ਵਰਿਆਂ ਦੌਰਾਨ ਲਿਖੇ ਜਾਂਦੇ ਰਹੇ ਪੰਜਾਬੀ ਸਾਹਿਤ ਬਾਰੇ ਅੰਗਰੇਜ਼ੀ ਵਿਚ ਲਗਾਤਾਰ ਚਲਦੀ ਸਮਕਾਲੀ ਰਨਿੰਗ ਕਮੈਂਟਰੀ ਹੈ।’ ਇਸ ਵਿਚ ਸ਼ਾਮਲ 154 ਲੇਖਾਂ ਵਿਚੋਂ ਬਹੁਤੇ ‘ਟ੍ਰਿਬਿਊਨ’ ਵਿਚ ਅਤੇ ਕੁਝ ਗੋਬਿੰਦ ਠੁਕਰਾਲ ਦੇ ਸਾਊਥ ਏਸ਼ੀਆ ਪੋਸਟ ਵਿਚ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਨ੍ਹਾਂ ਵਿੱਚ 115 ਪੰਜਾਬੀ ਲੇਖਕਾਂ ਦੀਆਂ ਪ੍ਰਤੀਨਿਧ, ਵਿਸ਼ੇਸ਼ ਤੌਰ ’ਤੇ ਲੀਕ ਤੋਂ ਹਟਵੀਆਂ ਪੁਸਤਕਾਂ ਦੀ ਸਾਹਿਤਕ ਆਲੋਚਨਾ ਕੀਤੀ ਗਈ ਹੈ। ਰੀਵਿਊ ਲਈ ਆਈ ਹਰੇਕ ਪੁਸਤਕ ਦਾ ਲੇਖਕ ਕਿਹੋ ਜਿਹਾ ਹੈ, ਉਸ ਕਿਤਾਬ ਵਿਚ ਕੀ ਚੰਗਾ ਤੇ ਖ਼ਾਸ ਹੈ, ਸਭਿਆਚਾਰਕ ਪੱਖ ਤੋਂ ਉਹ ਕੀ ਸੁਝਾਉਂਦੀ ਹੈ, ਇਸ ਦੇ ਲੇਖਕ ਵਿਚ ਕੀ ਨਵਾਂ ਤੇ ਵੱਖਰਾ ਹੈ- ਇਨ੍ਹਾਂ ਸਵਾਲਾਂ ਦੇ ਜਵਾਬ ਇਸ ਰਚਨਾ ਵਿਚ ਸ਼ਾਮਲ ਹਰੇਕ ਨਿਬੰਧ ਵਿਚੋਂ ਮਿਲਦੇ ਹਨ। ਇਸ ਨੂੰ ਪੜ੍ਹਦਿਆਂ ਵਿਸ਼ਵ ਪ੍ਰਸਿੱਧ ਆਲੋਚਕਾਂ ਵੱਲੋਂ ਸੁਝਾਏ ਸਿਧਾਂਤਾਂ ਦੀ ਝਲਕ ਪੈਂਦੀ ਹੈ। ਇਸ ਦੇ ਪਿਛੋਕੜ ਵਿਚ ਵਰਤੀ ਮਾਰਕਸਵਾਦੀ ਦਵੰਦਾਤਮਕ ਵਿਧੀ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਪੁਸਤਕ ਵਿਚ ਸੁਰਜੀਤ ਹਾਂਸ, ਅਮਰਜੀਤ ਚੰਦਨ ਤੇ ਗੁਰਬਚਨ ਵਰਗੇ ਲੇਖਕਾਂ ਬਾਰੇ ਕਈ ਲੇਖ ਹਨ। ਕੁਝ ਹੋਰ ਸਾਹਿਤਕਾਰਾਂ ਸਬੰਧੀ ਇਕ ਤੋਂ ਵੱਧ ਲੇਖ ਸ਼ਾਮਲ ਹਨ। ਇਹ ਸੰਗ੍ਰਹਿ ਪੰਜ ਭਾਗਾਂ ਵਿਚ ਵੰਡਿਆ ਹੈ : ਵਡੇਰਿਆਂ ਦੀ ਦ੍ਰਿਸ਼ਟੀ, ਵੱਡਉਮਰੇ ਕਲਾਕਾਰ, ਬਾਹਰਲਿਆਂ ਦੀ ਗੁਫ਼ਤਗੂ, ਅੱਜ ਅਲਾਪਿਆ ਜਾ ਰਿਹਾ ਰਾਗ, ਅਤੇ ਪੰਜਾਬੀ ਸਾਹਿਤ ਦੀਆਂ ਸੋਗਮਈ ਸੁਰਾਂ। ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ, ਡਾਕਟਰ ਹਰਿਭਜਨ ਸਿੰਘ ਤੋਂ ਅੱਗੇ ਚਲਦੀ ਇਹ ਕਿੰਨੇ ਹੋਰ ਸਾਹਿਤਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਵਿਚੋਂ ਬਹੁਗਿਣਤੀ ਬਾਰੇ ਸਾਹਿਤਕ ਸਮੀਖਿਆ ਕਰਦੀ ਹੈ ਜਿਹੜੇ ਅਜੇ ਵੀ ਸਰਗਰਮ ਹਨ। ਪੁਸਤਕ ਦੇ ਮੁੱਢਲੇ ਦੋ ਅਧਿਆਇ - ‘ਪੰਜਾਬੀ ਦਾ ਸਹਿਜ ਪਰ ਸ਼ਾਨਦਾਰ ਵਿਕਾਸ’, ‘ਹੀਰ ਵਾਰਿਸ ਦੇ ਬਾਰਹਮਾਹ ਵਿਚ ਸ਼ਬਦਾਂ ਵਸਤੂਆਂ ਅਤੇ ਧਾਰਨਾਵਾਂ ਦਾ ਜ਼ਿਕਰ’ ਪੰਜਾਬੀ ਭਾਸ਼ਾ ਤੇ ਸਮੁੱਚੇ ਸਾਹਿਤ ਦੇ ਸੰਖੇਪ ਇਤਿਹਾਸ ਅਤੇ ਹੀਰ ਵਾਰਿਸ ਦੀ ਮਹਾਨਤਾ ਨੂੰ ਦਰਸਾਉਂਦੇ ਹਨ। ਇਨ੍ਹਾਂ ਤੋਂ ਅੱਗੇ 115 ਲੇਖਕਾਂ ਦੀਆਂ 154 ਰਚਨਾਵਾਂ ਦਾ ਮੁਲਾਂਕਣ ਸ਼ੁਰੂ ਹੁੰਦਾ ਹੈ। ਇਹ ਇਕੱਲੀ ਨੀਰਸ ਆਲੋਚਨਾ ਨਹੀਂ। ਇਸ ਵਿਚੋਂ ਲੇਖਕ ਦੀਆਂ ਦਿਲਚਸਪ ਟਿੱਪਣੀਆਂ ਦੇ ਨਾਲ ਖ਼ੂਬਸੂਰਤ ਟੈਕਸਟ ਦੇ ਵੀ ਦਰਸ਼ਨ ਹੁੰਦੇ ਹਨ। ਮਿਸਾਲ ਵਜੋਂ, ਪਹਿਲਾ ਨਿਬੰਧ ਅਮਰੀਕ ਸਿੰਘ ਸੰਘਾ ਬਾਰੇ ਹੈ ਜਿਸ ਨੇ ਬੜੀ ਰੌਚਿਕ ਵਾਰਤਕ ਦੀ ਸਿਰਜਣਾ ਕੀਤੀ ਹੈ। ‘ਸੱਠਵਿਆਂ ਤੋਂ ਬਾਅਦ ਸਭ ਤੋਂ ਵੱਧ ਅਣਗੌਲ਼ੀ ਰਹੀ ਵੰਨਗੀ ਪੰਜਾਬੀ ਵਾਰਤਕ ਹੈ। ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਗਰੋਂ ਵਾਰਤਕ ਦੀ ਬੰਜਰ ਹੋਈ ਭੂਮੀ ਵਿਚ ਸੇਵਾਮੁਕਤ ਮੈਥ ਟੀਚਰ ਅਮਰੀਕ ਸਿੰਘ ਸੰਘਾ ਨੇ ਸਾਹਿਤ ਦੀ ਇਸ ਮਰ ਰਹੀ ਵੰਨਗੀ ਨੂੰ ਮੁੜ ਜਿਊਂਦੀ ਕਰਨ ਦਾ ਬੀੜਾ ਚੁੱਕਿਆ ਹੈ।... ਜੋ ਆਪਣੇ ਵਿਲੱਖਣ ਸਟਾਈਲ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਛੋਂਹਦਾ ਹੈ।’ ਨਮੂਨਾ ਦੇਖੋ : ‘‘ਹਲਕੀ ਫੁਲਕੀ ਆਮ ਗੱਲਬਾਤ ਵੀ ਫਜ਼ੂਲ ਨਹੀਂ ਹੁੰਦੀ। ...ਮਾਮੂਲੀ ਘਟਨਾਵਾਂ ਜਾਂ ਬਿਨਾਂ ਸੋਚੇ ਸਮਝੇ ਬੋਲੇ ਕੁਝ ਸ਼ਬਦ ਪਰਿਵਾਰਕ ਜੀਵਨ ਵਿਚ ਕੁੜੱਤਣ ਭਰਦੇ, ਇਥੋਂ ਤੀਕ ਕਿ ਤਲਾਕ ਦਾ ਕਾਰਨ ਵੀ ਬਣ ਸਕਦੇ ਹਨ।’’ ਡਾਕਟਰ ਜਸਪਾਲ ਸਿੰਘ ਦੀ ਟਿੱਪਣੀ ਹੈ : ਪੰਜਾਬ ਵਿਚ ਕਵੀ ਦਰਬਾਰ ਅਤੇ ਕਹਾਣੀ ਦਰਬਾਰ ਆਮ ਹੁੰਦੇ ਹਨ ਐਪਰ ਦੁੱਖ ਹੈ ਕਿ ਇੱਥੇ ਕਦੇ ਕੋਈ ਵਾਰਤਕ ਦਰਬਾਰ ਨਹੀਂ ਕਰਵਾਇਆ ਜਾਂਦਾ ਜਿੱਥੇ ਆਨੰਦਦਾਇਕ ਵਾਰਤਕ ਪਰੋਸੀ ਜਾ ਸਕੇ। ਲੇਖਕ ਸਭਾਵਾਂ ਨੇ ਪੰਜਾਬੀ ਦੀ ਇਸ ਸ਼ਾਨਦਾਰ ਵੰਨਗੀ ਨੂੰ ਉੱਕਾ ਹੀ ਵੱਟੇ ਖਾਤੇ ਪਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਇਕੋ ਵੇਲੇ ਕੋਈ ਕ੍ਰਿਸ਼ਮਾ ਤੇ ਸਾਧਾਰਨ ਵਰਤਾਰਾ ਸੀ। ਉਨ੍ਹਾਂ ਵੇਲਿਆਂ ਦੀ ਕਿਸੇ ਸਾਹਿਤਕ ਇਕੱਤਰਤਾ ਵਿਚ ਇੱਕਾ ਦੁੱਕਾ ਔਰਤ ਦੀ ਹਾਜ਼ਰੀ ਕਿਸੇ ਦੈਵੀ ਵਰਤਾਰੇ ਵਾਂਗ ਸਮਝੀ ਜਾਂਦੀ। ਨਵੇਂ ਉਭਰਦੇ ਲੇਖਕਾਂ ਵਾਸਤੇ ਉਹ ਇਕ ਅਨੋਖਾ ਚਮਤਕਾਰ ਅਤੇ ਬ੍ਰਹਿਮੰਡੀ ਸਾਹਿਤਕ ਗੁਣਵੰਤੀ ਤੇ ‘ਨਾਗਮਣੀ’ ਰਾਹੀਂ ਉਤਸ਼ਾਹ ਦਾ ਸੋਮਾ ਸੀ। ਪਰ ਜਿਹੜੇ ਇਹ ਉਮਰ ਟੱਪ ਚੁੱਕੇ ਹਨ, ਉਨ੍ਹਾਂ ਲਈ ਉਹ ਸਿਰਫ਼ ਮਸ਼ਹੂਰ ਹੋਈ ਇਕ ਸਾਧਾਰਨ ਲੇਖਿਕਾ। ਪੰਜਾਬੀ ਦੇ ਪੰਜ ਵੱਡੇ ਲੇਖਕਾਂ ਦਾ ਦਿੱਲੀ ਸ਼ਹਿਰ ਅਸਲ ਟਿਕਾਣਾ ਸੀ। ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਹਰਿਭਜਨ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਬਲਵੰਤ ਗਾਰਗੀ। ਉਹ ਯੂ ਐੱਨ ਸਕਿਓਰਟੀ ਕਾਊਂਸਲ ਦੇ ਪੰਜ ਸਥਾਈ ਮੈਂਬਰਾਂ ਵਾਂਗ ਸਨ ਜਿਨ੍ਹਾਂ ਵਿਚੋਂ ਹਰੇਕ ਕੋਲ ਵੀਟੋ ਪਾਵਰ ਸੀ। ਭਾਸ਼ਾ ਦੀ ਸਿਰਜਨਾਤਮਿਕ ਵਰਤੋਂ ਵਿਚ ਬਲਵੰਤ ਗਾਰਗੀ ਇਹਨਾਂ ਸਾਰਿਆਂ ਤੋਂ ਚੁਸਤ ਸੀ।    ... ਇਕ ਨਾਟਕਕਾਰ ਅਤੇ ਨਾਟ ਕਰਮੀ ਵਜੋਂ ਪੰਜਾਬੀ ਵਿਚ ਉਸ ਦੀ ਸਫਲਤਾ ਦਾ ਕੋਈ ਸਾਨੀ ਨਹੀਂ। ਡਾ. ਮੋਹਨ ਸਿੰਘ ਦੀਵਾਨਾ ਭਾਰਤ ਵਿਚ ਪੰਜਾਬੀ ਅਧਿਐਨ ਦੇ ਮੋਢੀਆਂ ਵਿਚੋਂ ਹੈ ਜੋ ਪੰਜਾਬੀ ਸਾਹਿਤ ਜਗਤ ਵਿਚ ਬੇਹੱਦ ਮਕਬੂਲ ਹੋਇਆ।
        ਗਿਆਨੀ ਗੁਰਦਿੱਤ ਸਿੰਘ ਦਾ ‘ਮੇਰਾ ਪਿੰਡ’ ਸ਼ਬਦਾਂ ਨਾਲ ਉਸਾਰਿਆ ਅਸਲੀ ਸਭਿਆਚਾਰਕ ਅਜਾਇਬਘਰ ਹੈ। ਹਰਿਭਜਨ ਸਿੰਘ ਸਾਡਾ ਵੱਡਾ ਕਵੀ ਸੀ- ਗੀਤ ਤੇ ਸ਼ਬਦ ਦਾ ਸ਼ਾਇਰ। ਉਸ ਦਾ ਕਾਵਿ ਗਾਇਨ ਕਿਸੇ ਸਪੇਰੇ ਵਾਂਗ ਸਰੋਤਿਆਂ ਨੂੰ ਕੀਲ ਲੈਂਦਾ। … ਉਹ ਸਾਡਾ ਜੌਹਨ ਡੰਨ ਹੈ- ਇਕ ਅਧਿਆਤਮਵਾਦੀ ਸ਼ਾਇਰ। ਡਾ. ਜਗਤਾਰ ਪੰਜਾਬੀ ਦੇ ਸਭ ਤੋਂ ਵੱਧ ਸਿਆਸੀ ਚੇਤਨਾ ਵਾਲੇ ਸ਼ਾਇਰਾਂ ਵਿਚੋਂ ਇਕ ਸੀ। .... ਉਸ ਦੀ ਸ਼ਾਇਰੀ ਦੁਆਰਾ ਸਿਰਜੇ ਜ਼ਿਆਦਾ ਪ੍ਰਭਾਵ ਮੌਜੂਦਾ ਸਿਸਟਮ ਵਿਚਲੀ ਇਖ਼ਲਾਕੀ ਗਿਰਾਵਟ ਅਤੇ ਨਿਘਾਰ ਦੇ ਸੂਚਕ ਹਨ ਪਰ ਦੂਜੇ ਪ੍ਰਗਤੀਵਾਦੀ ਕਵੀਆਂ ਵਾਂਗ ਉਹ ਵੀ ਇਸ ਘੁੱਪ ਹਨੇਰੇ ਵਿਚ ਚਾਨਣ ਦੀ ਮੱਧਮ ਜਿਹੀ ਉਮੀਦ ਬਰਕਰਾਰ ਰੱਖਦਾ ਹੈ। ਕਵਿਤਾ ਦੇ ਕਈ ਸੰਗ੍ਰਹਿਆਂ ਤੋਂ ਇਲਾਵਾ ਹੁੰਦਲ ਨੇ ‘ਪਿਛਲਾ ਪਿੰਡ’ ਵਿਚ ਕਵਿਤਾ ਵਰਗੀ ਭਾਵੁਕ ਵਾਰਤਕ ਦੀ ਰਚਨਾ ਕੀਤੀ ਜਿਹੜੀ ਪਾਠਕ ਨੂੰ ਸ਼ੁਰੂ ਤੋਂ ਹੀ ਜਕੜ ਲੈਂਦੀ ਹੈ। 40 ਕਿਤਾਬਾਂ ਦਾ ਰਚਨਹਾਰਾ ਜਸਵੰਤ ਸਿੰਘ ਵਿਰਦੀ ਬੜੀ ਸੌਖ ਨਾਲ ਇਸ ਤੋਂ ਘੱਟ ਅਜਿਹੀਆਂ ਪੁਸਤਕਾਂ ਲਿਖ ਸਕਦਾ ਸੀ ਜਿਹੜੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕੋਈ ਮਾਅਰਕਾ ਸਾਬਤ ਹੁੰਦੀਆਂ। ਕਿਰਪਾਲ ਸਿੰਘ ਕਸੇਲ ਨੇ ਪਰਮਿੰਦਰ ਸਿੰਘ ਦੇ ਨਾਲ ਲਿਖੇ ਪੰਜਾਬੀ ਸਾਹਿਤ ਦੇ ਇਤਿਹਾਸ ਤੋਂ ਇਲਾਵਾ ਦੁਰਲੱਭ ਰਚਨਾਵਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਲਾਲ ਸਿੰਘ ਦਿਲ ਇਕ ਅਜਿਹਾ ਮਸ਼ਹੂਰ ਕਵੀ ਸੀ ਜੋ ਸੰਸਾਰ ਦੇ ਅਤਿ ਨੀਚਾਂ ਦੇ ਪ੍ਰਤੀਨਿਧ ਵਜੋਂ ਆਪਣੀ ਕਾਵਿਕ ਲੜਾਈ ਹਾਲੇ ਵੀ ਲੜ ਰਿਹਾ ਸੀ। ਮੋਹਣ ਭੰਡਾਰੀ ਦੀ ‘ਪਛਾਣ’ ਦੀਆਂ ਕਹਾਣੀਆਂ ਸ਼ੈਲੀ ਅਤੇ ਵਿਸ਼ਾ ਵਸਤੂ ਪੱਖੋਂ ਪਾਠਕ ਨੂੰ ਇਕਦਮ ਜਕੜ ਲੈਂਦੀਆਂ।
       ਭਾਸ਼ਾ ਵਿਗਿਆਨੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਨੇ ਆਪਣੀ ਵਿਦਵਤਾਪੂਰਣ ਰਚਨਾ ‘ਪੰਜਾਬੀ ਭਾਸ਼ਾ ਦਾ ਸ੍ਰੋਤ ਤੇ ਬਣਤਰ’ ਵਿਚ ਪੰਜਾਬੀ ਭਾਸ਼ਾ ਦੇ ਅੱਜ ਤੱਕ ਦੇ ਇਤਿਹਾਸ ਅਤੇ ਸੰਗਠਨ ਬਾਰੇ ਬੜੀ ਡੂੰਘੀ ਖੋਜ ਕੀਤੀ ਹੈ। ਕਿਸੇ ਭਾਸ਼ਾ ਦੀ ਕਹਾਣੀ ਅਸਲ ਵਿਚ ਉਸ ਨੂੰ ਬੋਲਣ ਵਾਲੇ ਸਮਾਜ ਦੇ ਸਭਿਆਚਾਰ ਦੀ ਕਹਾਣੀ ਵੀ ਹੁੰਦੀ ਹੈ ਕਿਉਂਕਿ ਬੋਲੀ ਅਤੇ ਸਭਿਆਚਾਰ ਦਾ ਆਪਸ ਵਿਚ ਅਨਿੱਖੜਵਾਂ ਸੰਬੰਧ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਵਿਗਿਆਨਕ ਵਿਧੀ ਨਾਲ ਪੰਜਾਬੀ ਦੀ ਬਣਤਰ ਦਾ ਅਧਿਐਨ ਕਰ ਰਿਹਾ ਸੀ। ਮਾਲਵੇ ਦੀ ਤਾਕਤਵਰ ਕਲਮ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਅਤੇ ਨਾਵਲਾਂ ਵਿਚੋਂ ਮਾਲਵਾ ਬੋਲਦਾ, ਗਾਉਂਦਾ ਅਤੇ ਰੋਂਦਾ ਹੈ। ਅਣਖੀ ਕਿਰਸਾਣੀ ਪ੍ਰਧਾਨ, ਜਾਤ ਪਾਤ ਗ੍ਰੱਸੇ ਪਿੰਡ ਦਾ ਲੇਖਕ ਹੈ। ... ਸੰਤੋਖ ਸਿੰਘ ਧੀਰ ਉਨ੍ਹਾਂ ਕੁਝ ਕੁ ਪੰਜਾਬੀ ਲੇਖਕਾਂ ਵਿਚੋਂ ਇਕ ਸੀ ਜਿਨ੍ਹਾਂ ਕੇਵਲ ਕਲਮ ਦੀ ਖੱਟੀ ਖਾਧੀ ਹੈ। ਸੀਮਤ ਸਾਧਨਾਂ ਵਾਲੇ ਇਕ ਜਾਗੀਰਦਾਰ ਪਰਿਵਾਰ ਵਿਚ ਜਨਮੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ‘ਗੋਰੀ ਹਿਰਨੀ’ ਨਾਵਲ ਵਿਚ ਸ਼ਾਇਦ ਪਹਿਲੀ ਵਾਰ, ਉਹ ਵੀ ਇਕ ਵਿਦੇਸ਼ੀ ਧਰਤੀ ਵਿਚੋਂ ਏਨੇ ਗੁੰਝਲਦਾਰ ਵਿਸ਼ੇ ਨੂੰ ਛੋਹਿਆ ਹੈ। ਸੱਠਵਿਆਂ ਵਿਚ ਸੁਰਿੰਦਰ ਗਿੱਲ ਇਕ ਟੁੱਟਦੇ ਹੋਏ ਤਾਰੇ ਵਾਂਗ ਲਿਸ਼ਕਿਆ। ਸਾਹਿਤਕ ਆਲੋਚਨਾ ਵਿਚ ਪੰਜਾਬੀ ਦੇ ਕਿਸੇ ਚਿੰਤਕ ਦੀ ਅਜਿਹੀ ਰਚਨਾ ਘੱਟ ਹੀ ਪ੍ਰਕਾਸ਼ਤ ਹੁੰਦੀ ਜਿਸ ਦਾ ਮੁਕਾਬਲਾ ਸੰਸਾਰ ਪੱਧਰ ਦੀ ਕਿਸੇ ਪੁਸਤਕ ਨਾਲ ਕੀਤਾ ਜਾ ਸਕਦਾ ਹੋਵੇ। ‘ਪੁਨਰ ਸੰਵਾਦ ਤੇ ਪੰਜਾਬੀ ਪ੍ਰਵਚਨ’ ਰਾਹੀਂ ਡਾ ਤੇਜਵੰਤ ਸਿੰਘ ਗਿੱਲ ਨੇ ਅਜਿਹਾ ਕਰ ਵਿਖਾਇਆ ਹੈ ਪਰ ਉਸ ਦੇ ਲਿਖਣ ਢੰਗ ਨੂੰ ਸਮਝਣ ਲਈ ਸਾਧਾਰਨ ਪਾਠਕ ਨੂੰ ਬਹੁਤ ਮੁਸ਼ੱਕਤ ਕਰਨੀ ਪੈਂਦੀ। ਵਾਦ-ਵਿਵਾਦੀ ਵਾਰਤਕ ਰਚਨਾਵਾਂ ਦੀ ਪੰਜਾਬੀ ਵਿਚ ਘਾਟ ਰੜਕਦੀ ਹੈ ਪਰ ਪ੍ਰੀਤਮ ਸਿੰਘ ਆਈ.ਏ.ਐੱਸ. ਦੀ ‘ਵਾਦ ਸੰਵਾਦ’ ਪੁਸਤਕ ਦੀ ਪ੍ਰਕਾਸ਼ਨਾ ਨਾਲ ਵੱਡਾ ਵਾਦ ਵਿਵਾਦ ਸਿਰਜਦੀ ਰਚਨਾ ਵੀ ਸਾਨੂੰ ਪ੍ਰਾਪਤ ਹੋਈ ਹੈ। ਅਮਰਜੀਤ ਚੰਦਨ ਨੇ ਕਿਸੇ ਸਮੇਂ ਚੰਗਿਆੜੇ ਛੱਡਦੀਆਂ ਕਵਿਤਾਵਾਂ ਲਿਖੀਆਂ। ਗਲਪ ਸਿਰਜਨਾ ਦੀਆਂ ਨਵੀਆਂ ਵਿਧੀਆਂ ਤੇ ਤਕਨੀਕਾਂ ਉਤੇ ਹੱਥ ਅਜ਼ਮਾਉਂਦੇ ਅਵਤਾਰ ਸਿੰਘ ਬਿਲਿੰਗ ਨੇ ਪਲੇਠੇ ਨਾਵਲ ‘ਨਰੰਜਣ ਮਸ਼ਾਲਚੀ’ ਰਾਹੀਂ ਪਾਠਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਅਵਤਾਰ ਸਿੰਘ ਧਾਲੀਵਾਲ ਅਤੇ ਸਰਬਜੀਤ ਸਿੰਘ ਬੇਦੀ ਅਧੀਨ ਵਿਦਵਾਨਾਂ ਦੀ ਟੀਮ ਨੇ ਪ੍ਰਾਇਮਰੀ ਸਕੂਲ ਜਾਂਦੇ ਬਾਲਾਂ ਵਾਸਤੇ ਓਰੀਐਂਟ ਲੌਂਗਮੈਨ ਵੱਲੋਂ ਅਜਿਹਾ ਪੰਜਾਬੀ ਕਾਇਦਾ (ਮੌਲਸਰੀ ਪੰਜਾਬੀ ਪਾਠ ਬੋਧ) ਅਤੇ ਕਿਤਾਬਾਂ ਲਿਆਂਦੀਆਂ ਹਨ ਜਿਹੜੀਆਂ ਇਸ ਖੇਤਰ ਵਿਚ ਪ੍ਰਚਲਤ ਹੋਰ ਸਾਰੇ ਬਾਲ ਬੋਧਾਂ ਤੇ ਕਿਤਾਬਾਂ ਤੋਂ ਕਈ ਪੱਖਾਂ ਤੋਂ ਭਿੰਨ ਹਨ। ਪਰਵਾਸੀ ਸਾਹਿਤ ਕਈ ਪੱਖਾਂ ਤੋਂ ਬੜਾ ਅਮੀਰ ਹੈ। ਬਰੈਂਪਟਨ ਵੱਸਦਾ ਜਰਨੈਲ ਸਿੰਘ ਉੱਘੇ ਪਰਵਾਸੀ ਕਹਾਣੀਕਾਰਾਂ ਵਿਚੋਂ ਇਕ ਹੈ। ‘ਪੰਜਾਬ ਆਜ਼ਾਦੀ ਲਹਿਰ ਦਾ ਮੋਢੀ ਕਿਉਂ ਬਣਿਆ’- ਇੰਗਲੈਂਡ ਵੱਸਦਾ ਜੋਗਿੰਦਰ ਸ਼ਮਸ਼ੇਰ ਅਜਿਹਾ ਇਤਿਹਾਸ ਫਰੋਲਦਾ ਹੈ। ਮੇਜਰ ਮਾਂਗਟ ਬਹੁਤ ਜਜ਼ਬਾਤੀ ਤੇ ਬੜੀ ਤਿੱਖੀ ਨੀਝ ਵਾਲਾ ਕਹਾਣੀਕਾਰ ਹੈ। ਰਘਬੀਰ ਸਿੰਘ ਸਿਰਜਣਾ ਨੇ ‘ਗਦਰ ਪਾਰਟੀ ਲਹਿਰ- ਸੰਖੇਪ ਇਤਿਹਾਸ’ ਵਿਚ ਇਸ ਬਹਾਦਰੀ ਵਾਲੇ ਕਾਰਨਾਮੇ ਦਾ ਬੜਾ ਦਲੀਲ ਭਰਪੂਰ ਤੇ ਰੌਚਿਕ ਬਿਰਤਾਂਤ ਸਿਰਜਿਆ ਹੈ। ਸੁਰਜਨ ਜ਼ੀਰਵੀ ਪੰਜਾਬੀ ਦੇ ਸਿਰਕੱਢ ਪੱਤਰਕਾਰਾਂ ਵਿਚੋਂ ਇਕ ਹੈ। ਡਾ. ਨਾਹਰ ਸਿੰਘ ਪੰਜਾਬ ਵਿਚ ਚੋਟੀ ਦਾ ਲੋਕਧਾਰਾ ਲੇਖਕ ਬਣ ਚੁੱਕਾ ਹੈ। ਸਮਾਜਿਕ ਅਤੇ ਮਨੋਵਿਗਿਆਨਕ ਵਿਸ਼ਿਆਂ ਸੰਬੰਧੀ ਸ੍ਰੇਸ਼ਟ ਕਹਾਣੀਆਂ ਬੁਣਨ ਵਿਚ ਵਰਿਆਮ ਸੰਧੂ ਵੱਡੀ ਪ੍ਰਤਿਭਾ ਦਾ ਮਾਲਕ ਹੈ। ਬਲਬੀਰ ਮਾਧੋਪੁਰੀ ਪੰਜਾਬ ਵਿਚਲੇ ਦਲਿਤਾਂ ਦੀ ਦੁਰਦਸ਼ਾ ਦਾ ਸੰਖੇਪ ਇਤਿਹਾਸ ਸਿਰਜਦਾ ਹੈ। ਮੋਗੇ ਵਾਲਾ ਬਲਦੇਵ ਸਿੰਘ ਹੁਣ ਨਾਵਲ ਵਿਚ ਲੋਕ ਲੁਭਾਊ ਵਿਸ਼ਿਆਂ ਨੂੰ ਪੇਸ਼ ਕਰਨ ਵਾਲਾ ਉੱਘਾ ਲੇਖਕ ਬਣ ਚੁੱਕਾ ਹੈ। ਗੁਰਬਚਨ ਦੀਆਂ ਕਿਤਾਬਾਂ -‘ਸਾਹਿਤਨਾਮਾ’ ਅਤੇ ‘ਸਰਚਨਾਵਾਦ ਦੇ ਆਰ ਪਾਰ’- ਪੰਜਾਬੀ ਸਾਹਿਤ ਦੀ ਦੁਨੀਆ ਵਿਚ ਇਕ ਵੱਡੀ ਘਟਨਾ ਹਨ। ... ਉਹ ਆਪਣੀ ਕਲਮ ਨੂੰ ਜ਼ਹਿਰ ਵਿਚ ਡੋਬ ਕੇ ਇਸ ਨੂੰ ਤਲਵਾਰ ਬਣਾਉਂਦਾ ਉਨ੍ਹਾਂ ਲੋਕਾਂ ਉਪਰ ਭਰਵੇਂ ਵਾਰ ਕਰਦਾ ਹੈ ਜਿਹੜੇ ਉਸ ਨੂੰ ਭਾਉਂਦੇ ਨਹੀਂ। ਦਰਸ਼ਨ ਬੁੱਟਰ ਜੀਵਨ ਦੀਆਂ ਨਾਜ਼ੁਕ ਘਟਨਾਵਾਂ ਨੂੰ ਸੰਖੇਪ ਮੁਹਾਵਰਿਆਂ ਤੇ ਵਾਕੰਸ਼ਾਂ ਰਾਹੀਂ ਪੇਸ਼ ਕਰਨ ਵਾਲਾ ਭਾਵੁਕ ਕਵੀ ਹੈ। ਡਾ. ਚਮਨ ਲਾਲ ਦੀ ਪੁਸਤਕ ‘ਪ੍ਰਸੰਗਵੱਸ’ ਦੀ ਪ੍ਰਕਾਸ਼ਨਾ ਉਸ ਦੀਆਂ ਸਭ ਤੋਂ ਵੱਧ ਉੱਚ ਅਭਿਲਾਸ਼ੀ ਰਚਨਾਵਾਂ ਵਿਚੋਂ ਇਕ ਜਾਪਦੀ ਹੈ। ਸੁਖਵਿੰਦਰ ਅੰਮ੍ਰਿਤ ਨੇ ਸ਼ਬਦਾਂ ਦੀ ਵਰਤੋਂ ਵਿਚ ਬੜੀ ਤਿੱਖੀ ਤੇ ਵੱਖਰੀ ਕਾਵਿਕ ਸੰਵੇਦਨਾ ਵਿਖਾਈ ਹੈ। ਪਾਲ ਕੌਰ ਆਪਣੀ ਕਵਿਤਾ ਵਿਚ ਮਨੁੱਖੀ ਭਾਵਨਾਵਾਂ, ਇੱਛਾਵਾਂ ਅਤੇ ਅਕਾਂਖਿਆਂਵਾਂ ਦੀ ਭਾਵੁਕ ਤਸਵੀਰ ਚਿੱਤਰਦੀ ਹੈ। ਅਦਾਲਤ ਦੇ ਅਰਦਲੀ (ਨਿੰਦਰ ਘੁਗਿਆਣਵੀ) ਦਾ ਇਕ ਨਾਮਵਰ ਲੇਖਕ ਵਜੋਂ ਉਭਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜਸਬੀਰ ਭੁੱਲਰ ਇਕੋਇਕ ਪੰਜਾਬੀ ਲੇਖਕ ਹੈ ਜਿਸ ਨੇ ਉਜਾੜ ਵਿਚਲੇ ਫ਼ੌਜੀ ਟਿਕਾਣਿਆਂ ਦੇ ਜੀਵਨ, ਜੰਗ ਵਿਚ ਬਲ਼ਦੇ ਲੜਾਈ ਦੇ ਮੈਦਾਨਾਂ ਅਤੇ ਰੌਣਕਾਂ ਵਾਲੀਆਂ ਫ਼ੌਜੀ ਛਾਉਣੀਆਂ ਬਾਰੇ ਕਿੰਨੀਆਂ ਹੀ ਕਹਾਣੀਆਂ ਰਚੀਆਂ ਹਨ। ਪ੍ਰਗਟ ਸਤੌਜ ਦਾ ਢਾਹਾਂ ਸਾਹਿਤ ਐਵਾਰਡ ਜੇਤੂ ਨਾਵਲ- ‘ਖ਼ਬਰ ਇਕ ਪਿੰਡ ਦੀ’- ਪੰਜਾਬ ਦੇ ਪੇਂਡੂ ਜੀਵਨ ਵਿਚ ਆਈ ਗਿਰਾਵਟ ਤੇ ਲੱਚਰਤਾ ਬਾਰੇ ਹੈ। ਸਵਰਨਜੀਤ ਸਵੀ ਇਕ ਕਾਵਿਕ ਚਿੱਤਰਕਾਰ ਹੈ। ਓਮ ਪ੍ਰਕਾਸ਼ ਵਿਸ਼ਿਸ਼ਟ ਇਕ ਪ੍ਰਸਿੱਧ ਕੋਸ਼ਕਾਰ ਹੈ। ਨਰਿੰਦਰ ਸਿੰਘ ਕਪੂਰ ਬਹੁਤ ਜ਼ਿਆਦਾ ਲਿਖਣ ਵਾਲੇ ਵਾਰਤਕ ਲੇਖਕ ਵਜੋਂ ਉਭਰਿਆ ਹੈ। ਪੰਜਾਬੀ ਨਾਵਲਾਂ ਵਿਚ ਸਵਰਨ ਚੰਦਨ ਦੇ ‘ਕੰਜਕਾਂ’ ਦਾ ਵਿਸ਼ੇਸ਼ ਸ਼ਥਾਨ ਹੈ। ਮਿੱਤਰ ਸੈਨ ਮੀਤ ਦਾ ਨਾਵਲ ‘ਕੌਰਵ ਸਭਾ’ ਨਿਆਂ ਪਾਲਕਾ, ਪੁਲਸ, ਡਾਕਟਰੀ ਸੰਸਥਾਵਾਂ ਅਤੇ ਸਿਆਸਤਦਾਨਾਂ ਦੇ ਟਕਰਾਓ ਕਾਰਨ ਉਪਜੇ ਆਮ ਭਾਰਤੀ ਬੰਦੇ ਦੇ ਦੁੱਖਾਂ ਦੀ ਦਾਸਤਾਨ ਹੈ। ਮਨਮੋਹਨ ਆਪਣੇ ਸਕੂਲੀ ਦਿਨਾਂ ਤੋਂ ਹੀ ਕਵਿਤਾ ਰਚ ਰਿਹਾ ਹੈ। ਉਸ ਨੇ ਸਾਹਿਤਕ ਆਲੋਚਨਾ ਤੇ ਦਰਸ਼ਨ ਰਚਨਾ ਉੱਤੇ ਵੀ ਹੱਥ ਅਜ਼ਮਾਇਆ ਹੈ। ਕਰਨੈਲ ਸਿੰਘ ਸੋਮਲ ਉਨ੍ਹਾਂ ਗਿਣਤੀ ਦੇ ਨਿਬੰਧਕਾਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਵਾਰਤਕ ਰਚਨਾ ਨੂੰ ਗੰਭੀਰਤਾ ਨਾਲ ਅਪਣਾਇਆ ਹੈ। ਜੰਗ ਬਹਾਦੁਰ ਗੋਇਲ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੰਜਾਬੀ ਲੇਖਕਾਂ ਵਿਚੋਂ ਇਕ ਹੈ। ਜਸਵੰਤ ਦੀਦ ਨੇ ਭਾਰਤ ਅਤੇ ਪਰਵਾਸ ਵਿਚ ਹੁੰਦੇ ਨਸਲੀ ਵਿਤਕਰੇ ਨੂੰ ਬੜੀ ਦਿਲਚਸਪ ਤੇ ਮੁਹਾਵਰੇਦਾਰ ਭਾਸ਼ਾ ਵਿਚ ਬੁਣਿਆ ਹੈ। ਸੁਰਜੀਤ ਪਾਤਰ ਬੜਾ ਜਜ਼ਬਾਤੀ ਸ਼ਾਇਰ ਹੈ ਜੋ ਫੁੱਲ ਪੱਤੀਆਂ ਅਤੇ ਫੁੱਟਦੇ ਅੰਕੁਰਾਂ ਉਪਰ ਲਰਜ਼ਦੀ ਕਵਿਤਾ ਨੂੰ ਮਹਿਸੂਸ ਕਰ ਸਕਦਾ ਹੈ। ਮੋਹਨਜੀਤ ਨੇ ਪੰਜਾਬੀ ਕਵਿਤਾ ਨੂੰ ਇਕ ਨਵਾਂ ਮੁਹਾਵਰਾ ਬਖ਼ਸ਼ਿਆ ਹੈ।
       ਇਸ ਪੁਸਤਕ ਦੇ ਅਖੀਰਲੇ ਲੇਖਾਂ- ‘ਪੰਜਾਬੀ ਲੇਖਕਾਂ ਦੀ ਸਵੈ-ਸਿਰਜੀ ਜੇਲ੍ਹ’ ਅਤੇ ‘ਪੰਜਾਬੀ ਲੇਖਣੀ ਦੇ ਬਾਸੀ ਪਾਣੀ’ ਵਿਚ ਡਾ. ਜਸਪਾਲ ਸਿੰਘ ਨੂੰ ਗਿਲਾ ਹੈ ਕਿ ਜ਼ਿਆਦਾਤਰ ਪੰਜਾਬੀ ਪ੍ਰਕਾਸ਼ਕ ਸਿਰਫ਼ ਮੁਨਾਫ਼ਾਖੋਰੀ ਨੂੰ ਪਰਨਾਏ ਹੋਏ ਹਨ, ਆਪਣੀਆਂ ਪ੍ਰਕਾਸ਼ਨਾਵਾਂ ਦਾ ਮਿਆਰ ਨਹੀਂ ਦੇਖਦੇ। ਪੰਜਾਬੀ ਲੇਖਕਾਂ ਵਿਚ ਬਾਹਰਲਾ ਸਾਹਿਤ ਪੜ੍ਹਨ ਅਤੇ ਖੋਜ ਬਿਰਤੀ ਦੀ ਘਾਟ ਹੈ। ਦੇਸੀ ਵਿਦੇਸ਼ੀ ਭਾਸ਼ਾ ਅਤੇ ਅਜੋਕੀ ਸਾਹਿਤਕ ਆਲੋਚਨਾ ਦੇ ਗਹਿਨ ਅਧਿਐਨ ਤੇ ਵਰ੍ਹਿਆਂਬੱਧੀ ਕੀਤੀ ਮਿਹਨਤ ਸਦਕਾ ਹੋਂਦ ਵਿਚ ਆਈ ਡਾਕਟਰ ਜਸਪਾਲ ਸਿੰਘ ਦੀ ਇਹ ਮੁੱਲਵਾਨ ਪੁਸਤਕ ਹਰੇਕ ਸੂਝਵਾਨ ਪਾਠਕ, ਲੇਖਕ ਤੇ ਆਲੋਚਕ ਨੂੰ ਪੜ੍ਹਨੀ ਲੋੜੀਂਦੀ ਹੈ।
ਸੰਪਰਕ : +91-82849-09596 (ਵੱਟਸਐਪ)