39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ - ਕੁਲਬੀਰ ਸਿੰਘ ਸੈਣੀ

ਸੁਰਜੀਤ ਆਖਰ ਸੁਰਜੀਤ ਹੋ ਗਿਆ....... !

ਵਿਸ਼ਵ ਵਿੱਚ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਸ਼ਾਇਦ ਹੀ ਕੋਈ ਐਸਾ ਹਾਕੀ ਖਿਡਾਰੀ ਹੋਵੇਗਾ ਜਿਸ ਨੂੰ ਮਰਨ ਉਪੰਰਤ ਲਗਾਤਾਰ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰੱਖਿਆ ਗਿਆ ਹੋਵੇ ਅਤੇ ਹਰ ਸਾਲ ਉਸ ਨੂੰ ਯਾਦ ਕਰਨ ਦੇ ਨਾਲ ਨਾਲ ਉਸ ਨੂੰ ਸੱਚੀ ਸ਼ਰਧਾਜਲੀ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਂਮੈਂਟ ਕਰਵਾਇਆ ਜਾਂਦਾ ਹੋਵੇ। ਵਿਸ਼ਵ ਵਿੱਚ ਅਹਿਮ ਸਥਾਨ ਬਣਾਉਣ ਵਾਲੀ ਸੁਰਜੀਤ ਹਾਕੀ ਸੋਸਾਇਟੀ ਇਸ ਲਈ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਵਿਸ਼ਵ ਦੇ ਮਹਾਨ ਖਿਡਾਰੀ ਇਸ ਵਾਰ ਫਿਰ ਸੁਰਜੀਤ ਕੀਤਾ ਹੈ। ਉਲੰਪੀਅਨ ਸੁਰਜੀਤ ਰੰਧਾਵਾ 70-80 ਦੇ ਦਹਾਕੇ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ। ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਕਰਮ ਭੂਮੀ ਮੰਨੀ ਜਾਂਦੀ ਜਲੰਧਰ ਦੀ ਧਰਤੀ ਤੇ ਸੁਰਜੀਤ ਹਾਕੀ ਸੋਸਾਇਟੀ ਵਲੋਂ ਪਿਛਲੇ 39 ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ਦਾ ਸੁਰਜੀਤ ਹਾਕੀ  ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। ਸੁਰਜੀਤ ਹਾਕੀ ਸੋਸਾਇਟੀ ਨੇ ਉਲੰਪੀਅਨ ਸੁਰਜੀਤ ਸਿੰਘ ਨੂੰ ਯਾਦ ਨੂੰ ਸਦੀਵੀ ਬਣਾਉਣ ਦੇ ਨਜਰੀਏ ਨਾਲ ਜਲੰਧਰ ਦੇ ਹਾਕੀ ਸਟੇਡੀਅਮ ਦਾ ਨਾਂਅ ਪੰਜਾਬ ਸਰਕਾਰ ਤੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਪਾਸ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਨੇ ਜਿਥੇ ਭਾਰਤ ਦੀ ਕਪਤਾਨੀ ਕੀਤੀ ਉਥੇ ਅਜੋਕੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵੀ ਹੈ। ਉਸਦੀ ਖੇਡ ਤੋਂ ਅੱਜ ਵੀ ਵਿਸ਼ਵ ਦੇ ਹਾਕੀ ਖਿਡਾਰੀ ਪ੍ਰਭਾਵਿਤ ਹਨ। ਉਸਦੇ ਸਾਹਮਣੇ ਵੱਡੇ ਵੱਡੇ ਫਾਰਵਰਡ ਢੇਰੀ ਹੋ ਜਾਂਦੇ ਸਨ। ਉਸ ਨੂੰ ਭਾਰਤੀ ਹਾਕੀ ਦੀ ਕੰਧ ਵੀ ਕਿਹਾ ਜਾਂਦਾ ਸੀ। ਉਲੰਪੀਅਨ ਸੁਰਜੀਤ ਸਿੰਘ ਦਾ ਦੇਹਾਂਤ 7 ਜਨਵਰੀ 1984 ਨੂੰ ਜਲੰਧਰ ਲਾਗੇ ਬਿੱਧੀਪੁਰ ਫਾਟਕ ਤੇ ਹੋਇਆ ਸੀ ਉਸ  ਰਾਤ ਵੀ ਉਹ ਪਾਕਿਸਤਾਨ ਦੀ ਟੀਮ ਨਾਲ ਹਾਕੀ ਮੈਚ ਕਰਵਾਉਣ ਸਬੰਧੀ ਮੀਟਿੰਗ ਕਰਕੇ ਆਪਣੇ ਸਾਥੀਆਂ ਸਮੇਤ ਵਾਪਸ ਪਰਤ ਰਿਹਾ ਸੀ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਭਾਰਤ ਦੀ ਦੀਵਾਰ ਢਹਿ ਢੇਰੀ ਹੋ ਗਈ।
ਉਸੇ ਵਰ੍ਹੇ ਤੋਂ ਸੁਰਜੀਤ ਹਾਕੀ ਸੋਸਾਇਟੀ ਦਾ ਗਠਨ ਕੀਤਾ ਗਿਆ ਅਤੇ ਉਸਦੀ ਯਾਦ ਵਿੱਚ ਜਲੰਧਰ ਦੇ ਗੁਰੁ ਗੋਬਿੰਦ ਸਿੰਘ ਸਟੇਡੀਅਮ ਵਿਖੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਹੋਲੀ ਹੋਲੀ ਇਹ ਕਾਰਵਾਂ ਵੱਧਦਾ ਗਿਆ ਅਤੇ ਇਸ ਸੋਸਾਇਟੀ ਨੇ ਵਿਸ਼ਾਲ ਰੂਪ ਅਖਤਿਆਰ ਕਰ ਲਿਆ। ਇਸ ਸੋਸਾਇਟੀ ਨਾਲ ਸਿਵਲ ਅਧਿਕਾਰੀ, ਪੁਲਿਸ ਅਧਿਕਾਰੀ, ਸਿਆਸਤਦਾਨ ਅਤੇ ਵੱਖ ਵੱਖ ਖੇਡਾਂ ਦੇ ਸਿਰਕੱਢ ਖਿਡਾਰੀ ਜੁੜਦੇ ਗਏ ਜਿਸ ਨਾਲ ਟੂਰਨਾਂਮੈਂਟ ਦੀ ਸ਼ਕਲ ਲਗਾਤਾਰ ਨਿਖਰਦੀ ਗਈ।

ਇਸ ਵਰ੍ਹੇ ਇਹ ਟੂਰਨਾਮੈਂਟ 39ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ, ਇਸ ਵਾਰ ਇਹ ਟੂਰਨਾਮੈਂਟ 27 ਅਕਤੂਬਰ ਤੋਂ 4 ਨਵੰਬਰ ਤੱਕ ਕਰਵਾਇਆ ਗਿਆ। ਇਸ ਵਾਰ ਟੂਰਨਾਮੈਂਟ ਵਿੱਚ ਟੀਮਾਂ ਦੀ ਗਿਣਤੀ 16 ਹੋਣ ਕਰਕੇ ਪਹਿਲਾਂ ਨਾਟ ਆਊਟ ਦੌਰ ਕਰਵਾਉਣਾ ਪਿਆ ਜਿਸ ਵਿਚੋਂ ਇਮਡੀਅਨ ਏਅਰ ਫੋਰਸ ਅਤੇ ਏਐਸਸੀ ਦੀਆਂ ਲੀਗ ਦੌਰ ਲਈ ਕਵਾਲੀਫਾਈ ਕਰ ਗਈਆਂ। ਇਸ ਤੋ ਇਲਾਵਾ 6 ਟੀਮਾਂ ਨੂੰ ਸਿੱਧਾ ਲੀਗ ਦੌਰ ਵਿੱਚ ਦਾਖਲਾ ਦਿੱਤਾ ਗਿਆ। ਇਨ੍ਹਾਂ ਕੁਲ 8 ਟੀਮਾਂ ਨੂੰ ਲੀਗ ਦੌਰ ਲਈ ਦੋ ਪੂਲਾਂ ਵਿੱਚ ਵੰਡਿਆ ਗਿਆ। ਜਿਨ੍ਹਾਂ ਵਿਚੋਂ ਦੋ ਦੋ ਟੀਮਾਂ ਸੈਮੀਫਾਇਨਲ ਲਈ ਕਵਾਲੀਫਾਈ ਕੀਤੀਆਂ। ਪੂਲ ਏ ਵਿਚੋਂ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ ਪਹੁੰਚੀਆਂ ਜਦਕਿ ਪੂਲ ਬੀ ਵਿਚੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਸਕੀਆਂ। ਸੈਮੀਫਾਇਨਲ ਵਿਚ ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਅਤੇ ਇੰਡੀਅਨ ਆਇਲ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਮਾਤ ਦੇ ਕੇ ਫਾਇਨਲ ਵਿੱਚ ਸਥਾਨ ਬਣਾਇਆ। ਫਾਇਨਲ ਵਿੱਚ ਭਾਰਤੀ ਰੇਲਵੇ ਨੇ ਇੰਡੀਅਨ ਆਇਲ ਨੂੰ 3-1 ਦੇ ਫਰਕ ਨਾਲ ਹਰਾ ਕੇ ਖਿਤਾਬ ਤੀਸਰੀ ਵਾਰ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਭਾਰਤੀ ਰੇਲਵੇ 2015 ਅਤੇ 2021 ਵਿੱਚ ਇਹ ਖਿਤਾਬ ਜਿੱਤ ਚੁੱਕੀ ਹੈ। ਭਾਂਵੇ ਇੰਡੀਅਨ ਆਇਲ ਟੀਮ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਭਰੀ ਪਈ ਪਰ ਭਾਰਤੀ ਰੇਲਵੇ ਵਲੋਂ ਗੁਰਸਾਹਿਬ ਸਿੰਘ ਅਤੇ ਜਸਜੀਤ ਸਿੰਘ ਕੁਲਾਰ ਜਿਹੇ ਖਿਡਾਰੀਆਂ ਨੇ ਆਪਣੀ ਟੀਮ ਲਈ ਜੀਅ ਜਾਨ ਲਾ ਦਿੱਤੀ। ਜੇਤੂ ਟੀਮ ਨੂੰ ਅਮਰੀਕਾ ਵਸਦੇ ਪੰਜਾਬੀ ਅਮੋਲਕ ਸਿੰਘ ਗਾਖਲ ਵਲੋਂ 5 ਲੱਖ ਰੁਪਏ ਨਕਦ ਅਤੇ ਸੋਸਾਇਟੀ ਵਲੋਂ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੂਜੇ ਤੇ ਰਹਿਣ ਵਾਲੀ ਇੰਡੀਅਨ ਆਇਲ ਨੂੰ 2.51 ਲੱਖ ਰੁਪਏ, ਜੋ ਕਿ ਜਰਮਨੀ ਵਸਦੇ ਬਲਵਿੰਦਰ ਸਿੰਘ ਸੈਣੀ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਦਿੱਤੇ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਰੇਲਵੇ ਦੇ ਗੁਰਸਾਹਿਬ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ, ਉਸ ਨੂੰ 51000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੰਡੀਅਨ ਆਇਲ ਦੇ ਗੋਲਕੀਪਰ ਪ੍ਰਕਾਸ਼ ਨੂੰ ਉਭਰਦਾ ਖਿਡਾਰੀ ਐਲਾਨਿਆ ਗਿਆ ਉਸ ਨੂੰ 31000 ਰੁਪਏ ਨਾਲ ਸਨਮਾਨਤ ਕੀਤਾ ਗਿਆ।ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਟੂਰਨਾਮੈਂਟ ਨੂੰ ਭਰਵਾਂ ਹੁੰਗਾਰਾ ਦਿੱਤਾ। ਫਾਇਨਲ ਮੈਚ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਨਾਲ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸਕੂਲੀ ਬੱਚੀਆਂ ਨੇ ਗਿੱਧੇ ਰਾਹੀਂ ਪੰਜਾਬ ਸਭਿਆਚਾਰ ਨੂੰ ਉਜਾਗਰ ਕੀਤਾ।

ਇਹ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਭਾਰਤ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਵਲੋਂ ਪਿਛਲੇ 31 ਸਾਲਾਂ ਤੋਂ ਲਗਾਤਾਰ ਇਸ ਟੂਰਨਾਮੈਂਟ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਸਮੇਂ ਇਹ ਦੇਸ਼ ਦਾ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਬਣ ਚੁਕਾ ਹੈ। ਪੀਟੀਸੀ ਚੈਨਲ ਵਲੋਂ ਵੀ ਇਸ ਟੂਰਨਾਮੈਂਟ ਦੇ ਸੈਮੀਫਾਇਨਲ ਅਤੇ ਫਾਇਨਲ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ।
ਹਰ ਵਾਰ ਪੰਜਾਬ ਸਰਕਾਰ ਵਲੋਂ ਇਸ ਟੂਰਨਾਮੈਂਟ ਨੂੰ ਸਤਿਕਾਰ ਦਿੰਦੇ ਹੋਏ, ਇਸ ਸੋਸਾਇਟੀ ਦੀ ਜਿਥੇ ਵਿੱਤੀ ਮਦਦ ਕਰਦੀ ਹੈ ਉਥੇ ਹੀ ਪੰਜਾਬ ਸਰਕਾਰ ਦੇ ਮੰਤਰੀ ਇਥੋਂ ਤੱਕ ਕਿ ਪਿਛਲੇ ਸਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਸੀ। ਪੰਜਾਬ ਦੀਆਂ ਖੇਡਾਂ ਲਈ ਇਸ ਨੂੰ ਮੰਦਭਾਗਾ ਹੀ ਕਿਹਾ ਜਾਵੇਗਾ ਕਿ ਪੰਜਾਬ ਦੀ ਮੋਜੂਦਾ ਸਰਕਾਰ ਨੇ ਇਸ ਟੂਰਨਾਮੈਂਟ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਭਾਂਵੇ ਟੂਰਨਾਮੈਂਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਪਰ ਉਨ੍ਹਾਂ ਵਲੋਂ ਵੀ ਸੋਸਾਇਟੀ ਨੂੰ ਵਿੱਤੀ ਮਦਦ ਦੇਣੀ ਮੁਨਾਸਿਬ ਨਹੀਂ ਸਮਝੀ। ਇਸ ਤੋਂ ਇਲਾਵਾ ਫਾਇਨਲ ਵਾਲੇ ਦਿਨ ਮੁੱਖ ਮਹਿਮਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਨ ਪਰ ਉਨ੍ਹਾਂ ਵਲੋਂ ਐਨ ਮੌਕੇ ਤੇ ਟੂਰਨਾਮੈਂਟ ਦੇ ਫਾਇਨਲ ਤੇ ਆਉਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਇਲਾਵਾ ਪੰਜਾਬ ਸਰਕਾਰ ਦਾ ਹੋਰ ਕੋਈ ਵੀ ਨੁਮਾਇੰਦਾ ਇਥੋਂ ਤੱਕ ਕਿ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਗੈਰਹਾਜ਼ਰੀ ਖਲਕਦੀ ਰਹੀ।

ਕੁਝ ਵੀ ਹੋਵੇ ਸੁਰਜੀਤ ਹਾਕੀ ਸੋਸਾਇਟੀ ਇਕ ਇਹੋ ਜਿਹਾ ਕਾਰਵਾਂ ਬਣ ਚੁੱਕਾ ਹੈ ਕਿ ਉਲੰਪੀਅਨ ਸੁਰਜੀਤ ਸਿੰਘ ਦੀ ਯਾਦ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣ ਲਈ ਅਲੱਗ ਹੀ ਪੱਧਰ ਤੇ ਪਹੁੰਚ ਚੁੱਕੀ ਹੈ। ਇਹ ਕਾਮਨਾ ਕੀਤੀ ਜਾਂਦੀ ਹੈ ਕਿ ਵਿਸ਼ਵ ਦੇ ਮਹਾਨ ਖਿਡਾਰੀ ਨੂੰ ਸੁਰਜੀਤ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਕੁਲਬੀਰ ਸਿੰਘ ਸੈਣੀ