ਪਾਤਸ਼ਾਹੀ - ਸੁਰਜੀਤ ਪਾਤਰ

ਸਬਜ਼ ਮੰਦਰਾਂ ਨਾਲ
ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ

ਸਬਜ਼ ਮੰਦਰਾਂ ਦੇ ਦੁਆਰੇ ਤੇ
ਫੁੱਲ ਚਾੜ੍ਹਨ ਦੀ ਲੋੜ ਨਾ ਕੋਈ

ਸਬਜ਼ ਮੰਦਰਾਂ ਉੱਤੇ ਆਪੇ
ਫੁੱਲ ਖਿੜ ਪੈਂਦੇ
ਰੰਗ ਬਰੰਗੇ
ਅਰਬਾਂ ਖ਼ਰਬਾਂ

ਸਬਜ਼ ਮੰਦਰਾਂ ਦੇ ਦੁਆਰੇ ਤੋਂ
ਫੁੱਲਾਂ ਅਤੇ ਫ਼ਲਾਂ ਦਾ
ਸੱਜਰੀ ਸ਼ੁੱਧ ਹਵਾ ਦਾ
ਠੰਢੀ ਮਿੱਠੀ ਛਾਂ ਦਾ
ਮਿਲਦਾ ਹੈ ਪਰਸ਼ਾਦ

ਮਿਲਦਾ ਹੈ ਉਪਦੇਸ਼
ਧੁੱਪੇ ਰਹਿ ਛਾਂਵਾਂ ਦੇਵਣ ਦਾ
ਝੱਖੜ ਝਾਂਜੇ
ਬਰਫ਼ਾਂ ਪਤਝੜ
ਸਬਰ ਸਿਦਕ ਦੇ ਨਾਲ ਸਹਿਣ ਦਾ।

ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ

ਜਿੱਥੋਂ ਤੱਕ ਬਾਬੇ ਨਾਨਕ ਦਾ ਥਾਲ਼ ਆਰਤੀ ਜਗਦਾ ਹੈ
ਜਿੱਥੋਂ ਤੱਕ ਪੌਣਾਂ ਵਿਚ ਅਨਹਤ ਨਾਦ ਇਲਾਹੀ ਵੱਜਦਾ ਹੈ

ਜਿੱਥੋਂ ਤੀਕਰ ਨਾਨਕੀ ਮਾਂ ਦੇ ਚੰਦ ਦੀ ਨੂਰੀ ਚਾਦਰ ਨੇ
ਅਪਣੀ ਮਿਹਰ ਮੁਹੱਬਤ ਦੇ ਸੰਗ ਇਸ ਸ੍ਰਿਸ਼ਟੀ ਨੂੰ ਢਕਿਆ ਹੈ

ਓਥੋਂ ਤੀਕਰ ਪਾਤਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਹਾਂ।
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ।

ਪ੍ਰਥਮ ਪਾਤਸ਼ਾਹ
ਬੇਈਂ ਨਦੀ ਚੋਂ
ਉਦੈ ਹੋਏ ਪੈਗਾਮ ਪ੍ਰਭੂ ਦਾ ਲੈ ਕੇ

ਜਲਤੀ ਸਭ ਪ੍ਰਿਥਵੀ ਦਿਸ ਆਈ

ਆਖਣ ਲੱਗੇ ਚੱਲ ਵੀਰੇ ਭਾਈ ਮਰਦਾਨੇ
ਚੱਲ ਰਬਾਬ ਉਠਾ
ਹੁਣ ਚੱਲੀਏ

ਮਾਤਾ ਧਰਤ ਮਹਤ ਦੇ ਧੀਆਂ ਪੁੱਤਰਾਂ ਦਾ ਕੁਛ ਦਰਦ ਵੰਡਾਈਏ
ਕਿਛੁ ਸੁਣੀਐ
ਕਿਛੁ ਕਹੀਐ

ਤੁਰ ਪਏ ਦੋਵੇਂ
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ

ਅੰਬਰ ਉੱਤੇ ਤਾਰੇ ਚਮਕਣ
ਧਰਤੀ ਉੱਤੇ
ਚਾਰੇ ਕੂਟ
ਉਨ੍ਹਾਂ ਦੀਆਂ ਪੈੜਾਂ

ਸਬਜ਼ ਮੰਦਰਾਂ ਛਾਂਵੇਂ
ਬਹਿ ਕੇ ਬਾਣੀ ਗਾਉਂਦੇ

ਮੱਕੇ ਦੇ ਵਿਚ
ਕਾਜੀ ਮੁੱਲਾਂ
ਪੁੱਛਣ ਲੱਗੇ ਕੱਠੇ ਹੋਈ
ਹਿੰਦੂ ਵਡਾ ਕਿ ਮਸੁਲਮਾਨੋਈ
ਬਾਬਾ ਆਖੇ ਹਾਜੀਆ
ਸੁਭਿ ਅਮਲਾ ਬਾਝਹੁ ਦੋਨੋ ਰੋਈ

ਪੰਜਵੇਂ ਜਾਮੇ ਵਿਚ
ਸਤਿਗੁਰ ਨੂੰ
ਕਿਸੇ ਨੇ ਪੁੱਛਿਆ :
ਬਾਬਾ
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹੈ ਕਿਹੜਾ ?

ਸਤਿਗੁਰ ਬੋਲੇ :

ਸਰਬ ਧਰਮ ਮਹਿ ਸ੍ਰੇਸ਼ਟ ਧਰਮੁ
ਹਰਿ ਕੋ ਨਾਮ ਜਪ ਨਿਰਮਲ ਕਰਮੁ

ਹਰਿ ਕਾ ਨਾਮ ਜਪਣ ਦਾ ਮਤਲਬ
ਇਸ ਕੁਦਰਤ ਦੇ ਸਿਰਜਣਹਾਰ ਰਹੱਸ ਦੇ
ਵਾਰੇ ਵਾਰੇ ਜਾਣਾ
ਇਸ ਦੀ ਖੋਜ
ਤੇ ਇਸ ਦੀਆਂ ਗਹਿਰੀਆਂ ਰਮਜ਼ਾਂ
ਸਮਝਣ ਦੀ ਜਿਗਿਆਸਾ
ਇਸ ਦੀ ਸੁਹਬਤ ਦੇ ਵਿਚ ਰਹਿਣਾ
ਇਸ ਸੰਗ ਪਿਆਰ ਨਿਭਾਉਣਾ
ਨਿਰਮਲ ਕਰਮ ਹੈ
ਸੁੱਚੀ ਕਿਰਤ ਕਮਾਈ
ਮਾਨਵਤਾ ਦੀ ਸੇਵਾ
ਡਿੱਗਿਆਂ ਢੱਠਿਆਂ ਦੁਖੀਆਂ ਤੇ ਮਸਕੀਨਾਂ ਦੇ ਰਖਵਾਲੇ ਬਣਨਾ
ਵੰਡ ਕੇ ਛਕਣਾ
ਸੱਚਿਆਂ ਦੇ ਸੰਗ ਖੜ੍ਹਨਾ
ਤੇ ਫਿਰ
ਇਕ ਦਿਨ
ਦਸਮ ਪਾਤਸ਼ਾਹ ਦੀ ਸੱਦ ਸੁਣ ਕੇ
ਮਹਾਂ ਵਿਸਾਖੀ ਦੇ ਉਤਸਵ ਤੇ
ਚਹੁੰ ਕੂਟਾਂ ਤੋਂ
ਸੰਗਤ ਆਈ

ਸੀਸ ਭੇਟ ਲਈ
ਉੱਠੇ ਪੰਜ ਪਿਆਰੇ

ਇਕ ਪਿਆਰਾ ਸੀ ਰਾਵੀ ਪਾਰ ਲਾਹੌਰੋਂ ਆਇਆ
ਦੂਜਾ ਗੰਗਾ ਕੰਢਿਓਂ ਯੂ. ਪੀ. ਹਸਤਨਾਪੁਰ ਤੋਂ
ਤੀਜਾ ਪਿਆਰਾ ਅਹੁ ਖਾੜੀ ਬੰਗਾਲ ਦੇ ਤੱਟ ਤੋਂ
ਜਗਨ ਨਾਥ ਦੀ ਪੁਰੀ ਉੜੀਸਾ ਕੋਲੋਂ
ਤੇ ਚੌਥਾ ਗੁਜਰਾਤ ਦਵਾਰਕਾ ਕੋਲੋਂ
ਨਦੀ ਗੋਮਤੀ ਕੰਢਿਓਂ।
ਪੰਜਵਾਂ ਕਰਨਾਟਕ ਦੇ ਨਗਰ ਬਿਦਰ ਤੋਂ
ਨਦੀ ਗੋਦਾਵਰੀ ਪਾਰੋਂ

ਦਸਮ ਪਾਤਸ਼ਾਹ ਸਾਜੀ
ਓਸ ਅਕਾਲ ਪੁਰਖ ਦੀ ਫ਼ੌਜ

ਜਿਸ ਦਾ ਵਿਰਦ ਹੈ
ਓਸ ਅਕਾਲ ਪੁਰਖ ਦੀ ਸਿਰਜੀ
ਕੁਲ ਸ੍ਰਿਸ਼ਟੀ ਦੀ ਰਾਖੀ ਕਰਨੀ।

ਸਵਾ ਲਾਖ ਸੇ ਏਕ ਲੜਾਊਂ
ਦਸਮ ਪਿਤਾ ਦੇ ਏਸ ਵਾਕ ਦੀ ਲੋਏ
ਸੀਸ ਤਲੀ ਧਰ ਲੜਨਾ

ਐਪਰ ਹਰ ਵਾਰੀ ਸ਼ਮਸ਼ੀਰ
ਨਈਂ ਲੜਦੀ
ਕੋਈ ਜੰਗ ਕਟਾਰ ਦੀ ਜੰਗ
ਕੋਈ ਜੰਗ ਵਿਚਾਰ ਦੀ ਜੰਗ

ਪ੍ਰਥਮ ਪਾਤਸ਼ਾਹ ਨਾਨਕ ਸਾਨੂੰ ਗਿਆਨ ਖੜਗ ਵੀ ਦਿੱਤਾ
ਸ਼ਬਦ-ਬਾਣ ਸਤਿਗੁਰ ਦਾ
ਇੱਕੋ ਵੇਲੇ
ਲੱਖਾਂ ਸੀਨੇ ਵਿੰਨ੍ਹ
ਜਾਗ੍ਰਿਤ ਕਰ ਦਿੰਦਾ ਹੈ

ਉਹ ਰਬਾਬ
ਮਹਾਕਵੀ ਇਕਬਾਲ ਨੇ ਜਿਸ ਨੂੰ
ਪਾਤਸ਼ਾਹੀ-ਪਾਸਾਰ ਦਾ ਸੂਰਜ ਅਸਤ ਕਰਨ ਵਾਲੀ ਲਿਖਿਆ ਸੀ
ਉਹ ਰਬਾਬ ਬਾਬੇ ਨਾਨਕ ਨੇ ਅਪਣੇ ਸੀਨੇ ਲਾਈ
ਉਸ ਰਬਾਬ ਸੰਗ ਬਾਣੀ ਵਿਚੋਂ ਉਦੈ ਹੋਇਆ ਸੀ
ਜਗਤ ਗੁਰੂ ਬਾਬੇ ਨਾਨਕ ਦਾ ਪਾਤਸ਼ਾਹੀ-ਪਾਸਾਰ

ਜਗਤ ਗੁਰੂ ਬਾਬੇ ਨਾਨਕ ਲਈ
ਪਾਤਸ਼ਾਹੀ ਪਾਸਾਰ ਦਾ ਮਤਲਬ
ਮਾਨਵਤਾ ਦੀ ਮਨ-ਭੂਮੀ ਸੀ
ਮਨ ਜਿੱਤਣੇ ਹੀ ਜੱਗ ਜਿੱਤਣਾ ਸੀ

ਪਾਤਸ਼ਾਹੀ ਪਾਸਾਰ ਦਾ ਮਤਲਬ
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਦਾ
ਦੁਨੀਆ ਉੱਤੇ ਰਾਜ ਹੋਵੇ

ਜਿੱਥੇ ਧਰਤੀ ਅੰਬਰ ਮਿਲਦੇ
ਓਥੋਂ ਤੀਕਰ
ਬੇਗ਼ਮ ਪੁਰੇ ਦੀ ਜੂਹ ਹੋਵੇ
ਰਾਜ ਹਲੇਮੀ ਰੂਹ ਹੋਵੇ

ਨਾਨਕ ਨਾਮਦੇਵ ਰਵਿਦਾਸ
ਸ਼ੇਖ਼ ਫ਼ਰੀਦ, ਕਬੀਰ ਜੀਆਂ ਦੇ ਮੁਖ ਤੋਂ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ
ਬਾਣੀ ਗੁਰੂ
ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ

ਉਸ ਅੰਮ੍ਰਿਤਧਾਰਾ ਦੇ ਸਿੰਚੇ
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ

ਜਿੱਥੋਂ ਤੱਕ ਬਾਬੇ ਨਾਨਕ ਦਾ ਥਾਲ਼ ਆਰਤੀ ਜਗਦਾ ਹੈ
ਜਿੱਥੋਂ ਤੱਕ ਪੌਣਾਂ ਵਿਚ ਅਨਹਤ ਨਾਦ ਇਲਾਹੀ ਵੱਜਦਾ ਹੈ

ਜਿੱਥੋਂ ਤੀਕਰ ਨਾਨਕੀ ਮਾਂ ਦੇ ਚੰਦ ਦੀ ਨੂਰੀ ਚਾਦਰ ਨੇ
ਅਪਣੀ ਮਿਹਰ ਮੁਹੱਬਤ ਦੇ ਸੰਗ ਇਸ ਸ੍ਰਿਸ਼ਟੀ ਨੂੰ ਢਕਿਆ ਹੈ

ਓਥੋਂ ਤੀਕਰ ਪਾਤਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਹਾਂ
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ।

ਸੰਪਰਕ : 98145-04272