ਰੂਸ ਤੇ ਤੀਹ ਹੋਰ ਦੇਸ਼ਾਂ ਦਾ ਠੀਕ ਮਤਾ, ਭਾਰਤ ਵੱਲੋਂ ਠੀਕ ਹਮਾਇਤ, ਪਰ ਇਸ ਤੋਂ ਬਾਅਦ... - ਜਤਿੰਦਰ ਪਨੂੰ

ਸਾਡੇ ਭਾਰਤ ਦੇਸ਼ ਵਿੱਚ ਜਿਸ ਤਰ੍ਹਾਂ ਦੀ ਨਿਰਾਸ਼ਾ ਪੈਦਾ ਕਰਨ ਵਾਲੀ ਰਾਜਨੀਤੀ ਚੱਲਦੀ ਹੈ, ਅਸਲ ਵਿੱਚ ਚਲਾਈ ਜਾਂਦੀ ਹੈ, ਓਦਾਂ ਦੀ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਚੱਲਦੀ ਹੈ ਤੇ ਇਹ ਰਾਜਨੀਤੀ ਮਨੁੱਖਤਾ ਲਈ ਅੰਤਲੇ ਨਤੀਜੇ ਵਜੋਂ ਹਰ ਦੇਸ਼ ਵਿੱਚ ਘਾਤਕ ਹੀ ਸਿੱਧ ਹੁੰਦੀ ਰਹਿੰਦੀ ਹੈ। ਭਾਰਤ ਅਤੇ ਇਸ ਦੇ ਕਈ ਗਵਾਂਢੀ ਦੇਸ਼ਾਂ ਵਿੱਚ ਚੱਲਦੀ ਆਮ ਦਿੱਸਦੀ ਰਾਜਨੀਤੀ ਦੀ ਇਹ ਵੰਨਗੀ ਸੰਸਾਰ ਭਰ ਦੇ ਹੋਰ ਇਲਾਕਿਆਂ ਦੇ ਦੇਸ਼ਾਂ ਤੋਂ ਕੁਝ ਪੱਖਾਂ ਤੋਂ ਅਲੋਕਾਰ ਹੈ, ਕਿਉਂਕਿ ਇਹ ਦੇਸ਼ ਬਹੁਤਾ ਕਰ ਕੇ ਕਿਸੇ ਨਾ ਕਿਸੇ ਵਕਤ ਮੂਲ ਭਾਰਤ ਦੀ ਧਰਤੀ ਨਾਲ ਜੁੜੇ ਰਹੇ ਸਨ ਤੇ ਇਸ ਨਾਲੋਂ ਵੱਖ ਹੋਣ ਵੇਲੇ ਇਹਦੇ ਸੱਭਿਆਚਾਰ ਵਿਚਲਾ ਜਾਤ-ਪਾਤ ਅਤੇ ਹੋਰ ਕਈ ਤਰ੍ਹਾਂ ਦਾ ਕੂੜ-ਕਬਾੜ ਵੀ ਆਪਣੀ ਵਿਰਾਸਤ ਵਜੋਂ ਨਾਲ ਲੈ ਗਏ ਸਨ। ਦੂਸਰੇ ਪਾਸੇ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਇਸ ਤੋਂ ਵੱਖਰੀ ਤਰ੍ਹਾਂ ਦੀ ਰਾਜਨੀਤਕ ਕਚ੍ਹਿਆਣ ਦੇ ਰੂਪ ਉੱਭਰਦੇ ਰਹੇ ਹਨ, ਪਰ ਉਨ੍ਹਾਂ ਦਾ ਅੰਤਲਾ ਅਸਰ ਵੀ ਮਨੁੱਖਤਾ ਦੇ ਘਾਣ ਵਿੱਚ ਲਗਭਗ ਓਸੇ ਤਰ੍ਹਾਂ ਨਿਕਲਦਾ ਰਿਹਾ ਹੈ, ਜਿੱਦਾਂ ਭਾਰਤੀ ਸਮਾਜ ਵਿੱਚ ਨਿਕਲਦਾ ਰਿਹਾ ਤੇ ਅਜੇ ਤੱਕ ਨਿਕਲਦਾ ਰਹਿੰਦਾ ਹੈ। ਕਿਸੇ ਥਾਂ ਇਹ ਨਸਲਵਾਦੀ ਰੂਪ ਵਿੱਚ ਹੈ, ਕਿਸੇ ਥਾਂ ਇੱਕ ਜਾਂ ਦੂਸਰੇ ਧਰਮ ਦੇ ਲੋਕਾਂ ਦੇ ਖਿਲਾਫ ਸਿੱਧੀ ਜਾਂ ਅਸਿੱਧੀ ਨਫਰਤ ਦੇ ਰੂਪ ਵਿੱਚ ਅਤੇ ਕਿਸੇ ਹੋਰ ਥਾਂ ਉਸ ਦੇਸ਼ ਵਿੱਚ ਕਿਸੇ ਵੀ ਹੋਰ ਦੇਸ਼ ਤੋਂ ਆਣ ਕੇ ਵੱਸਦੇ ਲੋਕਾਂ ਨੂੰ ਬਾਹਰੀ ਹਮਲਾ ਸਮਝਣ ਅਤੇ ਪ੍ਰਚਾਰਨ ਦੇ ਰੂਪ ਵਿੱਚ ਇਹ ਗੰਦੀ ਸੋਚ ਭਾਰੂ ਹੁੰਦੀ ਵਿਖਾਈ ਦੇਂਦੀ ਹੈ। ਜਰਮਨੀ ਦੇ ਹਿਟਲਰ ਤੇ ਇਟਲੀ ਦੇ ਮੁਸੋਲਿਨੀ ਦੀ ਅਗਵਾਈ ਹੇਠ ਚੱਲੀ ਜਿਸ ਮਨੁੱਖ-ਮਾਰੂ ਲਹਿਰ ਨੇ ਦੂਸਰੀ ਸੰਸਾਰ ਜੰਗ ਦੌਰਾਨ ਕਰੋੜਾਂ ਲੋਕ ਮਰਵਾਏ ਸਨ, ਉਸ ਦੇ ਪਿੱਛੇ ਵੀ ਇਸ ਤੋਂ ਕੁਝ ਕੁ ਵੱਖਰੇ ਰੂਪ ਵਿੱਚ ਇਹੋ ਗੰਦੀ ਸੋਚ ਭਾਰੂ ਸੀ, ਜਿਹੜੀ ਉਸ ਪਿੱਛੋਂ ਅੱਜ ਤੱਕ ਵੀ ਗਲ਼ੋਂ ਨਹੀਂ ਲੱਥ ਸਕੀ।
ਇਸ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਸੰਸਾਰ ਦੀ ਸੱਥ ਸਮਝੀ ਜਾਂਦੀ ਯੂ ਐੱਨ ਓ ਦੀ ਜਰਨਲ ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਸੀ, ਜਿਸ ਨੂੰ ਪੱਛਮੀ ਮੁਲਕਾਂ ਨੇ ਯੂਕਰੇਨ ਨਾਲ ਜੰਗ ਵਿੱਚ ਫਸੇ ਹੋਏ ਰੂਸ ਦੀ ਚਾਲ ਕਹਿ ਕੇ ਭੰਡਿਆ ਤੇ ਉਸ ਦਾ ਡਟਵਾਂ ਵਿਰੋਧ ਕੀਤਾ ਤੇ ਕਰਵਾਇਆ ਸੀ। ਉਹ ਮਤਾ ਇਕੱਲੇ ਰੂਸ ਨੇ ਪੇਸ਼ ਨਹੀਂ ਸੀ ਕੀਤਾ, ਉਸ ਨਾਲ ਤੀਹ ਦੇਸ਼ ਹੋਰ ਸਨ ਅਤੇ ਇਕੱਤੀ ਦੇਸ਼ਾਂ ਦੇ ਉਸ ਮਤੇ ਨੂੰ ਭਾਰਤ ਸਮੇਤ ਇੱਕ ਸੌ ਪੰਜ ਦੇਸ਼ਾਂ ਨੇ ਵੋਟਾਂ ਪਾ ਕੇ ਪਾਸ ਕਰਨ ਵਿੱਚ ਹਿੱਸਾ ਪਾਇਆ ਸੀ। ਪੱਛਮੀ ਦੇਸ਼ਾਂ ਦੇ ਲਲਕਾਰੇ ਉੱਤੇ ਬਵੰਜਾ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੰਦਰਾਂ ਦੇਸ਼ਾਂ ਨੇ ਕਿਸੇ ਪਾਸੇ ਵੋਟ ਨਹੀਂ ਸੀ ਪਾਈ। ਸੰਸਾਰ ਦੇ ਸੌ ਤੋਂ ਵੱਧ ਦੇਸ਼ ਬੇਵਕੂਫ ਨਹੀਂ ਸੀ ਕਿ ਰੂਸ ਦੀ ਕਿਸੇ ਚਾਲ ਵਿੱਚ ਫਸ ਕੇ ਇਹੋ ਜਿਹੇ ਮਸਲੇ ਉੱਤੇ ਅਮਰੀਕਾ ਅਤੇ ਉਸ ਦੇ ਜੋੜੀਦਾਰਾਂ ਨਾਲ ਪੇਚਾ ਪਾਉਣ ਤੁਰ ਪੈਂਦੇ। ਅਸਲ ਵਿੱਚ ਇਹ ਮਤਾ ਜਿਸ ਮਨੁੱਖਵਾਦੀ ਸੋਚ ਉੱਤੇ ਆਧਰਤ ਸੀ, ਉਸ ਦਾ ਵਿਰੋਧ ਕਰ ਕੇ ਉਹ ਦੇਸ਼ ਮਨੁੱਖਤਾ ਦੇ ਭਵਿੱਖ ਲਈ ਆਪਣੇ ਆਪ ਨੂੰ ਗੁਨਾਹਗਾਰਾਂ ਦੀ ਸੂਚੀ ਵਿੱਚ ਨਹੀਂ ਸਨ ਲਿਖਵਾਉਣਾ ਚਾਹੁੰਦੇ। ਹੈਰਾਨੀ ਦੀ ਗੱਲ ਹੈ ਕਿ ਭਾਰਤ ਨੇ ਵੋਟ ਰੂਸ ਤੇ ਉਸ ਦੇ ਸਾਥੀਆਂ ਦੇ ਇਸ ਸੁਲੱਖਣੇ ਮਤੇ ਦੇ ਪੱਖ ਵਿੱਚ ਪਾ ਦਿੱਤੀ, ਪਰ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਨੇ ਇਸ ਖਬਰ ਨੂੰ ਜਾਂ ਤਾਂ ਛਾਪਣ ਤੋਂ ਗੁਰੇਜ਼ ਕੀਤਾ, ਜਾਂ ਇਸ ਤਰ੍ਹਾਂ ਪੇਸ਼ ਕੀਤੀ ਕਿ ਰਸਮ ਪੂਰੀ ਵੀ ਹੋ ਜਾਵੇ ਤੇ ਇਸ ਦੇਸ਼ ਦੇ ਲੋਕਾਂ ਨੂੰ ਗੱਲ ਦੀ ਕੋਈ ਸਮਝ ਵੀ ਨਾ ਆਵੇ। ਏਦਾਂ ਕਰਨ ਨਾਲ ਸੰਸਾਰ ਦੀ ਸੱਥ ਮੂਹਰੇ ਨੇਕ ਸੋਚ ਨਾਲ ਭਾਰਤ ਖੜੋ ਗਿਆ, ਪਰ ਇਹ ਗੱਲ ਹਿੱਕ ਠੋਕ ਕੇ ਕਹਿਣ ਤੋਂ ਵੀ ਕੰਨੀ ਕਤਰਾ ਗਿਆ, ਤਾਂ ਕਿ ਆਪਣੇ ਦੇਸ਼ ਵਿੱਚ ਚੱਲਦੇ ਵਰਤਾਰਿਆਂ ਦੇ ਗਲਤ ਵਹਿਣ ਵਿੱਚ ਕੋਈ ਅੜਿੱਕਾ ਨਾ ਪਵੇ ਅਤੇ ਏਥੇ ਸਭ ਕੁਝ ਜਿੱਦਾਂ ਚੱਲਦਾ ਹੈ, ਓਸੇ ਤਰ੍ਹਾਂ ਚੱਲਦਾ ਰਹੇ।
ਰੂਸ ਅਤੇ ਉਸ ਨਾਲ ਜੁੜੇ ਦੇਸ਼ਾਂ ਦਾ ਮਤਾ ਸਿਰਫ ਨਸਲਵਾਦ ਦਾ ਵਿਰੋਧ ਨਹੀਂ ਸੀ ਕਰਦਾ, ਇਹ ਇਸਲਾਮ ਬਾਰੇ ਗਲਤ ਧਾਰਨਾਵਾਂ ਹੇਠ ਸੰਸਾਰ ਭਰ ਵਿੱਚ ਚੱਲਦੀ ਇੱਕ ਫਿਰਕੂ ਪਾੜੇ ਨੂੰ ਵਧਾਉਣ ਵਾਲੀ ਸੋਚ ਦਾ ਵੀ ਵਿਰੋਧ ਕਰਦਾ ਸੀ ਅਤੇ ਸਾਡੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਚੱਲ ਰਹੀ ਈਸਾਈ ਵਿਰੋਧਤਾ ਦੀ ਵੀ ਨਿੰਦਾ ਕਰਦਾ ਸੀ। ਇਸ ਤੋਂ ਹੋਰ ਅੱਗੇ ਜਾ ਕੇ ਇਹ ਮਤਾ ਅਫਰੀਕੀ ਲੋਕਾਂ ਅਤੇ ਸਥਾਪਤ ਧਰਮਾਂ ਤੋਂ ਵੱਖਰੇ ਵਿਸ਼ਵਾਸਾਂ ਵਾਲੇ ਲੋਕਾਂ ਦਾ ਵਿਰੋਧ ਕਰਨ ਨੂੰ ਮਨੁੱਖੀ ਭਵਿੱਖ ਲਈ ਗਲਤ ਮੰਨਦਾ ਸੀ ਅਤੇ ਨਾਲ ਹਿਟਲਰ ਤੇ ਮੁਸੋਲਿਨੀ ਦੇ ਦੌਰ ਵਾਲੀ ਨਾਜ਼ੀਵਾਦੀ ਸੋਚ ਦੇ ਸੋਹਲੇ ਗਾਉਣ ਜਾਂ ਉਸ ਨਾਲ ਸੰਬੰਧਤ ਯਾਦਗਾਰਾਂ ਬਣਾਉਣ ਨੂੰ ਗਲਤ ਆਖਦਾ ਸੀ। ਬਾਕੀ ਸਭ ਗੱਲਾਂ ਛੱਡ ਕੇ ਸਿਰਫ ਇਟਲੀ ਦੇ ਅਜੋਕੇ ਹਾਲਾਤ ਹੀ ਵੇਖ ਲਈਏ ਤਾਂ ਉਸ ਤੋਂ ਇਸ ਮਤੇ ਦੀ ਸਾਰਥਿਕਤਾ ਪੱਲੇ ਪੈ ਜਾਂਦੀ ਹੈ। ਬੀਤੇ ਦਿਨੀਂ ਇਟਲੀ ਵਿੱਚ ਹੋਈਆਂ ਚੋਣਾਂ ਵਿੱਚ ਜਿਹੜੀ ਬੀਬੀ ਜਾਰਜੀਆ ਮੇਲੋਨੀ ਜਿੱਤ ਕੇ ਪ੍ਰਧਾਨ ਮੰਤਰੀ ਬਣੀ ਹੈ, ਉਹ ਅਸਲੋਂ ਸੱਜੇ ਪੱਖ ਦੀ ਰਾਜਨੀਤੀ ਕਰਨ ਵਾਲੀ ਹੈ ਅਤੇ ਉਸ ਦੇ ਪਿਛਲੱਗਾਂ ਵਿੱਚ ਵੱਡੀ ਗਿਣਤੀ ਹਿਟਲਰ ਅਤੇ ਮੁਸੋਲਿਨੀ ਦੇ ਵਕਤਾਂ ਦੀ ਨਾਜ਼ੀ ਸੋਚਣੀ ਨੂੰ ਦਿਲੋਂ ਮਾਨਤਾ ਦੇਣ ਵਾਲੀ ਹੈ। ਪਿਛਲੇ ਦਿਨੀਂ ਉਸ ਨੇ ਗਲੈਜ਼ੋ ਬਿਗਨਾਮੀ ਨਾਂਅ ਦਾ ਇੱਕ ਮੰਤਰੀ ਬਣਾਇਆ ਹੈ, ਜਿਹੜਾ ਨਾਜ਼ੀ-ਪੱਖੀ ਮੁਜ਼ਾਹਰਿਆਂ ਵਿੱਚ ਨਾਜ਼ੀਆਂ ਦਾ ਬੈਜ ਸਵਾਸਤਿਕਾ ਆਪਣੇ ਮੋਢੇ ਉੱਤੇ ਲਾ ਕੇ ਸ਼ਾਮਲ ਹੁੰਦਾ ਰਿਹਾ ਹੈ। ਇਸ ਗੱਲ ਦਾ ਸੰਸਾਰ ਭਰ ਦੇ ਉਨ੍ਹਾਂ ਲੋਕਾਂ ਵਿੱਚ ਰੋਸ ਹੈ, ਜਿਨ੍ਹਾਂ ਨੇ ਖੁਦ ਜਾਂ ਉਨ੍ਹਾਂ ਦੇ ਵੱਡਿਆਂ ਨੇ ਨਾਜ਼ੀਵਾਦੀ ਕਹਿਰ ਝੱਲਿਆ ਹੋਇਆ ਸੀ ਜਾਂ ਜਿਹੜੇ ਇਸ ਦੀ ਉਠਾਣ ਦੇ ਭਵਿੱਖੀ ਖਤਰੇ ਬਾਰੇ ਸੋਚ ਸਕਦੇ ਹਨ। ਇਟਲੀ ਦੀ ਆਗੂ ਵੱਲੋਂ ਨਾਜ਼ੀਵਾਦ ਨੂੰ ਦਿੱਤੀ ਗਈ ਏਹੋ ਜਿਹੀ ਸ਼ਹਿ ਕਈ ਹੋਰ ਦੇਸ਼ਾਂ ਵਿੱਚ ਇਸ ਦੇ ਉਭਾਰ ਦਾ ਕਾਰਨ ਬਣ ਸਕਦੀ ਹੈ।
ਭਾਰਤ ਸਮੇਤ ਦੁਨੀਆ ਦੇ ਇੱਕ ਸੌ ਪੰਜ ਦੇਸ਼ਾਂ ਦੀ ਹਮਾਇਤ ਨਾਲ ਪਾਸ ਕੀਤੇ ਗਏ ਮਤੇ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਦੁਨੀਆ ਭਰ ਵਿੱਚ 'ਬਾਹਰੋਂ ਆਏ' ਲੋਕਾਂ ਦੇ ਵਿਰੋਧ ਨੂੰ ਗਲਤ ਕਿਹਾ ਗਿਆ ਹੈ। ਅੱਜਕੱਲ੍ਹ ਇਹ ਰੁਝਾਨ ਜ਼ੋਰਾਂ ਉੱਤੇ ਹੈ ਕਿ ਜਿਹੜਾ ਵੀ ਵਿਅਕਤੀ ਕਿਸੇ ਦੂਸਰੇ ਦੇਸ਼ ਜਾਂ ਫਿਰ ਆਪਣੇ ਹੀ ਦੇਸ਼ ਦੇ ਕਿਸੇ ਦੂਸਰੇ ਰਾਜ ਵਿਚਲੀ ਮਾੜੀ ਹਾਲਤ ਤੋਂ ਤੰਗ ਆ ਕੇ ਦੂਸਰੇ ਦੇਸ਼ ਜਾਂ ਆਪਣੇ ਹੀ ਦੇਸ਼ ਦੇ ਦੂਸਰੇ ਰਾਜ ਵੱਲ ਚਲਾ ਜਾਂਦਾ ਹੈ, ਉਸ ਨੂੰ ਖਾਸ ਕਿਸਮ ਦੀ ਨਫਰਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲ ਗਏ ਸਾਡੇ ਭਾਰਤੀ ਲੋਕ ਏਦਾਂ ਦਾ ਨਸਲਵਾਦ ਕਈ ਵਾਰੀ ਝੱਲ ਚੁੱਕੇ ਹਨ। ਉਨ੍ਹਾਂ ਦੇਸ਼ਾਂ ਦੇ ਮੂਲ ਵਾਸੀ ਗੋਰਿਆਂ ਨੂੰ ਇਹ ਆਪਣੇ ਦੇਸ਼ ਵਿੱਚ 'ਬਾਹਰੋਂ ਆਏ' ਲੋਕਾਂ ਦੀ ਘੁਸਪੈਠ ਜਾਪਦੀ ਹੈ, ਜਦ ਕਿ ਆਦਿ ਕਾਲ ਤੋਂ ਆਪਣੀ ਹੋਂਦ ਕਾਇਮ ਰੱਖਣ ਵਾਸਤੇ ਮਨੁੱਖ ਇੱਕ ਤੋਂ ਦੂਸਰੀ ਥਾਂ ਪਰਵਾਸ ਕਰਦਾ ਰਿਹਾ ਹੈ। ਖੁਦ ਗੋਰੀ ਚਮੜੀ ਵਾਲੇ ਲੋਕ ਆਪਣੇ ਮੂਲ ਯੂਰਪੀ ਦੇਸ਼ਾਂ ਤੋਂ ਦੁਨੀਆ ਭਰ ਵਿੱਚ ਫੈਲ ਗਏ ਸਨ ਅਤੇ ਉਹ ਜਿੱਥੇ ਵੀ ਗਏ, ਓਥੇ ਕੋਈ ਛੋਟਾ ਜਿਹਾ ਲੰਡਨ, ਕਿਤੇ ਕੋਈ ਛੋਟਾ-ਵੱਡਾ ਜਾਰਜੀਆ, ਕੋਲੰਬੀਆ ਜਾਂ ਹੈਮਿਲਟਨ ਵਸਾ ਲੈਂਦੇ ਰਹੇ ਸਨ। ਜਦੋਂ ਕੋਲੰਬਸ ਤੋਂ ਤੁਰਦੇ ਹੋਏ ਗੋਰਿਆਂ ਦੇ ਵਡੇਰੇ ਸਾਰੀ ਦੁਨੀਆ ਵਿੱਚ ਛਾ ਗਏ ਸਨ, ਉਹ ਠੀਕ ਸਮਝੇ ਜਾਂਦੇ ਹਨ, ਪਰ ਜਦੋਂ ਦੂਸਰੀ ਚਮੜੀ ਵਾਲੇ ਲੋਕ ਗੋਰਿਆਂ ਦੇ ਦੇਸ਼ਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਉੱਤੇ ਹਮਲਾ ਜਾਪਣ ਲੱਗ ਜਾਂਦਾ ਹੈ। ਸਦੀਆਂ ਤੱਕ ਉਨ੍ਹਾਂ ਨੇ ਕਾਲੇ ਲੋਕ ਆਪਣੇ ਗੁਲਾਮ ਬਣਾ ਕੇ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਸੀ, ਪਰ ਅੱਜ ਜਦੋਂ ਉਹ ਹੀ ਦੱਬੇ-ਕੁਚਲੇ ਲੋਕ ਆਪਣੀ ਹਿੰਮਤ ਅਤੇ ਲੋਕਤੰਤਰੀ ਰਿਵਾਇਤਾਂ ਸਦਕਾ ਇਨ੍ਹਾਂ ਨਾਲ ਬਰਾਬਰੀ ਦਾ ਯਤਨ ਕਰਨ ਜੋਗੇ ਹੋਣ ਲੱਗੇ ਹਨ ਤਾਂ ਇਨ੍ਹਾਂ ਤੋਂ ਉਨ੍ਹਾਂ ਦੀ ਅੱਗੇ ਵਧਣ ਦੀ ਭਾਵਨਾ ਸਹਾਰੀ ਨਹੀਂ ਜਾਂਦੀ। ਏਸੇ ਤਰ੍ਹਾਂ ਦਾ ਵਿਹਾਰ ਉਨ੍ਹਾਂ ਏਸ਼ੀਅਨ ਮੂਲ ਦੇ ਲੋਕਾਂ ਨਾਲ ਵੀ ਕੀਤਾ ਜਾਂਦਾ ਹੈ, ਜਿਹੜੇ ਨਾ ਗੋਰੇ ਹਨ, ਨਾ ਕਾਲੇ, ਅੱਧ-ਵਿਚਾਲੇ ਦੀ ਰੰਗਤ ਵਾਲੇ ਹਨ। ਰੂਸ ਅਤੇ ਤੀਹ ਹੋਰ ਦੇਸ਼ ਜਿਹੜਾ ਮਤਾ ਲਿਆਏ ਹਨ, ਉਸ ਮਤੇ ਵਿੱਚ ਇੱਕ ਸ਼ਬਦ 'ਜ਼ੇਨੋਫੋਬਿਕ' (xenophobic) ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਨਫਰਤ ਜਾਂ ਡਰ ਪੈਦਾ ਕਰਨਾ, ਜਿਨ੍ਹਾਂ ਨੂੰ ਵਿਦੇਸ਼ੀ ਜਾਂ ਓਪਰੇ ਮੰਨਿਆ ਤੇ ਪ੍ਰਚਾਰਿਆ ਜਾਂਦਾ ਹੈ। ਸਾਡੇ ਭਾਰਤੀ ਮੂਲ ਦੇ ਲੋਕਾਂ ਨਾਲ ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ ਏਦਾਂ ਦਾ ਨਸਲਵਾਦੀ ਵਿਹਾਰ ਹੋਣ ਦੀਆਂ ਖਬਰਾਂ ਨਿੱਤ ਦਿਨ ਆਉਂਦੀਆਂ ਰਹਿੰਦੀਆਂ ਹਨ, ਜਿਸ ਨੂੰ ਰੂਸ ਦੇ ਮਤੇ ਵਿੱਚ ਨਿੰਦਿਆ ਗਿਆ ਹੈ।
ਸਵਾਲ ਇਹ ਉੱਠਦਾ ਹੈ ਕਿ ਕੀ ਇਹ ਮਤਾ ਦੁਨੀਆ ਭਰ ਵਿੱਚ ਨਸਲਵਾਦ, ਨਾਜ਼ੀਵਾਦ ਜਾਂ 'ਬਾਹਰੀ ਲੋਕ' ਹੋਣ ਦੇ ਠੱਪੇ ਦੀ ਮਾਰ ਹੇਠ ਆਉਂਦੇ ਲੋਕਾਂ ਦੀ ਹਮਾਇਤ ਵਾਲਾ ਸੀ ਜਾਂ ਰੂਸ ਦੀਆਂ ਜੰਗੀ ਲੋੜਾਂ ਦੀ ਪੂਰਤੀ ਵਾਲਾ? ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ ਜੋ ਮਰਜ਼ੀ ਆਖੀ ਜਾਣ, ਦੁਨੀਆ ਭਰ ਵਿੱਚ ਉੱਠ ਰਹੇ ਨਸਲਵਾਦੀ ਅਤੇ 'ਆਪਣੀ ਧਰਤੀ' ਦੇ ਵਰਤਾਰਿਆਂ ਵਿਰੁੱਧ ਇਹ ਮਤਾ ਇਸ ਸਮੇਂ ਦੀ ਲੋੜ ਸੀ। ਯੂਕਰੇਨ ਨਾਲ ਰੂਸ ਦੀ ਜੰਗ ਵੱਖਰਾ ਮੁੱਦਾ ਹੈ। ਭਾਰਤ ਨੇ ਕਦੇ ਵੀ ਯੂਕਰੇਨ ਨਾਲ ਰੂਸ ਦੀ ਜੰਗ ਠੀਕ ਨਹੀਂ ਮੰਨੀ ਅਤੇ ਆਮ ਤੌਰ ਉੱਤੇ ਕਿਸੇ ਵੀ ਮਤੇ ਉੱਤੇ ਨਿਰਪੱਖ ਰਹਿ ਕੇ ਆਪਣੀ ਆਜ਼ਾਦ ਹੋਂਦ ਪ੍ਰਗਟ ਕਰਦਾ ਰਿਹਾ ਹੈ। ਕਦੇ ਕਿਸੇ ਮਤੇ ਉੱਤੇ ਉਸ ਨੇ ਅਮਰੀਕੀਆਂ ਨਾਲ ਰੂਸ ਦੇ ਵਿਰੁੱਧ ਵੋਟ ਵੀ ਪਾਈ ਹੈ ਤੇ ਕਦੀ ਰੂਸ ਵੱਲੋਂ ਪੇਸ਼ ਕੀਤੇ ਕਿਸੇ ਮਤੇ ਦੀ ਹਮਾਇਤ ਵੀ ਕੀਤੀ ਹੈ ਅਤੇ ਹਰ ਵਾਰੀ ਹਮਾਇਤ ਅਤੇ ਵਿਰੋਧ ਦਾ ਕਾਰਨ ਵੀ ਸਾਫ ਸ਼ਬਦਾਂ ਵਿੱਚ ਦੱਸਿਆ ਹੈ। ਇਸ ਵਾਰੀ ਵੀ ਉਸ ਨੇ ਰੂਸ ਸਣੇ ਇਕੱਤੀ ਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਹਮਾਇਤ ਕਰ ਕੇ ਗਲਤ ਨਹੀਂ ਕੀਤਾ, ਪਰ ਇਸ ਮਤੇ ਬਾਰੇ ਭਾਰਤ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਮੀਡੀਏ ਦੀ ਚੁੱਪ ਦਾ ਕਾਰਨ ਕਿਸੇ ਦੇ ਸਮਝ ਨਹੀਂ ਪੈ ਸਕਦਾ। ਠੀਕ ਕੰਮ ਕਰਨ ਦੇ ਬਾਅਦ ਚੁੱਪ ਰਹਿਣਾ ਇਹ ਦੱਸਦਾ ਹੈ ਕਿ ਭਾਰਤ ਨੇ ਇਸ ਮਤੇ ਦੀ ਹਮਾਇਤ ਦੁਨੀਆ ਦੀ ਸੱਥ ਵਿੱਚ ਆਪਣੇ ਆਪ ਨੂੰ ਠੀਕ ਪਾਸੇ ਖੜੋਤਾ ਦੱਸਣ ਲਈ ਭਾਵੇਂ ਕਰ ਦਿੱਤੀ ਹੈ, ਭਾਰਤ ਵਿੱਚ ਇਨ੍ਹਾਂ ਗੱਲਾਂ ਲਈ ਖੁੱਲ੍ਹ ਕੇ ਖੜੋਣ ਦੀ ਲੋੜ ਨਹੀਂ ਸਮਝਦਾ। ਇਹ ਸੋਚਣੀ ਵੋਟ-ਰਾਜਨੀਤੀ ਦੇ ਕਾਰਨ ਚੱਲਦੀ ਹੋ ਸਕਦੀ ਹੈ ਅਤੇ ਜਦੋਂ ਗੁਜਰਾਤ ਵਰਗੇ ਸੰਵੇਦਨਸ਼ੀਲ ਰਾਜ ਵਿੱਚ ਵੋਟਾਂ ਲਈ ਜੰਗ ਚੱਲ ਰਹੀ ਹੋਵੇ ਤਾਂ ਕਾਰਨ ਕੋਈ ਵੀ ਰਿਹਾ ਹੋਵੇ, ਇਸ ਨੀਤੀ ਨੂੰ ਉਸ ਚੋਣ ਪ੍ਰਕਿਰਿਆ ਤੋਂ ਵੱਖਰਾ ਕਰ ਕੇ ਨਹੀਂ ਵੇਖਿਆ ਜਾ ਸਕਦਾ।