ਡਾਇਰੀ ਦਾ ਪੰਨਾ-5 - ਨਿੰਦਰ ਘੁਗਿਆਣਵੀ

ਰਮਣੀਕ ਰੁੱਤ ਦੀ ਆਮਦ

ਨਵੀਂ ਫਸਲ ਦੀ ਬੀਜਾਂਦ 'ਤੇ ਖੇਤ ਖੁਸ਼ ਹੋਣ ਲੱਗਿਐ। ਅੰਗੜਾਈ ਭੰਨਦੀ ਰੁੱਤ ਫਿਰਨ ਲੱਗੀ ਹੈ, ਤੇ   ਵਣ ਵੀ ਕੰਬਣ ਲੱਗਿਆ ਹੈ। ਕੁਝ ਬੂਟੇ ਮੁਰਝਾ ਗਏ, ਤੇ ਕੁਝ ਨਵੀਆਂ ਪੱਤੀਆਂ ਨਿਖਾਰ ਕਰੂੰਬਲਾਂ ਕੱਢ ਰਹੇ ਨੇ। ਬੇਰੀਆਂ ਨੂੰ ਬੂਰ ਪੈ ਗਿਐ। ਕਿੱਕਰਾਂ ਪੀਲੇ-ਪੀਲੇ ਫੁੱਲ ਕੱਢਣ ਲੱਗੀਆਂ ਨੇ, ਜਿਵੇਂ ਪੀਲੀ ਚੁੰਨੀ ਓਹੜਨ ਲਈ ਧੋ ਕੇ ਸੁਕਾਈ ਜਾਣ ਲੱਗੀ ਹੋਵੇ! ਪਹਾੜੀ ਕਿੱਕਰਾਂ ਭਾਰੀਆਂ ਹੋ-ਹੋ ਆਪਣੇ ਟਾਹਣ ਧਰਤੀ ਨਾਲ ਛੁਹਾਉਣ ਲੱਗੀਆਂ ਨੇ। ਨਿੰਮ੍ਹੀ-ਨਿੰਮ੍ਹੀ ਠੰਢ ਬੂਹਾ ਖੜਕਾਅ ਰਹੀ ਹੈ। ਥੋੜੇ ਦਿਨਾਂ ਤੀਕ ਝੋਨੇ ਦੀ ਫਸਲ ਸਮੇਟ ਕੇ ਖੇਤ ਨੂੰ ਸੁੰਭਰੇ-ਸੰਵਾਰੇਗਾ ਕਿਰਸਾਨ। ਕਣਕ ਦੀ ਬਿਜਾਂਦ ਲਈ ਵਾਹਣ ਤਿਆਰ ਕਰੇਗਾ। ਮੇਰੇ ਪਿੰਡ ਦੇ ਕਾਫੀ ਕਿਰਸਾਨ, (ਜਿੰਨ੍ਹਾਂ 'ਚੋਂ ਬਹੁਤੇ ਗਰੀਬ ਤਬਕੇ ਨਾਲ ਸਬੰਧਤ ਹੋਣਗੇ), ਗੋਭੀ ਤੇ ਟਮਾਟਰ ਲਾਉਣਗੇ। ਮੈਂ ਖੇਤਾਂ ਵੱਲ ਗਿਆ ਸਾਂ ਅੱਜ ਸਵੇਰੇ, ਦੇਖਿਆ ਕਿ ਗੋਭੀ ਦੀ ਪਨੀਰੀ ਤਿਆਰ ਹੋ ਗਈ ਹੈ। ਗੋਭੀ ਦੀ ਪਨੀਰੀ ਨੂੰ ਰਲੀ-ਮਿਲੀ ਠੰਢ ਤੇ ਦੁਪੈਹਿਰ ਦੀ ਗਰਮਾਇਸ਼ ਤੋਂ ਬਚਾਉਣ ਵਾਸਤੇ ਤੰਬੂ ਤਾਣੇ ਹੋਏ ਨੇ। ਲਗਭਗ ਢਾਈ ਜਾਂ ਪੌਣੇ ਤਿੰਨ ਮਹੀਨੇ ਗੋਭੀ ਦੀ ਫਸਲ ਰਹੇਗੀ ਤੇ ਉਸ ਮਗਰੋਂ ਟਮਾਟਰਾਂ ਦੀ ਪਨੀਰੀ ਲਾਈ ਜਾਵੇਗੀ। ਛੇ ਮਹੀਨਿਆਂ ਵਿਚ ਦੋ ਫਸਲਾਂ ਉਗਾਉਣ ਵਾਲਾ ਕਿਸਾਨ ਕਣਕ ਬੀਜਣ ਤੋਂ ਪਾਸਾ ਵੱਟੇਗਾ। (ਗੋਭੀ ਤੇ ਟਮਾਟਰ ਕਿਰਾਏ ਦੀਆਂ ਗੱਡੀਆਂ ਵਿਚ ਭਰ ਕੇ ਦੂਰ ਵੱਡੇ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਵਿਚ ਵੇਚਣ ਜਾਣਗੇ, ਪੂਰਾ ਮੁੱਲ ਤਾਂ ਕੀ ਮਿਲਣਾ, ਜਦ ਗੱਡੀ ਦਾ ਕਿਰਾਇਆ ਵੀ ਪੂਰਾ ਨਾ ਹੋਇਆ, ਤਦ ਹੱਥ ਮਲਦੇ ਪਛਤਾਣਗੇ ਤੇ ਚੁੱਪ-ਚੁਪੀਤੇ ਘਰ ਮੁੜ ਆਣਗੇ,ਜਿਸ ਜੱਟ ਤੋਂ ਪੈਲੀ ਠੇਕੇ 'ਤੇ ਲੈ ਕੇ ਫਸਲ ਬੀਜੀ ਸੀ,ਉਸਦੇ ਨੂੰ ਦੇਣੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇਗਾ!) ਇਹ ਮੰਜ਼ਰ ਮੈਂ ਅੱਖੀਂ ਦੇਖਦਾ ਹਾਂ ਹਰ ਵਰ੍ਹੇ!
ਦੇਖਦਾ ਹਾਂ, ਟਮਾਟਰ ਦੇ ਢੇਰ ਤੇ ਗੋਭੀ ਦੇ ਫੁੱਲ ਖੇਤਾਂ ਕਿਨਾਰੇ ਪਹਿਆਂ ਉਤੇ ਰੁਲਦੇ ਤੇ ਗਲਦੇ ਨੇ। ਪਸੂ ਵੀ ਨਹੀਂ ਮੂੰਹ ਮਾਰਦੇ ਇਹਨਾਂ ਨੂੰ। ਬਹੁਤਾਤ ਵਿਚ ਹੋ ਗਈ ਗੋਭੀ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਚੁਕਦਾ। ਪਿਛਲੇ ਤੋਂ ਪਿਛਲੇ ਸਾਲ ਕੱਦੂ ਰੱਜ-ਰੱਜ ਕੇ ਰੁਲੇ। ਲਵੇ-ਲਵੇ ਅਲੂੰਏ ਕੱਦੂ ਕਿਸੇ ਨੇ ਮੁਫਤੀ ਵੀ ਨਾ ਖਾਧੇ, ਤੇ ਵੱਲਾਂ ਨਾਲ ਲੱਗੇ ਰਹੇ, ਪੱਕ-ਪੱਕ ਕੇ ਪਾਗਲ ਹੋ ਗਏ,ਬੇਹਿਸਾਬੇ ਮੋਟੇ, ਤੇ ਅਗਲੀ ਵਾਰ ਆਪਣਾ ਬੀਜ ਦੇਣ ਨੂੰ ਤਿਆਰ। ਸਾਡੇ ਪਿੰਡ ਦੇ ਕਿਰਤੀ ਬੌਰੀਏ ਬੜੇ ਮਿਹਨਤੀ ਨੇ, ਸਿਰੇ ਦੇ ਅਣਥੱਕ ਇਹ ਮੁਸ਼ੱਕਤੀ ਕਾਮੇ ਸਾਰਾ ਸਾਰਾ ਦਿਨ ਆਪਣੇ ਟੱਬਰਾਂ ਸਮੇਤ ਖੇਤਾਂ ਵਿਚ ਮੁੜ੍ਹਕਾ ਡੋਲ੍ਹ-ਡੋਲ੍ਹ ਬੜੇ ਚਾਅ ਤੇ ਆਸਾਂ ਨਾਲ ਫਸਲ ਤਿਆਰ ਕਰਦੇ ਨੇ। ਜਦ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਝੁਰਦੇ ਨੇ, ਉਹਨਾਂ ਨੂੰ ਦੇਖ-ਦੇਖ ਮੈਂ ਵੀ ਝੁਰਦਾ ਹਾਂ। ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੀਕਰ ਦੇਖ ਰਿਹਾਂ ਕਿ ਸਾਡੇ ਪਿੰਡ ਦਿਆਂ ਖੇਤਾਂ ਵਿਚ ਮਟਰ, ਬੈਂਗਣ-ਬੈਂਗਣੀ, ਕੱਦੂ-ਅੱਲਾਂ, ਦੇਸੀ ਤੋਰੀਆਂ, ਸੂੰਗਰੇ-ਮੂੰਗਰੇ, ਔਲੇ, ਗਾਜਰ, ਮੂਲੀ, ਗੁਆਰੇ ਦੀਆਂ ਫਲੀਆਂ, ਪਾਲਕ, ਮੇਥੀ, ਮਿਰਚ,ਸ਼ਲਗਮ, ਖੱਖੜੀ, ਖਰਬੂਜੇ ਤੇ ਮਤੀਰੇ ਦੀ ਬਿਜਾਂਦ ਹੁੰਦੀ ਹੈ। ਚਿੱਬੜ੍ਹ ਤੇ ਬਾਥੂ ਆਪ-ਮੁਹਾਰੇ ਹੀ ਉੱਗ ਪੈਂਦਾ ਹੈ। ਸਰੋਂ ਦਾ ਸਾਗ ਕਦੇ ਕਰਾਰਾ-ਕਰਾਰਾ ਹੁੰਦਾ ਸੀ ਮੇਰੇ ਪਿੰਡ ਦਾ, ਹੁਣ ਖਾਰਾ-ਖਾਰਾ ਜਿਹਾ ਸੁਆਦ ਆਉਂਦਾ ਹੈ। (ਆਲੂ ਨਹੀਂ ਬੀਜਦੇ, ਕੋਈ ਟਾਵਾਂ-ਟਾਵਾਂ ਕਿਰਸਾਨ ਹੀ ਆਲੂ ਬੀਜਦਾ ਹੈ, ਸੌ ਵਿਚੋਂ ਪੰਜ ਦੇ ਬਰਾਬਰ)। ਮੇਰੇ ਪਿੰਡ ਦੇ ਖੇਤਾਂ 'ਚ ਟਿੱਬਿਆਂ 'ਤੇ ਕੌੜ-ਤੁੰਮਿਆਂ ਦੀਆਂ ਵੇਲਾਂ ਕਦੇ ਨਾ ਸੁੱਕੀਆਂ, ਕਦੇ ਨਾ ਮੁੱਕੇ ਕੌੜ ਤੁੰਮੇ! ਅਜੇ ਵੀ ਦੂਰੋਂ-ਦੂਰੋਂ ਵੈਦ ਆ ਜਾਂਦੇ ਨੇ ਤੋੜਨ ਕੌੜ-ਤੁੰਮੇਂ, ਦੇਸੀ ਦਵਾਈਆਂ ਵਿਚ ਪਾਉਣ ਲਈ। ਕਦੇ ਮੇਰਾ ਤਾਇਆ ਪਸੂਆਂ ਵਾਸਤੇ ਕੌੜ-ਤੁੰਮਿਆਂ ਦਾ ਅਚਾਰ ਪਾ ਲੈਂਦਾ ਸੀ। ਕੋਈ ਬੀਮਾਰੀ ਨੇੜੇ ਨਾ ਸੀ ਢੁਕਦੀ ਪਸੂਆਂ ਦੇ ,ਤੇ ਕਦੇ ਕੋਈ ਪਸੂ ਦੁੱਧ ਨਾ ਨਹੀਂ ਸੀ ਸੁਕਦਾ। ਝਾੜ ਕਰੇਲੇ ਵੀ ਵਾਧੂੰ ਹੁੰਦੇ, ਹੁਣ ਵੀ ਹੈਗੇ! ਡੇਲਿਆਂ ਦਾ ਅਚਾਰ ਪਾਉਂਦੇ ਸਨ ਲੋਕ, ਕਰੀਰਾਂ ਨੂੰ ਡੇਲੇ ਲਗਦੇ ਕਿ ਤੋੜ ਨਾ ਹੁੰਦੇ। ਹੁਣ ਕਈ-ਕੋਈ ਕਰੀਰ ਬਚਿਆ ਦਿਸਦਾ ਹੈ ਪਿੰਡ ਦੀ ਨੁੱਕਰੇ ਕਿਧਰੇ! ਬਾਬੇ ਦੀ ਖਾਨਗਾਹ 'ਤੇ ਪੁਰਾਣੇ ਕਰੀਰ ਹਨ ਪਰ ਉਹਨਾਂ ਨੂੰ ਡੇਲੇ ਲੱਗਣੋਂ ਹਟ ਗਏ! ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਆਮ ਹੀ ਪੈਂਦਾ, ਜੇ ਨਾ ਵੀ ਪੈਂਦਾ, ਤਾਂ ਬੱਕਰੀਆਂ ਤੇ ਬੱਕਰੀਆਂ ਨੂੰ ਕਿੱਕਰਾਂ ਦੇ ਤੱਕੇ ਚਾਰੇ ਜਾਂਦੇ। ਚੇਤਾ ਹੈ, ਇੱਕ ਵਾਰ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ ਸੀ ਸਾਡੇ ਪਿੰਡ ਤੇ ਰਣਜੀਤ ਕੌਰ ਗਾਉਂਦੀ ਹੋਈ ਸਦੀਕ ਨੂੰ ਕਹਿੰਦੀ ਹੈ, ''ਵੇ ਬਾਬਾ, ਤੁੱਕੇ ਹੋਰ ਲਿਆਵਾਂ, ਰੋਟੀ ਖਾ ਰਿਹਾ ਏਂ ਬਾਬਾ, ਵੇ ਬਾਬਾ ਤੁੱਕੇ ਹੋਰ ਲਿਆਵਾਂ...?" ਸਦੀਕ ਅੱਗੋਂ ਕਹਿੰਦਾ ਹੈ, ''ਸਹੁਰੀ ਦੀਏ ਬਾਬਾ ਕਿਹੜਾ ਬੋਕ ਐ।" ਲੋਕ ਹੱਸੇ।
                                            """"
ਗੱਲ ਬੇਰਾਂ ਤੋਂ ਸ਼ੁਰੂ ਕੀਤੀ ਸੀ। ਲੰਘੀ ਰੁੱਤੇ, ਬੇਰ ਲੱਗੇ ਸਨ ਬੇਰੀਆਂ ਨੂੰ ਮਣਾਂ-ਮੰਹੀਂ ਪਰ ਕੋਈ ਤੋੜਨ ਵਾਲਾ ਤੇ ਖਾਣ ਵਾਲਾ ਨਹੀਂ ਸੀ। ਹਨੇਰੀਆਂ ਵਗੀਆਂ। ਕਣਕ ਦੀ ਫਸਲ 'ਚ ਡਿੱਗੇ ਕਿਰੇ-ਕਿਰੇ ਲਾਲ-ਰੱਤੇ ਮਿੱਠੇ-ਮਿੱਠੇ ਬੇਰ ਚੁਗਣ ਕਈ ਨਹੀਂ ਗਿਆ। ਚੇਤੇ ਕਰਦਾ ਹਾਂ ਕਿ ਉਹ ਵੀ ਦਿਨ ਸਨ, ਜਦ ਆਪਣੇ ਭਰਾਵਾਂ ਜਾਂ ਹਾਣੀਆਂ ਨਾਲ ਬੇਰ ਤੋੜਨ ਜਾਂ ਚੁਗਣ ਜਾਣ ਦਾ ਵੇਲਾ ਕਦੀ ਨਹੀਂ ਸਾਂ ਖੁੰਝਾਉਂਦਾ। ਝੋਲਿਆਂ ਦੇ ਝੋਲੇ ਭਰ-ਭਰ ਬੇਰ ਲਿਆਂਉਂਦੇ ਸਾਂ ਤੇ ਢੇਰ ਲਾਈ ਜਾਂਦੇ ਸਾਂ, ''ਦਾਦੀ ਵਰਜਦੀ ਹੁੰਦੀ, ''ਵੇ ਕੌਣ ਖਾਊ ਐਨੇ ਬੇਰ, ਬਸ ਕਰਜੋ ਹੁਣ ਨਿਕੰਮਿਓਂ...।"
ਜਿਹੜੇ ਰਾਹ ਮੈਂ ਰੋਜ਼ ਲੰਘਦਾ ਹਾਂ,ਇੱਕ ਪੁਰਾਣੀ ਬੇਰੀ ਬੇਰਾਂ ਲੱਦੀ ਖਲੋਤੀ ਆਉਂਦੇ-ਜਾਂਦਿਆਂ ਨੂੰ ਵੇਂਹਦੀ ਰਹਿੰਦੀ ਹੈ ਕਿ ਕੋਈ ਤਾਂ ਖਲੋਵੇਗਾ ਮੇਰੇ ਕੋਲ, ਤੇ ਮੇਰੇ ਬੇਰ ਖਾਏਗਾ! ਪਰ ਕਿਸੇ ਕੋਲ ਦੋ ਪਲ ਦੀ ਵਿਹਲ ਨਹੀਂ ਹੈ। ਬੇਰੀ ਕਹਿੰਦੀ ਹੈ, ''ਵੱਟੇ ਮਾਰ ਮਾਰ ਝਾੜ ਲਓ ਤਦ ਵੀ ਨਹੀਂ ਕੁਝ ਆਖਾਂਗੀ, ਮੇਰਾ ਕਰਮ ਵੱਟੇ ਖਾ ਕੇ ਬੇਰ ਦੇਣਾ ਹੈ ਪਰ ਤੁਸੀਂ ਫਿਰ ਵੀ ਕਿਉਂ ਨਹੀਂ ਖਾਂਦੇ ਮੇਰੇ ਬੇਰ! ਤੁਸੀਂ ਵੱਟੇ ਮਾਰੋ, ਮੈਂ ਮਸੁਕ੍ਰਵਾਂਗੀ ਤੇ ਲਾਲ-ਸੂਹੇ ਬੇਰ ਤੁਹਾਡੀ ਝੋਲੀ ਪਾਵਾਂਗੀ। ਕੋਈ ਨਹੀਂ ਸੁਣਦਾ। ਮੈਂ ਵੀ ਕਦੇ ਨਹੀਂ ਸੁਣੀ ਬੇਰੀ ਦੀ ਪੁਕਾਰ, ਤੇ ਸਕੂਟਰ ਦੌੜਾਂਦਾ ਲੰਘ ਜਾਂਦਾ ਹਾਂ ਹੋਰਨਾਂ ਵਾਂਗ ਡਿੱਗੇ ਹੋਏ ਬੇਰ ਮਿਧਦਾ !

(3 ਅਕਤੂਬਰ, 2018)