ਨੌਜਵਾਨ ਪੀੜ੍ਹੀ ਦਾ ਭਵਿੱਖ  - ਸਵਰਾਜਬੀਰ


ਸਰਮਾਏਦਾਰੀ ਸੰਪੂਰਨ ਆਰਥਿਕ-ਸਮਾਜਿਕ ਨਿਜ਼ਾਮ/ਰਾਜਤੰਤਰ ਹੋਣ ਦਾ ਦਾਅਵਾ ਕਰਦੀ ਹੈ। ਮਨੋਵਿਗਿਆਨੀ ਸੂਜ਼ਨ ਰੋਜਨਥਾਲ ਅਨੁਸਾਰ, ‘‘ਇਹ ਕੋਈ ਟੁੱਟ-ਭੱਜ ਰਿਹਾ ਰਾਜਤੰਤਰ/ਨਿਜ਼ਾਮ ਨਹੀਂ ਸਗੋਂ ਇਹ ਅਜਿਹਾ ਤੰਤਰ ਹੈ ਜਿਹੜਾ ਮਨੁੱਖਾਂ ਦੀ ਭੰਨ-ਤੋੜ ਕਰਦਾ ਹੈ।’’ ਕਾਰਲ ਮਾਰਕਸ ਨੇ ਆਪਣੀ ਕਿਤਾਬ ਸਰਮਾਏ (ਭਾਗ ਪਹਿਲਾ, 25ਵਾਂ ਅਧਿਆਇ) ਵਿਚ ਲਿਖਿਆ ਸੀ, ‘‘ਸਮਾਜ ਦੇ ਇਕ ਧੁਰੇ ’ਤੇ ਦੌਲਤ ਦੇ ਇਕੱਠੇ ਹੋਣ ਦਾ ਮਤਲਬ ਹੈ ਦੂਸਰੇ ਧੁਰੇ ’ਤੇ ਦੁੱਖ, ਮਿਹਨਤ-ਮੁਸ਼ੱਕਤ ਦਾ ਬੋਝ, ਗ਼ੁਲਾਮੀ, ਅਗਿਆਨਤਾ, ਬੇਰਹਿਮੀ ਅਤੇ ਮਾਨਸਿਕ ਪੀੜ ਤੇ ਪਤਨ ਦਾ ਇਕੱਠੇ ਹੋਣਾ।’’ ਮਾਰਕਸ ਨੇ ਪੇਸ਼ੀਨਗੋਈ ਕੀਤੀ ਸੀ ਕਿ ਲੋਕ ਅਜਿਹੇ ਨਿਜ਼ਾਮਾਂ ਵਿਰੁੱਧ ਵਿਦਰੋਹ ਕਰ ਕੇ ਸਮਾਜਵਾਦੀ ਢੰਗ-ਤਰੀਕੇ ਦੇ ਰਾਜਤੰਤਰ ਉਸਾਰਨਗੇ, ਇਸ ਲਈ ਹੋਏ ਯਤਨਾਂ ਵਿਚ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਅਜਿਹੇ ਰਾਜ-ਪ੍ਰਬੰਧ ਉਸਰੇ ਵੀ ਪਰ ਉਹ ਕਾਇਮ ਨਾ ਰਹਿ ਸਕੇ। ਸਰਮਾਏਦਾਰੀ ਨੇ ਉਨ੍ਹਾਂ ਵਿਚੋਂ ਬਹੁਤਿਆਂ (ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦੇ ਦੇਸ਼) ਨੂੰ ਤਬਾਹ ਕਰ ਦਿੱਤਾ, ਕੁਝ (ਜਿਵੇਂ ਕਿਊਬਾ) ਦੀਆਂ ਸੰਭਾਵਨਾਵਾਂ ਨੂੰ ਸੀਮਤ ਕਰ ਦਿੱਤਾ ਅਤੇ ਕੁਝ (ਜਿਵੇਂ ਚੀਨ, ਵੀਅਤਨਾਮ) ਦਾ ਮੁਹਾਂਦਰਾ ਖ਼ੁਦ ਸਰਮਾਏਦਾਰੀ ਰਾਜ-ਪ੍ਰਬੰਧ ਦਾ ਅਕਸ ਬਣ ਗਿਆ।
       ਸਰਮਾਏਦਾਰੀ ਮਾਨਸਿਕ ਪੱਧਰ ’ਤੇ ਲੋਕਾਂ ਨੂੰ ਤੋੜਨ ਵਿਚ ਵੱਧ ਸਫ਼ਲ ਹੋਈ ਹੈ। ਇਸ ਨੇ ਲੋਕਾਂ ਨੂੰ ਭਾਸ਼ਾਈ ਤੰਤਰ ਵਿਚ ਅਜਿਹਾ ਉਲਝਾਇਆ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਸੂਜ਼ਨ ਰੋਜਨਥਾਲ ਅਨੁਸਾਰ ਲਗਭਗ ਹਰ ਸਮਾਜ ਵਿਚ ਅਜਿਹਾ ਮਾਨਸਿਕ ਮਾਹੌਲ ਉਸਾਰਿਆ ਜਾਂਦਾ ਹੈ ਜਿਸ ਵਿਚ ਲੋਕ ਬੇਰੁਜ਼ਗਾਰੀ, ਗ਼ਰੀਬੀ, ਜੁਰਮ ਅਤੇ ਹੋਰ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਲਈ ਰਾਜਤੰਤਰ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਸਗੋਂ ਪਰਵਾਸੀਆਂ ਜਾਂ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਮੰਨਦੇ ਹਨ, ਮਿਹਨਤ-ਮੁਸ਼ੱਕਤ ਕਰ ਕੇ ਮਾਲਕਾਂ ਨੂੰ ਅਮੀਰ ਬਣਾਉਣ ਵਿਚ ਬਿਤਾਈ ਜ਼ਿੰਦਗੀ ਨੂੰ ਸਹੀ ਜੀਵਨ-ਜਾਚ ਦੱਸਿਆ ਜਾਂਦਾ ਹੈ ਅਤੇ ਰਾਜਤੰਤਰ ’ਤੇ ਸਵਾਲ ਕਰਨ ਵਾਲਿਆਂ ਨੂੰ ਭਟਕੇ ਹੋਏ ਵਿਅਕਤੀ ਕਰਾਰ ਦਿੱਤਾ ਜਾਂਦਾ ਹੈ।
       ਨੌਜਵਾਨ ਪੀੜ੍ਹੀ ਵੀ ਸਰਮਾਏਦਾਰੀ ਦੇ ਮਾਨਸਿਕ ਤੇ ਆਰਥਿਕ ਹਮਲੇ ਦਾ ਸ਼ਿਕਾਰ ਹੁੰਦੀ ਹੈ। ਅਜਿਹੇ ਹਾਲਾਤ ਵਿਚ ਉਨ੍ਹਾਂ ਦੀ ਸਥਿਤੀ ਬਹੁਤ ਅਜੀਬ ਹੁੰਦੀ ਹੈ। ਉਨ੍ਹਾਂ ਦੇ ਮਨਾਂ ਤੇ ਸਰੀਰਾਂ ਵਿਚ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣ ਦੀਆਂ ਅੰਗੜਾਈਆਂ ਉੱਠ ਰਹੀਆਂ ਹੁੰਦੀਆਂ ਹਨ; ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਭਰਪੂਰ ਜੀਵਨ ਜਿਊਣ ਨੂੰ ਮਿਲੇ, ਜਿਊਣ ਲਈ ਕਮਾਈ ਕਰਨ ਦੀ ਜ਼ਰੂਰਤ ਹੁੰਦੀ ਹੈ, ਉਸ ਲਈ ਕੰਮ ਕਰਨਾ ਪੈਂਦਾ ਹੈ। ਸਰਮਾਏਦਾਰੀ ਨਿਜ਼ਾਮ ਕੰਮ ਤਾਂ ਦਿੰਦਾ ਹੈ ਪਰ ਆਪਣੀਆਂ ਸ਼ਰਤਾਂ ’ਤੇ, ਉਹ ਮਜ਼ਦੂਰ ਨੂੰ ਘੱਟ ਤੋਂ ਘੱਟ ਉਜਰਤ ਦੇ ਕੇ ਵੱਧ ਤੋਂ ਵੱਧ ਕੰਮ ਲੈਣ ਦੇ ਨਿਯਮ ’ਤੇ ਕੰਮ ਕਰਦਾ ਹੈ, ਉਹ ਉਸ ਦਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਅਧਿਕਾਰ ਵਿਚ ਰੱਖਦਾ ਹੈ, ਮਨੁੱਖ ਕੋਲ ਵੇਲੇ ਸਿਰ ਕੰਮ ’ਤੇ ਆਉਣ-ਜਾਣ ਅਤੇ ਨੀਂਦ ਪੂਰੀ ਕਰਨ ਦਾ ਸਮਾਂ ਹੀ ਬਚਦਾ ਹੈ, ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ ਖ਼ੁਸ਼ੀਆਂ ਲਈ ਚਾਹੀਦਾ ਸਮਾਂ ਸੀਮਤ ਹੁੰਦਾ ਜਾਂਦਾ ਹੈ। ਨਿਜ਼ਾਮ ਨੂੰ ਇਸ ਦੀ ਕੋਈ ਪਰਵਾਹ ਨਹੀਂ ਕਿ ਜੇ ਉਸ ਲਈ ਹੱਡ ਭੰਨਵੀਂ ਮਿਹਨਤ ਕਰਦਾ ਮਜ਼ਦੂਰ ਬਿਮਾਰ ਹੋ ਜਾਵੇ ਤਾਂ ਉਸ ਦਾ ਇਲਾਜ ਕਿਵੇਂ ਹੋਵੇਗਾ, ਜੇ ਉਹ (ਮਜ਼ਦੂਰ) ਕਰਜ਼ੇ ਹੇਠ ਦਬੇ ਰਹਿਣ ਦੀ ਮਾਨਸਿਕ ਪੀੜ ਸਹਿੰਦਾ ਹੈ ਤਾਂ ਉਹ ਕਿਹੋ ਜਿਹਾ ਜੀਵਨ ਜੀਵੇਗਾ। ਅਜਿਹੀਆਂ ਸਥਿਤੀਆਂ ਵਿਚ ਨੌਜਵਾਨਾਂ ਨੇ ਹਮੇਸ਼ਾਂ ਬਗ਼ਾਵਤ ਕੀਤੀ ਹੈ, ਉਨ੍ਹਾਂ ਨੇ ਰਾਜਾਸ਼ਾਹੀਆਂ, ਤਾਨਾਸ਼ਾਹਾਂ ਅਤੇ ਜਾਗੀਰਦਾਰੀ ਵਿਰੁੱਧ ਵਿਦਰੋਹ ਦੇ ਝੰਡੇ ਬੁਲੰਦ ਕੀਤੇ ਅਤੇ ਸਰਮਾਏਦਾਰੀ ਵਿਰੁੱਧ ਬਗ਼ਾਵਤਾਂ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
        ਨੌਜਵਾਨਾਂ ਵਿਚ ਬਗ਼ਾਵਤ ਦਾ ਰੂਪ ਕਦੇ ਇਕੋ ਜਿਹਾ ਨਹੀਂ ਹੁੰਦਾ, ਕਦੇ ਇਹ ਸਕਾਰਾਤਮਕ ਹੁੰਦਾ ਹੈ ਅਤੇ ਕਦੇ ਨਕਾਰਾਤਮਕ । 1960ਵਿਆਂ ਤੇ 70ਵਿਆਂ ਵਿਚ ਇੰਗਲੈਂਡ ਵਿਚ ਘੋਨਮੋਨੇ ਸਿਰਾਂ (Skin headed) ਵਾਲੇ ਗੋਰੇ ਨੌਜਵਾਨਾਂ ਨੇ ਪਰਵਾਸੀਆਂ ਵਿਰੁੱਧ ਹਿੰਸਾ ਕਰਨ ਦਾ ਬੀੜਾ ਚੁੱਕਿਆ ਅਤੇ ਇਹ ਰੁਝਾਨ ਕਈ ਦੇਸ਼ਾਂ ਵਿਚ ਉੱਭਰਿਆ। ਸਕਾਰਾਤਮਕ ਪੱਖ ਤੋਂ ਰੂਸ ਵਿਚ ਜ਼ਾਰਸ਼ਾਹੀ ਵਿਰੁੱਧ ਕਈ ਰੂਪਾਂ ਵਿਚ ਵਿਦਰੋਹ ਹੋਇਆ, ਰਵਾਇਤ, ਜ਼ਾਰਸ਼ਾਹੀ, ਜਾਗੀਰਦਾਰੀ, ਉੱਭਰ ਰਹੀ ਸਰਮਾਏਦਾਰੀ, ਧਰਮ ਅਤੇ ਪਰਿਵਾਰ ਵਿਚ ਭਰੋਸਾ ਖੋ ਚੁੱਕੇ ਨੌਜਵਾਨਾਂ ਨੇ 19ਵੀਂ ਸਦੀ ਵਿਚ ਕਈ ਤਰ੍ਹਾਂ ਨਾਲ ਵਿਦਰੋਹ ਕੀਤਾ, ਨੌਜਵਾਨਾਂ ਦੇ ਕਈ ਟੋਲੇ ਨਾਂਹਵਾਦੀ (nihilists) ਅਖਵਾਏ, ਉਨ੍ਹਾਂ ਦੀ ਵਿਚਾਰਧਾਰਾ ਕਈ ਤਰ੍ਹਾਂ ਦੇ ਅਰਾਜਕਤਾਵਾਦੀਆਂ ਤੋਂ ਪ੍ਰਭਾਵਿਤ ਸੀ। ਫਿਰ ਕਮਿਊਨਿਸਟ ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ, ਫ਼ੌਜੀਆਂ, ਵਿਦਵਾਨਾਂ ਆਦਿ ਨੇ ਮਿਲ ਕੇ ਵਿਦਰੋਹ ਦੀ ਵਾਗਡੋਰ ਸੰਭਾਲੀ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਨੌਜਵਾਨਾਂ ਦਾ ਵਿਦਰੋਹ ਅਸ਼ਫਾਕਉੱਲਾ ਖ਼ਾਨ, ਰਾਮ ਪ੍ਰਸਾਦ ਬਿਲਮਿਲ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ, ਭਗਵਤੀ ਚਰਨ ਵੋਹਰਾ ਅਤੇ ਹੋਰ ਅਨੇਕ ਨੌਜਵਾਨਾਂ ਦੀਆਂ ਕੁਰਬਾਨੀਆਂ ਦੇ ਰੂਪ ਵਿਚ ਪ੍ਰਗਟ ਹੋਇਆ।
       ਨੌਜਵਾਨ ਮਨ ਸਮਾਜਿਕ ਅਨਿਆਂ ਵਿਰੁੱਧ ਬਗ਼ਾਵਤਾਂ ਕਰਦਾ ਹੈ, ਕਈ ਵਾਰ ਸਹੀ ਦਿਸ਼ਾ ਵਿਚ ਅਤੇ ਕਈ ਵਾਰ ਭਟਕਦਾ ਹੋਇਆ। ਕਈ ਵਾਰ ਵਿਚਾਰਧਾਰਕ ਤੇ ਧਾਰਮਿਕ ਕੁੜੱਤਣ ਉਸ ਨੂੰ ਦੂਰ-ਦਰਾਜ਼ ਜਾਂਦੇ ਰਸਤਿਆਂ ’ਤੇ ਲੈ ਜਾਂਦੀ ਹੈ ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਆਧੁਨਿਕ ਖਪਤਕਾਰੀ (Consumerist) ਸਮਾਜ ਸਥਿਤੀ ਨੂੰ ਹੋਰ ਜਟਿਲ ਬਣਾਉਂਦਾ ਹੈ। ਇਸ ਸਮਾਜ ਵਿਚ ਨੌਜਵਾਨ ਆਧੁਨਿਕ ਵਸਤਾਂ, ਕਾਰਾਂ, ਹਥਿਆਰਾਂ ਆਦਿ ਦੀ ਵਰਤੋਂ ਕਰਨ ਵਾਲਾ ਖਪਤਕਾਰ ਵੀ ਬਣਨਾ ਚਾਹੁੰਦਾ ਹੈ ਤੇ ਇਸ ਰੁਝਾਨ ਦਾ ਵਿਰੋਧੀ ਵੀ।
       ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿਚ ਅੱਜ ਵੀ ਰੋਸ ਤੇ ਰੋਹ ਹੈ। ਕਿਤੇ ਉਹ ਪਾਣੀਆਂ ਦੀਆਂ ਟੈਂਕੀਆਂ ’ਤੇ ਚੜ੍ਹਦੇ ਹਨ ਅਤੇ ਕਿਤੇ ਧਰਨੇ-ਮੁਜ਼ਾਹਰੇ ਕਰਦੇ ਹਨ। ਉਨ੍ਹਾਂ ਵਿਚ ਏਕਤਾ ਕਾਇਮ ਕਰਨ ਦੀ ਥਾਂ ਹਰ ਜਮਹੂਰੀ ਜਥੇਬੰਦੀ ਤੇ ਪਾਰਟੀ ਦੀ ਪਹੁੰਚ ਵਿਚਾਰਧਾਰਕ ਅੜਿੱਕੇ ਪਾ ਕੇ ਆਪਣੀ ਪੈਂਠ ਬਣਾਉਣ ਤਕ ਸੀਮਤ ਹੋ ਗਈ ਹੈ। ਵਿਚਾਰਕ ਕੱਟੜਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਬੇਗਾਨੇ ਵੀ ਕੀਤਾ ਹੈ। ਨਤੀਜੇ ਵਜੋਂ ਧਾਰਮਿਕ ਬੁਨਿਆਦਪ੍ਰਸਤੀ (fundamentalism) ਦੀ ਵਿਚਾਰਧਾਰਾ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਇਹ ਬੁਨਿਆਦਪ੍ਰਸਤੀ ਧਾਰਮਿਕ ਕੱਟੜਤਾ ਉਪਜਾਉਂਦੀ ਹੈ ਅਤੇ ਨੌਜਵਾਨਾਂ ਦੇ ਮਨਾਂ ਵਿਚ ਇਕ ਰਹੱਸਵਾਦੀ ਬਿਰਾਦਰੀ ਦੇ ਮੈਂਬਰ ਹੋਣ ਦਾ ਸੁਪਨਾ ਬੁਣਦੀ ਹੈ, ਇਹ ਗੱਲ ਵੱਖਰੀ ਹੈ ਕਿ ਕੱਟੜਤਾ ਕਦੇ ਵੀ ਕਿਸੇ ਧਰਮ ਦਾ ਮੂਲ ਸਰੂਪ ਨਹੀਂ ਹੁੰਦੀ, ਇਹ (ਧਾਰਮਿਕ ਕੱਟੜਤਾ) ਨੌਜਵਾਨਾਂ ਤੇ ਹੋਰ ਲੋਕਾਂ ਨੂੰ ਜਜ਼ਬਾਤੀ ਬਣਾ ਕੇ ਕੁਝ ਵਿਅਕਤੀਆਂ ਲਈ ਸਮਾਜਿਕ ਤੇ ਧਾਰਮਿਕ ਤਾਕਤ ਹਥਿਆਉਣ ਅਤੇ ਸਿਆਸੀ ਲਾਹਾ ਲੈਣ ਦਾ ਹਥਿਆਰ ਹੈ।
ਅਜਿਹੇ ਹਾਲਾਤ ਵਿਚ ਇਕ ਤਾਂ ਸਰਮਾਏਦਾਰੀ ਨਿਜ਼ਾਮ ਦੀ ਚਾਂਦੀ ਹੈ ਅਤੇ ਦੂਸਰੀ ਉਸ ਦੁਆਰਾ ਬਣਾਈ ਗਈ ਮੈਨੇਜਰਾਂ ਤੇ ਨੌਕਰਸ਼ਾਹਾਂ ਦੀ ਫ਼ੌਜ ਦੀ। ਮਜ਼ਦੂਰ ਜਮਾਤ ਦੀ ਅਗਵਾਈ ਕਰਨ ਵਾਲੀ ਟਰੇਡ ਯੂਨੀਅਨ ਲਹਿਰ ਕਮਜ਼ੋਰ ਪੈ ਚੁੱਕੀ ਹੈ ਅਤੇ ਉਸ ਦੇ ਆਗੂ ਮੈਨੇਜਰ/ਨੌਕਰਸ਼ਾਹ ਜਮਾਤ ਵਰਗੇ ਹੋ ਚੁੱਕੇ ਹਨ। ਕਿਸਾਨ ਲਹਿਰ ਦੇ ਪਸਾਰਾਂ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਅੰਦਰੂਨੀ ਫੁੱਟ ਨੇ ਇਸ ਦੇ ਇਨਕਲਾਬੀ ਖ਼ਾਸੇ ਨੂੰ ਖ਼ੋਰਾ ਲਾਇਆ ਹੈ। ਗ਼ੈਰ-ਰਸਮੀ ਖੇਤਰਾਂ ਵਿਚ ਕੰਮ ਕਰਦੇ ਅਤੇ ਦਲਿਤ ਨੌਜਵਾਨਾਂ ਦੀ ਸ਼ਕਤੀ ਸੰਗਠਿਤ ਰੂਪ ਲੈਂਦੀ ਦਿਖਾਈ ਨਹੀਂ ਦਿੰਦੀ। ਵਿਚਾਰਧਾਰਕ ਪੱਧਰ ’ਤੇ ਜਮਹੂਰੀ ਖ਼ਾਸੇ ਦੀ ਸਭ ਤੋਂ ਵੱਡੀ ਦੁਸ਼ਮਣ ਵਿਚਾਰਧਾਰਕ ਅਤੇ ਧਾਰਮਿਕ ਕੱਟੜਤਾ ਹੁੰਦੀ ਹੈ। ਕੱਟੜਤਾ ਦਾ ਸ਼ਿਕਾਰ ਹੋਏ ਨੌਜਵਾਨ ਕੁਝ ਦਿਨ ਉਸ ਕੱਟੜਤਾ ਤੋਂ ਪੈਦਾ ਹੁੰਦੀ ਊਰਜਾ ਦੇ ਸਿਰ ’ਤੇ ਨਾਇਕ ਬਣਦੇ ਹਨ ਅਤੇ ਬਾਅਦ ਵਿਚ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ। ਕੱਟੜਤਾ ’ਚੋਂ ਪੈਦਾ ਹੁੰਦੀ ਭਟਕਣ ਕਈ ਤਰ੍ਹਾਂ ਦੀਆਂ ਵਕਤੀ ਖ਼ੁਸ਼ਫਹਿਮੀਆਂ ਤੇ ਭਰਮ-ਭੁਲਾਵੇ ਪੈਦਾ ਕਰਦੀ ਹੈ।
       ਅੱਜ ਪੰਜਾਬ ਦਾ ਨੌਜਵਾਨ ਆਪਣੇ ਹੋਣ ਦੀ ਜ਼ਮੀਨ ਨੂੰ ਲੱਭ ਰਿਹਾ ਹੈ। ਉਸ ਨੂੰ ਇਹ ਜ਼ਮੀਨ ਬਾਬਾ ਨਾਨਕ-ਬੁੱਲ੍ਹੇ ਸ਼ਾਹ-ਭਗਤੀ ਲਹਿਰ ਦੇ ਸੰਤਾਂ ਤੇ ਸੂਫ਼ੀਆਂ ਦੁਆਰਾ ਪੈਦਾ ਕੀਤੀ ਵਿਚਾਰਧਾਰਾ ’ਚੋਂ ਮਿਲਣੀ ਹੈ। ਬਾਬਾ ਜੀ ਨੇ ਸਾਨੂੰ ਸੱਚ ਨੂੰ ਅਪਣਾਉਣ ਲਈ ਪ੍ਰੇਰਿਆ ਹੈ, ‘‘ਸਚੁ ਤਾ ਪਰ ਜਾਨੀਐ ਜਾ ਰਿਦੈ ਸਚਾ ਹੋਇ।’’ ਭਾਵ ਆਦਮੀ ਤਾਹੀਂ ਸੱਚਾ ਜਾਣਿਆ ਜਾਂਦਾ ਹੈ ਜੇ ਉਸ ਦੇ ਦਿਲ ਵਿਚ ਸੱਚ ਹੋਵੇ। ਪੰਜਾਬ ਦੇ ਨੌਜਵਾਨਾਂ ਨੂੰ ਸੱਚੇ ਦਿਲਾਂ ਨਾਲ ਬਾਬਾ ਨਾਨਕ ਜੀ ਦੀ ਪੈਦਾ ਕੀਤੀ ਸਾਂਝੀਵਾਲਤਾ, ਸਮਾਜਿਕ ਬਰਾਬਰੀ ਅਤੇ ਅਨਿਆਂ ਵਿਰੁੱਧ ਲੜਨ ਦੀ ਜ਼ਮੀਨ ਵੱਲ ਪਰਤਣ ਦੀ ਲੋੜ ਹੈ।
       ਉੱਪਰ ਦਿੱਤੀ ਦਲੀਲ ਦੇਣੀ ਆਸਾਨ ਹੈ ਪਰ ਹਕੀਕੀ ਪੱਧਰ ’ਤੇ ਇਸ ਨੂੰ ਅਮਲ ਵਿਚ ਲਿਆਉਣਾ ਬਹੁਤ ਮੁਸ਼ਕਲ ਹੈ। ਕਾਵਿਕ-ਸ਼ਬਦਾਂ, ਪ੍ਰਤੀਕਾਂ, ਲਿਬਾਸਾਂ, ਗੀਤਾਂ, ਸੋਸ਼ਲ ਮੀਡੀਆ ਪੋਸਟਾਂ ਆਦਿ ਰਾਹੀਂ ਨੌਜਵਾਨਾਂ ਦਾ ਰੋਹ ਪ੍ਰਗਟ ਤਾਂ ਹੁੰਦਾ ਹੈ ਪਰ ਹਕੀਕੀ ਸੰਸਾਰ ਵਿਚ ਉਨ੍ਹਾਂ ਨੂੰ ਅਜਿਹੀਆਂ ਜਿੱਤਾਂ ਨਹੀਂ ਮਿਲਦੀਆਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ। ਸਮਾਜ ਦੀ ਵਾਗਡੋਰ ਅਜਿਹੀ ਆਰਥਿਕਤਾ ਅਤੇ ਸਿਆਸਤ ਦੇ ਹੱਥਾਂ ਵਿਚ ਹੈ ਜੋ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਸਮੱਸਿਆਵਾਂ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਬੇਰੁਜ਼ਗਾਰੀ ਅਜੋਕੇ ਆਰਥਿਕ-ਸਿਆਸੀ ਨਿਜ਼ਾਮ ਨੂੰ ਇਸ ਲਈ ਰਾਸ ਆਉਂਦੀ ਹੈ ਕਿ ਇਸ ਨਾਲ ਉਸ ਨੂੰ ਬਹੁਤ ਘੱਟ ਉਜਰਤ ’ਤੇ ਕੰਮ ਕਰਨ ਵਾਲੇ ਕਾਮੇ ਮਿਲਦੇ ਹਨ। ਵਿਚਾਰਧਾਰਕ ਕੱਟੜਤਾ ਜਥੇਬੰਦ ਹੋ ਰਹੀ ਨੌਜਵਾਨ ਸ਼ਕਤੀ ਵਿਚ ਏਕਤਾ ਨਹੀਂ ਬਣਨ ਦਿੰਦੀ ਅਤੇ ਧਾਰਮਿਕ ਕੱਟੜਤਾ ਦਾ ਫ਼ਾਇਦਾ ਇਹ ਹੈ ਕਿ ਜਜ਼ਬਾਤੀ ਹੋਏ ਨੌਜਵਾਨ ਤੇ ਹੋਰ ਲੋਕ ਆਪਣੇ ਬੁਨਿਆਦੀ ਮਸਲੇ ਉਠਾਉਣ ਦੀ ਥਾਂ ਧਰਮਾਂ ਦੇ ਆਧਾਰ ’ਤੇ ਇਕ-ਦੂਜੇ ਨਾਲ ਉਲਝਦੇ ਰਹਿੰਦੇ ਹਨ।
ਨੌਜਵਾਨ-ਸ਼ਕਤੀ ਨੂੰ ਗੰਭੀਰ ਆਤਮ-ਮੰਥਨ ਦੀ ਜ਼ਰੂਰਤ ਹੈ। ਪੰਜਾਬ ਦਾ ਭਵਿੱਖ ਨੌਜਵਾਨਾਂ ਵਿਚ ਸਾਕਾਰ ਹੋਣਾ ਹੈ। 1980ਵਿਆਂ ਦੀ ਪੀੜ੍ਹੀ ਸਰਕਾਰੀ ਅਤੇ ਅਤਿਵਾਦ ਦਾ ਸ਼ਿਕਾਰ ਹੋਈ ਅਤੇ ਅਗਲੇ ਦੋ ਦਹਾਕੇ ਨਸ਼ਿਆਂ ਦੇ। ਹਾਲਾਤ ਤੋਂ ਡਰੇ ਮਾਪੇ ਨੌਜਵਾਨਾਂ ਨੂੰ ਪ੍ਰਦੇਸਾਂ ਵਿਚ ਭੇਜ ਕੇ ਸੁਰਖਰੂ ਹੋਣਾ ਚਾਹੁੰਦੇ ਹਨ। ਯਤਨ ਕਰਨ ’ਤੇ ਵੀ ਵੱਧ ਸਾਧਨਾਂ ਵਾਲੇ ਪਰਿਵਾਰਾਂ ਦੀ ਔਲਾਦ ਨੇ ਹੀ ਪਰਵਾਸ ਕਰਨਾ ਹੈ, ਘੱਟ ਸਾਧਨਾਂ ਵਾਲੇ ਪਰਿਵਾਰਾਂ ਦੇ ਨੌਜਵਾਨਾਂ ਨੇ ਪੰਜਾਬ ਵਿਚ ਰਹਿਣਾ ਅਤੇ ਇਸ ਦੀ ਭੋਇੰ ਦੇ ਭਵਿੱਖ ਦੇ ਬੀਜ ਬਣਨਾ ਹੈ। ਪੰਜਾਬ ਦੀ ਸਿਆਸੀ ਜਮਾਤ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਣ ਤੇ ਸੋਚਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਹੋ ਜਿਹਾ ਭਵਿੱਖ ਦੇਣਾ ਹੈ।