ਇਆਨ ਜੈਕ ਦੇ ਕਿਆ ਕਹਿਣੇ -  ਰਾਮਚੰਦਰ ਗੁਹਾ

ਇਆਨ ਜੈਕ ਅੰਤਾਂ ਦੀ ਪੇਸ਼ੇਵਾਰ ਸੋਝੀ ਤੇ ਸ਼ਾਨਦਾਰ ਨਿੱਜੀ ਸਲੀਕੇ ਦਾ ਸੁਮੇਲ ਸੀ। ਉਹ ਆਪਣੀ ਪੀੜ੍ਹੀ ਦੇ ਮਹਾਨਤਮ ਕਾਲਮ ਨਵੀਸ ਅਤੇ ਸਾਹਿਤਕ ਸੰਪਾਦਕ ਹੀ ਨਹੀਂ ਸਨ ਸਗੋਂ ਬਹੁਤ ਹੀ ਵਧੀਆ ਤੇ ਨਿੱਘੇ ਸੁਭਾਅ ਵਾਲੇ ਇਨਸਾਨ ਵੀ ਸਨ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਸੁਆਦ ਆ ਜਾਂਦਾ ਸੀ। ਇਆਨ ਦਾ ਪੁਸ਼ਤੈਨੀ ਪਿਛੋਕੜ ਸਕਾੱਟਿਸ਼ ਸੀ ਪਰ ਸੁਭਾਅ ਪੱਖੋਂ ਉਹ ਬ੍ਰਿਟਿਸ਼ ਸਨ ਤੇ ਭਾਰਤ ਵਿੱਚ ਉਨ੍ਹਾਂ ਦੀ ਲੰਮੇ ਚਿਰ ਤੋਂ ਦਿਲਚਸਪੀ ਬਣੀ ਹੋਈ ਸੀ।

     ਆਪਣੀ ਜ਼ਿੰਦਗੀ ਵਿੱਚ ਮੈਂ ਕਈ ਬੇਮਿਸਾਲ ਬੰਦਿਆਂ- ਮਾਣਮੱਤੇ ਵਿਦਵਾਨਾਂ, ਲੇਖਕਾਂ, ਖਿਡਾਰੀਆਂ, ਵਿਗਿਆਨੀਆਂ, ਉੱਦਮੀਆਂ, ਸਿਆਸਤਦਾਨਾਂ ਤੇ ਕਾਰਕੁਨਾਂ ਨੂੰ ਮਿਲਿਆ ਹਾਂ। ਇਨ੍ਹਾਂ ਸਾਰਿਆਂ ਅੰਦਰ ਮੈਂ ਸਵੈਮਾਣ ਦੀ ਭਾਵਨਾ ਭਰੀ ਦੇਖੀ ਹੈ। ਆਮ ਭਾਸ਼ਾ ’ਚ ਕਹਿਣਾ ਹੋਵੇ ਤਾਂ ਇਹ ‘ਆਪਣੇ ਆਪ ਨੂੰ ਬਹੁਤ ਫੰਨੇ ਖਾਂ ਸਮਝਦੇ ਨੇ’। ਇਨ੍ਹਾਂ ’ਚੋਂ ਕੁਝ ਨੂੰ ਵੱਡੀਆਂ ਫੜਾਂ ਮਾਰਨ ਦੀ ਆਦਤ ਹੈ, ਜਦੋਂ ਕਿ ਕੁਝ ਦੂਜੇ ਮਾੜੀ ਮੋਟੀ ਸ਼ੇਖੀ ਮਾਰ ਦਿੰਦੇ ਹਨ। ਉਂਝ, ਇਨ੍ਹਾਂ ਨੂੰ ਮਿਲਣ ਸਾਰ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਆਪਣੇ ਆਪ ਨੂੰ ਕਿੰਨਾ ਜ਼ਿਆਦਾ ਮਹੱਤਵ ਦਿੰਦੇ ਹਨ।
       ਹੁਣ ਤੱਕ ਮੈਂ ਸੈਂਕੜੇ ਸਫ਼ਲ ਜਾਂ ਮਸ਼ਹੂਰ ਬੰਦਿਆਂ ਨੂੰ ਮਿਲਿਆ ਹਾਂ ਪਰ ਮੇਰੇ ਸੰਪਰਕ ’ਚ ਦੋ ਬੰਦੇ ਹੀ ਅਜਿਹੇ ਹਨ ਜਿਨ੍ਹਾਂ ’ਤੇ ਇਹ ਨੇਮ ਨਹੀਂ ਢੁਕਾਇਆ ਜਾ ਸਕਦਾ। ਇੱਕ ਹਨ ਕ੍ਰਿਕਟਰ ਜੀ ਆਰ ਵਿਸ਼ਵਨਾਥ। ਦੂਜੇ ਸਨ ਲੇਖਕ ਇਆਨ ਜੈਕ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋਇਆ ਹੈ। ਵਿਸ਼ੀ ਵਾਂਗ ਹੀ ਇਆਨ ਵੀ ਅੰਤਾਂ ਦੀ ਪੇਸ਼ੇਵਾਰ ਸੋਝੀ ਤੇ ਸ਼ਾਨਦਾਰ ਨਿੱਜੀ ਸਲੀਕੇ ਦਾ ਸੁਮੇਲ ਸੀ। ਇਆਨ ਆਪਣੀ ਪੀੜ੍ਹੀ ਦੇ ਮਹਾਨਤਮ ਕਾਲਮ ਨਵੀਸ ਅਤੇ ਸਾਹਿਤਕ ਸੰਪਾਦਕ ਹੀ ਨਹੀਂ ਸਨ ਸਗੋਂ ਬਹੁਤ ਹੀ ਵਧੀਆ ਤੇ ਨਿੱਘੇ ਸੁਭਾਅ ਵਾਲੇ ਇਨਸਾਨ ਵੀ ਸਨ। ਜੇ ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਸੁਆਦ ਆ ਜਾਂਦਾ ਸੀ ਤਾਂ ਉਨ੍ਹਾਂ ਨੂੰ ਜਾਣਨਾ ਵੀ ਖ਼ੁਸ਼ੀ ਤੇ ਫ਼ਖ਼ਰ ਵਾਲੀ ਗੱਲ ਸੀ।
       ਇਆਨ ਦਾ ਪੁਸ਼ਤੈਨੀ ਪਿਛੋਕੜ ਸਕਾੱਟਿਸ਼ ਸੀ ਪਰ ਸੁਭਾਅ ਪੱਖੋਂ ਉਹ ਬ੍ਰਿਟਿਸ਼ ਸਨ ਤੇ ਭਾਰਤ ਵਿੱਚ ਉਨ੍ਹਾਂ ਦੀ ਲੰਮੇ ਚਿਰ ਤੋਂ ਦਿਲਚਸਪੀ ਬਣੀ ਹੋਈ ਸੀ। 1970ਵਿਆਂ ਉਹ ‘ਸੰਡੇ ਟਾਈਮਜ਼’ ਅਖ਼ਬਾਰ ਦੇ ਰਿਪੋਰਟਰ ਵਜੋਂ ਇੱਥੇ ਆਏ ਸਨ ਅਤੇ ਬਾਅਦ ਵਿੱਚ ਵੀ ਕਈ ਵਾਰ ਆਉਂਦੇ ਜਾਂਦੇ ਰਹੇ। ਉਨ੍ਹਾਂ ਦੇ ਸਭ ਤੋਂ ਕਰੀਬੀ ਮਿੱਤਰਾਂ ਵਿੱਚ ਦੋ ਭਾਰਤੀ ਸ਼ਾਮਲ ਸਨ ਜਿਨ੍ਹਾਂ ਵਿੱਚ ਨਾਰੀਵਾਦੀ ਪ੍ਰਕਾਸ਼ਕ ਉਰਵਸ਼ੀ ਬੁਟਾਲੀਆ ਅਤੇ ਦਸਤਾਵੇਜ਼ੀ ਫਿਲਮਸਾਜ਼ ਨਸਰੀਨ ਮੁੰਨੀ ਕਬੀਰ ਸ਼ਾਮਲ ਸਨ। ਉਹ ਬੰਗਾਲ ਤੇ ਬੰਗਾਲੀਆਂ ਨੂੰ ਵੀ ਪਸੰਦ ਕਰਦੇ ਸਨ। ਹਾਲਾਂਕਿ ਉਨ੍ਹਾਂ ਨੂੰ ਭਾਰਤੀ ਰੇਲਗੱਡੀਆਂ ਵਿੱਚ ਸਫ਼ਰ ਕਰਨ ਤੇ ਕਸਬਿਆਂ ਵਿੱਚ ਜਾਣ ਦਾ ਸ਼ੌਕ ਸੀ ਪਰ ਉਨ੍ਹਾਂ ਦੀ ਪੱਕੀ ਧਾਰਨਾ ਸੀ ਕਿ ‘ਰਹਿਣ ਸਹਿਣ ਲਈ ਕੋਲਕਾਤਾ ਸ਼ਾਇਦ ਭਾਰਤ ਦਾ ਸਭ ਤੋਂ ਵੱਧ ਦਿਲਚਸਪ ਸ਼ਹਿਰ ਹੈ (ਬਸ਼ਰਤੇ ਤੁਹਾਡੇ ਕੋਲ ਥੋੜ੍ਹਾ ਪੈਸਾ ਹੋਣਾ ਚਾਹੀਦਾ ਹੈ)।’
         ਮੁੰਨੀ ਕਬੀਰ ਨੇ ਹੀ 1990ਵਿਆਂ ਦੇ ਅਖੀਰ ਵਿੱਚ ਮੈਨੂੰ ਇਆਨ ਜੈਕ ਅਤੇ ਉਨ੍ਹਾਂ ਦੀ ਪਤਨੀ ਲਿੰਡੀ ਸ਼ਾਰਪ ਨਾਲ ਮਿਲਵਾਇਆ ਸੀ। ਉਸ ਤੋਂ ਬਾਅਦ ਅਸੀਂ ਲੰਡਨ ਤੇ ਬੰਗਲੌਰ ਵਿੱਚ ਮਿਲੇ ਅਤੇ ਸਬੱਬੀਂ ਕੁਝ ਹੋਰਨਾਂ ਥਾਵਾਂ ’ਤੇ ਵੀ ਮਿਲਦੇ ਰਹੇ ਸਾਂ। ਸਾਡੇ ਦਰਮਿਆਨ ਬੱਝਵੀਂ ਖਤੋ-ਕਿਤਾਬਤ ਚਲਦੀ ਰਹੀ। ਅਕਤੂਬਰ 2014 ਵਿੱਚ ਗਾਂਧੀ ਦੀ ਜੀਵਨੀ ਲਈ ਖੋਜ ਕਰਦਿਆਂ ਮੈਂ ਇਆਨ ਨੂੰ ਪੱਤਰ ਲਿਖ ਕੇ ਪੁੱਛਿਆ: ‘1921 ਵਿੱਚ ਉਨ੍ਹਾਂ ਦੀ ਪਹਿਲੀ ਵੱਡੀ ਨਾ-ਮਿਲਵਰਤਣ ਲਹਿਰ ਵੇਲੇ ਬਰਤਾਨਵੀ ਪ੍ਰੈਸ ਵਿੱਚ ਉਨ੍ਹਾਂ ਬਾਰੇ ਕਾਫ਼ੀ ਮੰਦਾ ਲਿਖਿਆ ਗਿਆ ਸੀ ਪਰ ‘ਗਲਾਸਗੋ ਹੈਰਲਡ’ ਦਾ ਮੁਲਾਂਕਣ ਬਹੁਤ ਹੀ ਸਾਵਾਂ ਤੇ ਸੋਚ ਭਰਪੂਰ ਸੀ। ਇਹ ਕਿਹੋ ਜਿਹਾ ਅਖ਼ਬਾਰ ਸੀ? ਕੀ ਇਹ ਉਦਾਰਵਾਦੀ ਸੀ ਜਾਂ ਖੱਬੇ ਪੱਖੀ?’
       ਇਸ ਸੰਖੇਪ ਜਿਹੇ ਸਵਾਲ ਦਾ ਇਆਨ ਜੈਕ ਵੱਲੋਂ ਬਹੁਤ ਵਿਸਥਾਰਤ ਤੇ ਡੂੰਘਾ ਜਵਾਬ ਮਿਲਿਆ। ਮੈਂ ਚਾਹੁੰਦਾ ਹਾਂ ਕਿ ਉਸ ਨੂੰ ਪੂਰੇ ਵਿਸਥਾਰ ਵਿੱਚ ਪੇਸ਼ ਕਰਾਂ। ਉਨ੍ਹਾਂ ਮੈਨੂੰ ਦੱਸਿਆ ਕਿ ਜਦੋਂ 1965 ਵਿੱਚ ਉਹ ‘ਹੈਰਲਡ’ ਨਾਲ ਜੁੜੇ ਸਨ ਤਾਂ ਦਰਅਸਲ ਇਹ ਇਕ ਕੰਜ਼ਰਵੇਟਿਵ ਤੇ ਕਾਰੋਬਾਰ ਪੱਖੀ ਅਖ਼ਬਾਰ ਸੀ ਅਤੇ ਸ਼ਹਿਰ ਦੇ ਤੇਜ਼ੀ ਨਾਲ ਖੁਰ ਰਹੇ ਸਨਅਤੀ ਪਿਛੋਕੜ ਉਪਰ ਮਾਣ ਕਰਦਾ ਸੀ। ਇਸ ਦੇ ਜਹਾਜ਼ਰਾਨੀ ਖੇਤਰ ਬਾਰੇ ਦੋ ਦੋ ਪੱਤਰਕਾਰ ਸਨ। ਇਹ ਟਰੇਡ ਯੂਨੀਅਨਾਂ ਨੂੰ ਪਸੰਦ ਨਹੀਂ ਕਰਦਾ ਸੀ... ਇਸ ਦੇ ਦੋ ਮੋਹਰੀ ਲੇਖਕਾਂ ’ਚੋਂ ਇੱਕ ਪਾਰਲੀਮੈਂਟ ਲਈ ਟੋਰੀ ਪਾਰਟੀ ਦਾ ਉਮੀਦਵਾਰ ਬਣ ਗਿਆ ਸੀ। ਉਸ ਵੇਲੇ ਜੌਰਜ ਮੈਕਡੋਨਲਡ ਫ੍ਰੇਜ਼ਰ ਡਿਪਟੀ ਐਡੀਟਰ ਸੀ ਜਿਸ ਨੇ ‘ਫਲੈਸ਼ਮੈਨ’ ਨਾਵਲ ਲੜੀ ਲਿਖ ਕੇ ਬਹੁਤ ਸ਼ੋਹਰਤ ਤੇ ਦੌਲਤ ਕਮਾਈ ਸੀ ਤੇ ਜਿਸ ਵਿੱਚ ਬਰਤਾਨਵੀ ਸਾਮਰਾਜ ਪ੍ਰਤੀ ਬਹੁਤਾ ਤਿੱਖਾ ਤਾਂ ਨਹੀਂ ਪਰ ਚੁਭਵਾਂ ਜਿਹਾ ਰੁਖ਼ ਅਪਣਾਇਆ ਗਿਆ ਸੀ।
       ਇਆਨ ਨੇ ਅੱਗੇ ਲਿਖਿਆ ਕਿ ‘1921 ਦੀ ਤਸਵੀਰ ਥੋੜ੍ਹੀ ਵੱਖਰੀ ਨਜ਼ਰ ਆਉਂਦੀ ਸੀ। ਉਸ ਵੇਲੇ ਸਰ ਰੌਬਰਟ ਬਰੂਸ ਸੰਪਾਦਕ ਸਨ ਜਿਨ੍ਹਾਂ ਦੀ ਲਾਇਡ ਜੌਰਜ (ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ) ਨਾਲ ਦੋਸਤੀ ਹੋਣ ਕਰ ਕੇ ਉਨ੍ਹਾਂ ਨੂੰ ਨਾਈਟ ਦਾ ਖ਼ਿਤਾਬ ਮਿਲਿਆ ਸੀ।’ ਉਨ੍ਹਾਂ ਅਖ਼ਬਾਰ ਦੇ ਹਵਾਲੇ ਨਾਲ ਦੱਸਿਆ ਕਿ ਬਰੂਸ ਦੀ ਮੁਹਾਰਤ ਘਰੋਗੀ ਮਾਮਲਿਆਂ ਵਿੱਚ ਸੀ ਅਤੇ ਬਾਹਰ ਜੋ ਕੁਝ ਚੱਲ ਰਿਹਾ ਸੀ, ਉਸ ਦੇ ਮੁਲਾਂਕਣ ਦੀ ਨਿਰਦੇਸ਼ਨਾ ਦਾ ਜ਼ਿੰਮਾ ਹੋਰਨਾਂ ਲੋਕਾਂ ਨੂੰ ਸੌਂਪਿਆ ਹੋਇਆ ਸੀ। ਇਸ ਲਈ ਇਹ ਉਹੀ ਲੇਖਕ ਹੋਣਗੇ ਜਿਨ੍ਹਾਂ ਨੇ ਗਾਂਧੀ ਬਾਰੇ ਲਿਖਿਆ ਸੀ ਤੇ ਉਨ੍ਹਾਂ ਨੂੰ ਕਾਫ਼ੀ ਹੱਦ ਤੱਕ ਆਜ਼ਾਦੀ ਹਾਸਲ ਸੀ। ਉਂਝ, ਅਖ਼ਬਾਰ ਦਾ ਆਮ ਵਤੀਰਾ ਹਮਦਰਦਾਨਾ ਬਿਲਕੁਲ ਨਹੀਂ ਕਿਹਾ ਜਾ ਸਕਦਾ।’
       ਇਆਨ ਜੈਕ ਦੀ ਇਸ ਨਿੱਜੀ ਮੇਲ ਤੋਂ ਉਨ੍ਹਾਂ ਦੀ ਜਨਤਕ ਲੇਖਣੀ ਦੇ ਸਾਰੇ ਲੱਛਣ ਸਾਫ਼ ਪ੍ਰਤੀਤ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਥਾਵਾਂ ਬਾਰੇ ਉਨ੍ਹਾਂ ਦੀ ਗਹਿਰੀ ਸੋਝੀ, ਸਮਾਜਿਕ ਤੇ ਸਿਆਸੀ ਇਤਿਹਾਸ ਦੇ ਸੁਮੇਲ ਦੀ ਉਨ੍ਹਾਂ ਦੀ ਕਾਬਲੀਅਤ, ਤਕਨਾਲੋਜੀ ਪ੍ਰਤੀ ਉਨ੍ਹਾਂ ਦਾ ਸ਼ੌਕ, ਮਨੁੱਖੀ ਕਿਰਦਾਰ ਦੀਆਂ ਰਮਜ਼ਾਂ ਵਿੱਚ ਦਿਲਚਸਪੀ, ਬਾਕੀ ਦੁਨੀਆ ਨਾਲ ਬਰਤਾਨੀਆ ਦੇ ਜਟਿਲ ਸੰਬੰਧਾਂ ਦੀ ਗਹਿਨ ਸਮਝ।
         ‘ਦਿ ਗਾਰਡੀਅਨ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਇੱਕ ਰੇਖਾ ਚਿੱਤਰ ਵਿੱਚ ਉਨ੍ਹਾਂ ਦੇ ਸਮਕਾਲੀ ਜੌਹਨ ਲਾਇਡ ਲਿਖਦੇ ਹਨ ਕਿ ਇਆਨ ਜੈਕ ਇੱਕ ਅਜਿਹਾ ਪੱਤਰਕਾਰ ਸੀ ਜਿਸ ਨੇ ਹਮੇਸ਼ਾ ਸੁਘੜ ਪਰ ਘੋਖਵੇਂ ਤਰੀਕੇ ਨਾਲ ਸੁਕਰਾਤ ਦੇ ਸੰਵਾਦ ਨੂੰ ਸਮਕਾਲੀ ਸ਼ਕਲ ਦਿੱਤੀ ਹੈ... ਜੋ ਗੁੱਝੇ ਅਰਥਾਂ ਦੀ ਤਲਾਸ਼ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਕੋਈ ਵੀ ਬਰਤਾਨਵੀ ਪੱਤਰਕਾਰ ਇਸ ਪੱਧਰ ’ਤੇ ਨਹੀਂ ਪਹੁੰਚ ਸਕਿਆ ਅਤੇ ਉਹ ਆਪਣੇ ਅੰਤਲੇ ਸਮੇਂ ਤੱਕ ਇਹੀ ਕਰਦੇ ਰਹੇ।’
       ਲਾਇਡ ਦੇ ਇਸ ਲੇਖ ਦੇ ਬਹੁਤ ਸਾਰੇ ਪਾਠਕਾਂ ਨੇ ਅਖ਼ਬਾਰ ਨੂੰ ਲਿਖਿਆ ਕਿ ਜਦੋਂ ਉਹ ‘ਸੈਟਰਡੇ ਗਾਰਡੀਅਨ’ ਖੋਲ੍ਹਦੇ ਸਨ ਤਾਂ ਸਭ ਤੋਂ ਪਹਿਲਾਂ ਇਆਨ ਜੈਕ ਦੇ ਲੇਖ ’ਤੇ ਨਜ਼ਰ ਜਾਂਦੀ ਸੀ, ਜਿਵੇਂ ਕਿਸੇ ਪਾਠਕ ਨੇ ਲਿਖਿਆ ਕਿ ਉਹ ‘ਗਾਰਡੀਅਨ’ ਦੇ ਬਿਤਹਰੀਨ ਲੇਖਕ ਸਨ ਤੇ ਮੀਲਾਂ ਤੱਕ ਕੋਈ ਹੋਰ ਉਨ੍ਹਾਂ ਦੇ ਨੇੜੇ ਤੇੜੇ ਨਜ਼ਰ ਨਹੀਂ ਪੈਂਦਾ। ਹਾਲਾਂਕਿ ਹਮੇਸ਼ਾ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਨੂੰ ਲਾਂਭੇ ਕਰ ਕੇ ਰੱਖਿਆ ਹੋਵੇ। ਉਹ ਆਨਲਾਈਨ ਬਹੁਤਾ ਦਿਖਾਈ ਨਹੀਂ ਦਿੰਦੇ ਸਨ।’ ਇਕ ਹੋਰ ਪਾਠਕ ਨੇ ਇਆਨ ਨੂੰ ਮਾਣਮੱਤਾ, ਕਿਰਦਾਰ ਅਤੇ ਜ਼ਬਰਦਸਤ ਮੁਹਾਰਤ ਵਾਲਾ ਬੰਦਾ ਆਖਿਆ ਹੈ। ਆਪਣੇ ਬਾਰੇ ਲੋਕਾਂ ਦੇ ਤਾਸੁਰਾਤ ਜਾਣ ਕੇ ਮੇਰੇ ਮਿੱਤਰ ਨੂੰ ਖ਼ੁਸ਼ੀ ਹੁੰਦੀ ਹੋਵੇਗੀ ਜਿਵੇਂ ਕਿ ਉਨ੍ਹਾਂ ਬਾਰੇ ਇੱਕ ਟਿੱਪਣੀ ਇਹ ਹੈ ਕਿ ਆਪਣੀਆਂ ਲਿਖਤਾਂ ਵਿੱਚ ਉਹ ਔਕਸ-ਬ੍ਰਿਜ (ਔਕਸਫੋਰਡ-ਕੈਂਬਰਿਜ) ਦਾ ਕੋਈ ਨੁਮਾਇਸ਼ੀ ਵਿਦਵਾਨ ਨਜ਼ਰ ਨਹੀਂ ਆਉਂਦਾ ਸੀ। ਉਨ੍ਹਾਂ ਦੀ ਤੱਕਣੀ ਪੁਖ਼ਤਾ ਅਤੇ ਜ਼ਮੀਨੀ ਹਕੀਕਤ ਨਾਲ ਜੁੜੀ ਹੁੰਦੀ ਸੀ ਅਤੇ ਅਕਸਰ ਉਹ ਆਪਣੇ ਅਨੁਭਵ ਦਾ ਹਵਾਲਾ ਦਿੰਦੇ ਸਨ।’
        ਹਾਲਾਂਕਿ ਇਆਨ ਜੈਕ ਦੀ ਵਾਰਤਕ ਸ਼ੈਲੀ ਸ਼ਾਨਦਾਰ ਸੀ ਪਰ ਪਤਾ ਨਹੀਂ ਕਿਉਂ ਉਹ ਆਪਣੀਆਂ ਲਿਖਤਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ ਸਨ। ‘ਦਿ ਗਾਰਡੀਅਨ’ ਵਿੱਚ ਹਜ਼ਾਰ ਕੁ ਸ਼ਬਦਾਂ ਦੇ ਇੱਕ ਲੇਖ ਅਤੇ ‘ਗ੍ਰੈਂਟਾ’ ਜਾਂ ‘ਲੰਡਨ ਰੀਵਿਊ ਆਫ ਬੁੱਕਸ’ ਵਿੱਚ ਇੱਕ ਲੰਮਾ ਲੇਖ (ਕਰੀਬ ਦਸ ਹਜ਼ਾਰ ਸ਼ਬਦ) ਲਿਖ ਕੇ ਹੀ ਉਹ ਸੰਤੁਸ਼ਟ ਰਹਿੰਦੇ ਸਨ। ਇਨ੍ਹਾਂ ਲਿਖਤਾਂ ਦੇ ਆਧਾਰ ’ਤੇ ਉਨ੍ਹਾਂ ਦੇ ਤਿੰਨ ਸੰਗ੍ਰਹਿ ਆ ਚੁੱਕੇ ਹਨ, ਇੱਕ ਦਾ ਨਾਂ ਹੈ ‘ਏ ਕੰਟਰੀ ਫੌਰਮਰਲੀ ਨੇਮਡ ਗ੍ਰੇਟ ਬ੍ਰਿਟੇਨ’, ਅਤੇ ਦੂਜੇ ਸੰਗ੍ਰਹਿ ਵਿੱਚ ਉਨ੍ਹਾਂ ਦੇ ਭਾਰਤ ਬਾਰੇ ਛਪੇ ਬਿਹਤਰੀਨ ਲੇਖ ਸ਼ਾਮਲ ਹਨ ਜਿਸ ਦਾ ਸਿਰਲੇਖ ਹੈ ‘ਮੋਫੁਸਿਲ ਜੰਕਸ਼ਨ’। ਫਿਰ ਵੀ ਪਿਛਲੇ ਕਈ ਸਾਲਾਂ ਤੋਂ ਕਿਸੇ ਇੱਕ ਵਿਸ਼ੇ ’ਤੇ ਮੁਕੰਮਲ ਕਿਤਾਬ ਲਿਖਣ ਤੋਂ ਗੁਰੇਜ਼ ਕਰਦੇ ਆ ਰਹੇ ਸਨ। ਪ੍ਰਕਾਸ਼ਕ ਉਨ੍ਹਾਂ ਨੂੰ ਰੇਲਵੇਜ਼ (ਜੋ ਉਨ੍ਹਾਂ ਦੀ ਚੜ੍ਹਦੀ ਉਮਰ ਦਾ ਪਿਆਰ ਰਿਹਾ ਹੈ) ਬਾਰੇ ਕਿਤਾਬ ਲਿਖਣ ਲਈ ਵਾਸਤੇ ਪਾਉਂਦੇ ਰਹੇ, ਦੋਸਤ-ਮਿੱਤਰ ਸਕਾਟਲੈਂਡ ਵਿੱਚ ਉਨ੍ਹਾਂ ਦੀ ਚੜ੍ਹਦੀ ਉਮਰ ਦੀਆਂ ਯਾਦਾਂ ਲਿਖਣ ਲਈ ਪ੍ਰੇਰਦੇ ਰਹੇ। ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਉਨ੍ਹਾਂ ਕਲਾਇਡ ਦਰਿਆ ਅਤੇ ਇਸ ਦੇ ਚੌਗਿਰਦੇ ਦੇ ਸਮਾਜਿਕ ਇਤਿਹਾਸ ਮੁਤੱਲਕ ਕਾਰਜ ਸ਼ੁਰੂ ਕੀਤਾ ਸੀ। ਮੈਨੂੰ ਖਰੜੇ ਦੇ ਦੋ ਕੁ ਅਧਿਆਏ ਪੜ੍ਹਨ ਦਾ ਮੌਕਾ ਮਿਲਿਆ ਸੀ, ਉਹ ਬਾਕਮਾਲ ਸਨ, ਨਿੱਜੀ ਸਿਮ੍ਰਤੀ ਅਤੇ ਤਵਾਰੀਖੀ ਤੇ ਤਕਨੀਕੀ ਤਫ਼ਸੀਲ ਦੇ ਨਾਯਾਬ ਮਿਸ਼ਰਣ ਦਾ ਨਮੂਨਾ। ਇੱਕ ਅਧਿਆਏ ਵਿੱਚ ਜੇਮਸ ਵਾਟ ਦਾ ਉਮਦਾ ਰੇਖਾ ਚਿੱਤਰ ਦਿੱਤਾ ਗਿਆ ਹੈ।
       ਇਆਨ ਜੈਕ ਦੀ ਅਕੀਦਤਮੰਦੀ ਵਿੱਚ ਮੈਂ ਉਨ੍ਹਾਂ ਦੀ ਪੱਤਰਕਾਰੀ ਦੇ ਕੁਝ ਨਮੂਨੇ ਦੇ ਕੇ ਆਪਣੀ ਗੱਲ ਖ਼ਤਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੀਆਂ ਮੇਲਾਂ ਵੀ ਉਨ੍ਹਾਂ ਦੇ ਕਾਲਮਾਂ ਵਾਂਗ ਹੀ ਬਹੁਤ ਹੀ ਜਾਣਕਾਰੀ ਤੇ ਸੋਚ ਭਰਪੂਰ ਹੁੰਦੀਆਂ ਸਨ ਪਰ ਸ਼ਾਇਦ ਜ਼ਿਆਦਾ ਖੁੱਲ੍ਹੀਆਂ ਹੁੰਦੀਆਂ ਸਨ। ਜਦੋਂ ਉਨ੍ਹਾਂ ਦਾ ਹਮਵਤਨੀ ਗੌਰਡਨ ਬ੍ਰਾਊਨ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਿਆ ਸੀ ਤਾਂ ਮੈਂ ਇਆਨ ਤੋਂ ਉਨ੍ਹਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਜਵਾਬ ਸੀ: ‘ਬੇਤਹਾਸ਼ਾ ਜਾਣਕਾਰੀਆਂ ਸੜ੍ਹਾਕ ਜਾਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਕਿਸੇ ਪ੍ਰਧਾਨ ਮੰਤਰੀ ਦੀ ਇਹ ਖ਼ੂਬੀ ਹੁੰਦੀ ਹੈ ਜਾਂ ਨਹੀਂ, ਇਸ ਬਾਰੇ ਵਾਦ ਵਿਵਾਦ ਹੋ ਸਕਦਾ ਹੈ ਪਰ ਉਹ ਘੱਟੋਘੱਟ ਸਾਰਕੋਜ਼ੀ ਨਾਲੋਂ ਤਾਂ ਬਿਹਤਰ ਹੀ ਹੈ।’
         ਕੁਝ ਸਾਲਾਂ ਬਾਅਦ ਮੈਂ ਇਆਨ ਨੂੰ ਲਿਖਿਆ ਕਿ ਮੈਂ ਇੱਕ ਭਾਰਤੀ ਨੌਜਵਾਨ ਨੂੰ ਮਿਲਿਆ ਹਾਂ ਜੋ ਮਾਓਵਾਦੀਆਂ ਤੋਂ ਪ੍ਰਭਾਵਿੱਤ ਹੈ ਤੇ ਗਾਂਧੀ ਦਾ ਕੱਟੜ ਆਲੋਚਕ ਹੈ ਅਤੇ ਇੱਕ ਹੋਰ ਨੌਜਵਾਨ ਨੂੰ ਮਿਲਿਆਂ ਜੋ ਭਾਜਪਾ ਤੇ ਆਰਐੱਸਐੱਸ ਦੇ ਹਿੰਦੂ ਪਛਾਣ ਦੁਆਲੇ ਬੁਣੇ ਮਜ਼ਬੂਤ ਰਾਸ਼ਟਰ ਦੇ ਵਿਚਾਰ ’ਤੇ ਫ਼ਿਦਾ ਹੈ ਅਤੇ ਸੁਭਾਵਿਕ ਤੌਰ ’ਤੇ ਗਾਂਧੀ ਦਾ ਆਲੋਚਕ ਹੈ।’ ਮੈਂ ਪੁੱਛਿਆ, ‘ਮੁੰਡੇ ਅਤਿਵਾਦ ਤੇ ਹਿੰਸਾ ਵੱਲ ਕਿਉਂ ਖਿੱਚੇ ਚਲੇ ਜਾਂਦੇ ਹਨ?’
        ਇਆਨ ਨੇ ਜੁਆਬ ਦਿੱਤਾ, ‘ਵਧੀਆ ਸੁਆਲ ਹੈ। ਇਸ ਦੇ ਇਹ ਕਾਰਨ ਹੋ ਸਕਦੇ ਹਨ : ਟੈਸਟੋਸਟ੍ਰੋਨ (ਪੁਰਸ਼ਾਂ ਵਿੱਚ ਉਤੇਜਨਾ ਪੈਦਾ ਕਰਨ ਵਾਲਾ ਰਸ) ਜਾਂ ਸਾਡੀ ਸੋਚ ਦੀ ਕਮੀ ਜਾਂ ਪਿਛਲੀਆਂ ਸਾਰੀਆਂ ਦਹਿਸਦੀਆਂ ਦੌਰਾਨ ਸ਼ਿਕਾਰ ਤੇ ਭੋਜਨ ਇਕੱਠਾ ਕਰਨ ਕਰਕੇ ਬਣਿਆ ਸੁਭਾਅ। ਸ਼ਾਇਦ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਫ਼ੌਜਾਂ ਤੇ ਯੁੱਧਾਂ ਵਿੱਚ ਇਸ ਤਰ੍ਹਾਂ ਦੇ ਵਤੀਰੇ ਨੂੰ ਡੱਕ ਕੇ ਰੱਖਿਆ ਜਾਂਦਾ ਸੀ ਭਾਵੇਂ ਇਸ ਦਾ ਮਤਲਬ ਨਾਗਰਿਕ ਜੀਵਨ ਵਿੱਚ ਹੋਰ ਜ਼ਿਆਦਾ ਹਿੰਸਕ ਵਿਹਾਰ ਹੀ ਕਿਉਂ ਨਾ ਹੋਵੇ। ਬਿਨਾਂ ਸ਼ੱਕ ਇਸ ਤੱਥ ਨਾਲ ਇਸ ਵਿਹਾਰ ਨੂੰ ਬੜਾਵਾ ਮਿਲਿਆ ਹੈ ਕਿ ਔਰਤਾਂ ਦੁਨੀਆ (ਘੱਟੋਘੱਟ ਬਹੁਤੀ ਦੁਨੀਆ ਵਿੱਚ) ਦੇ ਕਾਰ ਵਿਹਾਰ ਵਿੱਚ ਕਿਤੇ ਜ਼ਿਆਦਾ ਵੱਡੀ ਭੂਮਿਕਾ ਨਿਭਾ ਰਹੀਆਂ ਹਨ ਅਤੇ ਜਿਸਮਾਨੀ ਕੰਮ ਹੁਣ ਓਨਾ ਨਹੀਂ ਰਹਿ ਗਿਆ ਜਿੰਨਾ ਪਹਿਲਾਂ ਕਦੇ ਹੁੰਦਾ ਸੀ।’
        2008 ਵਿੱਚ ਮੈਂ ਇਆਨ ਜੈਕ ਨੂੰ ਆਪਣਾ ਇੱਕ ਕਾਲਮ ਭੇਜਿਆ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਿਨ੍ਹਾਂ ਲੇਖਕਾਂ ਨੂੰ ਨੋਬੇਲ ਪੁਰਸਕਾਰ ਮਿਲੇ ਹਨ, ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਕਾਰਜ ਵਿੱਚ ਪੁਰਸਕਾਰ ਮਿਲਣ ਤੋਂ ਬਾਅਦ ਤੇਜ਼ੀ ਨਾਲ ਨਿਘਾਰ ਹੋਇਆ ਹੈ। ਉਨ੍ਹਾਂ ਜਵਾਬ ਦੇਣ ਤੋਂ ਪਹਿਲਾਂ ਉਲਟਾ ਇੱਕ ਸੁਆਲ ਕੀਤਾ, ‘ਪਰ ਕੀ ਟੈਗੋਰ ਨੇ 1913 ਤੋਂ ਬਾਅਦ ਚੱਜ ਦੀ ਰਚਨਾ ਲਿਖੀ ਸੀ? ਇਹੋ ਜਿਹਾ ਸਵਾਲ ਪੁੱਛਣ ’ਤੇ ਤੁਹਾਡਾ ਕੋਲਕਾਤਾ ਮੇਲਬੈਗ ਭਰ ਜਾਣਾ ਸੀ।’ ਆਪਣੇ ਜਵਾਬ ਵਿੱਚ ਉਨ੍ਹਾਂ ਲਿਖਿਆ: ‘ਵੀ.ਐੱਸ. ਨਾਇਪਾਲ ਦੇ ਮਾਮਲੇ ਵਿੱਚ ਇਹ ਸਿੱਧ ਹੋ ਗਿਆ ਹੈ ਕਿ ਇੱਕ ਸਮਾਂ ਆਉਂਦਾ ਹੈ ਜਦੋਂ ਲੇਖਕ ਨੂੰ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਰੌਥ (ਹੁਣ ਤੱਕ) ਇੱਕ ਅਪਵਾਦ ਹੈ ਤੇ ਸ਼ਾਇਦ ਬੈਲੋ ਵੀ ਹੋਵੇ ਪਰ ਆਮ ਤੌਰ ’ਤੇ ਲੇਖਕਾਂ ਖ਼ਾਸਕਰ ਨਾਵਲਕਾਰਾਂ ਕੋਲ ਮਸਾਲਾ ਮੁੱਕ ਹੀ ਜਾਂਦਾ ਹੈ। ਲੇਖਣੀ ਦਾ ਇੱਕ ਸਿਤਮ ਇਹ ਹੁੰਦਾ ਹੈ ਕਿ ਲੋਕਾਂ ਨੂੰ ਪੈਸੇ ਜਾਂ ਸਵੈ-ਮਾਨਤਾ ਦੀ ਖ਼ਾਤਰ ਲਿਖਣਾ ਹੀ ਪੈਂਦਾ ਹੈ। ਸ਼ਾਇਦ ਨੋਬੇਲ ਤੋਂ ਮਗਰੋਂ ਹੋਣ ਵਾਲੀ ਇਸ ਅਲਾਮਤ ਵਿੱਚ ਪੁਰਸਕਾਰ ਦੇ ਅਨੁਪਾਤ ਵਿੱਚ ਉਮਰ ਦਾ ਦਖ਼ਲ ਵੀ ਹੁੰਦਾ ਹੈ : ਲੇਖਕ ਆਮ ਤੌਰ ’ਤੇ ਪੁਰਸਕਾਰ ਜਿੱਤ ਕੇ ਢਿੱਲੇ ਪੈ ਜਾਂਦੇ ਹਨ। ਨੌਜਵਾਨ ਪਾਮੁਕ ਇਸ ਮਾਮਲੇ ਵਿੱਚ ਦੇਖਿਆ ਜਾ ਸਕਦਾ ਹੈ।’
       ਜੋ ਗੱਲ ਸਾਹਿਤਕਾਰਾਂ ਲਈ ਸੱਚ ਹੈ, ਉਹ ਪੱਤਰਕਾਰਾਂ ’ਤੇ ਵੀ ਢੁਕਦੀ ਹੈ। ਭਾਰਤ ਅਤੇ ਬਰਤਾਨੀਆ ਵਿੱਚ ਵੀ ਬਹੁਤੇ ਅਖ਼ਬਾਰੀ ਕਾਲਮ ਨਵੀਸ (ਸਿਰਫ਼ ਪੁਰਸ਼ ਹੀ ਨਹੀਂ) ਉਮਰ ਪਾ ਕੇ ਸ਼ੇਖੀਆਂ ਮਾਰਨ ਦੇ ਆਦੀ ਹੋ ਜਾਂਦੇ ਹਨ ਤੇ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ। ਇਆਨ ਜੈਕ ਨਾਲ ਕਦੇ ਇੱਦਾਂ ਨਹੀਂ ਹੋਇਆ। ਆਖਰੀ ਪੜਾਅ ’ਚ ਵੀ ਉਨ੍ਹਾਂ ਦੀ ਲਿਖਤ ਉਵੇਂ ਹੀ ਸੱਜਰੀ ਤੇ ਸਫ਼ਾਫ ਹੁੰਦੀ ਸੀ ਜਿਵੇਂ ਸੱਤਰਵਿਆਂ ਦੇ ਦਹਾਕੇ ਵਿੱਚ ਉਹ ਉਮਰ ਦੇ ਤੀਹਵਿਆਂ ਨੂੰ ਢੁੱਕੇ ਹੋਏ ਲਿਖਦੇ ਸਨ। ਹਾਲਾਂਕਿ ਕਲਾਇਡ ਦਰਿਆ ਬਾਰੇ ਉਹ ਆਪਣੀ ਕਿਤਾਬ ਮੁਕੰਮਲ ਨਹੀਂ ਕਰ ਸਕੇ ਪਰ ਉਨ੍ਹਾਂ ਦਾ ਖ਼ਜ਼ਾਨਾ ਇੰਨਾ ਅਮੀਰ ਤੇ ਵਸੀਹ ਹੈ ਕਿ ਕੋਈ ਵੀ ਪ੍ਰਤਿਭਾਸ਼ਾਲੀ ਯੁਵਾ ਸੰਪਾਦਕ ਇਆਨ ਜੈਕ ਦੇ ਕਾਰਜ ਦੇ ਕਈ ਸੰਸਕਰਣ ਤਾਂ ਆਰਾਮ ਨਾਲ ਤਿਆਰ ਕਰਵਾ ਸਕਦਾ ਹੈ ਤੇ ਸੰਭਵ ਹੈ ਕਿ ਉਨ੍ਹਾਂ ਦੀ ਚੋਣਵੀਂ ਪੱਤਰਕਾਰੀ ਬਾਰੇ ਕੋਈ ਕਿਤਾਬ ਵੀ ਆ ਜਾਵੇ।