ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

14 ਨਵੰਬਰ 2022

ਦਿੱਲੀ ‘ਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ- ਕੇਂਦਰ ਸਰਕਾਰ

ਜੇਠ ਦੀ ਨਜ਼ਰ ਬੁਰੀ, ਟੁੱਟ ਗਿਆ ਮੇਰਾ ਗਿੱਟਾ।

ਬਰਤਾਨਵੀ ਹਾਈ ਕੋਰਟ ਨੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਦਿਤੇ ਹੁਕਮ- ਇਕ ਖ਼ਬਰ

ਬੜੀ ਮੌਜ ਉਡਾ ਲਈ ਬਈ ਹੁਣ ਚਲੋ ਆਪਣੇ ਡੇਰੇ।

ਗੁਜਰਾਤ ਦੇ ਲੋਕਾਂ ਨੂੰ ‘ਡਬਲ ਇੰਜਣ’ ਦੇ ਧੋਖੇ ਤੋਂ ਬਚਾਵਾਂਗੇ- ਰਾਹੁਲ

ਭਾ ਜੀ, ਪਹਿਲਾਂ ਆਪਣਾ ਆਪ ਤਾਂ ਬਚਾ ਲਉ।

ਮੈਨੂੰ ਲੋਕਾਂ ਤੋਂ ਮਿਲਦੇ ਪਿਆਰ ਕਾਰਨ ਭਾਜਪਾ ਪ੍ਰੇਸ਼ਾਨ- ਕੇਜਰੀਵਾਲ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਭਾਰਤ ਤੇ ਰੂਸ ਦੇ ਰਿਸ਼ਤੇ ਡੂੰਘੇ ਤੇ ਪਰਖ਼ੇ ਹੋਏ- ਜੈਸ਼ੰਕਰ

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

ਅਕਾਲੀ ਦਲ ‘ਚੋਂ ਮੈਨੂੰ ਕੋਈ ਨਹੀਂ ਕੱਢ ਸਕਦਾ- ਬੀਬੀ ਜਗੀਰ ਕੌਰ

ਸੀਟੀ ਤੇ ਸੀਟੀ ਵੱਜੇ, ਜਦੋਂ ਮੈਂ ਗਿੱਧੇ ਵਿਚ ਆਈ।

ਪ੍ਰਧਾਨ ਮੰਤਰੀ ਨੇ ਅਜੇ ਤੱਕ ਨੋਟਬੰਦੀ ਦੀ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕੀਤਾ- ਖੜਗੇ

ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਹੁਣ ਲੋਕਾਂ ਨੂੰ ‘ਜੀ ਆਇਆਂ ਨੂੰ’ ਕਹਿ ਕੇ ਸੰਬੋਧਨ ਕਰਨਗੇ ਪੁਲਿਸ ਕਰਮਚਾਰੀ- ਇਕ ਖ਼ਬਰ

ਘੋਟਾ ਫੇਰਨ ਵੇਲੇ ਕਿਹਾ ਕਰਨਗੇ ‘ ਹਮ ਘਰ ਸਾਜਨ ਆਏ’

ਸਿੱਖਾਂ ਵਿਰੁੱਧ ਪ੍ਰਚਾਰ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਚਿੰਤਾ ਪ੍ਰਗਟਾਈ- ਇਕ ਖ਼ਬਰ

ਬਸ ਅਸੀਂ ਸਮੇਂ ਸਮੇਂ ‘ਤੇ ਚਿੰਤਾ ਪ੍ਰਗਟਾਅ ਕੇ ਸੁਰਖੁਰੂ ਹੋ ਜਾਂਦੇ ਹਾਂ।

ਭਾਜਪਾ ਤੇ ਆਮ ਆਦਮੀ ਪਾਰਟੀ ਇਕ ਹੀ ਟੀਮ- ਕਨ੍ਹੱਈਆ ਕੁਮਾਰ

ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

ਮੀਡੀਆ ਨੂੰ ਸਰਕਾਰ ਦੀਆਂ ਖ਼ਾਮੀਆਂ ਉਜਾਗਰ ਕਰਨ ਦੀ ਲੋੜ- ਮਨਮੋਹਨ ਸਿੰਘ

ਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ, ਵੇਖੋ ਖੁੱਸਦੇ ਸਾਕ ਬੇਦੋਸ਼ਿਆਂ ਦੇ।

ਹਿਮਾਚਲ ਦੀਆਂ ਸਾਰੀਆਂ 68 ਸੀਟਾਂ ‘ਤੇ ‘ਆਪ’ ਦੀ ਜ਼ਮਾਨਤ ਜ਼ਬਤ ਹੋਵੇਗੀ- ਨੱਢਾ

ਚੜ੍ਹੀ ਰੰਗਪੁਰੋਂ ਜੰਞ ਖੇੜਿਆਂ ਦੀ, ਢੁੱਕੀ ਸ਼ਹਿਰ ਸਿਆਲਾਂ ਨੂੰ ਆ ਮੀਆਂ।

‘ਸੱਤਾ ਦੀ ਦੁਰਵਰਤੋਂ’ ਖ਼ਿਲਾਫ਼ ਇਮਰਾਨ ਵਲੋਂ ਰਾਸ਼ਟਰਪਤੀ ਨੂੰ ਪੱਤਰ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।

ਟਰੱਕ ‘ਤੇ ਭੁੱਕੀ ਵੇਚਦਾ ਪੁਲਿਸ ਵਲੋਂ ਕਾਬੂ- ਇਕ ਖ਼ਬਰ

ਇਹੀ ਤਾਂ ਵਿਕਾਸ ਐ! ਰੇਹੜੀ ਤੋਂ ਟਰੱਕ ਹੋ ਗਿਆ।

ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਕੱਢਣਾ ਸੁਖਬੀਰ ਬਾਦਲ ਦੀ ਨੈਤਿਕ ਹਾਰ- ਸੁਰਜੀਤ ਸਿੰਘ ਕੋਹਲੀ

ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।