ਪ੍ਰਗਤੀਸ਼ੀਲ ਸਾਹਿਤ ਤੇ ਆਲੋਚਨਾ ਦਾ ਵਿਦਵਾਨ ਮੈਨੇਜਰ ਪਾਂਡੇ - ਕ੍ਰਿਸ਼ਨ ਕੁਮਾਰ ਰੱਤੂ

ਸਾਡੇ ਸਮੇਂ ਦੇ ਪ੍ਰਗਤੀਸ਼ੀਲ ਸਾਹਿਤ ਤੇ ਸਮਾਜ ਸ਼ਾਸਤਰ ਦੀ ਪਹਿਲੀ ਕਤਾਰ ਦੇ ਚਰਚਿਤ ਆਲੋਚਕ ਤੇ ਲੇਖਕ ਮੈਨੇਜਰ ਪਾਂਡੇ ਅਚਾਨਕ ਵਿਦਾ ਹੋ ਗਏ ਹਨ। ਉਹ ਭਾਰਤੀ ਭਾਸ਼ਾਈ ਸਾਹਿਤ ਵਿੱਚ ਹਿੰਦੀ ਦੀ ਉਹ ਆਵਾਜ਼ ਸਨ ਜੋ ਸਾਰੀਆਂ ਭਾਸ਼ਾਵਾਂ ਵਿੱਚ ਸੁਣੀ ਜਾਂਦੀ ਸੀ।
      ਮੈਨੇਜਰ ਪਾਂਡੇ ਸਾਡੇ ਦੇਸ਼ ਦੇ ਉਨ੍ਹਾਂ ਲੇਖਕਾਂ ਤੇ ਚਿੰਤਕਾਂ ਵਿੱਚੋਂ ਉੱਘੇ ਚਿਤੇਰੇ ਸਨ ਜਿਨ੍ਹਾਂ ਨੇ ਆਪਣੇ ਸਮੇਂ ਤੇ ਸਮਾਜ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ ਸੀ। ਬਹੁਤ ਸਾਰੇ ਲੇਖਕਾਂ ਦਾ ਮੱਤ ਰਿਹਾ ਹੈ ਕਿ ਮੈਨੇਜਰ ਪਾਂਡੇ ਵਾਮਪੰਥੀ ਤੇ ਪ੍ਰਗਤੀਸ਼ੀਲ ਧਾਰਾ ਦੇ ਆਲੋਚਕ ਤੇ ਚਿੰਤਕ ਸਨ, ਪਰ ਇਸ ਬਾਰੇ ਉਨ੍ਹਾਂ ਨੇ ਖ਼ੁਦ ਇੱਕ ਮੁਲਾਕਾਤ ਵਿੱਚ ਦੱਸਿਆ ਸੀ ਕਿ ਆਪਣੇ ਸਮੇਂ ਤੇ ਸਮਾਜ ਦੇ ਸੰਦਰਭ ਵਿੱਚ ਅਗਾਂਹਵਧੂ ਹੋਣ ਲਈ ਮਾਰਕਸਵਾਦੀ ਹੋਣਾ ਜ਼ਰੂਰੀ ਨਹੀਂ ਹੈ। ਅਗਰ ਕੋਈ ਰਚਨਾਕਾਰ ਆਪਣੇ ਜੀਵਨ ਨਾਲ ਸੰਜੀਦਗੀ ਨਾਲ ਗਹਿਰਾ ਜੁੜਿਆ ਹੋਇਆ ਹੈ ਤਾਂ ਉਸ ਦੀ ਰਚਨਾਸ਼ੀਲਤਾ ਖ਼ੁਦ ਪ੍ਰਗਤੀਸ਼ੀਲਤਾ ਵਿੱਚ ਲਿਪਟੀ ਹੋਈ ਹੋਵੇਗੀ।
      ਮੈਨੇਜਰ ਪਾਂਡੇ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਵਿਭਾਗ ਲੰਬੇ ਸਮੇਂ ਤੀਕ ਸੇਵਾਵਾਂ ਨਿਭਾਈਆਂ, ਪਰ ਉਨ੍ਹਾਂ ਦੀ ਮਹੱਤਵਪੂਰਨ ਦੇਣ ਭਗਤੀ ਅੰਦੋਲਨ ਦੇ ਸਾਹਿਤ ਬਾਰੇ ਵੀ ਹੈ।
       ਤੇਈ ਸਤੰਬਰ 1941 ਨੂੰ ਬਿਹਾਰ ਦੇ ਗੋਪਾਲਗੰਜ ’ਚ ਲੋਹਟੀ ਵਿਖੇ ਪੈਦਾ ਹੋਏ ਮੈਨੇਜਰ ਪਾਂਡੇ ਨੂੰ ਬਿਹਾਰ ਤੇ ਆਪਣਾ ਪੇਂਡੂ ਪਿਛੋਕੜ ਸਦਾ ਯਾਦ ਰਿਹਾ।
       ਮੈਨੂੰ ਅਨੇਕਾਂ ਵਾਰੀ ਮੈਨੇਜਰ ਪਾਂਡੇ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਸਾਹਿਤ ਅਕਾਦਮੀ, ਕੇਂਦਰੀ ਹਿੰਦੀ ਸੰਮੇਲਨ ਤੇ ਜੇ.ਐੱਨ.ਯੂ. ਤੋਂ ਇਲਾਵਾ ਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ਵਿੱਚ ਪਾਂਡੇ ਹੋਰਾਂ ਦੀ ਸ਼ਖ਼ਸੀਅਤ ਬਾਰੇ ਜਾਣਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਰਿਹਾ। ਮੈਨੂੰ ਉਨ੍ਹਾਂ ਇੱਕ ਗੱਲ ਪ੍ਰਭਾਵਿਤ ਕਰਦੀ ਸੀ, ਸ੍ਰੀ ਪਾਂਡੇ ਦੀ ਨਵੇਂ ਸਾਹਿਤ ਤੇ ਨਵੇਂ ਲੇਖਕਾਂ ਬਾਰੇ ਬੇਬਾਕ ਰਾਇ। ਇਸ ਲਈ ਵੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿ ਕ੍ਰਾਂਤੀਕਾਰੀ ਵਿਚਾਰਾਂ ਨੂੰ ਉਨ੍ਹਾਂ ਨੇ ਆਪਣੇ ਸਾਹਿਤ ਨਾਲ ਜੋੜੀ ਰੱਖਿਆ।
ਮੈਨੇਜਰ ਪਾਂਡੇ ਦੀਆਂ ਚਰਚਿਤ ਰਹੀਆਂ ਰਚਨਾਵਾਂ ਵਿੱਚੋਂ ਉਨ੍ਹਾਂ ਦੀ ਲਿਖੀ ਪੁਸਤਕ ‘ਸਾਹਿਤ ਤੇ ਇਤਿਹਾਸ’ ਬੇਹੱਦ ਪ੍ਰਸਿੱਧ ਹੈ। ‘ਸ਼ਬਦ ਤੇ ਕਰਮ’ ਇੱਕ ਹੋਰ ਬਹੁਤ ਮਹੱਵਤਪੂਰਨ ਪੁਸਤਕ ਹੈ। ਭਾਵੇਂ ਆਪਣੇ ਸਮੁੱਚੇ ਰਚਨਾ ਕਰਮ ਵਿੱਚ ਸ੍ਰੀ ਪਾਂਡੇ ਉਨ੍ਹਾਂ ਮੋਹਰੀ ਰਚਨਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਹਿੰਦੀ ਤੋਂ ਬਿਨਾਂ ਹੋਰ ਭਾਸ਼ਾਵਾਂ ਦੇ ਅਗਾਂਹਵਧੂ ਸਾਹਿਤ ਤੇ ਲਹਿਰਾਂ ਨੂੰ ਵੀ ਸੇਧ ਦਿੱਤੀ।
        ਉਨ੍ਹਾਂ ਨੇ ਭਗਤੀ ਅੰਦੋਲਨ ਔਰ ਸੂਰਦਾਸ ਕਾ ਕਾਵਿ, ਸਾਹਿਤ ਮੇਂ ਸਮਾਜ ਸ਼ਾਸਤਰ ਕੀ ਭੂਮਿਕਾ, ਸੰਕਟ ਕੇ ਬਾਵਜੂਦ, ਉਪਨਿਆਸ ਔਰ ਲੋਕਤੰਤਰ, ਹਿੰਦੀ ਕਵਿਤਾ ਕਾ ਅਤੀਤ ਔਰ ਵਰਤਮਾਨ ਦੇ ਨਾਲ ਨਾਲ ਭਾਰਤੀਯ ਸਮਾਜ ਮੇਂ ਪ੍ਰਤੀਰੋਧ ਕੀ ਸਮਰਥਾ ਪਰੰਪਰਾ, ਸਾਹਿਤ ਔਰ ਦਲਿਤ ਦ੍ਰਿਸ਼ਟੀ ਵਰਗੀਆਂ ਮਹੱਤਵਪੂਰਨ ਪੁਸਤਕਾਂ ਲਿਖੀਆਂ ਹਨ।
ਮੈਨੇਜਰ ਪਾਂਡੇ ਦੁਆਰਾ ਸੰਪਾਦਿਤ ਪੁਸਤਕਾਂ ਦੀ ਵੀ ਲੰਬੀ ਫਹਿਰਿਸਤ ਹੈ ਜਿਨ੍ਹਾਂ ਵਿਚ ਖ਼ਾਸ ਕਰਕੇ ‘ਸੀਵਾਨ ਕੀ ਕਵਿਤਾ’, ਪਰਾਧੀਨੋ ਕੀ ਵਿਜਯ ਯਾਤਰਾ ਸ਼ਾਮਲ ਹਨ। ਜਿਸ ਕਿਤਾਬ ਨੇ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਉਹ ਹੈ, ਮੁਗ਼ਲ ਬਾਦਸ਼ਾਹੋਂ ਕੀ ਹਿੰਦੀ ਕਵਿਤਾ।
         ਉਨ੍ਹਾਂ ਨੂੰ ਬੇਹੱਦ ਮਾਨ-ਸਨਮਾਨ ਵੀ ਮਿਲੇ ਜਿਨ੍ਹਾਂ ਵਿੱਚੋਂ ਸੁਬਰਾਮਣੀਅਮ ਭਾਰਤੀ ਵਰਗੇ ਸਾਹਿਤ ਦੇ ਵੱਡੇ ਪੁਰਸਕਾਰ, ਬਿਹਾਰ ਰਾਜ ਭਾਸ਼ਾ ਪੁਰਸਕਾਰ ਅਤੇ ਸ਼ਲਾਕਾ ਸਨਮਾਨ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ।
     ਜਦੋਂ ਵੀ ਪ੍ਰਗਤੀਸ਼ੀਲ ਚਿੰਤਨ ਦੀ ਗੱਲ ਹੋਵੇਗੀ ਤਾਂ ਮੈਨੇਜਰ ਪਾਂਡੇ ਦਾ ਨਾਂ ਮੋਹਰੀਆਂ ਵਿੱਚ ਲਿਆ ਜਾਵੇਗਾ। ਉਨ੍ਹਾਂ ਦਾ ਲੋਹਟੀ ਤੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੱਕ ਦਾ ਸਫ਼ਰ ਆਸਾਨ ਨਹੀਂ ਸੀ। ਰਾਜਾਪੁਰ ਖੁਰਹਰਿਆ ਵਰਗੇ ਪੇਂਡੂ ਸਕੂਲ ਤੀਕ ਪਹੁੰਚਣ ਲਈ ਵੀ ਮੈਨੇਜਰ ਪਾਂਡੇ ਨੂੰ ਹਰ ਰੋਜ਼ ਦਸ ਕਿਲੋਮੀਟਰ ਤੁਰਨਾ ਪੈਂਦਾ ਸੀ। ਆਪਣੀ ਸਾਹਿਤਕ ਮੁਲਾਕਾਤ ਦੇ ਪ੍ਰੋਗਰਾਮ ਵਿੱਚ ਮੈਨੇਜਰ ਪਾਂਡੇ ਨੇ ਆਪਣੀਆਂ ਅਤੀਤ ਦੀਆਂ ਯਾਦਾਂ ਨੂੰ ਫਰੋਲਦਿਆਂ ਦੱਸਿਆ ਸੀ ਕਿ ਉਹ ਹੁਣ ਵੀ ਸਕੂਲ ਨੂੰ ਯਾਦ ਕਰਦੇ ਹਨ। ਕਦੇ ਕਦੇ ਨਦੀ ਵੀ ਪਾਰ ਕਰਨੀ ਪੈਂਦੀ ਸੀ, 1959 ਵਿੱਚ ਮੈਨੇਜਰ ਪਾਂਡੇ ਨੇ ਮੈਟ੍ਰਿਕ ਪਾਸ ਕਰ ਲਈ। ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਬਾਅਦ ਬਰੇਲੀ ਤੇ ਫਿਰ ਜੇ.ਐੱਨ.ਯੂ. ਦੇ ਸਫ਼ਰ ਵਿੱਚ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
      ਸ੍ਰੀ ਪਾਂਡੇ ਅਸਲ ਵਿੱਚ ਸਮੁੱਚੇ ਕਿਰਤੀ ਵਰਗ ਦੀ ਆਵਾਜ਼ ਸਨ। ਇੱਕ ਬੇ-ਬਾਕ ਤੇ ਨਿਡਰ ਆਵਾਜ਼। ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਉਹ ਇੱਕ ਵਿਲੱਖਣ ਸ਼ਖ਼ਸੀਅਤ ਸਨ ਜੋ ਪੇਂਡੂ ਪਿਛੋਕੜ ਵਿੱਚੋਂ ਆਈ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਜੇ.ਐੱਨ.ਯੂ. ਤੇ ਦਿੱਲੀ ਵਿੱਚ ਹੀ ਗੁਜ਼ਾਰਿਆ ਸੀ।
       ਉਨ੍ਹਾਂ ਨੇ ਜੋ ਲਿਖਿਆ ਨਿਡਰਤਾ ਨਾਲ ਲਿਖਿਆ, ਕਦੇ ਪਰਵਾਹ ਨਹੀਂ ਕੀਤੀ ਕਿ ਉਨ੍ਹਾਂ ਦੀ ਲਿਖਤ ਕਿਸ ਦੇ ਗੋਡੇ ਲੱਗੀ ਹੈ ਤੇ ਕਿਸ ਦੇ ਗਿੱਟੇ। ਇੱਕ ਗੱਲ ਸੱਚ ਹੈ ਕਿ ਮਾਰਕਸਵਾਦ ਦੇ ਸਿਧਾਂਤਾਂ ਤੇ ਸਾਹਿਤ ਆਲੋਚਨਾ ਨੂੰ ਉਨ੍ਹਾਂ ਨੇ ਬੇਹੱਦ ਰੌਚਕ ਸ਼ੈਲੀ ਨਾਲ ਪੇਸ਼ ਕੀਤਾ।
       ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀਆਂ ਰਚਨਾਵਾਂ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਅਗਵਾਈ ਕਰਨਗੀਆਂ। ਸਮਾਜਿਕਤਾ ਨੂੰ ਜੀਵਨ ਦੇ ਸੁਹਜ ਸ਼ਾਸਤਰ ਨਾਲ ਜੋੜ ਕੇ ਪੇਸ਼ ਕਰਨ ਵਾਲੇ ਉਹ ਅਦਭੁੱਤ ਰਚਨਾਕਾਰ ਤੇ ਸਮੀਖਿਆਕਾਰ ਸਨ। ਇਹ ਗੱਲ ਹੀ ਉਨ੍ਹਾਂ ਨੂੰ ਦੂਸਰਿਆਂ ਤੋਂ ਅਲੱਗ ਕਰਦੀ ਸੀ।
       ਮੈਨੇਜਰ ਪਾਂਡੇ ਦੀ ਮੌਤ ਨਾਲ ਪ੍ਰਗਤੀਸ਼ੀਲਤਾ ਤੇ ਸਾਲੀਨਤਾ ਦਾ ਇੱਕ ਦੌਰ ਖ਼ਤਮ ਹੋ ਗਿਆ ਹੈ। ਉਹ ਕਈ ਗੰਭੀਰ ਮੁੱਦਿਆਂ ਬਾਰੇ ਆਸਾਨੀ ਨਾਲ ਕਹਿ ਦਿੰਦੇ ਸਨ। ਮੇਰੇ ਨਾਲ ਵੀ ਦੂਰਦਰਸ਼ਨ ਲਈ ਇੱਕ ਮੁਲਾਕਾਤ ਵਿੱਚ ਉਨ੍ਹਾਂ ਨੇ ਬੇਹੱਦ ਫਲਸਫ਼ੇ ਵਰਗੀਆਂ ਗੱਲਾਂ ਕੀਤੀਆਂ ਸਨ। ਮੈਨੂੰ ਯਾਦ ਹੈ ਕਿ ਇੱਕ ਮੁਲਾਕਾਤ ਵਿੱਚ ਮੇਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਵੇਂ ਉਨ੍ਹਾਂ ਨੇ ਸਹਿਜ ਹੀ ਕਹਿ ਦਿੱਤਾ ਸੀ ਕਿ ‘‘ਭਾਸ਼ਾ ਕੇਵਲ ਲਿਖਣ ਪੜ੍ਹਨ ਨਾਲ ਹੀ ਅੱਗੇ ਨਹੀਂ ਵਧਦੀ, ਭਾਸ਼ਾ ਤਾਂ ਅੰਦੋਲਨ ਨਾਲ ਅੱਗੇ ਵਧਦੀ ਹੈ। ਅਸਲ ਵਿੱਚ ਭਾਸ਼ਾ ਤਾਂ ਆਮ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਨਾਲ ਹੀ ਅੱਗੇ ਵਧਦੀ ਹੈ।’’ ਆਪਣੀ ਪੁਸਤਕ ‘ਸ਼ਬਦ ਤੇ ਕਰਮ’ ਵਿੱਚ ੳਨ੍ਹਾਂ ਨੇ ਭਾਸ਼ਾ ਦੇ ਕਈ ਭੇਤ ਖੋਲ੍ਹੇ ਹਨ।
       ਅਸਲ ਵਿੱਚ ਉਹ ਇੱਕ ਅਸਾਧਾਰਨ ਇਮਾਨਦਾਰ ਲੇਖਕ ਸਨ। ਉਹ ਆਮ ਅਦਮੀ ਦੇ ਵਿਚਾਰਕ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤਕ ਆਲੋਚਨਾ ਦਾ ਇੱਕ ਵੱਖਰਾ ਅੰਦਾਜ਼ ਖ਼ਤਮ ਹੋ ਗਿਆ ਹੈ। ਮੇਰੇ ਲਈ ਉਨ੍ਹਾਂ ਦੀਆਂ ਯਾਦਾਂ ਇੱਕ ਗੌਰਵਮਈ ਵਿਰਾਸਤ ਦੀ ਦੇਣ ਹਨ, ਪਰ ਹਿੰਦੀ ਤੇ ਸਿੱਖਿਆ ਜਗਤ ਨੇ ਅਗਾਂਹਵਧੂ ਤਾਕਤਾਂ ਤੇ ਲਹਿਰਾਂ ਦਾ ਇੱਕ ਵੱਡਾ ਲੇਖਕ ਗੁਆ ਦਿੱਤਾ ਹੈ।
      ਕੀ ਤੁਸੀਂ ਮੰਨ ਸਕਦੇ ਹੋ ਕਿ ਇਸ ਵਿਦਵਾਨ ਦੇ ਪਰਿਵਾਰ ਵਿੱਚ ਕੋਈ ਵੀ ਪੜ੍ਹਿਆ-ਲਿਖਿਆ ਵਿਅਕਤੀ ਨਹੀਂ ਸੀ ਜਦੋਂਕਿ ਸੱਭਿਆਚਾਰ ਤੇ ਸਮਾਜ ਸਾਸ਼ਤਰ ਨੇ ਉਹ ਇੱਕ ਵਿਵੇਕਸ਼ੀਲ ਚਿਤੇਰੇ ਰਹੇ ਹਨ।
    ਅੱਜਕੱਲ੍ਹ ਉਹ ਆਪਣੀ ਕਿਤਾਬ ‘ਦਾਰਾਸ਼ਿਕੋਹ’ ਉੱਤੇ ਕੰਮ ਕਰ ਰਹੇ ਸਨ। ਅਸਲ ਵਿੱਚ ਮੁਗ਼ਲ ਬਾਦਸ਼ਾਹਾਂ ਦੀ ਹਿੰਦੀ ਕਵਿਤਾ ਨੂੰ ਦੇਣ ਮੈਨੇਜਰ ਪਾਂਡੇ ਦਾ ਮਨਭਾਉਂਦਾ ਵਿਸ਼ਾ ਸੀ। ਇਸ ਲਈ ਦਾਰਾਸ਼ਿਕੋਹ ਉਨ੍ਹਾਂ ਦੇ ਅਧਿਐਨ ਦੇ ਕੇਂਦਰ ਵਿੱਚ ਸੀ। ‘ਸੰਵਾਦਧਰਮੀ ਸੋਚ ਕੇ ਦਾਰਸ਼ਨਿਕ ਦਾਰਾਸ਼ਿਕੋਹ’ ਵਰਗੀ ਕਿਤਾਬ ਉਹੀ ਪੂਰੀ ਕਰ ਸਕਦੇ ਸਨ।
       ਆਖਦੇ ਹਨ ਇੱਕ ਲੇਖਕ ਦੀ ਦੁਨੀਆ ਬੜੀ ਅਨੋਖੀ ਤੇ ਨਿਆਰੀ ਹੁੰਦੀ ਹੈ। ਉਹ ਹਮੇਸ਼ਾ ਬਦਲਦੇ ਅਰਥਾਂ ਨਾਲ ਦੁਨੀਆਂ ਵੇਖਦੇ ਰਹੇ। ਇਹ ਸ੍ਰੀ ਪਾਂਡੇ ਦੀ ਦਾਰਸ਼ਨਿਕ ਕਲਪਨਾ ਤੇ ਸਾਹਿਤ ਦੀ ਅਭਿਵਿਅਕਤੀ ਦੇ ਕੇਂਦਰ ’ਚ ਰਿਹਾ। ਉਹ ਇੱਕ ਦਿਲਦਾਰ ਪਰ ਸੂਖ਼ਮ ਪੇਂਡੂ ਸੁਭਾਅ ਵਾਲੇ ਵਧੀਆ ਮਿੱਤਰ ਸਨ।
     ਮੈਨੇਜਰ ਪਾਂਡੇ ਆਪਣੀ ਬੇਹੱਦ ਚਰਚਿਤ ਪੁਸਤਕ ‘ਮੁਗ਼ਲ ਬਾਦਸ਼ਾਹੋਂ ਕੀ ਹਿੰਦੀ ਕਵਿਤਾ’ ’ਚ ਉਹ ਕਵਿਤਾ ਬਾਰੇ ਮੁਗ਼ਲ ਬਾਦਸ਼ਾਹਾਂ ਤੇ ਉਨ੍ਹਾਂ ਦੀ ਕੱਟੜਤਾ ਦੀ ਤਸਵੀਰ ਇਸ ਤਰ੍ਹਾਂ ਪੇਸ਼ ਕਰਦੇ ਹਨ : ਬਾਬਰ ਤੋਂ ਲੈ ਕੇ ਬਹਾਦੁਰ ਸ਼ਾਹ ਜਫ਼ਰ ਤੀਕ ਸਾਰੇ ਬਾਦਸ਼ਾਹ ਕਵੀ ਸਨ। ਉਨ੍ਹਾਂ ਨੇ ਉਰਦੂ ਫ਼ਾਰਸੀ ਹੀ ਨਹੀਂ ਸਗੋਂ ਹਿੰਦਵੀ ਦੇ ਨਾਲ ਬ੍ਰਿਜ ਭਾਸ਼ਾ ਤੇ ਹਿੰਦੀ ’ਚ ਕਾਵਿ-ਰਚਨਾ ਕੀਤੀ ਹੈ।
       ਰਾਜਨੀਤੀ ਤੇ ਯੁੱਧਾਂ ਤੋਂ ਇਲਾਵਾ ਉਨ੍ਹਾਂ ਨੇ ਹਿੰਦੋਸਤਾਨ ਦੇ ਸਾਹਿਤ ਤੇ ਕਲਾ ਦੀ ਨਬਜ਼ ਫੜਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਦਾਹਰਣ ਦੇ ਤੌਰ ’ਤੇ ਬਾਬਰ ਦੀ ਧੀ ਗੁਲਬਦਨ ਬੇਗ਼ਮ ਤੇ ਦੋਹਤੀ ਸਲੀਮਾ ਸੁਲਤਾਨਾ ਫ਼ਾਰਸੀ ’ਚ ਕਵਿਤਾਵਾਂ ਲਿਖਦੀਆਂ ਸਨ।
  ਮੈਨੇਜਰ ਪਾਂਡੇ ਨੇ ਹਮਾਯੂੰ ਦੀਆਂ ਕਵਿਤਾਵਾਂ ਲੱਭੀਆਂ। ‘ਸੰਗੀਤ ਰਾਜਪਦਕੁੱਲਮ’ ਅਕਬਰ ਦੀ ਹਿੰਦੀ ਸ਼ਾਇਰੀ ਦੀ ਪੁਸਤਕ ਸੀ। ਔਰੰਗਜ਼ੇਬ ਦੀ ਬੇਟਾ ਜ਼ੇਬੂਨਿਸਾ ਵੀ ਕਵਿਤਾ ਲਿਖਦੀ ਸੀ। ਦਾਰਾ ਸ਼ਿਕੋਹ ਦਾ ਦੀਵਾਨ ਉਪਲਬਧ ਹੈ।
      ਮੈਨੇਜਰ ਪਾਂਡੇ ਨੇ ਇਸ ਧਾਰਨਾ ਨਾਲ ਭਾਰਤ ’ਚ ਮੁਗ਼ਲ ਬਾਦਸ਼ਾਹਾਂ ਦੇ ਅਕਸ ਨੂੰ ਵੱਖਰੀ ਤਰ੍ਹਾਂ ਸਥਾਪਤ ਕੀਤਾ ਹੈ। ਅਸਲ ਵਿੱਚ ਉਨ੍ਹਾਂ ਨੇ ਅਦਭੁੱਤ ਕੰਮ ਕੀਤਾ ਜਿਸ ਦੀ ਹੋਰ ਮਿਸਾਲ ਨਹੀਂ ਮਿਲਦੀ।
ਮੈਨੇਜਰ ਪਾਂਡੇ ਦੇ ਜਾਣਕਾਰ ਦੱਸਦੇ ਹਨ ਕਿ ਉਹ ਕੱਟੜ ਨਜ਼ਰੀਏ ਤੋਂ ਪਰ੍ਹੇ ਸਨ। ਉਹ ਸਾਹਿਤ ’ਚ ਵਿਵੇਕ-ਬੁੱਧੀ ਦੇ ਰੱਖਿਅਕ ਸਨ। ਉਨ੍ਹਾਂ ਦੀ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਦੇਸ਼ ਵਿੱਚ ਕੱਟੜਤਾ ਭਾਵੇਂ ਸਾਹਿਤ ਵਿੱਚ ਹੀ ਹੋਵੇ, ਨਹੀਂ ਚੱਲ ਸਕਦੀ। ਡਾ. ਪਾਂਡੇ ਦੇ ਰੁਖ਼ਸਤ ਹੋਣ ਨਾਲ ਇੱਕ ਵਿਵੇਕਸ਼ੀਲ ਭਾਸ਼ਾਈ ਚਿਤੇਰਾ ਤੇ ਆਲੋਚਕ ਭਾਰਤੀ ਸਾਹਿਤ ਧਾਰਾ ’ਚੋ ਲੋਪ ਹੋ ਗਿਆ ਹੈ।
* ਲੇਖਕ ਉੱਘਾ ਬ੍ਰਾਡਕਾਸਟਰ ਤੇ ਦੂਰਦਰਸ਼ਨ ਦਾ ਸਾਬਕਾ ਉਪ-ਮਹਾਂਨਿਰਦੇਸ਼ਕ ਰਿਹਾ ਹੈ।
ਸੰਪਰਕ : 94787-30156