ਹਰਦਿਲ ਅਜ਼ੀਜ਼ ਅਦਾਕਾਰਾ ਦਲਜੀਤ ਕੌਰ - ਮਨਦੀਪ ਸਿੰਘ ਸਿੱਧੂ

ਪੰਜਾਬੀ ਸਿਨਮਾ ਦੀ ਆਪਣੇ ਦੌਰ ਦੀ ‘ਹੇਮਾ ਮਾਲਿਨੀ’ ਯਾਨੀ ਦਲਜੀਤ ਕੌਰ ਨਹੀਂ ਰਹੀ। ਪੰਜਾਬੀ ਸਿਨਮਾ ਵਿੱਚ ਪਾਏ ਉਸ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਦਲਜੀਤ ਕੌਰ ਦੀ ਪੈਦਾਇਸ਼ ਮਾਰਚ 1953 ਵਿੱਚ ਪੱਛਮੀ ਬੰਗਾਲ ਦੇ ਸ਼ਹਿਰ ਸਿਲੀਗੁੜੀ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਈ। ਉਂਜ ਇਨ੍ਹਾਂ ਦਾ ਅਬਾਈ ਤਾਲੁਕ ਪਿੰਡ ਐਤੀਆਣਾ (ਕਸਬਾ ਸੁਧਾਰ), ਜ਼ਿਲ੍ਹਾ ਲੁਧਿਆਣਾ ਨਾਲ ਸੀ। ਉਸ ਦੇ ਪਿਤਾ ਦਾਰਜੀਲਿੰਗ ਦੇ ਬਹੁਤ ਵੱਡੇ ਕਾਰੋਬਾਰੀ ਸਨ। ਦਲਜੀਤ ਨੇ ਕੌਨਵੈਂਟ ਸਕੂਲ ਦਾਰਜੀਲਿੰਗ ਤੋਂ ਇਬਤਦਾਈ ਤਾਲੀਮ ਅਤੇ ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਸਕੂਲ ਟਾਈਮ ਤੋਂ ਹੀ ਉਸ ਨੂੰ ਖੇਡਾਂ ਤੇ ਅਦਾਕਾਰੀ ਵਿੱਚ ਦਿਲਚਸਪੀ ਸੀ। ਲਿਹਾਜ਼ਾ ਤਾਲੀਮ ਮੁਕੰਮਲ ਕਰਦਿਆਂ ਹੀ ਉਸ ਨੇ ਪੂਨਾ ਇੰਸਟੀਚਿਊਟ ਤੋਂ ਐਕਟਿੰਗ ਦਾ ਡਿਪਲੋਮਾ ਕੀਤਾ।
ਦਲਜੀਤ ਕੌਰ ਨੂੰ ਪੰਜਾਬੀ ਫਿਲਮਾਂ ’ਚ ਲਿਆਉਣ ਦਾ ਮਾਣ ਇੰਦਰਜੀਤ ਹਸਨਪੁਰੀ ਨੂੰ ਹਾਸਲ ਹੈ। ਜਦੋਂ ਇੰਦਰਜੀਤ ਹਸਨਪੁਰੀ ਨੇ ਆਪਣੇ ਫਿਲਮਸਾਜ਼ ਅਦਾਰੇ ਲੁਧਿਆਣਾ ਫਿਲਮਜ਼, ਲੁਧਿਆਣਾ ਦੇ ਬੈਨਰ ਹੇਠ ਧਰਮ ਕੁਮਾਰ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਦਾਜ’ (1976) ਬਣਾਈ ਤਾਂ ਉਸ ਨੂੰ ਨਵੀਂ ਅਦਾਕਾਰਾ ਵਜੋਂ ਪੇਸ਼ ਕੀਤਾ। ਫਿਲਮਸਾਜ਼ ਤੇ ਨਗ਼ਮਾਨਿਗਾਰ ਹਸਨਪੁਰੀ ਦੀ ਦਾਜ ਪ੍ਰਥਾ ’ਤੇ ਆਧਾਰਿਤ ਇਸ ਫਿਲਮ ਵਿੱਚ ਉਸ ਨੇ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ (ਚੌਧਰੀ) ਦੀ ਧੀ ‘ਲਾਜੋ’ ਦਾ ਸੋਹਣਾ ਕਿਰਦਾਰ ਨਿਭਾਇਆ। ਐੱਸ. ਮੋਹਿੰਦਰ ਦੇ ਸੰਗੀਤ ਵਿੱਚ ਦਲਜੀਤ ਕੌਰ ਤੇ ਧੀਰਜ ਕੁਮਾਰ ’ਤੇ ਫਿਲਮਾਏ ਗੀਤ ‘ਮੈਨੂੰ ਦੇ ਕੇ ਟਕੇ ਦਾ ਛੱਲਾ’ (ਮੀਨੂੰ ਪ੍ਰਸ਼ੋਤਮ/ਰਿਕਾਰਡ ਵਰਜ਼ਨ ਨਰਿੰਦਰ ਬੀਬਾ), ‘ਨੀਂ ਕੁੜੀਏ ਤੂੰ ਪਿਆਰ ਨਾ ਪਾਵੀਂ’ (ਨਰਿੰਦਰ ਬੀਬਾ, ਮੀਨੂੰ ਪ੍ਰਸ਼ੋਤਮ), ‘ਸੋਹਣਿਓ ਮੱਖਣੋ ਮਲਾਈ ਦੇ ਡੋਨਿਓ ਤੇ ਖੋਏ ਦੇ ਪੇੜਿਓ’ (ਮੁਹੰਮਦ ਰਫ਼ੀ, ਨਰਿੰਦਰ ਬੀਬਾ) ਤੇ ਭੰਗੜਾ ਗੀਤ ‘ਓ ਗੋਰੇ ਰੰਗ ਨੇ ਸਦਾ ਨਈਓ ਰਹਿਣਾ’ (ਮਹਿੰਦਰ ਕਪੂਰ, ਸ਼ਮਸ਼ਾਦ ਬੇਗ਼ਮ) ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਹਿੰਦੀ ਵਿੱਚ ਇਹ ਫਿਲਮ ‘ਦਹੇਜ’ (1981) ਦੇ ਸਿਰਲੇਖ ਹੇਠ ਡੱਬ ਹੋਈ। ਉਸ ਦੀ ਦੂਜੀ ਪੰਜਾਬੀ ਫਿਲਮ ਅਮਰ ਫਿਲਮਜ਼, ਬੰਬੇ ਦੀ ਬੀ. ਐੱਸ. ਸ਼ਾਦ ਦੀ ਕਹਾਣੀ ’ਤੇ ਨਿਰਦੇਸ਼ਿਤ ‘ਗਿੱਧਾ’ (1978) ਸੀ। ਇਸ ’ਚ ਉਸ ਨੇ ‘ਜੀਤੋ’ ਦਾ ਅਤੇ ਧਰਮਿੰਦਰ ਨੇ ‘ਬੰਤਾ’ ਦੀ ਮਹਿਮਾਨ ਭੂਮਿਕਾ ਨਿਭਾਈ। ਹਿੰਦੀ ਵਿੱਚ ਇਹ ਫਿਲਮ ਪਾਪੂਲਰ ਫਿਲਮ ਐਕਸਚੇਂਜ, ਬੰਬੇ ਦੇ ਬੈਨਰ ਹੇਠ ‘ਜ਼ਖ਼ਮੀ ਦਿਲ’ (1982) ਦੇ ਸਿਰਲੇਖ ਹੇਠ ਡੱਬ ਹੋਈ। ਬੈਲਕੋ ਮੂਵੀਜ਼, ਬੰਬੇ ਦੀ ਰਮੇਸ਼ ਬੇਦੀ ਨਿਰਦੇਸ਼ਿਤ ਪੰਜਾਬੀ ਫਿਲਮ ‘ਗੋਰਖ ਧੰਦਾ’ (1979) ’ਚ ਉਸ ਨੇ ‘ਪ੍ਰੀਤੀ’ ਦਾ ਪਾਰਟ ਅਦਾ ਕੀਤਾ, ਜਿਸ ਦੇ ਸਨਮੁੱਖ ਗੌਤਮ ਉਰਫ਼ ਸੁਰਿੰਦਰਪਾਲ (ਮਹਾਂਭਾਰਤ ਚਰਚਿੱਤ) ਮੌਜੂਦ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਚਿਰਨਜੀਤ ਧਵਨ, ਗੀਤ ਪ੍ਰਕਾਸ਼ ਸਾਥੀ ਅਤੇ ਮੌਸੀਕੀ ਗੋਵਿੰਦ-ਨਰੇਸ਼ ਨੇ ਮੁਰੱਤਿਬ ਕੀਤੀ। ਫਿਲਮ ਵਿੱਚ ਦਲਜੀਤ ਕੌਰ ਤੇ ਗੌਤਮ ’ਤੇ ਫਿਲਮਾਏ ‘ਮੇਰੀ ਹਾਏ ਇੱਕ ਗਵਾਚੀ ਸ਼ੈਅ’ (ਮਹਿੰਦਰ ਕਪੂਰ, ਨੀਨਾ ਮਹਿਤਾ), ‘ਓ ਜ਼ਰਾ ਹੌਲੀ-ਹੌਲੀ ਚੂੜੀਆਂ ਚੜ੍ਹਾ’ (ਆਸ਼ਾ ਭੌਸਲੇ) ਤੋਂ ਇਲਾਵਾ ‘ਹਾਏ ਨੀਂ ਚੰਨ ਚੜ੍ਹਿਆ ਚੁਬਾਰੇ’ (ਆਸ਼ਾ ਭੌਸਲੇ) ਗੀਤ ਬੇਹੱਦ ਮਕਬੂਲ ਹੋਇਆ। ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਨਿਰਦੇਸ਼ਿਤ ਪੰਜਾਬੀ ਫਿਲਮ ‘ਸੈਦਾ ਜੋਗਨ’ (1979) ’ਚ ਉਸ ਨੇ ‘ਸੈਦਾਂ’ ਤੇ ‘ਮੰਜੂ’ ਨਾਮੀ ਡਬਲ ਕਿਰਦਾਰ ਅਦਾ ਕੀਤਾ, ਜਿਨ੍ਹਾਂ ਦੇ ਮੁਕਾਬਿਲ ਹੀਰੋ ਵਜੋਂ ਵਰਿੰਦਰ (ਸੱਜਣ) ਤੇ ਸਤੀਸ਼ ਕੌਲ (ਪ੍ਰੀਤਮ) ਸਨ। ਫਿਲਮਸਾਜ਼ ਬਲਦੇਵ ਸਿੰਘ ਦਾਨੀ, ਮੁਸੱਨਫ਼ ਭਾਗ ਸਿੰਘ, ਗੀਤ ਬੀ. ਐੱਸ. ਮਾਨ ਅਤੇ ਸੰਗੀਤ ਮੁਹੰਮਦ ਸਦੀਕ ਨੇ ਤਾਮੀਰ ਕੀਤਾ। ਦਲਜੀਤ ਤੇ ਸਤੀਸ਼ ’ਤੇ ਫਿਲਮਾਇਆ ‘ਹੱਸ ਬੱਲੀਏ ਨਹੀਂ ਹੱਸਣਾ...ਛੱਡ ਮੇਰੀ ਬਾਂਹ ਮਿੱਤਰਾ’ (ਮੁਹੰਮਦ ਸਦੀਕ, ਰਣਜੀਤ ਕੌਰ) ਅਤੇ ਦਲਜੀਤ ਤੇ ਵਰਿੰਦਰ ’ਤੇ ਫਿਲਮਾਇਆ ਗੀਤ ‘ਮੇਰਾ ਧੱਕ-ਧੱਕ...ਮੈਂ ਸ਼ਰਬਤ ਦੀ ਬੋਤਲ’ (ਦਿਲਰਾਜ ਕੌਰ, ਮਹਿੰਦਰ ਕਪੂਰ) ਖ਼ੂਬ ਚੱਲੇ। ਇਸ ਕਾਮਯਾਬ ਫਿਲਮ ਨਾਲ ਦਲਜੀਤ ਕੌਰ ਦੀ ਅਦਾਕਾਰੀ ਨੂੰ ਪੁਖ਼ਤਾ ਪਛਾਣ ਮਿਲੀ।
      ਜਦੋਂ ਵਰਿੰਦਰ ਨੇ ਆਪਣੇ ਫਿਲਮਸਾਜ਼ ਅਦਾਰੇ ਪੰਮੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਬਟਵਾਰਾ’ (1983) ਬਣਾਈ ਤਾਂ ਆਪਣੇ ਨਾਲ ਹੀਰੋਇਨ ਵਜੋਂ ਦਲਜੀਤ ਕੌਰ ਨੂੰ ਲਿਆ। ਫਿਲਮ ਵਿੱਚ ਉਸ ਨੇ ‘ਪ੍ਰੀਤੋ’ ਦਾ ਤੇ ਵਰਿੰਦਰ ਨੇ ‘ਕਰਮਾ’ ਦਾ ਰੋਲ ਕੀਤਾ। ਦਲਜੀਤ ਕੌਰ ਤੇ ਵਰਿੰਦਰ ’ਤੇ ਫਿਲਮਾਏ ‘ਵੇ ਮੈਂ ਘੰਟੀ ਬੜੀ ਵਜਾਈ...ਮੇਰੀ ਸਾਈਕਲ ਵਿੱਚ’ (ਅਨੁਰਾਧਾ ਪੌਡਵਾਲ, ਮਹਿੰਦਰ ਕਪੂਰ), ‘ਕੁੜੀ ਸੂਰਜਮੁਖੀ ਦੇ ਫੁੱਲ ਵਰਗੀ’ (ਮਹਿੰਦਰ ਕਪੂਰ, ਅਨੁਰਾਧਾ ਪੌਡਵਾਲ), ‘ਹੋ ਇੱਕ ਤੇਰੇ ਵਾਲ ਕਾਲੇ’ (ਮਹਿੰਦਰ ਕਪੂਰ) ਗੀਤ ਬੜੇ ਹਿੱਟ ਹੋਏ। ਪੂਜਾ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਪੰਜਾਬੀ ਫਿਲਮ ‘ਲਾਜੋ’ (1983) ’ਚ ਉਸ ਨੇ ਇੱਕ ਵਾਰ ਫਿਰ ‘ਪ੍ਰੀਤੋ’ ਦਾ ਕਿਰਦਾਰ ਤੇ ਵਰਿੰਦਰ ‘ਜੀਤਾ’ ਦਾ ਪਾਰਟ ਨਿਭਾ ਰਿਹਾ ਸੀ। ਕਮਲ ਕਾਂਤ ਦੇ ਸੰਗੀਤ ਵਿੱਚ ਇਨ੍ਹਾਂ ਦੋਵਾਂ ’ਤੇ ਫਿਲਮਾਏ ‘ਜ਼ੁਲਫ਼ਾਂ ਕਾਲੀਆਂ ਨੀਂ ਕੁੰਡਲਦਾਰ’ (ਮਹਿੰਦਰ ਕਪੂਰ, ਦਿਲਰਾਜ ਕੌਰ), ‘ਬਚ ਮੋੜ ਤੋਂ ਬੱਲੇ ਨੀਂ ਬਚ ਮੋੜ ਤੋਂ’ (ਦਿਲਰਾਜ ਕੌਰ) ਗੀਤ ਵੀ ਪਸੰਦ ਕੀਤੇ ਗਏ। ਫਰੈਂਡ ਐਂਡ ਫਰੈਂਡਜ਼ ਫਿਲਮਜ਼, ਚੰਡੀਗੜ੍ਹ ਦੀ ਹਰੀ ਦੱਤ ਨਿਰਦੇਸ਼ਿਤ ਪੰਜਾਬੀ ਫਿਲਮ ‘ਮਾਮਲਾ ਗੜਬੜ ਹੈ’ (1983) ਵਿੱਚ ਉਸ ਨੇ ਮਾਡਰਨ ਕੁੜੀ ‘ਕਿੱਟੀ’ ਦਾ ਕਿਰਦਾਰ ਤੇ ਉਸ ਨਾਲ ਨਵੇਂ ਹੀਰੋ ਵਜੋਂ ਲੋਕ ਗਾਇਕ ਗੁਰਦਾਸ ਮਾਨ ‘ਅਮਰਜੀਤ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਕਹਾਣੀ ਸਰਦਾਰ ਭਾਗ ਸਿੰਘ ਅਤੇ ਸੰਗੀਤ ਸਪਨ-ਜਗਮੋਹਨ ਨੇ ਤਰਤੀਬ ਕੀਤਾ। ਦਲਜੀਤ ਕੌਰ ਤੇ ਗੁਰਦਾਸ ਮਾਨ ’ਤੇ ਫਿਲਮਾਏ ‘ਦਿਲ ਦਾ ਮਾਮਲਾ ਹੈ’ (ਸਵਿਤਾ ਸਾਥੀ, ਗੁਰਦਾਸ ਮਾਨ), ‘ਅਸੀਂ ਹੱਸਣਾ ਭੁੱਲ ਗਏ’ (ਸਵਿਤਾ ਸਾਥੀ) ਗੀਤ ਵੀ ਸੰਗੀਤ-ਸ਼ੌਕੀਨਾਂ ਦੀ ਪਸੰਦ ਬਣੇ। ਗਿੱਲ ਆਰਟਸ, ਬੰਬੇ ਦੀ ਜਗਜੀਤ ਨਿਰਦੇਸ਼ਿਤ ਪਹਿਲੀ ਐਕਸ਼ਨ ਪੰਜਾਬੀ ਫਿਲਮ ‘ਪੁੱਤ ਜੱਟਾਂ ਦੇ’ (1983) ਵਿੱਚ ਉਸ ਨੇ ਮੱਖਣ ਸਿੰਘ (ਸੱਜਣ ਸਿੰਘ) ਦੀ ਧੀ ‘ਪਾਲੀ’ ਦਾ ਰੋਲ ਕੀਤਾ। ਕਹਾਣੀ ਅਜੀਤ ਸਿੰਘ ਦਿਓਲ ਅਤੇ ਸੰਗੀਤ ਸੁਰਿੰਦਰ ਛਿੰਦਾ ਤੇ ਮਹਿੰਦਰਜੀਤ ਸਿੰਘ ਵਸੀਰ ਨੇ ਤਿਆਰ ਕੀਤਾ। ਮਹਿੰਦਰਜੀਤ ਸਿੰਘ ਦੇ ਸੰਗੀਤ ਵਿੱਚ ਦਲਜੀਤ ਕੌਰ ਤੇ ਬਲਦੇਵ ਖੋਸਾ ’ਤੇ ਫਿਲਮਾਇਆ ਰੁਮਾਨੀ ਗੀਤ ‘ਥੱਕੇ ਰਾਤ ਦੇ ਨਜ਼ਾਰੇ ਸੌਣ ਲੱਗੇ ਚੰਨ ਤਾਰੇ’ (ਸਵਿਤਾ ਸਾਥੀ) ਨੇ ਬੜੀ ਮਕਬੂਲੀਅਤ ਹਾਸਲ ਕੀਤੀ। ਐੱਸ. ਐੱਸ. ਪਾਲ ਦੇ ਫਿਲਮਸਾਜ਼ ਅਦਾਰੇ ਪਾਹਲ ਬ੍ਰਦਰਜ਼ ਪ੍ਰੋਡਕਸ਼ਨਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਪੰਜਾਬੀ ਫਿਲਮ ‘ਰੂਪ ਸ਼ੌਕੀਨਣ ਦਾ’ (1983) ’ਚ ਉਸ ਨੇ ‘ਪੀਤੋ’ ਦਾ ਪਾਰਟ ਅਤੇ ਸਤੀਸ਼ ਕੌਲ ‘ਜੀਤੇ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਫਿਲਮ ’ਚ ਦਲਜੀਤ ਤੇ ਸਤੀਸ਼ ਕੋਲ ’ਤੇ ਫਿਲਮਾਏ ‘ਅੱਗੇ-ਪਿੱਛੇ ਸੋਹਣਿਆਂ ਤੂੰ ਰਹੇ ਘੁੰਮਦਾ...ਦਿੱਤੀ ਜੋ ਨਿਸ਼ਾਨੀ’, ‘ਔਖੇ ਪਲ ਸੱਜਣਾ ਬਾਝੋਂ’ (ਦਿਲਰਾਜ ਕੌਰ, ਮਹਿੰਦਰ ਕਪੂਰ) ਅਤੇ ਭੰਗੜਾ ਗੀਤ ‘ਗੱਲ ਪਿੰਡ ਦੇ ਲੋਕਾਂ ਦੇ ਮੂੰਹ ਚੜ੍ਹਗੀ’ (ਮਹਿੰਦਰ ਕਪੂਰ, ਸਵਿਤਾ ਸਾਥੀ, ਜਸਪਾਲ ਸਿੰਘ) ਗੀਤ ਵੀ ਜ਼ੁਬਾਨਜ਼ਦ ਹੋਏ। ਵਿਨੋਦ ਤਲਵਾਰ ਦੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੀ ਵਿਨੋਦ ਤਲਵਾਰ ਨਿਰਦੇਸ਼ਿਤ ਪੰਜਾਬੀ ਫਿਲਮ ‘ਇਸ਼ਕ ਨਿਮਾਣਾ’ (1984) ’ਚ ਉਸ ਨੇ ‘ਨਿੰਮੋ’ ਦਾ ਅਤੇ ਸਤੀਸ਼ ਕੌਲ ‘ਜੀਤਾ’ ਦਾ ਪਾਤਰ ਨਿਭਾ ਰਿਹਾ ਸੀ। ਗੀਤ ਬਲਬੀਰ ਨਿਰਦੋਸ਼ (ਜਲੰਧਰ) ਤੇ ਸੰਗੀਤ ਸੁਰਿੰਦਰ ਕੋਹਲੀ ਨੇ ਤਰਤੀਬ ਕੀਤਾ। ਦੋਵਾਂ ’ਤੇ ਫਿਲਮਾਏ ‘ਵੇ ਮੈਨੂੰ ਚੜ੍ਹ ਗਈ ਜਵਾਨੀ ਕਹਿਰ ਦੀ’ (ਮੀਨੂੰ ਪ੍ਰਸ਼ੋਤਮ), ‘ਕੀ-ਕੀ ਰੰਗ ਵਿਖਾਵੇ ਮੇਰਾ ਇਸ਼ਕ ਨਿਮਾਣਾ’ (ਮਹਿੰਦਰ ਕਪੂਰ) ਗੀਤ ਵੀ ਬਹੁਤ ਚੱਲੇ। ਅਰਾਧਨਾ ਪ੍ਰੋਡਕਸ਼ਨਜ਼, ਬੰਬੇ ਦੀ ਫਿਲਮ ‘ਨਿੰਮੋ’ (1984), ਜਿਸ ਦੇ ਮੁਸੱਨਫ਼, ਮੰਜ਼ਰਨਾਮਾ ਤੇ ਹਿਦਾਇਤਕਾਰੀ ਦੇ ਫ਼ਰਜ਼ ਵਰਿੰਦਰ ਨੇ ਨਿਭਾਏ। ਫਿਲਮ ਵਿੱਚ ਦਲਜੀਤ ਕੌਰ ਨੇ ਮਹਿਮਾਨ ਅਦਾਕਾਰਾ ਵਜੋਂ ‘ਰਾਣੋ’ ਦਾ ਕਿਰਦਾਰ ਨਿਭਾਇਆ। ਕਮਲ ਕਾਂਤ ਦੇ ਸੰਗੀਤ ਵਿੱਚ ਉਸ ’ਤੇ ਫਿਲਮਾਇਆ ਗੀਤ ‘ਕਾਲਾ ਡੋਰੀਆ ਕੁੰਡੇ ਨਾਲ ਅੜਿਆ ਓਏ’ (ਸਲਮਾ ਆਗਾ, ਵਰਿੰਦਰ) ਖ਼ੂਬ ਹਿੱਟ ਹੋਇਆ। ਆਸ਼ੂਰਾਜ ਪਿਕਚਰਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਫਿਲਮ ‘ਸੋਹਣੀ ਮਹੀਵਾਲ’ (1984) ਵਿੱਚ ਉਸ ਨੇ ‘ਸੋਹਣੀ’ ਦਾ ਅਤੇ ਅਰੁਣ ਚੋਪੜਾ ‘ਮਹੀਵਾਲ’ ਦਾ ਕਿਰਦਾਰ ਨਿਭਾ ਰਿਹਾ ਸੀ। ਐੱਸ. ਐੱਫ. ਕੰਬਾਇਨ, ਬੰਬੇ ਦੀ ਵੀ. ਕੇ. ਸੋਬਤੀ ਨਿਰਦੇਸ਼ਿਤ ਪਹਿਲੀ ਸਿਨਮਾ ਸਕੋਪ ਪੰਜਾਬੀ ਫਿਲਮ ‘ਵੈਰੀ ਜੱਟ’ (1985) ਵਿੱਚ ਉਸ ਨੇ ‘ਨਿੰਮੋ’ ਦਾ ਅਤੇ ਵਰਿੰਦਰ ‘ਜੱਗਾ’ ਦਾ ਰੋਲ ਕਰ ਰਿਹਾ ਸੀ। ਸੁਰਿੰਦਰ ਕੋਹਲੀ ਦੇ ਦਿਲਕਸ਼ ਸੰਗੀਤ ’ਚ ਦੋਵਾਂ ਉੱਪਰ ਫਿਲਮਾਏ ਗੀਤ ‘ਚੰਨ ਬੱਦਲਾਂ ’ਚੋਂ ਰੋਜ਼ ਮੈਨੂੰ ਮਾਰੇ ਝਾਤੀਆਂ’ (ਸਵਿਤਾ ਸਾਥੀ, ਜਸਪਾਲ ਸਿੰਘ) ਤੇ ‘ਨਾ ਜਾ ਵੇ ਹਾਣੀਆ ਨਾ ਜਾ...ਗੱਡੀ ਥੱਲੇ ਸਿਰ ਦੇ ਕੇ ਮਰਜੂੰਗੀ’ (ਸਵਿਤਾ ਸਾਥੀ, ਵਰਿੰਦਰ) ਗੀਤ ਬੜੇ ਹਿੱਟ ਹੋਏ।
       ਪੁਖਰਾਜ ਪ੍ਰੋਡਕਸ਼ਨਜ਼, ਬੰਬੇ ਦੀ ਜਗਜੀਤ ਨਿਰਦੇਸ਼ਿਤ ਫਿਲਮ ‘ਕੀ ਬਣੂੰ ਦੁਨੀਆ ਦਾ’ (1986) ਵਿੱਚ ਉਸ ਨੇ ਗੁਰਦਾਸ ਮਾਨ (ਡਬਲ ਰੋਲ) ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਫਰੈਂਡਜ਼ ਮੂਵੀਜ਼, ਬੰਬੇ ਦੀ ਜੇ. ਪੀ. ਪਰਦੇਸੀ ਨਿਰਦੇਸ਼ਿਤ ‘ਪਟੋਲਾ’ (1987) ਜਬਰਦਸਤ ਹਿੱਟ ਫਿਲਮ ਸੀ। ਇਸ ਵਿੱਚ ਦਲਜੀਤ ਕੌਰ ਨੇ ‘ਰਾਣੀ’ ਦਾ ਕਿਰਦਾਰ ਨਿਭਾਇਆ, ਜਿਸ ਦੇ ਸਨਮੁੱਖ ਇੱਕ ਵਾਰ ਫਿਰ ਸਤੀਸ਼ ਕੌਲ ਮੌਜੂਦ ਸੀ। ਅੰਮ੍ਰਿਤਾ ਫਿਲਮ, ਬੰਬਈ ਦੀ ਮਜ਼ਾਹੀਆ ਫਿਲਮ ‘ਤੁਣਕਾ ਪਿਆਰ ਦਾ’ (1989) ’ਚ ਪਹਿਲੀ ਵਾਰ ਦਲਜੀਤ ਕੌਰ ਨਾਲ ਸੁਰਿੰਦਰ ਵਾਲੀਆ ਦੀ ਜੋੜੀ ਸੀ।
       1990ਵਿਆਂ ਦੇ ਦਹਾਕੇ ਵਿੱਚ ਉਸ ਦੀਆਂ ਕਾਫ਼ੀ ਫਿਲਮਾਂ ਨੁਮਾਇਸ਼ ਹੋਈਆਂ। ਗਿੱਲ ਆਰਟਸ, ਬੰਬੇ ਦੀ ਰਵਿੰਦਰ ਰਵੀ ਨਿਰਦੇਸ਼ਿਤ ਐਕਸ਼ਨ ਫਿਲਮ ‘ਅਣਖ ਜੱਟਾਂ ਦੀ’ (1990) ਵਿੱਚ ਉਹ ਪਹਿਲੀ ਵਾਰ ਗੁੱਗੂ ਗਿੱਲ ਦੇ ਸਨਮੁੱਖ ‘ਮੁੱਖੋ’ ਦਾ ਕਿਰਦਾਰ ਨਿਭਾ ਰਹੀ ਸੀ। ਜੇ. ਐੱਸ. ਪ੍ਰੋਡਕਸ਼ਨਜ਼, ਬੰਬੇ ਦੀ ਮੋਹਨ ਭਾਖੜੀ ਨਿਰਦੇਸ਼ਿਤ ਫਿਲਮ ‘ਜੱਟ ਦਾ ਗੰਡਾਸਾ’ (1991) ਵਿੱਚ ਇੱਕ ਵਾਰ ਫਿਰ ਦਲਜੀਤ ਕੌਰ (ਚੰਨੀ) ਤੇ ਸਤੀਸ਼ ਕੌਲ (ਜੀਤਾ) ਦੀ ਜੋੜੀ ਸੀ। ਲੱਖਾ ਸਿੰਘ ਦੇ ਫਿਲਮਸਾਜ਼ ਅਦਾਰੇ ਲੱਖਾ ਫਿਲਮਜ਼, ਬੰਬੇ ਦੀ ਫਿਲਮ ‘ਜੱਟ ਪੰਜਾਬ ਦਾ’ (1992) ’ਚ ਉਸ ਨੇ ‘ਮੀਤੋ’ ਦਾ ਪਾਰਟ ਅਦਾ ਕੀਤਾ ਤੇ ਉਸ ਦੇ ਸਨਮੁੱਖ ਸ਼ਵਿੰਦਰ ਮਾਹਲ ‘ਤਾਰੀ’ ਦਾ ਕਿਰਦਾਰ ਨਿਭਾ ਰਿਹਾ ਸੀ। ਸੁਰਿੰਦਰ ਵਾਲੀਆ ਪ੍ਰੋਡਕਸ਼ਨਜ਼, ਬੰਬੇ ਦੀ ਸੁਰਿੰਦਰ ਵਾਲੀਆ ਨਿਰਦੇਸ਼ਿਤ ਫਿਲਮ ‘ਦੁਸ਼ਮਣੀ ਜੱਟਾਂ ਦੀ’ (1993) ’ਚ ਉਸ ਨੇ ‘ਸੀਬੋ’ ਦਾ ਤੇ ਉਸ ਦੇ ਹਮਰਾਹ ਪੰਕਜ ਧੀਰ ‘ਕਰਮ’ ਦਾ ਪਾਤਰ ਨਿਭਾ ਰਿਹਾ ਸੀ। ਚਰਨਜੀਤ ਅਹੂਜਾ ਦੇ ਸੰਗੀਤ ’ਚ ਦਲਜੀਤ ਕੌਰ (ਨਾਲ ਪੰਕਜ ਧੀਰ) ’ਤੇ ਫਿਲਮਾਏ ‘ਹਾਏ ਮੇਰੀ ਮੁੰਦਰੀ ਗਵਾਚ ਗਈ’ (ਆਸ਼ਾ ਭੌਸਲੇ), ‘ਮੈਨੂੰ ਰਾਂਝੇ ਵਾਲਾ ਚੋਗਾ ਗਲ ਪਾ ਲੈਣ ਦੇ’ (ਦਿਲਰਾਜ ਕੌਰ, ਸਰਦੂਲ ਸਿਕੰਦਰ) ਆਦਿ ਫਿਲਮਾਂ ਉਸ ਦੀ ਅਦਾਕਾਰੀ ਨਾਲ ਯਾਦਗਾਰੀ ਬਣੀਆਂ।
      1990ਵਿਆਂ ਦਹਾਕੇ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ ਵਿੱਚ ਸਿਰਫ਼ ਚਰਿੱਤਰ ਕਿਰਦਾਰ ਹੀ ਨਿਭਾਏ, ਜਿਨ੍ਹਾਂ ਵਿੱਚ ‘ਮਾਹੌਲ ਠੀਕ ਹੈ’ (1999) ‘ਜੀ ਆਇਆਂ ਨੂੰ’ (2002), ‘ਸੱਜਣਾ ਵੇ ਸੱਜਣਾ’ (2007), ‘ਹੀਰ ਰਾਂਝਾ ਏ ਟਰੂ ਲਵ ਸਟੋਰੀ’ (2009), ‘ਸਿੰਘ ਵਰਸਿਜ਼ ਕੌਰ’, ‘ਪੰਜਾਬ ਬੋਲਦਾ’ (2013), ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਦਿਲ ਪਰਦੇਸੀ ਹੋ ਗਿਆ’ (2013) ਆਦਿ ਤੋਂ ਇਲਾਵਾ ਆਖ਼ਰੀ ਪੰਜਾਬੀ ਫਿਲਮ ‘ਦੇਸੀ ਮੁੰਡੇ’ (2014) ਦੇ ਨਾਮ ਜ਼ਿਕਰਯੋਗ ਹਨ।
      ਪੰਜਾਬੀ ਫਿਲਮਾਂ ਤੋਂ ਇਲਾਵਾ ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ, ਪਰ ਜੋ ਮਕਬੂਲੀਅਤ ਉਸ ਨੂੰ ਪੰਜਾਬੀ ਫਿਲਮਾਂ ਵਿੱਚ ਮਿਲੀ, ਉਹ ਹਿੰਦੀ ਫਿਲਮਾਂ ’ਚੋਂ ਨਾ ਮਿਲ ਸਕੀ। ਉਸ ਦੀ ਬਤੌਰ ਅਦਾਕਾਰਾ ਪਹਿਲੀ ਹਿੰਦੀ ਫਿਲਮ ਨੰਦੀ ਆਰਟਸ ਪ੍ਰੋਡਕਸ਼ਨਜ਼, ਬੰਬੇ ਦੀ ਸਿਕੰਦਰ ਖੰਨਾ ਨਿਰਦੇਸ਼ਿਤ ‘ਯਾਰੀ ਦੁਸ਼ਮਣੀ’ (1980) ਸੀ। ਇਸ ਤੋਂ ਬਾਅਦ ਉਸ ਨੇ ਸ਼ਿਲਪਕਾਰ, ਬੰਬੇ ਦੀ ਹਰੀਸ਼ ਸ਼ਾਹ ਨਿਰਦੇਸ਼ਿਤ ਹਿੰਦੀ ਫਿਲਮ ‘ਧਨ ਦੌਲਤ’ (1980), ਮਨੀਸ਼ ਫ਼ਿਲਮਜ਼, ਬੰਬੇ ਦੀ ਸ਼ਿੱਬੂ ਮਿੱਤਰਾ ਨਿਰਦੇਸ਼ਿਤ ਹਿੰਦੀ ਫਿਲਮ ‘ਪਾਂਚ ਕੈਦੀ’ (1981), ਏ. ਬੀ. ਸੀ. ਇੰਟਰਨੈਸ਼ਨਲ, ਬੰਬੇ ਦੀ ਅਵਤਾਰ ਭੋਗਲ ਨਿਰਦੇਸ਼ਿਤ ਹਿੰਦੀ ਫਿਲਮ ‘ਵਿਦੇਸ਼’ (1984) ਆਦਿ ਕੀਤੀ।
      ਉਸ ਦਾ ਵਿਆਹ ਪੰਜਾਬੀ ਫਿਲਮਸਾਜ਼ ਗਜ਼ ਦਿਓਲ ਉਰਫ਼ ਹਰਮਿੰਦਰ ਸਿੰਘ ਦਿਓਲ ਨਾਲ ਹੋਇਆ, ਜਿਸ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ‘ਲੌਂਗ ਦਾ ਲਿਸ਼ਕਾਰਾ’ (1983) ਵਾਲੀ ਖ਼ੂਬਸੂਰਤ ਅਦਾਕਾਰਾ ਹਰਪ੍ਰੀਤ ਦਿਓਲ ਨਾਲ ਵਿਆਹੇ ਹੋਏ ਸਨ। ਉਨ੍ਹਾਂ ਨੇ ਆਪਣੇ ਫਿਲਮਸਾਜ਼ ਅਦਾਰੇ ਦਿਓਲ ਫਿਲਮਜ਼ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਸੁਖਮਿੰਦਰ ਧੰਜਲ ਦੀ ਹਿਦਾਇਤਕਾਰੀ ਵਿੱਚ ‘ਬਾਗੀ’ (2005) ਵਰਗੀ ਸ਼ਾਨਦਾਰ ਫਿਲਮ ਬਣਾਈ ਸੀ, ਜਿਸ ਨੂੰ 2006 ਵਿੱਚ ਬੈਸਟ ਪੰਜਾਬੀ ਫੀਚਰ ਦਾ ‘ਨੈਸ਼ਨਲ ਐਵਾਰਡ’ ਮਿਲਿਆ ਸੀ। ਦਲਜੀਤ ਕੌਰ ਦੇ ਕੋਈ ਔਲਾਦ ਨਹੀਂ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਅਜਿਹੇ ਹਾਲਾਤ ਨਾਲ ਦੋ-ਚਾਰ ਹੁੰਦਿਆਂ ਉਹ ਡਿਮੇਂਸ਼ੀਆ (ਦਿਮਾਗ਼ੀ ਕਮਜ਼ੋਰੀ) ਨਾਮੀ ਬਿਮਾਰੀ ਦੀ ਗ੍ਰਿਫ਼ਤ ਵਿੱਚ ਆ ਗਈ।
      ਜ਼ਿੰਦਗੀ ਨਾਲ ਕਸ਼ਮਕਸ਼ ਕਰਦਿਆਂ ਉਹ ਖ਼ਾਬਾਂ ਦੀ ਨਗਰੀ ਬੰਬਈ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਕਸਬਾ ਗੁਰੂਸਰ ਸੁਧਾਰ, ਲੁਧਿਆਣਾ ਆ ਵੱਸੀ। ਉਹ ਮੁਕੰਮਲ ਤੌਰ ’ਤੇ ਆਪਣੀ ਯਾਦਾਸ਼ਤ ਗਵਾ ਚੁੱਕੀ ਸੀ। ਉਸ ਨੂੰ ਚਾਹੁਣ ਵਾਲੇ ਤੇ ਫ਼ਨਕਾਰ ਸਮੇਂ ਸਮੇਂ ’ਤੇ ਉਸ ਨੂੰ ਮਿਲਣ ਜਾਂਦੇ ਰਹੇ, ਪਰ ਉਹ ਬੁੱਤ ਬਣ ਚੁੱਕੀ ਸੀ ਅਤੇ ਅਤੀਤ ਦਾ ਮੰਜ਼ਰਨਾਮਾ ਉਸ ਦੀ ਸਫ਼ਾ ਹਸਤੀ ਤੋਂ ਮਿਟ ਚੁੱਕਿਆ ਸੀ। ਓੜਕ ਦੁੱਖਾਂ ਨਾਲ ਲੜਦੀ-ਘੁਲਦੀ ਪੰਜਾਬੀ ਸਿਨਮਾ ਦੀ ਇਹ ਖ਼ੂਬਸੂਰਤ ਤੇ ਹਰਦਿਲ ਅਜ਼ੀਜ਼ ਅਦਾਕਾਰਾ 17 ਨਵੰਬਰ 2022 ਨੂੰ 69 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਈ।
ਸੰਪਰਕ : 97805-09545